ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 356

ਆਸਾ ਮਹਲਾ ੧ ਪੰਚਪਦੇ ॥ ਮੋਹੁ ਕੁਟੰਬੁ ਮੋਹੁ ਸਭ ਕਾਰ ॥ ਮੋਹੁ ਤੁਮ ਤਜਹੁ ਸਗਲ ਵੇਕਾਰ ॥੧॥ ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ ॥ ਸਾਚੁ ਨਾਮੁ ਰਿਦੇ ਰਵੈ ਸਰੀਰ ॥੧॥ ਰਹਾਉ ॥ ਸਚੁ ਨਾਮੁ ਜਾ ਨਵ ਨਿਧਿ ਪਾਈ ॥ ਰੋਵੈ ਪੂਤੁ ਨ ਕਲਪੈ ਮਾਈ ॥੨॥ ਏਤੁ ਮੋਹਿ ਡੂਬਾ ਸੰਸਾਰੁ ॥ ਗੁਰਮੁਖਿ ਕੋਈ ਉਤਰੈ ਪਾਰਿ ॥੩॥ ਏਤੁ ਮੋਹਿ ਫਿਰਿ ਜੂਨੀ ਪਾਹਿ ॥ ਮੋਹੇ ਲਾਗਾ ਜਮ ਪੁਰਿ ਜਾਹਿ ॥੪॥ ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥ ਨਾ ਮੋਹੁ ਤੂਟੈ ਨਾ ਥਾਇ ਪਾਹਿ ॥੫॥ ਨਦਰਿ ਕਰੇ ਤਾ ਏਹੁ ਮੋਹੁ ਜਾਇ ॥ ਨਾਨਕ ਹਰਿ ਸਿਉ ਰਹੈ ਸਮਾਇ ॥੬॥੨੩॥ {ਪੰਨਾ 356}

ਨੋਟ: ਸ਼ਬਦ ਨੰ: 19 ਦਾ ਸਿਰਲੇਖ ਸੀ "ਪੰਚ ਪਦੇ"। ਸੋ, ਸ਼ਬਦ ਨੰ: 24 ਤਕ 'ਪੰਚ ਪਦੇ' ਹੀ ਹਨ। ਪਰ ਇਥੇ ਫਿਰ ਸਿਰਲੇਖ ਆ ਗਿਆ "ਪੰਚ ਪਦੇ"। ਇਹ 'ਪੰਚਪਦੇ' ਉਸ ਸੰਗ੍ਰਹ ਦਾ ਹਿੱਸਾ ਹੀ ਹਨ, ਉਂਞ ਇਹਨਾਂ ਦੇ 'ਬੰਦ' ਛੋਟੇ ਹਨ। ਇਹ ਸ਼ਬਦ ਨੰ: 23 ਛੇ ਬੰਦਾਂ ਦਾ ਹੈ, ਪਰ ਸਿਰਲੇਖ ਆਮ ਤੌਰ ਤੇ ਚਉਪਦੇ ਪੰਚਪਦੇ ਦੁਪਦੇ ਹੀ ਹਨ। 'ਛੇਪਦਾ' ਸਿਰਲੇਖ ਕਦੇ ਨਹੀਂ ਵਰਤਿਆ ਗਿਆ। ਸੋ, ਇਸ ਨੂੰ 'ਪੰਚਪਦਾ' ਹੀ ਕਿਹਾ ਗਿਆ ਹੈ।

ਪਦ ਅਰਥ: ਕੁਟੰਬੁ = ਪਰਵਾਰ, ਪਰਵਾਰ ਦੀ ਮਮਤਾ।1।

ਬੀਰ = ਹੇ ਵੀਰ! ਹੇ ਭਾਈ! ਸਰੀਰ = (ਭਾਵ,) ਮਨੁੱਖ। ਰਵੈ = ਸਿਮਰਦਾ ਹੈ।1। ਰਹਾਉ।

ਜਾ = ਜਦੋਂ। ਨਵਨਿਧਿ = ਨੌ ਖ਼ਜ਼ਾਨੇ। ਪੂਤੁ = ਮਾਇਆ ਦਾ ਪੁੱਤਰ ਮਨ, ਮਾਇਆ-ਵੇੜ੍ਹਿਆ ਮਨ। ਮਾਈ-ਮਾਇਆ (ਦੀ ਖ਼ਾਤਰ) ।2।

ਏਤੁ = ਇਸ ਵਿਚ। ਮੋਹਿ = ਮੋਹ ਵਿਚ। ਏਤੁ ਮੋਹਿ = ਇਸ ਮੋਹ ਵਿਚ।3।

ਪਾਹਿ = ਤੂੰ ਪਏਂਗਾ। ਜਮਪੁਰਿ = ਜਮ ਦੇ ਦੇਸ਼ ਵਿਚ। ਜਾਹਿ = ਤੂੰ ਜਾਵੇਂਗਾ।4।

ਦੀਖਿਆ = ਸਿੱਖਿਆ। ਕਮਾਹਿ = ਲੋਕ ਕਮਾਂਦੇ ਹਨ। ਥਾਇ ਪਾਹਿ = ਕਬੂਲ ਹੁੰਦੇ ਹਨ।5।

ਰਹੈ ਸਮਾਇ = ਲੀਨ ਹੋਇਆ ਰਹਿੰਦਾ ਹੈ।6।

ਅਰਥ: ਹੇ ਭਾਈ! (ਦੁਨੀਆ ਦਾ) ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ। (ਮੋਹ ਤਿਆਗਿਆਂ ਹੀ) ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਵਿਚ ਸਿਮਰ ਸਕਦਾ ਹੈ।1। ਰਹਾਉ।

(ਹੇ ਭਾਈ!) ਮੋਹ (ਮਨੁੱਖ ਦੇ ਮਨ ਵਿਚ) ਪਰਵਾਰ ਦੀ ਮਮਤਾ ਪੈਦਾ ਕਰਦਾ ਹੈ, ਮੋਹ (ਜਗਤ ਦੀ) ਸਾਰੀ ਕਾਰ ਚਲਾ ਰਿਹਾ ਹੈ, (ਪਰ ਮੋਹ ਹੀ) ਵਿਕਾਰ ਪੈਦਾ ਕਰਦਾ ਹੈ, (ਇਸ ਵਾਸਤੇ) ਮੋਹ ਨੂੰ ਛੱਡ।1।

ਜਦੋਂ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ (-ਰੂਪ) ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ (ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ, ਫਿਰ) ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ।2।

ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ, ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ (ਮੋਹ ਦੇ ਸਮੁੰਦਰ ਵਿਚੋਂ) ਪਾਰ ਲੰਘਦਾ ਹੈ।3।

(ਹੇ ਭਾਈ!) ਇਸ ਮੋਹ ਵਿਚ (ਫਸਿਆ ਹੋਇਆ) ਤੂੰ ਮੁੜ ਮੁੜ ਜੂਨਾਂ ਵਿਚ ਪਏਂਗਾ, ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ।4।

ਜੇਹੜੇ ਬੰਦੇ (ਰਿਵਾਜੀ) ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਂਦੇ ਹਨ, ਉਹਨਾਂ ਦਾ ਮੋਹ ਟੁੱਟਦਾ ਨਹੀਂ, (ਇਹਨਾਂ ਜਪਾਂ ਤਪਾਂ ਨਾਲ) ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ।5।

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਦਾ ਇਹ ਮੋਹ ਦੂਰ ਹੁੰਦਾ ਹੈ, ਉਹ ਸਦਾ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।6। 23।

ਆਸਾ ਮਹਲਾ ੧ ॥ ਆਪਿ ਕਰੇ ਸਚੁ ਅਲਖ ਅਪਾਰੁ ॥ ਹਉ ਪਾਪੀ ਤੂੰ ਬਖਸਣਹਾਰੁ ॥੧॥ ਤੇਰਾ ਭਾਣਾ ਸਭੁ ਕਿਛੁ ਹੋਵੈ ॥ ਮਨਹਠਿ ਕੀਚੈ ਅੰਤਿ ਵਿਗੋਵੈ ॥੧॥ ਰਹਾਉ ॥ ਮਨਮੁਖ ਕੀ ਮਤਿ ਕੂੜਿ ਵਿਆਪੀ ॥ ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥੨॥ ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥ ਜੋ ਉਪਜੈ ਸੋ ਅਲਖ ਅਭੇਵਹੁ ॥੩॥ ਐਸਾ ਹਮਰਾ ਸਖਾ ਸਹਾਈ ॥ ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥੪॥ ਸਗਲੀ ਸਉਦੀ ਤੋਟਾ ਆਵੈ ॥ ਨਾਨਕ ਰਾਮ ਨਾਮੁ ਮਨਿ ਭਾਵੈ ॥੫॥੨੪॥ {ਪੰਨਾ 356}

ਪਦ ਅਰਥ: ਸਚੁ = ਸਦਾ ਕਾਇਮ ਰਹਿਣ ਵਾਲਾ। ਅਲਖੁ = ਜਿਸ ਦਾ ਸਰੂਪ ਬਿਆਨ ਨ ਹੋ ਸਕੇ।1।

ਤੇਰਾ ਭਾਣਾ = ਜੋ ਕੁਝ ਤੈਨੂੰ ਚੰਗਾ ਲੱਗਦਾ ਹੈ। ਹਠਿ = ਹਠ ਨਾਲ। ਅੰਤਿ = ਆਖ਼ਰ ਨੂੰ। ਵਿਗੋਵੈ = ਖ਼ੁਆਰ ਹੁੰਦਾ ਹੈ।1। ਰਹਾਉ।

ਮਨਮੁਖ = ਜੋ ਆਪਣੇ ਮਨ ਦੇ ਪਿਛੇ ਤੁਰਦਾ ਹੈ। ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਵਿਆਪੀ = ਗ੍ਰਸੀ ਰਹਿੰਦੀ ਹੈ, ਫਸੀ ਰਹਿੰਦੀ ਹੈ। ਪਾਪਿ = ਪਾਪ ਦੇ ਕਾਰਨ। ਸੰਤਾਪੀ = ਦੁਖੀ।2।

ਦੁਰਮਤਿ = ਭੈੜੀ ਮਤਿ। ਤਿਆਗਿ = ਛੱਡ ਕੇ। ਲਾਹਾ = ਲਾਭ। ਅਭੇਵਹੁ = ਅਭੇਵ ਪ੍ਰਭੂ ਤੋਂ।3।

ਸਹਾਈ = ਮਦਦ ਕਰਨ ਵਾਲਾ। ਦ੍ਰਿੜਾਈ = ਮਨ ਵਿਚ ਪੱਕੀ ਕਰ ਦਿੱਤੀ।4।

ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ। ਮਨਿ = ਮਨ ਵਿਚ।5।

ਅਰਥ: (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਕਰ ਰਿਹਾ ਹੈ। (ਹੇ ਪ੍ਰਭੂ! ਇਹ ਅਟੱਲ ਨਿਯਮ ਭੁਲਾ ਕੇ) ਮੈਂ ਗੁਨਹਗਾਰ ਹਾਂ (ਪਰ ਫਿਰ ਭੀ) ਤੂੰ ਬਖ਼ਸ਼ਸ਼ ਕਰਨ ਵਾਲਾ ਹੈਂ।1।

ਜਗਤ ਵਿਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ, (ਪਰ ਇਹ ਅਟੱਲ ਸਚਾਈ ਵਿਸਾਰ ਕੇ) ਮਨੁੱਖ ਨਿਰੇ ਆਪਣੇ ਮਨ ਦੇ ਹਠ ਨਾਲ (ਭਾਵ, ਨਿਰੀ ਆਪਣੀ ਅਕਲ ਦਾ ਆਸਰਾ ਲੈ ਕੇ) ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ।1। ਰਹਾਉ।

(ਨਿਰੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, (ਇਸ ਤਰ੍ਹਾਂ) ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ (ਮਾਇਆ ਦੇ ਲਾਲਚ ਵਿਚ ਕੀਤੇ) ਕਿਸੇ ਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ।2।

(ਹੇ ਭਾਈ! ਮਾਇਆ ਦੇ ਮੋਹ ਵਿਚ ਫਸੀ) ਭੈੜੀ ਮਤਿ ਤਿਆਗ ਕੇ ਕੁਝ ਆਤਮਕ ਲਾਭ ਭੀ ਖੱਟੋ, (ਇਹ ਯਕੀਨ ਲਿਆਵੋ ਕਿ) ਜੋ ਕੁਝ ਪੈਦਾ ਹੋਇਆ ਹੈ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ (ਭਾਵ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ) ।3।

(ਅਸੀਂ ਜੀਵ ਮੁੜ ਮੁੜ ਭੁੱਲਦੇ ਹਾਂ ਤੇ ਆਪਣੀ ਅਕਲ ਤੇ ਮਾਣ ਕਰਦੇ ਹਾਂ, ਪਰ) ਸਾਡਾ ਮਿੱਤ੍ਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ (ਉਸ ਦੀ ਮੇਹਰ ਨਾਲ) ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਭਗਤੀ ਦੀ ਹੀ ਤਾਕੀਦ ਕਰਦਾ ਹੈ।4।

(ਪ੍ਰਭੂ ਦਾ ਸਿਮਰਨ ਵਿਸਾਰ ਕੇ) ਸਾਰੇ ਦੁਨਿਆਵੀ ਸੌਦਿਆਂ ਵਿਚ ਘਾਟਾ ਹੀ ਘਾਟਾ ਹੈ (ਉਮਰ ਵਿਅਰਥ ਗੁਜ਼ਰਦੀ ਜਾਂਦੀ ਹੈ) ; ਹੇ ਨਾਨਕ! (ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ) ਜਿਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ।5। 24।

ਆਸਾ ਮਹਲਾ ੧ ਚਉਪਦੇ ॥ ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥੧॥ ਘੁੰਘਰੂ ਵਾਜੈ ਜੇ ਮਨੁ ਲਾਗੈ ॥ ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥੧॥ ਰਹਾਉ ॥ ਆਸ ਨਿਰਾਸੀ ਤਉ ਸੰਨਿਆਸੀ ॥ ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥੨॥ ਦਇਆ ਦਿਗੰਬਰੁ ਦੇਹ ਬੀਚਾਰੀ ॥ ਆਪਿ ਮਰੈ ਅਵਰਾ ਨਹ ਮਾਰੀ ॥੩॥ ਏਕੁ ਤੂ ਹੋਰਿ ਵੇਸ ਬਹੁਤੇਰੇ ॥ ਨਾਨਕੁ ਜਾਣੈ ਚੋਜ ਨ ਤੇਰੇ ॥੪॥੨੫॥ {ਪੰਨਾ 356}

ਨੋਟ: ਇਹ ਸਾਰਾ ਸੰਗ੍ਰਹ 'ਘਰੁ 2' ਦਾ ਚਲਾ ਆ ਰਿਹਾ ਹੈ। ਪਹਿਲੇ 18 ਸ਼ਬਦ 'ਚਉਪਦੇ' ਹਨ; ਫਿਰ 6 ਸ਼ਬਦ 'ਪੰਚਪਦੇ' ਹਨ। ਹੁਣ ਫਿਰ 'ਚਉਪਦੇ' ਸ਼ੁਰੂ ਹੋ ਗਏ ਹਨ। ਇਹ ਗਿਣਤੀ ਵਿਚ ਚਾਰ ਹਨ। ਵੇਖੋ ਲਫ਼ਜ਼ 'ਚਉਪਦੇ' ਦੇ ਹੇਠ ਅੰਕ 4। ਪਹਿਲੇ ਚਉਪਦੇ-ਸ਼ਬਦਾਂ ਦੇ ਹਰੇਕ ਬੰਦ ਵਿਚ 'ਚਉਪਈ'-ਮੇਲ ਦੀਆਂ ਘੱਟ ਤੋਂ ਘੱਟ 4 ਤੁਕਾਂ ਹਨ, 'ਦੋਹਰਾ'-ਮੇਲ ਦੀਆਂ ਦੋ ਤੁਕਾਂ, ਪਰ ਇਸ ਨਵੇਂ ਸੰਗ੍ਰਹ ਵਿਚ 'ਚੌਪਈ'-ਮੇਲ ਦੀਆਂ ਤੁਕਾਂ ਹੀ ਸਿਰਫ਼ ਦੋ ਦੋ ਹਨ। ਇਹ ਸੰਗ੍ਰਹ ਪਹਿਲੇ ਨਾਲੋਂ ਵੱਖ ਲਿਖ ਦਿੱਤਾ ਗਿਆ ਹੈ।

ਨੋਟ: ਇਸ ਸ਼ਬਦ ਦੀਆਂ ਤੁਕਾਂ ਵਿਚ ਦੋ ਦੋ ਚੀਜ਼ਾਂ ਦਾ ਟਾਕਰਾ ਕਰ ਕੇ ਇਕ ਨਾਲੋਂ ਦੂਜੀ ਵਧੀਆ ਦੱਸੀ ਗਈ ਹੈ– ਤੀਰਥਵਾਸੀ ਉਹੀ ਸਮਝੋ ਜੋ ਪੰਚਰਾਸੀ ਹੈ।

ਜੇ 'ਮਨੁ ਲਾਗੈ' ਤਾਂ 'ਘੁੰਘਰੂ ਵਾਜੈ' ਪ੍ਰਵਾਨ ਹੈ।

ਜੇ 'ਆਸ ਨਿਰਾਸੀ' ਹੈ ਤਾਂ ਹੀ 'ਸੰਨਿਆਸੀ' ਹੈ।

ਜੇ 'ਜੋਗੀ ਜਤੁ' ਹੈ ਤਾਂ ਹੀ ਅਸਲ 'ਕਾਇਆ ਭੋਗੀ' ਹੈ।

ਜੇ 'ਦਇਆ' ਹੈ, ਜੇ 'ਦੇਹ ਬੀਚਾਰੀ' ਹੈ ਤਾਂ ਹੀ 'ਦਿਗੰਬਰ' ਹੈ।

ਜੇ 'ਆਪਿ ਮਰੈ' ਤਾਂ ਹੀ ਸਮਝੋ ਕਿ 'ਅਵਰਾ ਨਹ ਮਾਰੀ'।

ਇਸੇ ਹੀ ਤਰ੍ਹਾਂ ਪਹਿਲੀ ਤੁਕ ਵਿਚ ਭੀ ਇਕ ਚੀਜ਼ ਦੇ ਟਾਕਰੇ ਤੇ ਦੂਜੀ ਪ੍ਰਵਾਨ ਕੀਤੀ ਗਈ ਹੈ; ਭਾਵ, ਉਹੀ ਹੈ 'ਵਿਦਿਆ ਵੀਚਾਰੀ' ਜੋ 'ਪਰਉਪਕਾਰੀ' ਹੈ।

ਸੋ, ਪਹਿਲੀ ਤੁਕ ਦੇ ਪਾਠ ਵੇਲੇ ਲਫ਼ਜ਼ 'ਤਾਂ' ਉਤੇ ਬਿਸਰਾਮ ਕਰਨਾ ਹੈ। ਅਰਥ ਵੇਲੇ ਲਫ਼ਜ਼ 'ਪਰਉਪਕਾਰੀ' ਦੇ ਨਾਲ ਲਫ਼ਜ਼ 'ਜਾਂ' ਵਰਤਣਾ ਹੈ।

ਪਦ ਅਰਥ: ਪੰਚਰਾਸੀ = ਪੰਜ ਕਾਮਾਦਿਕਾਂ ਨੂੰ ਰਾਸ ਕਰ ਲੈਣ ਵਾਲਾ, ਵੱਸ ਵਿਚ ਕਰ ਲੈਣ ਵਾਲਾ।1।

ਆਗੈ = ਪਰਲੋਕ ਵਿਚ।1। ਰਹਾਉ।

ਕਾਇਆ ਭੋਗੀ = ਕਾਇਆ ਨੂੰ ਭੋਗਣ ਵਾਲਾ, ਗ੍ਰਿਹਸਤੀ।2।

ਦਿਗੰਬਰੁ = {ਦਿਗ-ਅੰਬਰ} ਦਿਸ਼ਾ ਹਨ ਜਿਸ ਦੇ ਕੱਪੜੇ, ਨੰਗਾ ਰਹਿਣ ਵਾਲਾ, ਨਾਂਗਾ ਜੈਨੀ।3।

ਚੋਜ = ਕੌਤਕ, ਤਮਾਸ਼ੇ।4।

ਅਰਥ: (ਵਿਦਿਆ ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਤੀਰਥਾਂ ਤੇ ਨਿਵਾਸ ਰੱਖਣ ਵਾਲਾ ਤਦੋਂ ਹੀ ਸਫਲ ਹੈ, ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ।1।

ਜੇ ਮੇਰਾ ਮਨ ਪ੍ਰਭੂ-ਚਰਨਾਂ ਵਿਚ ਜੁੜਨਾ ਸਿੱਖ ਗਿਆ ਹੈ ਤਦੋਂ ਹੀ (ਭਗਤੀਆ ਬਣ ਕੇ) ਘੁੰਘਰੂ ਵਜਾਣੇ ਸਫਲ ਹਨ। ਫਿਰ ਪਰਲੋਕ ਵਿਚ ਜਮ ਮੇਰਾ ਕੁਝ ਭੀ ਨਹੀਂ ਵਿਗਾੜ ਸਕਦਾ।1। ਰਹਾਉ।

ਜੇ ਸਭ ਮਾਇਕ-ਆਸਾਂ ਵਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ। ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ (ਕਾਇਮ) ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਜਾਣੋ।2।

ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ (ਨਾਂਗਾ ਜੈਨੀ) ; ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ।3।

(ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ, ਹੇ ਪ੍ਰਭੂ!) ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿਚ ਤੂੰ ਆਪ ਮੌਜੂਦ ਹੈਂ। ਨਾਨਕ (ਵਿਚਾਰਾ) ਤੇਰੇ ਕੌਤਕ-ਤਮਾਸ਼ੇ ਸਮਝ ਨਹੀਂ ਸਕਦਾ।4। 25।

ਆਸਾ ਮਹਲਾ ੧ ॥ ਏਕ ਨ ਭਰੀਆ ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥੧॥ ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ ਹਉ ਨਿਸ ਭਰਿ ਸੋਵਾ ॥੧॥ ਰਹਾਉ ॥ ਆਸ ਪਿਆਸੀ ਸੇਜੈ ਆਵਾ ॥ ਆਗੈ ਸਹ ਭਾਵਾ ਕਿ ਨ ਭਾਵਾ ॥੨॥ ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ ਰਹਨੁ ਨ ਜਾਈ ॥੧॥ ਰਹਾਉ ॥ ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥ ਗਇਆ ਸੁ ਜੋਬਨੁ ਧਨ ਪਛੁਤਾਨੀ ॥੩॥ ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ ਰਹਉ ਨਿਰਾਸੀ ॥੧॥ ਰਹਾਉ ॥ ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ ਰਹਾਉ ॥੨੬॥ {ਪੰਨਾ 356-357}

ਪਦ ਅਰਥ: ਨਿਸਿ = ਰਾਤ। ਨਿਸਿ ਭਰਿ = ਸਾਰੀ ਰਾਤ, ਸਾਰੀ ਉਮਰ। ਸੋਵਾ = ਮੈਂ (ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹਾਂ। ਜਾਗੈ = ਜਾਗਦਾ ਹੈ; ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ।1।

ਪਿਆਸੀ = ਪਿਆਸ ਨਾਲ ਵਿਆਕੁਲ। ਆਸ ਪਿਆਸੀ = ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਵਿਆਕੁਲ।2।

ਤਿਸ = ਪਿਆਸ, ਮਾਇਆ ਦੀ ਤ੍ਰਿਸ਼ਨਾ। ਧਨ = ਜੀਵ-ਇਸਤ੍ਰੀ।3।

ਅਜੈ = ਹੁਣ ਭੀ ਜਦੋਂ ਕਿ ਸਰੀਰ ਕਾਇਮ ਹੈ। ਰਹਉ = ਮੈਂ ਰਹਿ ਪਵਾਂ, ਮੈਂ ਹੋ ਜਾਵਾਂ।1। ਰਹਾਉ।

ਖੋਇ = ਨਾਸ ਕਰ ਕੇ। ਸੀਗਾਰੁ = ਆਤਮਕ ਸਿੰਗਾਰ, ਆਤਮਾ ਨੂੰ ਸੁੰਦਰ ਬਨਾਣ ਵਾਲਾ ਉੱਦਮ। ਭਤਾਰੁ = ਖਸਮ-ਪ੍ਰਭੂ।4।

ਨੋਟ: ਆਮ ਤੌਰ ਤੇ ਹਰੇਕ ਸ਼ਬਦ ਵਿਚ ਇਕ ਬੰਦ 'ਰਹਾਉ' ਦਾ ਹੁੰਦਾ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ 'ਠਹਰ ਜਾਓ' ਇਹੀ ਬੰਦ ਹੈ 'ਕੇਂਦਰੀ ਖ਼ਿਆਲ' ਵਾਲਾ। ਇਸ ਸ਼ਬਦ ਵਿਚ ਚਾਰ 'ਰਹਾਉ' ਦੇ ਬੰਦ ਹਨ। ਸ਼ਬਦ ਦੇ ਹਰੇਕ ਬੰਦ ਦੇ ਨਾਲ ਇਕ ਇਕ 'ਰਹਾਉ' ਦਾ ਬੰਦ ਹੈ। ਇਹਨਾਂ ਵਿਚ ਮਨੁੱਖ ਦੇ ਮਨ ਦੀਆਂ ਚਾਰ ਤਰਤੀਬਵਾਰ ਅਵਸਥਾਂ ਦਿੱਤੀਆਂ ਹਨ, ਜਿਨ੍ਹਾਂ ਵਿਚੋਂ ਲੰਘ ਕੇ ਜੀਵ ਦਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ:

1. ਪਛੁਤਾਵਾ, 2. ਦਰਸ਼ਨ ਦੀ ਤਾਂਘ, 3. ਵਿਆਕੁਲਤਾ, 4. ਰਜ਼ਾ ਵਿਚ ਲੀਨਤਾ।

ਅਰਥ: ਮੈਂ ਕਿਸੇ ਸਿਰਫ਼ ਇੱਕ ਔਗੁਣ ਨਾਲ ਲਿੱਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰ ਕੇ ਉਸ ਇੱਕ ਔਗੁਣ ਨੂੰ ਧੋ ਸਕਾਂ (ਮੇਰੇ ਅੰਦਰ ਤਾਂ ਬੇਅੰਤ ਔਗੁਣ ਹਨ ਕਿਉਂਕਿ) ਮੈਂ ਤਾਂ ਸਾਰੀ ਉਮਰ-ਰਾਤ ਹੀ (ਮੋਹ ਦੀ ਨੀਂਦ ਵਿਚ ਸੁੱਤੀ ਰਹੀ ਹਾਂ, ਤੇ ਮੇਰਾ ਖਸਮ-ਪ੍ਰਭੂ ਜਾਗਦਾ ਰਹਿੰਦਾ ਹੈ (ਉਸ ਦੇ ਨੇੜੇ ਮੋਹ ਢੁਕ ਹੀ ਨਹੀਂ ਸਕਦਾ) ।1।

ਅਜੇਹੀ ਹਾਲਤ ਵਿਚ ਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ? ਖਸਮ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ।1। ਰਹਾਉ।

ਮੈਂ ਸੇਜ ਤੇ ਆਉਂਦੀ ਹਾਂ (ਮੈਂ ਹਿਰਦੇ-ਸੇਜ ਵਲ ਪਰਤਦੀ ਹਾਂ, ਪਰ ਅਜੇ ਭੀ) ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਵਿਆਕੁਲ ਹਾਂ। (ਅਜੇਹੀ ਆਤਮਕ ਦਸ਼ਾ ਨਾਲ ਕਿਵੇਂ ਯਕੀਨ ਬਣੇ ਕਿ) ਮੈਂ ਖਸਮ-ਪ੍ਰਭੂ ਨੂੰ ਪਸੰਦ ਆਵਾਂ ਕਿ ਨਾਹ ਪਸੰਦ ਆਵਾਂ।2।

ਹੇ ਮਾਂ! (ਸਾਰੀ ਉਮਰ ਮਾਇਆ ਦੀ ਨੀਂਦ ਵਿਚ ਸੁੱਤੀ ਰਹਿਣ ਕਰ ਕੇ) ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀਹ ਬਣੇਗਾ (ਮੈਨੂੰ ਪਤੀ-ਪ੍ਰਭੂ ਪਰਵਾਨ ਕਰੇਗਾ ਕਿ ਨਹੀਂ, ਪਰ ਹੁਣ) ਪ੍ਰਭੂ-ਪਤੀ ਦੇ ਦਰਸ਼ਨ ਤੋਂ ਬਿਨਾ ਮੈਨੂੰ ਧਰਵਾਸ ਭੀ ਨਹੀਂ ਬੱਝਦਾ।1। ਰਹਾਉ।

(ਹੇ ਮਾਂ! ਸਾਰੀ ਉਮਰ) ਮੈਂ ਪ੍ਰਭੂ-ਪਤੀ ਦੇ ਪ੍ਰੇਮ ਦਾ ਸੁਆਦ ਨ ਚੱਖਿਆ; ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ (ਦੀ ਅੱਗ) ਨਹੀਂ ਬੁੱਝ ਸਕੀ। ਮੇਰੀ ਜਵਾਨੀ ਲੰਘ ਗਈ ਹੈ, ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ।3।

(ਹੇ ਮਾਂ! ਜਵਾਨੀ ਤਾਂ ਲੰਘ ਗਈ ਹੈ, ਪਰ ਅਰਦਾਸ ਕਰ) ਅਜੇ ਭੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵਲੋਂ ਉਪਰਾਮ ਹੋ ਕੇ ਮਾਇਆ ਦੀਆਂ ਆਸਾਂ ਲਾਹ ਕੇ ਜੀਵਨ ਗੁਜ਼ਾਰਾਂ (ਸ਼ਾਇਦ ਮੇਹਰ ਕਰ ਹੀ ਦੇਵੇ) ।1। ਰਹਾਉ।

ਜਦੋਂ ਜੀਵ-ਇਸਤ੍ਰੀ ਹਉਮੈ ਗਵਾਂਦੀ ਹੈ ਜਦੋਂ ਜਿੰਦ ਨੂੰ ਸੁੰਦਰ ਬਣਾਨ ਦਾ ਇਹ ਉੱਦਮ ਕਰਦੀ ਹੈ, ਤਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਉਸ ਦੀ ਹਿਰਦਾ-ਸੇਜ ਤੇ ਆ ਕੇ ਮਿਲਦਾ ਹੈ।4।

ਹੇ ਨਾਨਕ! ਤਦੋਂ ਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੇ ਮਨ ਵਿਚ ਚੰਗੀ ਲੱਗਦੀ ਹੈ, ਜਦੋਂ ਮਾਣ-ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿਚ ਲੀਨ ਹੁੰਦੀ ਹੈ।1। ਰਹਾਉ।

TOP OF PAGE

Sri Guru Granth Darpan, by Professor Sahib Singh