ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 357 ਆਸਾ ਮਹਲਾ ੧ ॥ ਪੇਵਕੜੈ ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥੧॥ ਰਹਾਉ ॥ ਸਾਹੁਰੜੈ ਧਨ ਸਾਚੁ ਪਛਾਣਿਆ ॥ ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥ ਗੁਰ ਪਰਸਾਦੀ ਐਸੀ ਮਤਿ ਆਵੈ ॥ ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥ ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ ॥ ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥ {ਪੰਨਾ 357} ਪਦ ਅਰਥ: ਪੇਵਕੜੈ = ਪੇਕੇ ਘਰ ਵਿਚ, ਜਗਤ ਦੇ ਮੋਹ ਵਿਚ। ਧਨ = ਇਸਤ੍ਰੀ, ਜੀਵ-ਇਸਤ੍ਰੀ। ਖਰੀ = ਬਹੁਤ। ਇਆਣੀ = ਅੰਞਾਣ, ਮੂਰਖ। ਸਹ ਕੀ = ਖਸਮ ਦੀ। {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰਖਣ-ਜੋਗ ਹੈ। ਲਫ਼ਜ਼ 'ਸਹੁ' ਕਰਤਾ ਕਾਰਕ ਇਕ-ਵਚਨ ਹੈ ਤੇ (ੁ) ਅੰਤ ਹੈ। ਸੰਬੰਧਕ 'ਕੀ' ਦੇ ਕਾਰਨ ਇਸ ਦਾ ਇਹ (ੁ) ਲਹਿ ਗਿਆ ਹੈ}। ਸਾਰ = ਕਦਰ।1। ਏਕੁ = ਸਦਾ ਇਕ-ਰਸ ਰਹਿਣ ਵਾਲਾ।1। ਰਹਾਉ। ਸਾਹੁਰੜੈ = ਸਹੁਰੇ ਘਰ ਵਿਚ, ਜਗਤ ਦੇ ਮੋਹ ਤੋਂ ਨਿਕਲ ਕੇ, ਪ੍ਰਭੂ-ਚਰਨਾਂ ਵਿਚ ਜੁੜ ਕੇ। ਸਹਜਿ = ਅਡੋਲ ਅਵਸਥਾ ਵਿਚ। ਸੁਭਾਇ = ਪ੍ਰੇਮ ਵਿਚ।2। ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਕੰਤੈ ਮਨਿ = ਕੰਤ ਦੇ ਮਨ ਵਿਚ।3। ਭੈ ਕਾ = ਡਰ ਦਾ। ਭਾਵ ਕਾ = ਪ੍ਰੇਮ ਦਾ। ਸੀਗਾਰੁ = ਆਤਮਕ ਸੋਹਜ।4। ਅਰਥ: ਮੇਰਾ ਖਸਮ-ਪ੍ਰਭੂ ਹਰ ਵੇਲੇ ਇਕ-ਰਸ ਰਹਿੰਦਾ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਉਹ ਸਦਾ ਮੇਹਰ ਦੀ ਨਜ਼ਰ ਕਰਦਾ ਹੈ (ਉਸ ਦੀ ਮੇਹਰ ਦੀ ਨਜ਼ਰ ਨਾਲ ਹੀ) ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ।1। ਰਹਾਉ। ਪਰ ਜਗਤ ਦੇ ਮੋਹ ਵਿਚ ਫਸ ਕੇ ਜੀਵ-ਇਸਤ੍ਰੀ ਬਹੁਤ ਮੂਰਖ ਰਹਿੰਦੀ ਹੈ। (ਇਸ ਮੋਹ ਵਿਚ ਫਸ ਕੇ ਹੀ) ਮੈਂ ਉਸ ਖਸਮ-ਪ੍ਰਭੂ (ਦੀ ਮੇਹਰ ਦੀ ਨਜ਼ਰ) ਦੀ ਕਦਰ ਨਹੀਂ ਸਮਝ ਸਕੀ (ਤੇ ਉਸ ਦੇ ਚਰਨਾਂ ਤੋਂ ਵਿਛੁੜੀ ਰਹੀ) ।1। ਜੇਹੜੀ ਜੀਵ-ਇਸਤ੍ਰੀ ਜਗਤ ਦੇ ਮੋਹ ਤੋਂ ਨਿਕਲ ਕੇ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਹ (ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ) ਉਸ ਸਦਾ-ਥਿਰ ਪ੍ਰਭੂ (ਦੀ ਕਦਰ) ਪਛਾਣ ਲੈਂਦੀ ਹੈ; ਅਡੋਲ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਉਹ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ।2। ਜਦੋਂ ਗੁਰੂ ਦੀ ਕਿਰਪਾ ਨਾਲ (ਜੀਵ-ਇਸਤ੍ਰੀ ਨੂੰ) ਅਜੇਹੀ ਅਕਲ ਆ ਜਾਂਦੀ ਹੈ (ਕਿ ਉਹ ਜਗਤ ਦਾ ਮੋਹ ਛੱਡ ਕੇ ਪ੍ਰਭੂ-ਚਰਨਾਂ ਵਿਚ ਜੁੜਨ ਦਾ ਉੱਦਮ ਕਰਦੀ ਹੈ) ਤਦੋਂ ਜੀਵ-ਇਸਤ੍ਰੀ ਕੰਤ-ਪ੍ਰਭੂ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ।3। ਨਾਨਕ ਆਖਦਾ ਹੈ ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਬਣਾਂਦੀ ਹੈ, ਉਸ ਦੀ ਹਿਰਦੇ-ਸੇਜ ਉਤੇ ਪ੍ਰਭੂ-ਪਤੀ ਸਦਾ ਟਿਕਿਆ ਰਹਿੰਦਾ ਹੈ।4। 27। ਆਸਾ ਮਹਲਾ ੧ ॥ ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥ ਝੂਠੈ ਮੋਹਿ ਭਰਮਿ ਭੁਲਾਈ ॥੧॥ ਮੇਰੇ ਸਾਹਿਬ ਹਉ ਕੀਤਾ ਤੇਰਾ ॥ ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥੧॥ ਰਹਾਉ ॥ ਬਹੁਤੇ ਅਉਗਣ ਕੂਕੈ ਕੋਈ ॥ ਜਾ ਤਿਸੁ ਭਾਵੈ ਬਖਸੇ ਸੋਈ ॥੨॥ ਗੁਰ ਪਰਸਾਦੀ ਦੁਰਮਤਿ ਖੋਈ ॥ ਜਹ ਦੇਖਾ ਤਹ ਏਕੋ ਸੋਈ ॥੩॥ ਕਹਤ ਨਾਨਕ ਐਸੀ ਮਤਿ ਆਵੈ ॥ ਤਾਂ ਕੋ ਸਚੇ ਸਚਿ ਸਮਾਵੈ ॥੪॥੨੮॥ {ਪੰਨਾ 357} ਪਦ ਅਰਥ: ਝੂਠੈ ਮੋਹਿ = ਝੂਠੈ ਮੋਹ ਦੇ ਕਾਰਨ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਈ = (ਦੁਨੀਆ) ਭੁੱਲੀ ਹੋਈ ਹੈ, ਕੁਰਾਹੇ ਪਈ ਹੋਈ ਹੈ।1। ਕੀਤਾ ਤੇਰਾ = ਤੇਰਾ ਪੈਦਾ ਕੀਤਾ ਹੋਇਆ। ਜਪੀ = ਮੈਂ ਜਪਦਾ ਹਾਂ।1। ਰਹਾਉ। ਕੂਕੈ = ਪੁਕਾਰ ਕਰੇ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ।2। ਦੁਰਮਤਿ = ਖੋਟੀ ਮਤਿ। ਜਹ = ਜਿਸ ਪਾਸੇ, ਜਿਧਰ। ਦੇਖਾ = ਮੈਂ ਵੇਖਦਾ ਹਾਂ।3। ਸਚੇ = ਸਚ ਵਿਚ ਹੀ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ।4। ਅਰਥ: ਹੇ ਮੇਰੇ ਮਾਲਿਕ-ਪ੍ਰਭੂ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ, ਮੇਰੇ ਆਤਮਕ ਜੀਵਨ ਦੀ ਖ਼ਾਤਰ) ਜਦੋਂ ਤੂੰ ਮੈਨੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ।1। ਰਹਾਉ। ਝੂਠੇ ਮੋਹ ਦੇ ਕਾਰਨ ਦੁਨੀਆ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਹੋਈ ਹੈ (ਮਾਂ ਪਿਉ ਪੁਤ੍ਰ ਆਦਿਕ ਨੂੰ ਹੀ ਆਪਣਾ ਸਦਾ ਸਾਥੀ ਜਾਣ ਕੇ ਜੀਵ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ) ਅਸਲ ਵਿਚ ਨਾਹ ਮਾਂ ਨਾਹ ਪੁੱਤਰ ਕੋਈ ਭੀ ਕਿਸੇ ਦਾ ਪੱਕਾ ਸਾਥੀ ਨਹੀਂ ਹੈ।1। ਅਨੇਕਾਂ ਹੀ ਪਾਪ ਕੀਤੇ ਹੋਏ ਹੋਣ, ਫਿਰ ਭੀ ਜੇ ਕੋਈ ਮਨੁੱਖ (ਪਰਮਾਤਮਾ ਦੇ ਦਰ ਤੇ) ਅਰਜ਼ੋਈ ਕਰਦਾ ਹੈ (ਪਰਮਾਤਮਾ ਪੈਦਾ ਕੀਤੇ ਦੀ ਲਾਜ ਰੱਖਦਾ ਹੈ) ਜਦੋਂ ਉਸ ਨੂੰ (ਉਸ ਅੱਤ ਵਿਕਾਰੀ ਦੀ ਭੀ ਅਰਜ਼ੋਈ) ਪਸੰਦ ਆਉਂਦੀ ਹੈ ਤਾਂ ਉਹ ਬਖ਼ਸ਼ਸ਼ ਕਰਦਾ ਹੈ (ਤੇ ਉਸ ਦੇ ਆਤਮਕ ਜੀਵਨ ਵਾਸਤੇ ਉਸ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ) ।2। ਮੈਂ ਜਿਧਰ ਵੇਖਦਾ ਹਾਂ ਉਧਰ (ਸਭ ਜੀਵਾਂ ਨੂੰ ਪੈਦਾ ਕਰਨ ਵਾਲਾ) ਉਹ ਪਰਮਾਤਮਾ ਹੀ ਵਿਆਪਕ ਵੇਖਦਾ ਹਾਂ (ਪਰ ਇਹ ਭੀ ਤਦੋਂ ਹੀ ਦਿੱਸਦਾ ਹੈ ਜਦੋਂ) ਗੁਰੂ ਦੀ ਕਿਰਪਾ ਨਾਲ ਸਾਡੀ ਖੋਟੀ ਮਤਿ ਨਾਸ ਹੁੰਦੀ ਹੈ।3। ਨਾਨਕ ਆਖਦਾ ਹੈ ਕਿ ਜਦੋਂ (ਪ੍ਰਭੂ ਦੀ ਆਪਣੀ ਹੀ ਮੇਹਰ ਨਾਲ ਗੁਰੂ ਦੀ ਰਾਹੀਂ) ਜੀਵ ਨੂੰ ਅਜੇਹੀ ਅਕਲ ਆ ਜਾਵੇ ਕਿ ਹਰ ਪਾਸੇ ਉਸ ਨੂੰ ਪਰਮਾਤਮਾ ਹੀ ਦਿੱਸੇ, ਤਾਂ ਜੀਵ ਸਦਾ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ।4। 28। ਆਸਾ ਮਹਲਾ ੧ ਦੁਪਦੇ ॥ ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥ ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ ਪ੍ਰਣਵਤਿ ਨਾਨਕ ਤਿਨ੍ਹ੍ਹ ਕੀ ਸਰਣਾ ਜਿਨ੍ਹ੍ਹ ਤੂੰ ਨਾਹੀ ਵੀਸਰਿਆ ॥੨॥੨੯॥ {ਪੰਨਾ 357} ਪਦ ਅਰਥ: ਦੁਪਦੇ = ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ ਸ਼ਬਦ। ਤਿਤੁ = ਉਸ ਵਿਚ। ਸਰਵਰੜੈ = ਭਿਆਨਕ ਸਰੋਵਰ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰੋਵਰ ਵਿਚ। ਭਲੀਲੇ = ਹੋਇਆ ਹੈ। ਪਾਵਕੁ = ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ) । ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦੀ ਪੰਕ ਹੈ, ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ, ਸਾਡੇ ਸਾਹਮਣੇ ਹੀ। ਤਹ = ਉਸ ਵਿਚ, ਉਥੇ। ਡੂਬੀਅਲੇ = ਡੁੱਬ ਗਏ।1। ਮਨ = ਹੇ ਮਨ! ਮੂੜ = ਮੂਰਖ! ਗਲਿਆ = ਗਲਦੇ ਜਾਂਦੇ ਹਨ, ਘਟਦੇ ਜਾਂਦੇ ਹਨ।1। ਰਹਾਉ। ਹਉ = ਮੈਂ। ਜਤੀ = ਜਤ ਵਾਲਾ, ਕਾਮ-ਵਾਸਨਾ ਨੂੰ ਰੋਕ ਰੱਖਣ ਵਾਲਾ। ਸਤੀ = ਸਤ ਵਾਲਾ, ਉੱਚੇ ਆਚਰਨ ਵਾਲਾ। ਮੁਗਧਾ = ਮੂਰਖ, ਬੇ-ਸਮਝ। ਜਨਮੁ = ਜੀਵਨ। ਪ੍ਰਣਵਤਿ = ਬੇਨਤੀ ਕਰਦਾ ਹੈ।2। ਅਰਥ: (ਸਾਡੀ ਜੀਵਾਂ ਦੀ) ਉਸ ਭਿਆਨਕ ਸਰੋਵਰ ਵਿਚ ਵੱਸੋਂ ਹੈ ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ (ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੈ, (ਤੇ ਉਸ ਸਰੋਵਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚਲ ਨਹੀਂ ਸਕਦਾ (ਭਾਵ, ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ) , ਸਾਡੇ ਸਾਹਮਣੇ ਹੀ ਕਈ ਜੀਵ (ਮੋਹ ਦੇ ਚਿੱਕੜ ਵਿਚ ਫਸ ਕੇ ਤ੍ਰਿਸ਼ਨਾ-ਅੱਗ ਦੇ ਅਸਗਾਹ ਜਲ ਵਿਚ) ਡੁੱਬਦੇ ਜਾ ਰਹੇ ਹਨ।1। ਹੇ ਮਨ! ਹੇ ਮੂਰਖ ਮਨ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪ੍ਰਭੂ ਨੂੰ ਵਿਸਾਰਦਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।1। ਰਹਾਉ। ਹੇ ਪ੍ਰਭੂ! ਨਾਹ ਮੈਂ ਜਤੀ ਹਾਂ ਨਾਹ ਮੈਂ ਸਤੀ ਹਾਂ ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖਾਂ ਬੇ-ਸਮਝਾਂ ਵਾਲਾ ਬਣਿਆ ਹੋਇਆ ਹੈ, (ਭਾਵ, ਜਤ ਸਤ ਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਤੇ ਮੋਹ ਦੇ ਚਿੱਕੜ ਵਿਚ ਡਿੱਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਵਿਸਾਰ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ) । (ਸੋ) ਨਾਨਕ ਬੇਨਤੀ ਕਰਦਾ ਹੈ– (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ) ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।2। 29। ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰ ਗੁਰੁ ਏਕੋ ਵੇਸ ਅਨੇਕ ॥੧॥ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਹਿ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੩੦॥ {ਪੰਨਾ 357} ਪਦ ਅਰਥ: ਛਿਅ = ਛੇ। ਘਰ = ਸ਼ਾਸਤ੍ਰ। ਛਿਅ ਘਰ = ਸਾਂਖ, ਨਿਆਇ, ਵੈਸ਼ੇਨਿਕ, ਮੀਮਾਂਸਾ, ਯੋਗ, ਵੇਦਾਂਤ। ਗੁਰ = ਕਰਤਾ, ਸ਼ਾਸਤ੍ਰ-ਕਾਰ। ਛਿਅ ਗੁਰ = ਕਲਪ, ਗੋਤਮ, ਕਣਾਦ, ਜੈਮਿਨੀ ਪਤੰਜਲੀ, ਵਿਆਸ। ਉਪਦੇਸ = ਸਿੱਖਿਆ, ਸਿੱਧਾਂਤ। ਗੁਰੁ ਗੁਰੁ = ਇਸ਼ਟ ਗੁਰੂ। ਏਕੋ = ਇੱਕ ਹੀ।1। ਜੈ ਘਰਿ = ਜਿਸ ਘਰ ਦੀ ਰਾਹੀਂ, ਜਿਸ ਸਤਸੰਗ-ਘਰ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਵਡਾਈ = ਵਡਿਆਈ। ਤੋਹਿ = ਤੈਨੂੰ।1। ਰਹਾਉ। ਅੱਖ ਦੇ 15 ਫੋਰ = 1 ਵਿਸਾ। ਅਰਥ: ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ।1। ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, (ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ।1। ਰਹਾਉ। ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ) , ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ।2। 30। ਨੋਟ: "ਘਰੁ 2" ਦੇ 30 ਸ਼ਬਦਾਂ ਦਾ ਸੰਗ੍ਰਹ ਇਥੇ ਖ਼ਤਮ ਹੁੰਦਾ ਹੈ। ਅਗਾਂਹ 'ਘਰੁ 3' ਦੇ ਸ਼ਬਦ ਸ਼ੁਰੂ ਹੁੰਦੇ ਹਨ। ਨਵੇਂ ਸਿਰੇ ਮੂਲਮੰਤ੍ਰ ਦਾ ਲਿਖਿਆ ਜਾਣਾ ਭੀ ਇਹੀ ਦੱਸਦਾ ਹੈ ਕਿ ਨਵਾਂ ਸੰਗ੍ਰਹ ਸ਼ੁਰੂ ਹੋ ਰਿਹਾ ਹੈ। |
Sri Guru Granth Darpan, by Professor Sahib Singh |