ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 358 ੴ ਸਤਿਗੁਰ ਪ੍ਰਸਾਦਿ ॥ ਆਸਾ ਘਰੁ ੩ ਮਹਲਾ ੧ ॥ ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥ ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥ ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥ ਹਰਿ ਕੇ ਨਾਮ ਬਿਨਾ ਜਗੁ ਧੰਧਾ ॥ ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥ ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥ ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥ ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥ ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥ ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥ ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥ {ਪੰਨਾ 358} ਪਦ ਅਰਥ: ਲਸਕਰ = ਫੌਜਾਂ। ਉਠਿ = ਉਠ ਕੇ। ਫੁਰਮਾਇਸਿ = ਹਕੂਮਤ। ਮਾਨੁ = ਆਦਰ। ਪਤਿ = ਦੁਨੀਆ ਵਿਚ ਮਿਲੀ ਇਹ ਇੱਜ਼ਤ। ਲੇਖੈ ਨ ਪਵੈ = ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਹੋਵੇ। ਨਿਰਾਫਲ = ਵਿਅਰਥ।1। ਧੰਧਾ = ਝੰਬੇਲਾ, ਉਲਝਣ। ਅੰਧੋ ਅੰਧਾ = ਅੰਨ੍ਹਾ ਹੀ ਅੰਨ੍ਹਾ।1। ਰਹਾਉ। ਖਟੀਅਹਿ = ਖੱਟੇ ਜਾਣ {ਬਹੁ-ਵਚਨ, ਕਰਮ ਵਾਚ}। ਸੰਜੀਅਹਿ = ਇਕੱਠੇ ਕੀਤੇ ਜਾਣ। ਖਾਜਹਿ = ਖਾਧੇ ਜਾਣ, ਖ਼ਰਚੇ ਜਾਣ। ਕਿਥੈ ਪਾਹਿ = ਪਤਾ ਨਹੀਂ ਕਿਥੇ ਪੈਂਦੇ ਹਨ, ਦੁੱਖੀ ਹੀ ਰਹਿੰਦੇ ਹਨ।2। ਕੁਪਰਵਾਣ = ਅਪ੍ਰਵਾਣ, ਕਬੂਲ ਨਹੀਂ।3। ਨਾਮਿ = ਨਾਮ ਵਿਚ ਜੁੜਿਆਂ। ਕਰਮਿ = (ਪਰਮਾਤਮਾ ਦੀ) ਮੇਹਰ ਨਾਲ। ਅਹਿ = ਦਿਨ। ਨਿਸਿ = ਰਾਤ। ਪਾਰੁ = ਪਾਰਲਾ ਬੰਨਾ, ਸੰਸਾਰ-ਸਮੁੰਦਰ ਦਾ ਪਾਰਲਾ ਬੰਨਾ।4। ਅਰਥ: ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ। (ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ)।1। ਰਹਾਉ। (ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ, (ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ, (ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ।1। ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ, ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ।2। ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ) , ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ।3। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ। ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।4।1। 31। ਨੋਟ: ਅਖ਼ੀਰਲੇ ਅੰਕਾਂ ਵਿਚ ਅੰਕ 1 ਦੱਸਦਾ ਹੈ ਕਿ 'ਘਰੁ 3' ਦਾ ਇਹ ਪਹਿਲਾ ਸ਼ਬਦ ਹੈ, ਤੇ ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਹੁਣ ਤਕ 31 ਸ਼ਬਦ ਹੋ ਚੁਕੇ ਹਨ। ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥ {ਪੰਨਾ 358} ਨੋਟ: ਹਿੰਦੂ-ਮਰਯਾਦਾ ਅਨੁਸਾਰ ਜਦੋਂ ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤਾ ਕਿ ਜਿਸ ਅਣਡਿੱਠੇ ਹਨੇਰੇ ਰਸਤੇ ਉਸ ਦੀ ਆਤਮਾ ਨੇ ਜਾਣਾ ਹੈ, ਇਹ ਦੀਵਾ ਰਸਤੇ ਵਿਚ ਚਾਨਣ ਕਰੇ। ਉਸ ਦੇ ਮਰਨ ਪਿਛੋਂ ਜਵਾਂ ਜਾਂ ਚੌਲਾਂ ਦੇ ਆਟੇ ਦੇ ਪੇੜੇ (ਪਿੰਨ) ਪੱਤਰਾਂ ਦੀ ਥਾਲੀ (ਪੱਤਲ) ਉਤੇ ਰੱਖ ਕੇ ਮਣਸੇ ਜਾਂਦੇ ਹਨ। ਇਹ ਮਰੇ ਪ੍ਰਾਣੀ ਲਈ ਰਸਤੇ ਦੀ ਖ਼ੁਰਾਕ ਹੁੰਦੀ ਹੈ। ਮੌਤ ਤੋਂ 13 ਦਿਨ ਪਿਛੋਂ 'ਕਿਰਿਆ' ਕੀਤੀ ਜਾਂਦੀ ਹੈ। ਆਚਰਜ (ਕਿਰਿਆ ਕਰਾਣ ਵਾਲਾ ਬ੍ਰਾਹਮਣ) ਵੇਦ-ਮੰਤ੍ਰ ਆਦਿਕ ਪੜ੍ਹਦਾ ਹੈ, ਮਰੇ ਪ੍ਰਾਣੀ ਨਮਿਤ ਇਕ ਲੰਮੀ ਮਰਯਾਦਾ ਕੀਤੀ ਜਾਂਦੀ ਹੈ। 360 ਦੀਵੇ ਤੇ ਇਤਨੀਆਂ ਹੀ ਵੱਟੀਆਂ ਅਤੇ ਤੇਲ ਰੱਖਿਆ ਜਾਂਦਾ ਹੈ। ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ। ਸ਼ਰਧਾ ਇਹ ਹੁੰਦੀ ਹੈ ਕਿ ਮਰੇ ਪ੍ਰਾਣੀ ਨੇ ਇਕ ਸਾਲ ਵਿਚ ਪਿਤਰ-ਲੋਕ ਤਕ ਪਹੁੰਚਣਾ ਹੈ, ਇਹ 360 ਦੀਵੇ (ਇਕ ਇਕ ਦੀਵਾ ਹਰ ਰੋਜ਼) ਇਕ ਸਾਲ ਰਸਤੇ ਵਿਚ ਚਾਨਣ ਕਰਨਗੇ। ਸਸਕਾਰ ਤੋਂ ਚੌਥੇ ਦਿਨ ਮੜ੍ਹੀ ਫੋਲ ਕੇ ਸੜਨ ਤੋਂ ਬਚੀਆਂ ਹੱਡੀਆਂ (ਫੁੱਲ) ਚੁਣ ਲਈਆਂ ਜਾਂਦੀਆਂ ਹਨ। ਇਹ 'ਫੁੱਲ' ਹਰਿਦੁਆਰ ਜਾ ਕੇ ਗੰਗਾ ਵਿਚ ਪਰਵਾਹੇ ਜਾਂਦੇ ਹਨ। ਆਮ ਤੌਰ ਤੇ ਕਿਰਿਆ ਤੋਂ ਪਹਿਲਾਂ ਹੀ ਫੁੱਲ ਗੰਗਾ-ਪਰਵਾਹ ਕੀਤੇ ਜਾਂਦੇ ਹਨ। ਪਦ ਅਰਥ: ਉਨਿ = ਉਸ ਨਾਲ। ਚਾਨਣਿ = ਚਾਨਣ ਨਾਲ। ਉਨਿ ਚਾਨਣਿ = ਉਸ ਚਾਨਣ ਨਾਲ। ਓਹੁ = ਉਹ ਦੁੱਖ-ਤੇਲ। ਸੋਖਿਆ = ਸੁੱਕ ਜਾਂਦਾ ਹੈ, ਮੁੱਕ ਜਾਂਦਾ ਹੈ।1। ਫਕੜਿ = ਫੱਕੜੀ, ਮਖ਼ੌਲ। ਮੜਿਆ = ਢੇਰ। ਭਾਹਿ = ਅੱਗ।1। ਰਹਾਉ। ਕੇਸਉ = {ky_v = ky_: pR_Ôqw: siNq AÔX, ਲੰਮੇ ਕੇਸਾਂ ਵਾਲਾ} ਪਰਮਾਤਮਾ। ਆਧਾਰੁ = ਆਸਰਾ।2। ਨਾਵੈ = ਇਸ਼ਨਾਨ ਕਰਦਾ ਹੈ। ਆਤਮ ਰਾਉ = ਜਿੰਦ, ਜੀਵਾਤਮਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ।3। ਲੋਕੀ = ਦੇਵ-ਲੋਕ ਦੇ ਰਹਿਣ ਵਾਲੇ, ਦੇਵਤੇ। ਹੋਰ = ਦੂਜਾ (ਪਿੰਡ)। ਛਮਿਛਰੀ = {˜mw crI [ ˜mw, (ਖ੍ਯਮਾ) ਧਰਤੀ} ਧਰਤੀ ਤੇ ਤੁਰਨ ਵਾਲੇ, ਪਿਤਰ। ਵਟਿ = ਵੱਟ ਕੇ। ਬਖਸੀਸ = ਕਿਰਪਾ, ਮੇਹਰ। ਨਿਖੂਟਸਿ = ਮੁੱਕਦਾ।4। ਅਰਥ: ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ 'ਵਿਚਿ' ਦਾ ਸੰਬੰਧ ਲਫ਼ਜ਼ 'ਦੁਖੁ' ਨਾਲ ਨਹੀਂ ਹੈ। "ਦੀਵੇ ਵਿਚਿ ਦੁਖੁ ਤੇਲੁ ਪਾਇਆ" = ਇਉਂ ਅਰਥ ਕਰਨਾ ਹੈ}।1। ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ। ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ)।1। ਰਹਾਉ। ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ।2। (ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ। ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ।3। ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ।4।2। 32। ਨੋਟ: 'ਘਰੁ 3' ਦੇ ਇਥੇ ਦੋ ਸ਼ਬਦ ਖ਼ਤਮ ਹੁੰਦੇ ਹਨ। ਅਗਾਂਹ 'ਘਰੁ 4' ਦਾ ਸ਼ਬਦ ਹੈ। ਮੂਲ-ਮੰਤ੍ਰ ਦਾ ਨਵੇਂ-ਸਿਰੇ ਲਿਖੇ ਜਾਣਾ ਭੀ ਇਹੀ ਦੱਸਦਾ ਹੈ ਕਿ ਇਹ ਸੰਗ੍ਰਹ ਖ਼ਤਮ ਹੋ ਕੇ ਨਵਾਂ ਸ਼ੁਰੂ ਹੋ ਰਿਹਾ ਹੈ। {ਪੰਨਾ 358} ਆਸਾ ਘਰੁ ੪ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥ ਤਉ ਕਾਰਣਿ ਸਾਹਿਬਾ ਰੰਗਿ ਰਤੇ ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥ ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥ ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥ ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥ ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥ ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥ {ਪੰਨਾ 358} ਨੋਟ: 'ਘਰੁ 4' ਦਾ ਇਹ ਇਕੋ ਹੀ ਸ਼ਬਦ ਹੈ। ਪਦ ਅਰਥ: ਕੈ ਤਾਈ = ਦੀ ਖ਼ਾਤਰ। ਜੁਗਤਿ = ਮਰਯਾਦਾ। ਭਗਵੇ = ਗੇਰੂਏ ਰੰਗ ਦੇ।1। ਤਉ ਕਾਰਣਿ = ਤੇਰੇ ਦੀਦਾਰ ਦੀ ਖ਼ਾਤਰ। ਰੰਗਿ = (ਤੇਰੇ) ਪ੍ਰੇਮ ਵਿਚ। ਕਹਣੁ ਨ ਜਾਹੀ = ਕਹਣੁ ਨ ਜਾਹਿ, ਬਿਆਨ ਨਹੀਂ ਕੀਤੇ ਜਾ ਸਕਦੇ।1। ਰਹਾਉ। ਮਹਲਾ = ਮਹਲ-ਮਾੜੀਆਂ। ਹਸਤੀ = ਹਾਥੀ। ਛੋਡਿ = ਛੱਡ ਕੇ। ਵਿਲਾਇਤਿ = ਵਤਨ। ਸਾਲਿਕ = ਗਿਆਨਵਾਨ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ। ਸਾਦਿਕ = ਸਿਦਕੀ। ਥਾਇ ਪਏ = ਕਬੂਲ ਹੋਣ ਵਾਸਤੇ।2। ਸਹਜ = ਆਰਾਮ। ਰਸ ਕਸ = ਸਭ ਸੁਆਦਾਂ ਦੇ ਪਦਾਰਥ। ਤਜੀਅਲੇ = ਤਿਆਗ ਦਿੱਤੇ। ਦਰਿ ਤੇਰੈ = ਤੇਰੇ ਦਰਵਾਜ਼ੇ ਉਤੇ। ਦਰਵੇਸ = ਫ਼ਕੀਰ।3। ਖਲੜੀ = ਭੰਗ ਆਦਿਕ ਪਾਣ ਲਈ ਚਮੜੇ ਦੀ ਝੋਲੀ। ਲਕੜੀ = ਡੰਡਾ। ਸਿਖਾ = ਬੋਦੀ। ਸੂਤੁ = ਜਨੇਊ। ਜਾਤਿ ਕੈਸੀ = ਮੈਨੂੰ ਕਿਸੇ ਜਾਤ ਦਾ ਮਾਣ ਨਹੀਂ।4। ਅਰਥ: ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ। ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ।1। ਰਹਾਉ। ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ। ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ।1। (ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ।2। ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ। ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ।3। ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ। ਪਰ ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ।4।1। 33। ਵੇਖੋ ਪੰਨਾ 667, ਮ: 4 "ਸੰਤ ਜਨਾ ਕੀ ਜਾਤਿ ਹਰਿ ਸੁਆਮੀ, ਤੁਮ ਠਾਕੁਰ ਹਮ ਸਾਂਗੀ ॥ (ਸਾਂਗੀ ਦਾ ਭਾਵ:) ਜੈਸੀ ਮਤਿ ਦੇਵਹੁ ਹਰਿ ਸੁਆਮੀ, ਹਮ ਤੈਸੇ ਬੁਲਗ ਬੁਲਾਗੀ"।3।1। |
Sri Guru Granth Darpan, by Professor Sahib Singh |