ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 359 ਆਸਾ ਘਰੁ ੫ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਭੀਤਰਿ ਪੰਚ ਗੁਪਤ ਮਨਿ ਵਾਸੇ ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥ ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥ ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥ ਪੰਚ ਸਖੀ ਹਮ ਏਕੁ ਭਤਾਰੋ ॥ ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥ ਪੰਚ ਸਖੀ ਮਿਲਿ ਰੁਦਨੁ ਕਰੇਹਾ ॥ ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥ {ਪੰਨਾ 359} ਨੋਟ: ਇਹ ਸ਼ਬਦ 'ਘਰੁ 5' ਦਾ ਹੈ। ਨਵਾਂ ਸੰਗ੍ਰਹ ਹੈ। ਮੂਲ ਮੰਤ੍ਰ ਫਿਰ ਨਵੇਂ ਸਿਰੇ ਦਰਜ ਹੈ। ਪਦ ਅਰਥ: ਭੀਤਰਿ = ਮਨ ਦੇ ਧੁਰ ਅੰਦਰ। ਪੰਚ = ਪੰਜ ਕਾਮਾਦਿਕ। ਗੁਪਤ = ਲੁਕੇ ਹੋਏ। ਮਨਿ = ਮਨ ਵਿਚ। ਥਿਰੁ ਨ ਰਹਹਿ = ਟਿਕਦੇ ਨਹੀਂ। ਉਦਾਸੇ = ਠਠੰਬਰੇ ਹੋਏ। ਜੈਸੇ = ਜਿਵੇਂ।1। ਸੇਤੀ = ਨਾਲ। ਥਿਰੁ ਨ ਰਹੈ– ਟਿਕਦਾ ਨਹੀਂ, ਜੁੜਦਾ ਨਹੀਂ। ਅਧਿਕ = ਬਹੁਤ।1। ਰਹਾਉ। ਪਹਿਰਉਗੀ = ਮੈਂ ਪਹਿਨਾਂਗੀ। ਕਰਉਗੀ = ਮੈਂ ਕਰਾਂਗੀ।2। ਪੰਚ ਸਖੀ = ਪੰਜ ਸਹੇਲੀਆਂ, ਗਿਆਨ-ਇੰਦ੍ਰੇ। ਹਮ = ਸਾਡੀਆਂ, ਮੇਰੀਆਂ। ਭਤਾਰੋ = ਖਸਮ, ਜੀਵਾਤਮਾ। ਪੇਡਿ = ਪੇਡ ਵਿਚ, ਸਰੀਰ ਵਿਚ, ਸਰੀਰ ਦੇ ਭੋਗ ਵਿਚ।3। ਮਿਲਿ = ਮਿਲ ਕੇ। ਰੁਦਨੁ ਕਰੇਹਾ = ਰੁਦਨ ਕਰਦੀਆਂ ਹਨ, ਰੋ ਹੀ ਛੱਡਦੀਆਂ ਹਨ, ਸਾਥ ਛੱਡ ਦੇਂਦੀਆਂ ਹਨ। ਸਾਹੁ = ਜੀਵਾਤਮਾ। ਪਜੂਤਾ = ਫੜਿਆ ਜਾਂਦਾ ਹੈ।4। ਅਰਥ: ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ। ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ।1। ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ, ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ।1। (ਮੇਰਾ ਸਰੀਰ ਉਸ ਨਾਰ ਵਾਂਗ ਆਪਣੇ ਸਿੰਗਾਰ ਦੇ ਆਹਰਾਂ ਵਿਚ ਰਹਿੰਦਾ ਹੈ ਜੋ ਆਪਣੇ ਪਤੀ ਦੀ ਉਡੀਕ ਵਿਚ ਹੈ ਤੇ ਆਖਦੀ ਹੈ–) ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ, ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ।2। ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ (ਭਾਵ, ਜਿਨ੍ਹਾਂ ਦਾ ਸੁਖ ਦੁਖ ਜੀਵਾਤਮਾ ਦੇ ਸੁਖ ਦੁਖ ਨਾਲ ਸਾਂਝਾ ਹੈ) (ਜੀਵਾਤਮਾ ਦੀ ਮਦਦ ਕਰਨ ਦੇ ਥਾਂ) ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ (ਉਹਨਾਂ ਨੂੰ ਚਿੱਤ ਚੇਤੇ ਹੀ ਨਹੀਂ ਕਿ ਇਸ ਸਰੀਰ ਨਾਲੋਂ ਇਸ ਜੀਵਾਤਮਾ ਦਾ ਵਿਛੋੜਾ ਹੋ ਜਾਣਾ ਹੈ) ਜੀਵਾਤਮਾ ਨੇ ਚਲੇ ਜਾਣਾ ਹੈ।3। (ਆਖ਼ਰ ਵਿਛੋੜੇ ਦਾ ਵੇਲਾ ਆ ਜਾਂਦਾ ਹੈ) ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋ ਹੀ ਛਡਦੀਆਂ ਹਨ (ਭਾਵ, ਪੰਜੇ ਗਿਆਨ-ਇੰਦ੍ਰੇ ਜੀਵਾਤਮਾ ਦਾ ਸਾਥ ਛੱਡ ਦੇਂਦੇ ਹਨ, ਤੇ) ਨਾਨਕ ਆਖਦਾ ਹੈ ਕਿ ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ।4।1। 34। ਨੋਟ: 'ਘਰੁ 5' ਇਥੇ ਖ਼ਤਮ ਹੈ। ਫਿਰ ਮੂਲ ਮੰਤ੍ਰ ਹੈ, ਨਵਾਂ ਸੰਗ੍ਰਹ 'ਘਰੁ 6' ਦਾ ਸ਼ੁਰੂ ਹੁੰਦਾ ਹੈ। 'ਘਰੁ 6' ਦੇ ਪੰਜ ਸ਼ਬਦ ਹਨ। ੴ ਸਤਿਗੁਰ ਪ੍ਰਸਾਦਿ ॥ ਆਸਾ ਘਰੁ ੬ ਮਹਲਾ ੧ ॥ ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ ਲਾਲ ਬਹੁ ਗੁਣਿ ਕਾਮਣਿ ਮੋਹੀ ॥ ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥ ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥ {ਪੰਨਾ 359} ਪਦ ਅਰਥ: ਪਉਣੁ = ਹਵਾ, ਸੁਆਸ। ਸੂਤ = ਧਾਗਾ। ਕਾਮਣਿ = ਇਸਤ੍ਰੀ। ਤਨਿ = ਤਨ ਉਤੇ। ਰਾਵੇ = ਮਾਣਦੀ ਹੈ, ਮਿਲਦੀ ਹੈ।1। ਲਾਲ = ਹੇ ਲਾਲ! ਬਹੁ ਗੁਣਿ = ਬਹੁਤ ਗੁਣਾਂ ਵਾਲੇ। ਹੋਹਿ ਨ = ਨਹੀਂ ਹਨ। ਅਵਰੀ = ਕਿਸੇ ਹੋਰ ਵਿਚ।1। ਰਹਾਉ। ਕੰਠਿ = ਗਲ ਵਿਚ। ਦਾਮੋਦਰੁ = {ਦਾਮ ਉਦਰ = ਜਿਸ ਦੇ ਲੱਕ ਦੁਆਲੇ ਤੜਾਗੀ ਹੈ} ਪਰਮਾਤਮਾ। ਦੰਤੁ = ਦੰਦਾਸਾ। ਕਰ = ਹੱਥਾਂ ਵਿਚ। ਕਰਿ = ਕਰ ਕੇ। ਚਿਤ ਧਰੇਈ = ਚਿੱਤ ਨੂੰ ਟਿਕਾਏ।2। ਮਧੁਸੂਦਨੁ = ਪਰਮਾਤਮਾ। ਕਰ = ਹੱਥਾਂ (ਦੀਆਂ ਉਂਗਲੀਆਂ) ਤੇ। ਪਟੁ = ਰੇਸ਼ਮੀ ਕੱਪੜਾ। ਧੜੀ = ਮਾਂਗ, ਪੱਟੀ। ਸ੍ਰੀਰੰਗੁ = ਲੱਛਮੀ ਦਾ ਪਤੀ, ਪਰਮਾਤਮਾ।3। ਮੰਦਰਿ = ਮੰਦਰ ਵਿਚ। ਦੀਪਕੁ = ਦੀਵਾ। ਕਾਇਆ = ਸਰੀਰ, ਹਿਰਦਾ। ਗਿਆਨ ਰਾਉ = ਗਿਆਨ ਦਾ ਰਾਜਾ।4। ਨੋਟ: ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ। ਜੀਵ-ਇਸਤ੍ਰੀ ਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ। ਆਤਮਾ ਦੀ ਖ਼ੂਬ-ਸੂਰਤੀ ਵਾਸਤੇ ਇਸ ਸ਼ਬਦ ਵਿਚ ਹੇਠ-ਲਿਖੇ ਆਤਮਕ ਗਹਿਣੇ ਦੱਸੇ ਗਏ ਹਨ– ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਦਾ ਜਾਪ, ਖਿਮਾ, ਧੀਰਜ, ਗਿਆਨ, ਆਦਿਕ। ਅਰਥ: ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ।1। ਰਹਾਉ। ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ।1। ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ, ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ।2। ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ, (ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ।3। ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ, ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।4।1। 35। ਨੋਟ: 'ਘਰੁ 6' ਦੇ ਸ਼ਬਦਾਂ ਦੇ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਇਸ ਸੰਗ੍ਰਹ ਵਿਚ 5 ਸ਼ਬਦ ਹਨ ਵੱਡੇ ਅੰਕ ਤੋਂ ਪਹਿਲਾ ਛੋਟਾ ਅੰਕ ਇਸ ਸੰਗ੍ਰਹ ਦਾ ਹੀ ਹੈ। ਆਸਾ ਮਹਲਾ ੧ ॥ ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥ ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥ ਤੇਰਾ ਹੁਕਮੁ ਭਲਾ ਤੁਧੁ ਭਾਵੈ ॥ ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥ ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥ ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥ ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥ ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥ ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥ ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥ {ਪੰਨਾ 359} ਪਦ ਅਰਥ: ਕੀਤਾ ਹੋਵੈ = ਜੋ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਜੀਵ। ਕਿਆ ਕਹੀਐ = ਕੀਹ ਗਿਲਾ? ਭਾਈ = ਹੇ ਭਾਈ! ਕੀਤੇ = ਜੀਵ ਦੀ। ਕਿਆ = ਕੁਝ ਸੰਵਾਰ ਨਹੀਂ ਸਕਦੀ।1। ਤੁਧੁ ਭਾਵੈ = ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ। ਭਲਾ = ਪਿਆਰਾ, ਸੁਖਾਵਾਂ। ਨਾਮਿ = ਨਾਮ ਵਿਚ।1। ਰਹਾਉ। ਕਿਰਤੁ = ਕੀਤਾ ਹੋਇਆ ਕੰਮ, ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪਿਆ ਹੋਇਆ, ਉਕਰਿਆ ਹੋਇਆ। ਪਰਵਾਣਾ = ਪਰਵਾਨਾ, ਲੇਖ। ਬਾਹੁੜਿ = ਮੁੜ, ਉਸ ਦੇ ਉਲਟ। ਪੜਿਆ = ਪਰਗਟ ਹੁੰਦਾ ਹੈ, ਵਾਪਰਦਾ ਹੈ।2। ਦਰਗਹ = ਹਜ਼ੂਰੀ ਵਿਚ, ਸਾਹਮਣੇ। ਬਾਜਾਰੀ = ਅਵਾਰਾ ਬੈਣ ਵਾਲਾ, ਬੜਬੋਲਾ। ਪਕੈ ਨਾਹੀ = ਪੁੱਗਦੀ ਨਹੀਂ, ਜਿੱਤੀ ਨਹੀਂ ਜਾਂਦੀ। ਸਾਰੀ = ਨਰਦ।3। ਬੀਨਾ = ਸਿਆਣਾ। ਮੰਦਾ = ਮਾੜਾ, ਭੈੜਾ। ਬੰਦੀ = ਰਜ਼ਾ।4। ਅਰਥ: (ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ। (ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ।1। ਰਹਾਉ। (ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ। ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ।1। ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ। ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ– ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ।2। ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ। (ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ।3। ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ) । ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ।4।2। 36। ਆਸਾ ਮਹਲਾ ੧ ॥ ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥ ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥ ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥ ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥ ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥ ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥ {ਪੰਨਾ 359-360} ਪਦ ਅਰਥ: ਮਨੈ ਮਹਿ = ਮਨ ਵਿਚ। ਮੁੰਦ੍ਰਾ = ਵਾਲੇ (ਕੱਚ ਆਦਿਕ ਦੇ) ਜੋ ਜੋਗੀ ਲੋਕ ਕੰਨਾਂ ਵਿਚ ਪਾਂਦੇ ਹਨ। ਖਿੰਥਾ = ਗੋਦੜੀ। ਹਢਾਵਉ = ਮੈਂ ਹੰਢਾਂਦਾ ਹਾਂ, ਮੈਂ ਪਹਿਨਦਾ ਹਾਂ। ਮਾਨਉ = ਮੈਂ ਮੰਨਦਾ ਹਾਂ। ਸਹਜ = ਮਨ ਦੀ ਅਡੋਲਤਾ, ਸ਼ਾਂਤੀ। ਜੋਗ ਨਿਧਿ = ਜੋਗ (ਦੀ ਕਮਾਈ) ਦਾ ਖ਼ਜ਼ਾਨਾ। ਪਾਵਉ = ਮੈਂ ਪ੍ਰਾਪਤ ਕਰਦਾ ਹਾਂ।1। ਜੁਗਤਾ = ਜੁੜਿਆ ਹੋਇਆ। ਜੁਗਹ ਜੁਗ = ਹਰੇਕ ਜੁਗ ਤਕ, ਸਦਾ ਲਈ। ਪਰਮ ਤੰਤ = ਪਰਮਾਤਮਾ। ਜੋਗੰ = ਮਿਲਾਪ। ਅੰਮ੍ਰਿਤੁ = ਅਟੱਲ ਆਤਮਕ ਜੀਵਨ ਦੇਣ ਵਾਲਾ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ, ਮਾਇਆ ਦਾ ਪ੍ਰਭਾਵ} ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਉਸ ਦਾ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਗਿਆਨ ਰਸ = ਪਰਮਾਤਮਾ ਨਾਲ ਡੂੰਘੀ ਸਾਂਝ ਦੇ ਆਤਮਕ ਆਨੰਦ। ਕਾਇਆ = ਸਰੀਰ ਵਿਚ, ਹਿਰਦੇ ਵਿਚ। ਭੋਗੰ = ਮਾਣਦਾ ਹੈ।1। ਰਹਾਉ। ਸਿਵ = ਪਰਮਾਤਮਾ, ਕਲਿਆਣ-ਸਰੂਪ। ਆਸਣਿ = ਆਸਣ ਉਤੇ। ਬੈਸਉ = ਮੈਂ ਬੈਠਦਾ ਹਾਂ। ਕਲਪ = ਕਲਪਣਾ। ਬਾਦੰ = ਝਗੜੇ, ਧੰਧੇ। ਧੁਨਿ = ਆਵਾਜ਼, ਸੁਰੀਲੀ ਸੁਰ। ਅਹਿ = ਦਿਨ। ਨਿਸਿ = ਰਾਤ। ਪੂਰੈ = ਪੂਰਦਾ ਹੈ, ਵਜਾਂਦਾ ਹੈ।2। ਪਤੁ = ਪਾਤ੍ਰ, ਪੱਖਰ, ਚਿੱਪੀ। ਵਰਤਮਾਨ = ਹਰ ਥਾਂ ਮੌਜੂਦ। ਬਿਭੂਤ = ਸੁਆਹ। ਰਹਰਾਸਿ = ਮਰਯਾਦਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣਾ। ਅਤੀਤ ਪੰਥੁ = ਵਿਰਕਤ ਪੰਥ।3। ਸੰਮਿਆ = ਬੈਰਾਗਣ, ਲੱਕੜ ਆਦਿਕ ਦੀ ਟਿਕਟਿਕੀ ਜਿਸ ਤੇ ਬਾਹਾਂ ਟਿਕਾ ਕੇ ਜੋਗੀ ਸਮਾਧੀ ਵਿਚ ਬੈਠਦਾ ਹੈ। ਨਾਨਾ = ਕਈ ਕਿਸਮਾਂ ਦੇ। ਭਰਥਰਿ ਜੋਗੀ = ਹੇ ਭਰਥਰ ਜੋਗੀ!।4। ਨੋਟ: ਗੋਰਖ ਭਰਥਰੀ ਆਦਿਕ ਪ੍ਰਸਿੱਧ ਜੋਗੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਸਨ। ਸ਼ਰਧਾਲੂ ਲੋਕ ਆਪਣੇ ਇਸ਼ਟ ਗੁਰੂ ਰਾਹਬਰ ਦੇ ਨਾਮ ਤੇ ਆਪਣੇ ਘਰਾਂ ਵਿਚ ਨਾਮ ਰੱਖਦੇ ਰਹਿੰਦੇ ਹਨ। ਮੁਸਲਮਾਨ ਮੁਹੰਮਦ ਅਲੀ ਆਦਿਕ ਨਾਮ ਵਰਤਦੇ ਆ ਰਹੇ ਹਨ; ਹਿੰਦੂ ਰਾਮ ਕ੍ਰਿਸ਼ਨ ਆਦਿਕ ਵਰਤ ਰਹੇ ਹਨ; ਸਿੱਖ ਭੀ ਨਾਨਕ ਅਮਰ ਰਾਮ ਆਦਿਕ ਵਰਤਦੇ ਹਨ। ਇਸੇ ਤਰ੍ਹਾਂ ਜੋਗੀ ਵੀ ਆਪਣੇ ਪ੍ਰਸਿੱਧ ਜੋਗੀਆਂ ਦੇ ਨਾਮ ਵਰਤਦੇ ਰਹੇ ਹਨ। ਭਰਥਰੀ ਨਾਮ ਵਾਲਾ ਜੋਗੀ ਭੀ ਕੋਈ ਇਸੇ ਸ਼੍ਰੇਣੀ ਵਿਚੋਂ ਹੀ ਸੀ। ਨੋਟ: ਜੋਗੀ ਲੋਕ ਆਪਣੇ ਭੇਖ ਦੇ ਚਿੰਨ੍ਹ ਧਾਰਦੇ ਹਨ। ਮੁੰਦ੍ਰਾ, ਖਿੰਥਾ, ਬਿਭੂਤ, ਸਿੰਗੀ, ਡੰਡਾ, ਬੈਰਾਗਣ (ਸੰਮਿਆ) ਜੋਗ-ਭੇਖ ਦੀਆਂ ਪ੍ਰਸਿੱਧ ਚੀਜ਼ਾਂ ਹਨ। ਲਫ਼ਜ਼ ਜੋਗ ਦਾ ਅਰਥ ਹੈ 'ਮਿਲਾਪ', 'ਜੋਗੀ' ਦਾ ਅਰਥ ਹੈ ਉਹ ਜੀਵ ਜੋ ਪਰਮਾਤਮਾ ਨਾਲ ਮਿਲਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਜੋਗ-ਭੇਖ ਦੇ ਚਿੰਨ੍ਹਾਂ ਦਾ ਟਾਕਰਾ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਆਤਮਕ ਜੀਵਨ ਦੇ ਵਖ ਵਖ ਪਹਿਲੂਆਂ ਨਾਲ ਕਰਦੇ ਹਨ। ਅਰਥ: ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ। ਜਿਸ ਮਨੁੱਖ ਨੇ ਮਾਇਆ-ਰਹਿਤ ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੇ ਆਤਮਕ ਆਨੰਦ ਆਪਣੇ ਹਿਰਦੇ ਵਿਚ (ਸਦਾ) ਮਾਣਦਾ ਹੈ।1। ਰਹਾਉ। (ਹੇ ਜੋਗੀ!) ਗੁਰੂ ਦਾ ਸ਼ਬਦ ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ ਇਹ ਹਨ ਮੁੰਦ੍ਰਾਂ (ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਪਾਈਆਂ ਹੋਈਆਂ ਹਨ) । ਮੈਂ ਖਿਮਾ ਦਾ ਸੁਭਾਉ (ਪਕਾ ਰਿਹਾ ਹਾਂ, ਇਹ ਮੈਂ) ਗੋਦੜੀ ਪਹਿਨਦਾ ਹਾਂ। ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮੈਂ ਜੀਵਾਂ ਦੀ ਭਲਾਈ ਵਾਸਤੇ ਹੀ ਮੰਨਦਾ ਹਾਂ, ਇਸ ਤਰ੍ਹਾਂ ਮੇਰਾ ਮਨ ਡੋਲਣੋਂ ਬਚਿਆ ਰਹਿੰਦਾ ਹੈ– ਇਹ ਹੈ ਜੋਗ-ਸਾਧਨਾਂ ਦਾ ਖ਼ਜ਼ਾਨਾ, ਜੋ ਮੈਂ ਇਕੱਠਾ ਕਰ ਰਿਹਾ ਹਾਂ।1। (ਹੇ ਜੋਗੀ!) ਮੈਂ ਭੀ ਆਸਣ ਤੇ ਬੈਠਦਾ ਹਾਂ, ਮੈਂ ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਕਲਿਆਨ-ਸਰੂਪ ਪ੍ਰਭੂ ਦੇ ਦੇਸ ਵਿਚ (ਪ੍ਰਭੂ ਦੇ ਚਰਨਾਂ ਵਿਚ) ਟਿਕ ਕੇ ਬੈਠਦਾ ਹਾਂ (ਇਹ ਹੈ ਮੇਰਾ ਆਸਣ ਉਤੇ ਬੈਠਣਾ) । ਹੇ ਜੋਗੀ! ਤੂੰ ਸਿੰਙੀ ਵਜਾਂਦਾ ਹੈਂ) ਮੇਰੇ ਅੰਦਰ ਗੁਰੂ ਦਾ ਸ਼ਬਦ (ਗੱਜ ਰਿਹਾ) ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ।2। (ਹੇ ਜੋਗੀ! ਤੂੰ ਹੱਥ ਵਿਚ ਖੱਪਰ ਲੈ ਕੇ ਘਰ ਘਰ ਤੋਂ ਭਿੱਛਿਆ ਮੰਗਦਾ ਹੈਂ ਮੈਂ ਪ੍ਰਭੂ ਦੇ ਦਰ ਤੋਂ ਉਸ ਦੇ ਗੁਣਾਂ ਦੀ) ਵਿਚਾਰ (ਮੰਗਦਾ ਹਾਂ, ਇਹ) ਹੈ ਮੇਰਾ ਖੱਪਰ। ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲੀ ਮਤਿ (ਮੇਰੇ ਹੱਥ ਵਿਚ) ਡੰਡਾ ਹੈ (ਜੋ ਕਿਸੇ ਵਿਕਾਰ ਨੂੰ ਨੇੜੇ ਨਹੀਂ ਢੁਕਣ ਦੇਂਦਾ) । ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ। ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ (ਮੇਰੇ ਵਾਸਤੇ) ਜੋਗ ਦੀ (ਪ੍ਰਭੂ ਨਾਲ ਮਿਲਾਪ ਦੀ) ਮਰਯਾਦਾ ਹੈ। ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ਜੋ ਸਾਨੂੰ ਮਾਇਆ ਤੋਂ ਵਿਰਕਤ ਰੱਖਦਾ ਹੈ।3। ਹੇ ਨਾਨਕ! (ਆਖ–) ਹੇ ਭਰਥਰੀ ਜੋਗੀ! ਸੁਣ, ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ = ਇਹ ਹੈ ਸਾਡੀ ਬੈਰਾਗਣ ਜੋ ਸਾਨੂੰ ਪ੍ਰਭੂ-ਚਰਨਾਂ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ।4।3। 37। |
Sri Guru Granth Darpan, by Professor Sahib Singh |