ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 360

ਆਸਾ ਮਹਲਾ ੧ ॥ ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥ {ਪੰਨਾ 360}

ਪਦ ਅਰਥ: ਗਿਆਨੁ = ਅਕਾਲ ਪੁਰਖ ਨਾਲ ਡੂੰਘੀ ਸਾਂਝ। ਧਿਆਨੁ = ਪ੍ਰਭੂ ਦੀ ਯਾਦ ਵਿਚ ਸੁਰਤਿ ਜੁੜੀ ਰਹਿਣੀ। ਧਾਵੈ = ਮਹੂਏ ਦੇ ਫੁੱਲ। ਕਰਣੀ = ਉੱਚਾ ਆਚਰਨ। ਕਸੁ = ਕਿੱਕਰ ਦੇ ਸੱਕ। ਭਵਨੁ = ਸਰੀਰ, ਦੇਹ-ਅੱਧਿਆਸ। ਭਾਠੀ = ਸ਼ਰਾਬ ਕੱਢਣ ਵਾਸਤੇ ਭੱਠੀ, (ਲਾਹਣ ਵਾਲਾ ਭਾਂਡਾ, ਭਾਂਡੇ ਦੇ ਉਪਰ ਨਾਲ, ਭਾਂਡੇ ਦੇ ਹੇਠ ਅੱਗ = ਇਸ ਸਾਰੇ ਦਾ ਸਮੂਹ) । ਪੋਚਾ = ਠੰਡੇ ਪਾਣੀ ਦਾ ਪੋਚਾ ਉਸ ਨਾਲੀ ਉਤੇ ਜਿਸ ਵਿਚੋਂ ਅਰਕ ਦੀ ਭਾਫ਼ ਨਿਕਲਦੀ ਹੈ, ਤਾਕਿ ਭਾਫ਼ ਠੰਡੀ ਹੋ ਕੇ ਅਰਕ ਬਣਦੀ ਜਾਏ। ਇਤੁ = ਇਸ ਦੀ ਰਾਹੀਂ। ਇਤੁ ਰਸਿ = ਇਸ (ਤਿਆਰ ਹੋਏ) ਰਸ ਦੀ ਰਾਹੀਂ। ਅਮਿਉ = ਅੰਮ੍ਰਿਤ।1।

ਬਾਬਾ = ਜੇ ਜੋਗੀ! ਮਤਵਾਰੋ = ਮਸਤ। ਸਹਜ = ਅਡੋਲਤਾ। ਅਹਿ = ਦਿਨ। ਨਿਸਿ = ਰਾਤ। ਅਨਾਹਦ = ਇਕ-ਰਸ, ਲਗਾਤਾਰ। ਗਹਿਆ = ਪਕੜਿਆ, ਗ੍ਰਹਣ ਕੀਤਾ।1। ਰਹਾਉ।

ਪੂਰਾ = ਸਭ ਗੁਣਾਂ ਦਾ ਮਾਲਕ ਪ੍ਰਭੂ। ਸਾਚੁ = ਸਦਾ ਟਿਕੇ ਰਹਿਣ ਵਾਲਾ। ਸਹਜੇ = ਅਡੋਲ ਅਵਸਥਾ ਵਿਚ (ਰੱਖ ਕੇ) । ਮਦਿ = ਸ਼ਰਾਬ ਵਿਚ। ਛੂਛੈ = ਫੋਕੇ ਵਿਚ। ਭਾਉ = ਪਿਆਰ।2।

ਸਾਖੀ = ਸਿੱਖਿਆ, ਉਪਦੇਸ਼। ਅੰਮ੍ਰਿਤ = ਅਟੱਲ ਆਤਮਕ ਜੀਵਨ ਦੇਣ ਵਾਲੀ। ਪਰਵਾਣੁ = ਕਬੂਲ।2।

ਰਤਾ = ਰੰਗਿਆ ਹੋਇਆ। ਜੂਐ = ਜੂਏ ਵਿਚ। ਖੀਵਾ = ਮਸਤ। ਧਾਰ = ਲਿਵ, ਬ੍ਰਿਤੀ।4।

ਨੋਟ: ਜੋਗੀ ਸਮਾਧੀ ਵੇਲੇ ਸੁਰਤਿ ਦੀ ਇਕਾਗ੍ਰਤਾ ਵਾਸਤੇ ਸ਼ਰਾਬ ਪੀਂਦੇ ਸਨ। ਸਤਿਗੁਰੂ ਜੀ ਉਸ ਸ਼ਰਾਬ ਦੀ ਨਿਖੇਧੀ ਕਰਦੇ ਹਨ।

ਅਰਥ: ਜੇ ਜੋਗੀ! (ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ, ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ।1। ਰਹਾਉ।

(ਹੇ ਜੋਗੀ!) ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ। ਸਰੀਰਕ ਮੋਹ ਨੂੰ ਸਾੜ = ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ = ਇਹ ਹੈ ਉਹ ਠੰਡਾ ਪੋਚਾ ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ) ਅੰਮ੍ਰਿਤ ਨਿਕਲੇਗਾ।1।

(ਹੇ ਜੋਗੀ!) ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ। ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ) ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ।2।

ਜਿਸ ਮਨੁੱਖ ਨੇ ਅਟੱਲ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ।3।

ਹੇ ਨਾਨਕ! (ਆਖ–) ਹੇ ਭਰਥਰੀ ਜੋਗੀ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗਿਆ ਗਿਆ ਹੈ ਉਹ ਸਦਾ (ਮਾਇਆ ਦੇ ਮੋਹ ਤੋਂ) ਵਿਰਕਤ ਰਹਿੰਦਾ ਹੈ, ਉਹ ਆਤਮਕ ਮਨੁੱਖਾ ਜੀਵਨ ਜੂਏ ਵਿਚ (ਭਾਵ, ਅਜਾਈਂ) ਨਹੀਂ ਗਵਾਂਦਾ, ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ।4। 4। 38।

ਆਸਾ ਮਹਲਾ ੧ ॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ {ਪੰਨਾ 360}

ਪਦ ਅਰਥ: ਖੁਰਾਸਾਨ = ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ। ਹਿੰਦੁਸਤਾਨ ਦੇ ਲੋਕ ਸਿੰਧ ਦਰੀਆ ਦੇ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਆਖ ਦੇਂਦੇ ਹਨ। ਖਸਮ = ਮਾਲਕ। ਖਸਮਾਨਾ = ਸਪੁਰਦਗੀ। ਆਪੈ = ਆਪਣੇ ਆਪ ਨੂੰ। ਕਰਤਾ = ਕਰਤਾਰ। ਮੁਗਲੁ = ਬਾਬਰ। ਏਤੀ = ਇਤਨੀ। ਕਰਲਾਣੈ = ਪੁਕਾਰ ਉਠੇ। ਦਰਦੁ = ਦੁੱਖ, ਤਰਸ।1।

ਕਰਤਾ = ਹੇ ਕਰਤਾਰ! ਸੋਈ = ਸਾਰ ਲੈਣ ਵਾਲਾ, ਰਾਖੀ ਕਰਨ ਵਾਲਾ। ਸਕਤਾ = ਤਕੜਾ। ਮਨਿ = ਮਨ ਵਿਚ। ਰੋਸੁ = ਰੋਸਾ, ਗਿਲਾ, ਗ਼ੁੱਸਾ।1। ਰਹਾਉ।

ਸੀਹੁ = ਸ਼ੇਰ। ਪੈ = ਹੱਲਾ ਕਰ ਕੇ। ਵਗੈ = ਗਾਈਆਂ ਦੇ ਵੱਗ ਨੂੰ, ਨਿਹੱਥਿਆਂ ਨੂੰ, ਗਰੀਬਾਂ ਨੂੰ। ਪੁਰਸਾਈ = ਪੁਰਸਿਸ਼, ਪੁੱਛ। ਰਤਨ = ਰਤਨਾਂ ਵਰਗੇ ਇਸਤ੍ਰੀਆਂ ਮਰਦ। ਵਿਗਾੜਿ = ਵਿਗਾੜ ਕੇ। ਵਿਗੋਏ = ਖ਼ੁਆਰ ਕੀਤੇ, ਨਾਸ ਕਰ ਦਿੱਤੇ। ਕੁਤੀ = ਕੁੱਤਿਆਂ ਨੇ, ਮੁਗ਼ਲਾਂ ਨੇ। ਸਾਰ = ਖ਼ਬਰ। ਜੋੜਿ = ਜੋੜ ਕੇ। ਵੇਖੁ = ਹੇ ਪ੍ਰਭੂ! ਵੇਖ।2।

ਸਾਦ = ਰੰਗ ਰਲੀਆਂ। ਮਨਿ = ਮਨ ਵਿਚ। ਭਾਣੇ = ਭਾਉਂਦੇ। ਮਨਿ ਭਾਣੇ = ਜੋ ਭੀ ਮਨ ਵਿਚ ਚੰਗੇ ਲੱਗਣ। ਖਸਮੈ ਨਦਰੀ = ਖਸਮ-ਪ੍ਰਭੂ ਦੀਆਂ ਨਿਗਾਹਾਂ ਵਿਚ। ਜੇਤੇ = ਜਿਤਨੇ ਭੀ। ਮਰਿ ਮਰਿ = ਮਰ ਕੇ ਮਰ ਕੇ, ਆਪਣੇ ਆਪ ਨੂੰ ਵਿਕਾਰਾਂ ਵਲੋਂ ਹਟਾ ਕੇ।3।

ਨੋਟ: ਜਦੋਂ ਮੱਕੇ ਵਲ ਦੀ ਤੀਜੀ 'ਉਦਾਸੀ' ਤੋਂ ਗੁਰੂ ਨਾਨਕ ਦੇਵ ਜੀ ਬਗ਼ਦਾਦ ਕਾਬਲ ਦੇ ਰਸਤੇ ਸੰਨ 1521 ਵਿਚ ਹਿੰਦੁਸਤਾਨ ਨੂੰ ਵਾਪਸ ਆ ਰਹੇ ਸਨ, ਉਹਨੀਂ ਹੀ ਦਿਨੀਂ ਬਾਬਰ ਨੇ ਭੇਰਾ ਸਿਆਲਕੋਟ ਮਾਰ ਕੇ ਸੈਦਪੁਰ (ਐਮਨਾਬਾਦ) ਤੇ ਹਮਲਾ ਕੀਤਾ ਸੀ। ਸਤਿਗੁਰੂ ਜੀ ਭੀ ਐਮਨਾਬਾਦ ਪਹੁੰਚ ਚੁਕੇ ਸਨ। ਬਾਬਰ ਦੇ ਮੁਗ਼ਲ ਫੌਜੀਆਂ ਹੱਥੋਂ ਜੋ ਦੁਰਗਤਿ ਸੈਦਪੁਰ-ਨਿਵਾਸੀਆਂ ਦੀ ਅੱਖੀਂ ਵੇਖੀ, ਉਸ ਦਾ ਜ਼ਿਕਰ ਸਤਿਗੁਰੂ ਜੀ ਇਸ ਸ਼ਬਦ ਵਿਚ ਕਰ ਰਹੇ ਹਨ।

ਅਰਥ: ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ। (ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ। (ਪਰ, ਹੇ ਕਰਤਾਰ! ਬਦ-ਮਸਤ ਪਠਾਣ ਹਾਕਮਾਂ ਦੇ ਨਾਲ ਗਰੀਬ ਨਿਹੱਥੇ ਲੋਕ ਭੀ ਪੀਸੇ ਗਏ) ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ?।1।

ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ (ਵੇਖਣ ਵਾਲਿਆਂ ਦੇ) ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ (ਕਿਉਂਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਕਰਾਰੇ ਹੱਥ ਵਿਖਾ ਲੈਂਦੇ ਹਨ) ।1। ਰਹਾਉ।

ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ) । (ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।

(ਹੇ ਕਰਤਾਰ! ਤੇਰੀ ਰਜ਼ਾ ਤੂੰ ਹੀ ਜਾਣੇਂ) ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ।2।

(ਧਨ ਪਦਾਰਥ ਹਕੂਮਤ ਆਦਿਕ ਦੇ ਨਸ਼ੇ ਵਿਚ ਮਨੁੱਖ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਤੇ ਬੜੀ ਆਕੜ ਵਿਖਾ ਵਿਖਾ ਕੇ ਹੋਰਨਾਂ ਨੂੰ ਦੁੱਖ ਦੇਂਦਾ ਹੈ, ਪਰ ਇਹ ਨਹੀਂ ਸਮਝਦਾ ਕਿ) ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ, ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ (ਹਉਮੈ ਦੀ ਬਦ-ਮਸਤੀ ਵਿਚ ਉਹ ਮਨੁੱਖ ਜ਼ਿੰਦਗੀ ਅਜਾਈਂ ਹੀ ਗਵਾ ਜਾਂਦਾ ਹੈ) ।

ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ।3।5। 39।

ਨੋਟ: 'ਘਰੁ 6' ਦੇ ਕੁੱਲ 5 ਸ਼ਬਦ ਹਨ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ 39 ਸ਼ਬਦ ਹਨ।

ਰਾਗੁ ਆਸਾ ਘਰੁ ੨ ਮਹਲਾ ੩ ੴ ਸਤਿਗੁਰ ਪ੍ਰਸਾਦਿ ॥ ਹਰਿ ਦਰਸਨੁ ਪਾਵੈ ਵਡਭਾਗਿ ॥ ਗੁਰ ਕੈ ਸਬਦਿ ਸਚੈ ਬੈਰਾਗਿ ॥ ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ ਅਗਮ ਅਪਾਰਾ ॥੧॥ ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ ਉਧਰੈ ਸੰਸਾਰਾ ॥ ਜੇ ਕੋ ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ ਵਿਰਲਾ ਕੋਇ ॥ ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ ਮੋਖ ਦੁਆਰੁ ॥ ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ ਨਿਗੁਰੇ ਕਉ ਗਤਿ ਕਾਈ ਨਾਹੀ ॥ ਅਵਗਣਿ ਮੁਠੇ ਚੋਟਾ ਖਾਹੀ ॥੩॥ ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ {ਪੰਨਾ 360-361}

ਪਦ ਅਰਥ: ਦਰਸਨੁ = ਸ਼ਾਸਤ੍ਰ। ਹਰਿ ਦਰਸਨੁ = ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ) ਸ਼ਾਸਤ੍ਰ। ਵਡਭਾਗਿ = ਵੱਡੇ ਭਾਗ ਨਾਲ, ਵੱਡੀ ਕਿਸਮਤਿ ਨਾਲ। ਸਬਦਿ = ਸ਼ਬਦ ਦੀ ਰਾਹੀਂ। ਸਚੈ ਬੈਰਾਗਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਵੈਰਾਗ ਦੀ ਰਾਹੀਂ। ਖਟੁ = ਛੇ। ਖਟੁ ਦਰਸਨ = ਛੇ ਸ਼ਾਸਤ੍ਰ {ਸਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਵਰਤਾਰਾ = ਰਿਵਾਜ। ਗੁਰ ਕਾ ਦਰਸਨੁ = ਗੁਰੂ ਦਾ ਸ਼ਾਸਤ੍ਰ। ਅਗਮ = ਅਪਹੁੰਚ। ਅਪਾਰਾ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ।1।

ਦਰਸਨਿ = ਸ਼ਾਸਤ੍ਰ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਸੋਇ = ਉਹ ਹੀ।1। ਰਹਾਉ।

ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਕੋ = ਕੋਈ ਮਨੁੱਖ। ਭਾਉ = ਪ੍ਰੇਮ।2।

ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਦਰਵਾਜ਼ਾ। ਸਾਧਾਰੁ = ਸ-ਅਦਾਰੁ, ਆਸਰੇ ਵਾਲਾ। ਕਾਈ ਗਤਿ = ਉੱਚੀ ਆਤਮਕ ਅਵਸਥਾ। ਅਵਗਣਿ = ਅਵਗਣ ਵਿਚ, ਪਾਪ ਵਿਚ। ਮੁੱਠੇ = ਲੁੱਟੇ ਜਾ ਰਹੇ। ਖਾਹੀ = ਖਾਹਿ, ਖਾਂਦੇ ਹਨ।3।

ਗੁਰਮੁਖਿ = ਗੁਰੂ ਦੀ ਸਰਨ ਪਿਆਂ। ਤਾ ਕਉ = ਉਸ (ਮਨੁੱਖ) ਨੂੰ। ਪੀਰ = ਪੀੜ, ਦੁੱਖ। ਜਮਕਾਲੁ = ਮੌਤ, ਆਤਮਕ ਮੌਤ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ।4।

ਅਰਥ: ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ।1। ਰਹਾਉ।

(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ। ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।2।

ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ ਤਾਂ (ਪ੍ਰੇਮ ਜੋੜਨ ਵਾਲਾ) ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ। ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ। (ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ।2।

ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ। ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ। (ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ।3।

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ, ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ।4।1। 40।

ਨੋਟ: ਅੰਕ 4 ਦੱਸਦਾ ਹੈ ਕਿ ਸ਼ਬਦ ਦੇ 4 ਬੰਕ ਹਨ।

ਅੰਕ 1 ਦੱਸਦਾ ਹੈ ਕਿ ਗੁਰੂ ਅਮਰਦਾਸ ਜੀ ਦਾ ਇਹ ਪਹਿਲਾ ਸ਼ਬਦ ਹੈ।

ਗੁਰੂ ਨਾਨਕ ਜੀ ਦੇ ਸ਼ਬਦ. . . . . . 39
ਗੁਰੂ ਅਮਰਦਾਸ ਜੀ ਦਾ ਸ਼ਬਦ. . . . 1
. . . . . . . . . ਜੋੜ . . . . . . . . . . 40

TOP OF PAGE

Sri Guru Granth Darpan, by Professor Sahib Singh