ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 361 ਆਸਾ ਮਹਲਾ ੩ ॥ ਸਬਦਿ ਮੁਆ ਵਿਚਹੁ ਆਪੁ ਗਵਾਇ ॥ ਸਤਿਗੁਰੁ ਸੇਵੇ ਤਿਲੁ ਨ ਤਮਾਇ ॥ ਨਿਰਭਉ ਦਾਤਾ ਸਦਾ ਮਨਿ ਹੋਇ ॥ ਸਚੀ ਬਾਣੀ ਪਾਏ ਭਾਗਿ ਕੋਇ ॥੧॥ ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥ ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥ ਅੰਮ੍ਰਿਤ ਸਬਦਿ ਨਾਮੁ ਵਖਾਣੈ ॥ ਸਾਚੀ ਬਾਣੀ ਸੂਚਾ ਹੋਇ ॥ ਗੁਣ ਤੇ ਨਾਮੁ ਪਰਾਪਤਿ ਹੋਇ ॥੨॥ ਗੁਣ ਅਮੋਲਕ ਪਾਏ ਨ ਜਾਹਿ ॥ ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥ ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥ ਸਦਾ ਗੁਣਦਾਤਾ ਮੰਨਿ ਵਸਾਇਆ ॥੩॥ ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥ ਦਰਿ ਸਾਚੈ ਸਾਚੇ ਗੁਣ ਗਾਉ ॥ ਆਪੇ ਦੇਵੈ ਸਹਜਿ ਸੁਭਾਇ ॥ ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥ {ਪੰਨਾ 361} ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੁਆ = (ਮਾਇਆ ਦੇ ਮੋਹ ਵਲੋਂ) ਅਛੋਹ ਹੋ ਗਿਆ। ਆਪੁ = ਆਪਾ-ਭਾਵ। ਤਿਲੁ = ਰਤਾ ਭਰ ਭੀ। ਤਮਾਇਆ = ਲਾਲਚ। ਮਨਿ = ਮਨ ਵਿਚ। ਭਾਗਿ = ਕਿਸਮਤਿ ਨਾਲ।1। ਸੰਗ੍ਰਹੁ = ਇਕੱਠੇ ਕਰੋ (ਆਪਣੇ ਅੰਦਰ) । ਜਾਹਿ = ਦੂਰ ਹੋ ਜਾਣਗੇ। ਸਮਾਹਿ = (ਪ੍ਰਭੂ ਵਿਚ) ਲੀਨ ਹੋ ਜਾਹਿਂਗਾ।1। ਰਹਾਉ। ਵਖਾਣੈ = ਉਚਾਰਦਾ ਹੈ, ਸਿਮਰਦਾ ਹੈ। ਸੂਚਾ = ਪਵਿਤ੍ਰ। ਤੇ = ਤੋਂ।2। ਮਨਿ ਨਿਰਮਲ = ਪਵਿਤ੍ਰ ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ। ਮੰਨਿ = ਮਨਿ, ਮਨ ਵਿਚ।3। ਜਾਉ = ਮੈਂ ਜਾਂਦਾ ਹਾਂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਗਾਉ = ਮੈਂ ਗਾਂਦਾ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।4। ਅਰਥ: (ਹੇ ਭਾਈ! ਆਪਣੇ ਅੰਦਰ ਪਰਮਾਤਮਾ ਦੇ) ਗੁਣ ਇਕੱਠੇ ਕਰੋ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ। ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ (ਸਿਫ਼ਤਿ-ਸਾਲਾਹ ਕਰ ਕੇ ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ) ਟਿਕਿਆ ਰਹੇਂਗਾ।1। ਰਹਾਉ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ। ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ (ਮਾਇਆ ਦਾ) ਰਤਾ ਭਰ ਭੀ ਲਾਲਚ ਨਹੀਂ ਰਹਿੰਦਾ। ਉਸ ਮਨੁੱਖ ਦੇ ਮਨ ਵਿਚ ਉਹ ਦਾਤਾਰ ਸਦਾ ਵੱਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ। ਪਰ ਕੋਈ ਵਿਰਲਾ ਮਨੁੱਖ ਹੀ ਚੰਗੀ ਕਿਸਮਤਿ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਨੂੰ ਮਿਲ ਸਕਦਾ ਹੈ।1। ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝਦਾ ਹੈ ਉਹ ਉਸ ਸਿਫ਼ਤਿ-ਸਾਲਾਹ ਦੀ ਕਦਰ ਸਮਝਦਾ ਹੈ; ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ।2। ਪਰਮਾਤਮਾ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਕਿਸੇ ਭੀ ਕੀਮਤਿ ਤੋਂ ਮਿਲ ਨਹੀਂ ਸਕਦੇ, (ਹਾਂ,) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ (ਇਹ ਗੁਣ) ਪਵਿਤ੍ਰ ਹੋਏ ਮਨ ਵਿਚ ਆ ਵੱਸਦੇ ਹਨ। (ਹੇ ਭਾਈ!) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਪ੍ਰਭੂ ਆਪਣੇ ਮਨ ਵਿਚ ਵਸਾਇਆ ਹੈ ਉਹ ਵੱਡੇ ਭਾਗਾਂ ਵਾਲੇ ਹਨ।3। (ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਗੁਣ (ਆਪਣੇ ਅੰਦਰ) ਇਕੱਠੇ ਕਰਦਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਉਹਨਾਂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕ ਕੇ) ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਂਦਾ ਹਾਂ। ਹੇ ਨਾਨਕ! (ਗੁਣਾਂ ਦੀ ਦਾਤਿ ਜਿਸ ਮਨੁੱਖ ਨੂੰ) ਪ੍ਰਭੂ ਆਪ ਹੀ ਦੇਂਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ (ਉਸ ਦੇ ਉੱਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ।4।2। 41। ਆਸਾ ਮਹਲਾ ੩ ॥ ਸਤਿਗੁਰ ਵਿਚਿ ਵਡੀ ਵਡਿਆਈ ॥ ਚਿਰੀ ਵਿਛੁੰਨੇ ਮੇਲਿ ਮਿਲਾਈ ॥ ਆਪੇ ਮੇਲੇ ਮੇਲਿ ਮਿਲਾਏ ॥ ਆਪਣੀ ਕੀਮਤਿ ਆਪੇ ਪਾਏ ॥੧॥ ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥ ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥ ਗੁਰਮੁਖਿ ਕੀਮਤਿ ਜਾਣੈ ਕੋਇ ॥ ਵਿਰਲੇ ਕਰਮਿ ਪਰਾਪਤਿ ਹੋਇ ॥ ਊਚੀ ਬਾਣੀ ਊਚਾ ਹੋਇ ॥ ਗੁਰਮੁਖਿ ਸਬਦਿ ਵਖਾਣੈ ਕੋਇ ॥੨॥ ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥ ਸਤਿਗੁਰੁ ਭੇਟੇ ਤਾ ਉਤਰੈ ਪੀਰ ॥ ਬਿਨੁ ਗੁਰ ਭੇਟੇ ਦੁਖੁ ਕਮਾਇ ॥ ਮਨਮੁਖਿ ਬਹੁਤੀ ਮਿਲੈ ਸਜਾਇ ॥੩॥ ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥ ਪੀਵਤ ਰਹੈ ਪੀਆਏ ਸੋਇ ॥ ਗੁਰ ਕਿਰਪਾ ਤੇ ਹਰਿ ਰਸੁ ਪਾਏ ॥ ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥ {ਪੰਨਾ 361} ਪਦ ਅਰਥ: ਮੇਲਿ = (ਪ੍ਰਭੂ ਦੇ) ਮਿਲਾਪ ਵਿਚ। ਆਪੇ = (ਪ੍ਰਭੂ) ਆਪ ਹੀ। ਕੀਮਤਿ = ਕਦਰ।1। ਕਿਨ ਬਿਧਿ = ਕਿਸ ਤਰੀਕੇ ਨਾਲ? ਅਪਰੰਪਰੁ = ਪਰੇ ਤੋਂ ਪਰੇ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੋਇ = ਕੋਈ ਵਿਰਲਾ।1। ਰਹਾਉ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਰਮਿ = ਮੇਹਰ ਨਾਲ। ਊਚਾ = ਉੱਚੇ ਜੀਵਨ ਵਾਲਾ।2। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਭੇਟੇ = ਮਿਲੇ। ਤਾ = ਤਦੋਂ। ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਮਨਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ।3। ਅਤਿ ਰਸੁ = ਬਹੁਤ ਰਸ ਵਾਲਾ। ਪੀਆਏ = ਪਿਲਾਂਦਾ ਹੈ। ਸੋਇ = ਉਹ (ਪ੍ਰਭੂ) ਹੀ। ਤੇ = ਤੋਂ। ਨਾਮਿ = ਨਾਮ ਵਿਚ। ਰਤੇ = ਰੰਗੀਜ ਕੇ। ਗਤਿ = ਉੱਚੀ ਆਤਮਕ ਅਵਸਥਾ।4। ਅਰਥ: (ਹੇ ਭਾਈ!) ਕਿਸ ਤਰੀਕੇ ਨਾਲ (ਮਨੁੱਖ ਦੇ ਮਨ ਵਿਚ) ਪਰਮਾਤਮਾ (ਦੇ ਨਾਮ) ਦੀ ਕਦਰ ਪੈਦਾ ਹੋਵੇ? ਪਰਮਾਤਮਾ ਪਰੇ ਤੋਂ ਪਰੇ ਹੈ, ਪਰਮਾਤਮਾ ਅਪਹੁੰਚ ਹੈ, ਪਰਮਾਤਮਾ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ। (ਬੱਸ!) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ (ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ) ।1। ਰਹਾਉ। (ਹੇ ਭਾਈ!) ਸਤਿਗੁਰੂ ਵਿਚ ਇਹ ਵੱਡਾ ਭਾਰਾ ਗੁਣ ਹੈ ਕਿ ਉਹ ਅਨੇਕਾਂ ਜਨਮਾਂ ਦੇ ਵਿਛੁੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ। ਪ੍ਰਭੂ ਆਪ ਹੀ (ਗੁਰੂ) ਮਿਲਾਂਦਾ ਹੈ, ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ਤੇ (ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿਚ) ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ।1। ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ ਕਿਸੇ ਵਿਰਲੇ ਨੂੰ ਪਰਮਾਤਮਾ ਦੀ ਮੇਹਰ ਨਾਲ (ਪਰਮਾਤਮਾ ਦਾ ਨਾਮ) ਮਿਲਦਾ ਹੈ। ਸਭ ਤੋਂ ਉੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਕੋਈ (ਵਿਰਲਾ ਭਾਗਾਂ ਵਾਲਾ ਮਨੁੱਖ) ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ।2। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿਚ (ਵਿਕਾਰਾਂ ਦਾ) ਦੁੱਖ ਰੋਗ ਪੈਦਾ ਹੋਇਆ ਰਹਿੰਦਾ ਹੈ, ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖ ਪੈਦਾ ਕਰਨ, (ਇਸ ਤਰ੍ਹਾਂ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜ਼ਾ ਮਿਲਦੀ ਰਹਿੰਦੀ ਹੈ।3। (ਹੇ ਭਾਈ!) ਪਰਮਾਤਮਾ ਦਾ ਨਾਮ (ਇਕ ਐਸਾ ਅੰਮ੍ਰਿਤ ਹੈ ਜੋ) ਮਿੱਠਾ ਹੈ, ਬੜੇ ਰਸ ਵਾਲਾ ਹੈ। ਪਰ ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਪਰਮਾਤਮਾ ਆਪ ਪਿਲਾਏ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ-ਜਲ ਦਾ ਆਨੰਦ ਮਾਣਦਾ ਹੈ, ਨਾਮ-ਰੰਗਿ ਵਿਚ ਰੰਗੀਜ ਕੇ ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।4।3। 42। ਆਸਾ ਮਹਲਾ ੩ ॥ ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥ ਸੇਵਤ ਹੀ ਸੁਖੁ ਸਾਂਤਿ ਸਰੀਰ ॥ ਸਬਦਿ ਤਰੇ ਜਨ ਸਹਜਿ ਸੁਭਾਇ ॥ ਤਿਨ ਕੈ ਹਮ ਸਦ ਲਾਗਹ ਪਾਇ ॥੧॥ ਜੋ ਮਨਿ ਰਾਤੇ ਹਰਿ ਰੰਗੁ ਲਾਇ ॥ ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ ਸਬਦੁ ਚਾਖੈ ਸਾਚਾ ਸਾਦੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ ਆਪੇ ਨੇੜੈ ਆਪੇ ਦੂਰਿ ॥੨॥ ਆਖਣਿ ਆਖੈ ਬਕੈ ਸਭੁ ਕੋਇ ॥ ਆਪੇ ਬਖਸਿ ਮਿਲਾਏ ਸੋਇ ॥ ਕਹਣੈ ਕਥਨਿ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਗੁਰਮੁਖਿ ਵਿਚਹੁ ਆਪੁ ਗਵਾਇ ॥ ਹਰਿ ਰੰਗਿ ਰਾਤੇ ਮੋਹੁ ਚੁਕਾਇ ॥ ਅਤਿ ਨਿਰਮਲੁ ਗੁਰ ਸਬਦ ਵੀਚਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ {ਪੰਨਾ 361-362} ਪਦ ਅਰਥ: ਸਾਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਡੂੰਘਾ, ਜਿਸ ਦੇ ਦਿਲ ਦਾ ਭੇਤ ਨਾਹ ਪਾਇਆ ਜਾ ਸਕੇ। ਗੰਭੀਰ = ਡੂੰਘੇ ਜਿਗਰੇ ਵਾਲਾ, ਵੱਡੇ ਜਿਗਰੇ ਵਾਲਾ। ਸੇਵਤ = ਸਿਮਰਦਿਆਂ। ਸਬਦਿ = ਗੁਰ-ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਦ = ਸਦਾ। ਲਾਗਹ = (ਅਸੀ) ਲਗਦੇ ਹਾਂ। ਪਾਇ = ਪੈਰੀਂ।1। ਮਨਿ = ਮਨ ਵਿਚ। ਲਾਇ = ਲਾ ਕੇ। ਦਰਗਹ = ਹਜ਼ੂਰੀ ਵਿਚ। ਸੁਭਾਇ = ਪ੍ਰੇਮ ਦੀ ਰਾਹੀਂ।1। ਰਹਾਉ। ਮੰਨਿ = ਮਨਿ, ਮਨ ਵਿਚ।2। ਆਖਣਿ ਆਖੈ = ਆਖਣ ਨੂੰ ਆਖਦਾ ਹੈ, ਰਿਵਾਜੀ ਤੌਰ ਤੇ ਆਖਦਾ ਹੈ। ਬਕੈ = ਬੋਲਦਾ ਹੈ। ਸਭੁ ਕੋਇ = ਹਰੇਕ ਮਨੁੱਖ। ਕਹਣੈ = ਆਖਣ ਨਾਲ। ਕਥਨਿ = ਆਖਣ ਨਾਲ। ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ।3। ਆਪੁ = ਆਪਾ-ਭਾਵ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਰੰਗਿ ਰਾਤੇ = ਰੰਗ ਵਿਚ ਰੰਗਿਆ ਜਾਣ ਕਰਕੇ। ਅਤਿ = ਬਹੁਤ। ਨਾਮਿ = ਨਾਮ ਦੀ ਰਾਹੀਂ।4। ਅਰਥ: (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ।1। ਰਹਾਉ। (ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ। ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। (ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ, ਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ।1। (ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ (ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ (ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ, ਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ।2। (ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ, ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ। ਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ, ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।3। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ। ਹੇ ਨਾਨਕ! ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ।4। 4। 43। |
Sri Guru Granth Darpan, by Professor Sahib Singh |