ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 362 ਆਸਾ ਮਹਲਾ ੩ ॥ ਦੂਜੈ ਭਾਇ ਲਗੇ ਦੁਖੁ ਪਾਇਆ ॥ ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ ਸਤਿਗੁਰੁ ਸੇਵੈ ਸੋਝੀ ਹੋਇ ॥ ਦੂਜੈ ਭਾਇ ਨ ਲਾਗੈ ਕੋਇ ॥੧॥ ਮੂਲਿ ਲਾਗੇ ਸੇ ਜਨ ਪਰਵਾਣੁ ॥ ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ ਡਾਲੀ ਲਾਗੈ ਨਿਹਫਲੁ ਜਾਇ ॥ ਅੰਧੀ ਕੰਮੀ ਅੰਧ ਸਜਾਇ ॥ ਮਨਮੁਖੁ ਅੰਧਾ ਠਉਰ ਨ ਪਾਇ ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ ਗੁਰ ਕੀ ਸੇਵਾ ਸਦਾ ਸਖੁ ਪਾਏ ॥ ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ ਨਾਮੇ ਨਾਮਿ ਕਰੇ ਵੀਚਾਰੁ ॥ ਆਪਿ ਤਰੈ ਕੁਲ ਉਧਰਣਹਾਰੁ ॥੩॥ ਗੁਰ ਕੀ ਬਾਣੀ ਨਾਮਿ ਵਜਾਏ ॥ ਨਾਨਕ ਮਹਲੁ ਸਬਦਿ ਘਰੁ ਪਾਏ ॥ ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ {ਪੰਨਾ 362} ਪਦ ਅਰਥ: ਭਾਇ = ਪਿਆਰ ਵਿਚ। ਭਾਉ = ਪਿਆਰ। ਦੂਜੈ ਭਾਇ = ਹੋਰ ਦੇ ਪਿਆਰ ਵਿਚ। ਬਿਰਥਾ = ਵਿਅਰਥ। ਸੇਵੈ = ਸਰਨ ਪੈਂਦਾ ਹੈ। ਕੋਇ = ਕੋਈ ਭੀ ਮਨੁੱਖ।1। ਮੂਲਿ = (ਜਗਤ ਦੇ) ਮੂਲ (-ਪ੍ਰਭੂ) ਵਿਚ। ਸੇ ਜਨ = ਉਹ ਬੰਦੇ। ਅਨਦਿਨੁ = {æAnuidn} ਹਰ ਰੋਜ਼, ਹਰ ਵੇਲੇ। ਜਪਿ = ਜਪ ਕੇ। ਜਾਣੁ = ਜਾਣੂ, ਪਛਾਣੂ।1। ਰਹਾਉ। ਨਿਹਫਲੁ = ਅੱਫਲ। ਅੰਧ = (ਮਾਇਆ ਵਿਚ) ਅੰਨ੍ਹੇ ਹੋਏ ਮਨੁੱਖ ਨੂੰ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚਾਇ = ਸੜਦਾ ਹੈ।1। ਮਿਲਿ = ਮਿਲ ਕੇ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਉਧਰਣਹਾਰੁ = ਬਚਾਣ-ਜੋਗਾ।3। ਵਜਾਏ = (ਵਾਜਾ) ਵਜਾਂਦਾ ਹੈ। ਮਹਲੁ = ਟਿਕਾਣਾ, ਪ੍ਰਭੂ-ਚਰਨ। ਘਰੁ = ਪ੍ਰਭੂ ਦਾ ਘਰ। ਸਤਸਰਿ = ਸਾਧ ਸੰਗਤਿ-ਰੂਪ ਸਰੋਵਰ ਵਿਚ। ਸਰਿ = ਸਰੋਵਰ ਵਿਚ। ਜਲਿ = ਜਲ ਨਾਲ, ਪਾਣੀ ਨਾਲ। ਨਾਇਆ = ਨ੍ਹਾਤਾ। ਦੁਰਤੁ = ਪਾਪ।4। ਅਰਥ: (ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ। ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।1। ਰਹਾਉ। (ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ, ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ। ਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, ਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ।1। (ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ) , ਬੇ-ਸਮਝੀ ਦੇ ਕੰਮਾਂ ਵਿਚ ਪੈ ਕੇ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ (ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ।2। ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ) । ਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ। (ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ।3। ਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ) , ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ। ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ, ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ।4।5। 44। ਆਸਾ ਮਹਲਾ ੩ ॥ ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ ਦੂਜੈ ਭਾਇ ਆਤਮ ਸੰਘਾਰਹਿ ॥ ਮੇਰਾ ਮੇਰਾ ਕਰਿ ਕਰਿ ਵਿਗੂਤਾ ॥ ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥ ਮਰੁ ਮੁਇਆ ਸਬਦੇ ਮਰਿ ਜਾਇ ॥ ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ ਨਾਮ ਵਿਹੂਣ ਗਰਭ ਗਲਿ ਜਾਇ ॥ ਬਿਰਥਾ ਜਨਮੁ ਦੂਜੈ ਲੋਭਾਇ ॥ ਨਾਮ ਬਿਹੂਣੀ ਦੁਖਿ ਜਲੈ ਸਬਾਈ ॥ ਸਤਿਗੁਰਿ ਪੂਰੈ ਬੂਝ ਬੁਝਾਈ ॥੨॥ ਮਨੁ ਚੰਚਲੁ ਬਹੁ ਚੋਟਾ ਖਾਇ ॥ ਏਥਹੁ ਛੁੜਕਿਆ ਠਉਰ ਨ ਪਾਇ ॥ ਗਰਭ ਜੋਨਿ ਵਿਸਟਾ ਕਾ ਵਾਸੁ ॥ ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ ਗੁਰਮੁਖਿ ਜੋਤੀ ਜੋਤਿ ਮਿਲਾਈ ॥ ਨਿਰਮਲ ਬਾਣੀ ਨਿਜ ਘਰਿ ਵਾਸਾ ॥ ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ {ਪੰਨਾ 362} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਆਤਮਕ ਮੌਤ ਮਰਦੇ ਹਨ। ਮਰਿ = ਆਤਮਕ ਮੌਤੇ ਮਰ ਕੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਆਤਮ = ਆਤਮਕ ਜੀਵਨ। ਸੰਘਾਰਹਿ = ਨਾਸ ਕਰ ਲੈਂਦੇ ਹਨ। ਵਿਗੂਤਾ = ਖ਼ੁਆਰ ਹੁੰਦਾ ਹੈ। ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨੈ = ਪਰਖਦਾ, ਪਛਾਣਦਾ। ਸੂਤਾ = ਗ਼ਾਫ਼ਲ ਹੋਇਆ ਰਹਿੰਦਾ ਹੈ।1। ਮਰੁ = ਮੌਤ, ਅਸਲੀ ਮੌਤ, ਮਾਇਆ ਦੇ ਮੋਹ ਵਲੋਂ ਮੌਤ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਗੁਰਿ = ਗੁਰੂ ਨੇ। ਸਮ = ਬਰਾਬਰ। ਜਾਣਾਈ = ਸਮਝਾ ਦਿੱਤੀ। ਜੁਗ ਮਹਿ = ਜੀਵਨ ਵਿਚ। ਲਾਹਾ = ਲਾਭ, ਖੱਟੀ।1। ਰਹਾਉ। ਗਰਭ = ਜਨਮ ਮਰਨ ਦੇ ਗੇੜਾਂ ਵਿਚ। ਗਲਿ ਜਾਇ = ਗਲ ਜਾਂਦਾ ਹੈ, ਆਤਮਕ ਜੀਵਨ ਨਾਸ ਕਰ ਲੈਂਦਾ ਹੈ। ਲੋਭਾਇ = ਲੋਭ ਕਰਦਾ ਹੈ। ਦੁਖਿ = ਦੁੱਖ ਵਿਚ। ਸਬਾਈ = ਸਾਰੀ ਲੁਕਾਈ। ਸਤਿਗੁਰਿ = ਸਤਿਗੁਰੂ ਨੇ। ਬੂਝ = ਸਮਝ।2। ਏਥਹੁ ਛੁੜਕਿਆ = ਇਸ ਮਨੁੱਖਾ ਜਨਮ ਦੀ ਵਾਰੀ ਤੋਂ ਖੁੰਝਿਆ। ਠਉਰ = ਟਿਕਾਣਾ, ਥਾਂ। ਤਿਤੁ ਘਰਿ = ਉਸ ਘਰ ਵਿਚ।3। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ (ਜਾਈਂ) । ਨਿਜ ਘਰਿ = ਆਪਣੇ ਘਰ ਵਿਚ। ਉਦਾਸਾ = ਵਿਰਕਤ।4। ਅਰਥ: ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਇਸ ਨੂੰ ਇਕੋ ਜਿਹਾ ਸਹਾਰਨਾ = ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖ਼ਸ਼ ਦਿੱਤੀ ਹੈ, ਉਹ ਮਨੁੱਖ ਇਸ ਜੀਵਨ ਵਿਚ ਪਰਮਾਤਮਾ ਦਾ ਨਾਮ ਜਪ ਕੇ (ਜਗਤ ਤੋਂ) ਖੱਟੀ ਖੱਟ ਕੇ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਰਖਰੂਈ ਮੌਤ ਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਉਹ ਅਛੋਹ ਰਹਿੰਦਾ ਹੈ।1। ਰਹਾਉ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਮੌਤੇ) ਮਰਦੇ ਹਨ (ਇਸ ਤਰ੍ਹਾਂ) ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ, ਕਿਉਂਕਿ ਮਾਇਆ ਦੇ ਮੋਹ ਵਿਚ ਪੈ ਕੇ ਉਹ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਹ ਧਨ) ਮੇਰਾ ਹੈ (ਇਹ ਪਰਵਾਰਾ) ਮੇਰਾ ਹੈ– ਨਿੱਤ ਇਹੀ ਆਖ ਆਖ ਕੇ ਖ਼ੁਆਰ ਹੁੰਦਾ ਰਹਿੰਦਾ ਹੈ, ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ।1। ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜਾਂ ਵਿਚ ਆਤਮਕ ਜੀਵਨ ਨਾਸ ਕਰ ਲੈਂਦਾ ਹੈ, ਉਹ ਸਦਾ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਇਸ ਵਾਸਤੇ) ਉਸ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਨਾਮ ਤੋਂ ਸੱਖਣੀ ਰਹਿ ਕੇ ਸਾਰੀ ਲੁਕਾਈ ਦੁੱਖ ਵਿਚ ਸੜਦੀ ਰਹਿੰਦੀ ਹੈ। ਪਰ ਇਹ ਸਮਝ ਪੂਰੇ ਗੁਰੂ ਨੇ (ਕਿਸੇ ਵਿਰਲੇ ਨੂੰ) ਬਖ਼ਸ਼ੀ ਹੈ।2। ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਭਟਕਦਾ ਹੈ ਉਹ ਮੋਹ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ, ਇਸ ਮਨੁੱਖਾ ਜੀਵਨ ਵਿਚ (ਸਿਮਰਨ ਵਲੋਂ) ਖੁੰਝਿਆ ਹੋਇਆ ਫਿਰ ਆਤਮਕ ਆਨੰਦ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ। ਜਨਮ ਮਰਨ ਦਾ ਗੇੜ (ਮਾਨੋ) ਗੰਦ ਦਾ ਘਰ ਹੈ, ਇਸ ਘਰ ਵਿਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ।3। (ਹੇ ਭਾਈ!) ਮੈਂ ਆਪਣੇ ਸਤਿਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਸੁਰਤਿ ਨੂੰ ਗੁਰੂ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ। ਹੇ ਨਾਨਕ! ਗੁਰੂ ਦੀ ਪਵਿਤ੍ਰ ਬਾਣੀ ਦੀ ਬਰਕਤਿ ਨਾਲ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, (ਗੁਰੂ ਦੀ ਮੇਹਰ ਨਾਲ ਮਨੁੱਖ) ਹਉਮੈ ਨੂੰ ਮੁਕਾ ਲੈਂਦਾ ਹੈ ਤੇ (ਮਾਇਆ ਦੇ ਮੋਹ ਵਲੋਂ) ਸਦਾ ਉਪਰਾਮ ਰਹਿੰਦਾ ਹੈ।4।6। 45। |
Sri Guru Granth Darpan, by Professor Sahib Singh |