ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 363

ਆਸਾ ਮਹਲਾ ੩ ॥ ਲਾਲੈ ਆਪਣੀ ਜਾਤਿ ਗਵਾਈ ॥ ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥ ਹਿਰਦੈ ਨਾਮੁ ਵਡੀ ਵਡਿਆਈ ॥ ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ ਸੋ ਲਾਲਾ ਜੀਵਤੁ ਮਰੈ ॥ ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ ਕਰਣੀ ਕਾਰ ਧੁਰਹੁ ਫੁਰਮਾਈ ॥ ਬਿਨੁ ਸਬਦੈ ਕੋ ਥਾਇ ਨ ਪਾਈ ॥ ਕਰਣੀ ਕੀਰਤਿ ਨਾਮੁ ਵਸਾਈ ॥ ਆਪੇ ਦੇਵੈ ਢਿਲ ਨ ਪਾਈ ॥੨॥ ਮਨਮੁਖਿ ਭਰਮਿ ਭੁਲੈ ਸੰਸਾਰੁ ॥ ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥ ਵਿਣੁ ਰਾਸੀ ਵਖਰੁ ਪਲੈ ਨ ਪਾਇ ॥ ਮਨਮੁਖਿ ਭੁਲਾ ਜਨਮੁ ਗਵਾਇ ॥੩॥ ਸਤਿਗੁਰੁ ਸੇਵੇ ਸੁ ਲਾਲਾ ਹੋਇ ॥ ਊਤਮ ਜਾਤੀ ਊਤਮੁ ਸੋਇ ॥ ਗੁਰ ਪਉੜੀ ਸਭ ਦੂ ਊਚਾ ਹੋਇ ॥ ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥ {ਪੰਨਾ 363}

ਪਦ ਅਰਥ: ਲਾਲੈ = ਗ਼ੁਲਾਮ ਨੇ, ਦਾਸ ਨੇ,। ਜਾਤਿ = ਹਸਤੀ, ਹੋਂਦ। ਅਰਪੇ = ਅਰਪਿ, ਅਰਪ ਕੇ, ਹਵਾਲੇ ਕਰ ਕੇ। ਹਿਰਦੈ = ਹਿਰਦੇ ਵਿਚ। ਸਖਾਈ = ਮਿੱਤਰ।1।

ਸੋ ਲਾਲਾ = ਉਹ ਹੈ (ਅਸਲੀ) ਦਾਸ। ਜੀਵਤੁ ਮਰੈ = ਜੀਊਂਦਾ ਹੀ (ਜੀਵਨ ਦੀ ਵਾਸਨਾ ਵਲੋਂ) ਮਰਦਾ ਹੈ। ਸੋਗੁ = ਗ਼ਮੀ। ਹਰਖੁ = ਖ਼ੁਸ਼ੀ। ਦੁਇ = ਦੋਵੇਂ। ਸਮ = ਬਰਾਬਰ। ਪਰਸਾਦੀ = ਕਿਰਪਾ ਨਾਲ। ਉਧਰੈ = ਵਿਕਾਰਾਂ ਤੋਂ ਬਚਦਾ ਹੈ।1। ਰਹਾਉ।

ਕਰਣੀ = {krxIX} ਕਰਨ-ਜੋਗ। ਧੁਰਹੁ = ਆਪਣੀ ਹਜ਼ੂਰੀ ਤੋਂ। ਕੋ = ਕੋਈ ਮਨੁੱਖ। ਥਾਇ ਨ ਪਾਈ = ਕਬੂਲ ਨਹੀਂ ਹੁੰਦਾ। ਕੀਰਤਿ = ਸਿਫ਼ਤਿ-ਸਾਲਾਹ। ਵਸਾਈ = ਵਸਾਇ, ਵਸਾਂਦਾ ਹੈ। ਆਪੇ = (ਪ੍ਰਭੂ) ਆਪ ਹੀ।2।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਭਰਮਿ = ਭਟਕਣਾ ਵਿਚ। ਭੁਲੈ = ਕੁਰਾਹ ਪਿਆ ਰਹਿੰਦਾ ਹੈ। ਰਾਸੀ = ਰਾਸਿ, ਪੂੰਜੀ, ਸਰਮਾਇਆ। ਕੂੜਾ = ਝੂਠਾ, ਠੱਗੀ ਦਾ। ਵਖਰੁ = ਸੌਦਾ। ਪਲੈ ਨ ਪਾਇ = ਹਾਸਲ ਨਹੀਂ ਕਰ ਸਕਦਾ।3।

ਊਤਮੁ = ਸ੍ਰੇਸ਼ਟ, ਉੱਚੇ ਜੀਵਨ ਵਾਲਾ। ਸੋਇ = ਉਹੀ (ਲਾਲਾ) । ਗੁਰ ਪਉੜੀ = ਗੁਰੂ ਦੀ (ਦਿੱਤੀ ਹੋਈ ਸਿਮਰਨ-ਰੂਪ) ਪਉੜੀ (ਤੇ ਚੜ੍ਹ ਕੇ) । ਦੂ = ਤੋਂ। ਸਭਦੂ = ਸਭਨਾਂ ਨਾਲੋਂ। ਨਾਮਿ = ਨਾਮ ਦੀ ਰਾਹੀਂ।4।

ਅਰਥ: (ਹੇ ਭਾਈ!) ਅਸਲੀ ਦਾਸ ਉਹ ਹੈ (ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ) ਜੋ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸਨਾਂ ਵਲੋਂ ਮਰਿਆ ਹੋਇਆ ਹੈ। (ਅਜੇਹਾ ਦਾਸ) ਖ਼ੁਸ਼ੀ ਗ਼ਮੀ ਦੋਹਾਂ ਨੂੰ ਇਕੋ ਜਿਹਾ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਦੁਨੀਆ ਦੀਆਂ ਵਾਸਨਾਂ ਤੋਂ) ਬਚਿਆ ਰਹਿੰਦਾ ਹੈ।1। ਰਹਾਉ।

ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਕੇ ਤੇ ਗੁਰੂ ਦੀ ਸਰਨ ਪੈ ਕੇ ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ। ਜੇਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ-ਮਿੱਤਰ ਹੈ ਉਸ ਦਾ ਨਾਮ (ਪ੍ਰਭੂ ਤੋਂ ਵਿਕਿਆ ਹੋਇਆ) ਦਾਸ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਇਹੀ ਉਸ ਦੇ ਵਾਸਤੇ ਸਭ ਤੋਂ ਵੱਡੀ ਇੱਜ਼ਤ ਹੈ।1।

ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ-ਜੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ (ਪਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਕਿ) ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ (ਉਸ ਦੇ ਦਰ ਤੇ) ਕਬੂਲ ਨਹੀਂ ਹੋ ਸਕਦਾ, ਇਸ ਵਾਸਤੇ ਸੇਵਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ ਨਾਮ (ਆਪਣੇ ਮਨ ਵਿਚ) ਵਸਾਈ ਰੱਖਦਾ ਹੈ– ਇਹੀ ਉਸ ਦੇ ਵਾਸਤੇ ਕਰਨ-ਜੋਗ ਕਾਰ ਹੈ। (ਪਰ ਇਹ ਦਾਤਿ ਪ੍ਰਭੂ) ਆਪ ਹੀ (ਆਪਣੇ ਦਾਸ ਨੂੰ) ਦੇਂਦਾ ਹੈ (ਤੇ ਦੇਂਦਿਆਂ) ਚਿਰ ਨਹੀਂ ਲਾਂਦਾ।2।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ (ਜਿਵੇਂ ਕੋਈ ਵਪਾਰੀ) ਸਰਮਾਏ ਤੋਂ ਬਿਨਾ ਠੱਗੀ ਦਾ ਹੀ ਵਪਾਰ ਕਰਦਾ ਹੈ। ਜਿਸ ਦੇ ਪਾਸ ਸਰਮਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ। (ਇਸੇ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ।3।

(ਪ੍ਰਭੂ ਦੇ ਦਰ ਤੇ ਵਿੱਕਿਆ ਹੋਇਆ ਅਸਲੀ) ਦਾਸ ਉਹੀ ਹੈ ਜੋ ਸਤਿਗੁਰੂ ਦੀ ਸਰਨ ਪੈਂਦਾ ਹੈ, ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਗੁਰੂ ਦੀ (ਦਿੱਤੀ ਹੋਈ ਨਾਮ-ਸਿਮਰਨ ਦੀ) ਪਉੜੀ ਦਾ ਆਸਰਾ ਲੈ ਕੇ ਉਹ ਸਭਨਾਂ ਨਾਲੋਂ ਉੱਚਾ ਹੋ ਜਾਂਦਾ ਹੈ। ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਨ ਵਿਚ ਹੀ ਇੱਜ਼ਤ ਹੈ।4।7। 46।

ਆਸਾ ਮਹਲਾ ੩ ॥ ਮਨਮੁਖਿ ਝੂਠੋ ਝੂਠੁ ਕਮਾਵੈ ॥ ਖਸਮੈ ਕਾ ਮਹਲੁ ਕਦੇ ਨ ਪਾਵੈ ॥ ਦੂਜੈ ਲਗੀ ਭਰਮਿ ਭੁਲਾਵੈ ॥ ਮਮਤਾ ਬਾਧਾ ਆਵੈ ਜਾਵੈ ॥੧॥ ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ ਗੁਰ ਸਬਦੀ ਸੀਗਾਰੁ ਬਣਾਵੈ ॥ ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥ ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥ ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ ਨੇੜੈ ਵੇਖੈ ਸਦਾ ਹਦੂਰਿ ॥ ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥ ਆਗੈ ਜਾਤਿ ਰੂਪੁ ਨ ਜਾਇ ॥ ਤੇਹਾ ਹੋਵੈ ਜੇਹੇ ਕਰਮ ਕਮਾਇ ॥ ਸਬਦੇ ਊਚੋ ਊਚਾ ਹੋਇ ॥ ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ {ਪੰਨਾ 363}

ਪਦ ਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਝੂਠੋ ਝੂਠ = ਝੂਠ ਹੀ ਝੂਠ, ਉਹੀ ਕੰਮ ਜੋ ਬਿਲਕੁਲ ਉਸ ਦੇ ਕੰਮ ਨਹੀਂ ਆ ਸਕਦਾ। ਦੂਜੇ = ਮਾਇਆ ਦੇ ਮੋਹ ਵਿਚ। ਭੁਲਾਵੈ = ਕੁਰਾਹੇ ਪਈ ਰਹਿੰਦੀ ਹੈ। ਮਮਤਾ ਬਾਧਾ = ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ।1।

ਦੋਹਾਗਣੀ = ਮੰਦ-ਭਾਗਣ, ਖਸਮ ਦੀ ਛੱਡੀ ਹੋਈ। ਮਨ = ਹੇ ਮਨ! ਕਲਤਿ = ਇਸਤ੍ਰੀ (ਦੇ ਮੋਹ) ਵਿਚ। ਧਨਿ = ਧਨ ਵਿਚ।1। ਰਹਾਉ।

ਪ੍ਰਭ ਭਾਵੈ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸੇਜ = ਹਿਰਦਾ-ਸੇਜ। ਸੁਖਾਲੀ = ਸੁਖੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਮਿਲਿ = ਮਿਲ ਕੇ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।2।

ਸਾਚੀ = ਸਦਾ-ਥਿਰ ਰਹਿਣ ਵਾਲੀ, ਸਦਾ ਲਈ। ਜਿਸੁ ਪਿਆਰੁ = ਜਿਸ ਦਾ ਪਿਆਰ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।3।

ਆਗੈ = ਪਰਲੋਕ ਵਿਚ। ਨ ਜਾਇ = ਨਹੀਂ ਜਾਂਦਾ।4।

ਅਰਥ: ਹੇ ਮਨ! (ਖਸਮ ਦੀ ਛੱਡੀ ਹੋਈ) ਮੰਦ-ਕਰਮਣ ਇਸਤ੍ਰੀ ਦਾ ਸਿੰਗਾਰ ਵੇਖ, ਨਿਰਾ ਪਖੰਡ ਹੈ ਨਿਰਾ ਵਿਕਾਰ ਹੈ। (ਇਸੇ ਤਰ੍ਹਾਂ) ਜੇਹੜਾ ਮਨੁੱਖ ਪੁੱਤਰਾਂ ਵਿਚ ਇਸਤ੍ਰੀ ਵਿਚ ਧਨ ਵਿਚ ਮਾਇਆ ਵਿਚ ਚਿੱਤ ਜੋੜਦਾ ਹੈ ਉਸ ਦਾ ਇਹ ਸਾਰਾ ਮੋਹ ਵਿਅਰਥ ਹੈ।1। ਰਹਾਉ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਸਦਾ ਉਹੀ ਕੁਝ ਕਰਦੀ ਹੈ ਜੋ ਉਸ ਦੇ (ਆਤਮਕ ਜੀਵਨ ਦੇ) ਕਿਸੇ ਕੰਮ ਨਹੀਂ ਆ ਸਕਦਾ, (ਉਹਨਾਂ ਉੱਦਮਾਂ ਨਾਲ ਉਹ ਜੀਵ-ਇਸਤ੍ਰੀ) ਖਸਮ-ਪ੍ਰਭੂ ਦਾ ਟਿਕਾਣਾ ਕਦੇ ਭੀ ਨਹੀਂ ਲੱਭ ਸਕਦੀ, ਮਾਇਆ ਦੇ ਮੋਹ ਵਿਚ ਫਸੀ ਹੋਈ ਮਾਇਆ ਦੀ ਭਟਕਣਾ ਵਿਚ ਪੈ ਕੇ ਉਹ ਕੁਰਾਹੇ ਪਈ ਰਹਿੰਦੀ ਹੈ। (ਹੇ ਮਨ!) ਅਪਣੱਤ ਦੇ ਬੰਧਨਾਂ ਵਿਚ ਬੱਝਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।1।

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਉਹ ਸਦਾ ਚੰਗੇ ਭਾਗਾਂ ਵਾਲੀ ਹੈ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਮਿਲਾਪ ਨੂੰ ਆਪਣਾ ਆਤਮਕ) ਸੋਹਜ ਬਣਾਂਦੀ ਹੈ, ਉਸ ਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ ਕਿਉਂਕਿ ਉਹ ਹਰ ਵੇਲੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਕ ਆਨੰਦ ਮਾਣਦੀ ਹੈ।2।

(ਹੇ ਮਨ!) ਜਿਸ ਜੀਵ-ਇਸਤ੍ਰੀ ਦਾ ਪਿਆਰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਪੈ ਜਾਂਦਾ ਹੈ ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਆਪਣੇ ਪਤੀ-ਪ੍ਰਭੂ ਨੂੰ ਹਮੇਸ਼ਾ ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ, ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ, ਉਸ ਨੂੰ ਪਿਆਰਾ ਪ੍ਰਭੂ ਸਭਨਾਂ ਵਿਚ ਵਿਆਪਕ ਦਿੱਸਦਾ ਹੈ।3।

(ਹੇ ਮਨ! ਉੱਚੀ ਜਾਤਿ ਤੇ ਸੋਹਣੇ ਰੂਪ ਦਾ ਕੀਹ ਮਾਣ?) ਪਰਲੋਕ ਵਿਚ ਨਾਹ ਇਹ (ਉੱਚੀ) ਜਾਤਿ ਜਾਂਦੀ ਹੈ ਨਾਹ ਇਹ (ਸੋਹਣਾ) ਰੂਪ ਜਾਂਦਾ ਹੈ। (ਇਸ ਲੋਕ ਵਿਚ ਮਨੁੱਖ) ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਉਸ ਦਾ ਜੀਵਨ ਬਣ ਜਾਂਦਾ ਹੈ (ਬੱਸ! ਇਹੀ ਹੈ ਮਨੁੱਖ ਦੀ ਜਾਤਿ ਤੇ ਇਹੀ ਹੈ ਮਨੁੱਖ ਦਾ ਰੂਪ) ।

ਹੇ ਨਾਨਕ! (ਜਿਉਂ ਜਿਉਂ ਮਨੁੱਖ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਵਿਚ) ਹੋਰ ਉੱਚਾ ਹੋਰ ਉੱਚਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੁੰਦਾ ਜਾਂਦਾ ਹੈ।4।8। 47।

ਆਸਾ ਮਹਲਾ ੩ ॥ ਭਗਤਿ ਰਤਾ ਜਨੁ ਸਹਜਿ ਸੁਭਾਇ ॥ ਗੁਰ ਕੈ ਭੈ ਸਾਚੈ ਸਾਚਿ ਸਮਾਇ ॥ ਬਿਨੁ ਗੁਰ ਪੂਰੇ ਭਗਤਿ ਨ ਹੋਇ ॥ ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥ ਮੇਰੇ ਮਨ ਹਰਿ ਜਪਿ ਸਦਾ ਧਿਆਇ ॥ ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥ ਗੁਰ ਪੂਰੇ ਤੇ ਪੂਰਾ ਪਾਏ ॥ ਹਿਰਦੈ ਸਬਦੁ ਸਚੁ ਨਾਮੁ ਵਸਾਏ ॥ ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ ਸਦਾ ਸੂਚੇ ਸਾਚਿ ਸਮਾਏ ॥੨॥ ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥ ਗੁਰ ਪਰਸਾਦਿ ਰਹਿਆ ਭਰਪੂਰਿ ॥ ਜਹਾ ਜਾਉ ਤਹ ਵੇਖਾ ਸੋਇ ॥ ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥ ਗੁਰੁ ਸਾਗਰੁ ਪੂਰਾ ਭੰਡਾਰ ॥ ਊਤਮ ਰਤਨ ਜਵਾਹਰ ਅਪਾਰ ॥ ਗੁਰ ਪਰਸਾਦੀ ਦੇਵਣਹਾਰੁ ॥ ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥ {ਪੰਨਾ 363}

ਪਦ ਅਰਥ: ਰਤਾ = ਰੱਤਾ, ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਭੈ = ਭਉ ਦੀ ਰਾਹੀਂ। ਭਉ = ਡਰ, ਅਦਬ। ਗੁਰ ਕੈ ਭੈ = ਗੁਰੂ ਦੇ ਅਦਬ ਦੀ ਰਾਹੀਂ। ਭੈ ਸਾਚੈ = ਸਦਾ-ਥਿਰ ਪ੍ਰਭੂ ਦੇ ਡਰ ਦੀ ਰਾਹੀਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਖੋਇ = ਗਵਾ ਕੇ। ਪਤਿ = ਇੱਜ਼ਤ।1।

ਮਨ = ਹੇ ਮਨ! ਇਛੈ = ਇੱਛਾ ਕਰਦਾ ਹੈ।1। ਰਹਾਉ।

ਤੇ = ਤੋਂ, ਪਾਸੋਂ। ਪੂਰਾ = ਸਾਰੇ ਗੁਣਾਂ ਦਾ ਮਾਲਕ ਪ੍ਰਭੂ। ਹਿਰਦੈ = ਹਿਰਦੇ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ। ਅੰਤਰੁ = ਅੰਦਰਲਾ, ਹਿਰਦਾ, ਮਨ। ਅੰਮ੍ਰਿਤਸਰਿ = ਅੰਮ੍ਰਿਤ ਦੇ ਸਰੋਵਰ ਵਿਚ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਾਏ = ਨਾਇ, ਨ੍ਹਾਇ, ਨ੍ਹਾ ਕੇ। ਸੂਚੇ = ਪਵਿਤ੍ਰ।2।

ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਪਰਸਾਦਿ = ਕਿਰਪਾ ਨਾਲ। ਜਾਉ = ਮੈਂ ਜਾਂਦਾ ਹਾਂ। ਵੇਖਾ = ਵੇਖਾਂ, ਮੈਂ ਵੇਖਦਾ ਹਾਂ।3।

ਸਾਗਰੁ = ਸਮੁੰਦਰ। ਪੂਰਾ = ਭਰਿਆ ਹੋਇਆ। ਭੰਡਾਰ = ਖ਼ਜ਼ਾਨੇ। ਅਪਾਰ = ਬੇਅੰਤ। ਪਰਸਾਦੀ = ਪਰਸਾਦਿ, ਕਿਰਪਾ ਦੀ ਰਾਹੀਂ। ਦੇਵਣਹਾਰੁ = ਦੇਣ ਦੀ ਸਮਰੱਥਾ ਵਾਲਾ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪਰਮਾਤਮਾ ਦਾ ਧਿਆਨ ਧਰ। (ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਅੰਦਰ) ਦਿਨ ਰਾਤ ਸਦਾ ਆਤਮਕ ਚਾਉ ਬਣਿਆ ਰਹਿੰਦਾ ਹੈ, ਉਹ ਜਿਸ ਫਲ ਦੀ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ।1। ਰਹਾਉ।

ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਅਦਬ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਦੇ ਡਰ ਵਿਚ ਰਹਿ ਕੇ ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ। (ਪਰ) ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇਹੜੇ ਮਨੁੱਖ (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਆਪਣੇ ਮਨ ਦੇ ਪਿਛੇ ਤੁਰਦੇ ਹਨ ਉਹ (ਅੰਤ) ਆਪਣੀ ਇੱਜ਼ਤ ਗਵਾ ਕੇ ਪਛੁਤਾਂਦੇ ਹਨ।1।

ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ ਪਰਮਾਤਮਾ ਲੱਭਦਾ ਹੈ, (ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਦਾ ਸ਼ਬਦ ਵਸਾਂਦਾ ਹੈ, ਪ੍ਰਭੂ ਦਾ ਸਦਾ-ਥਿਰ ਨਾਮ ਵਸਾਂਦਾ ਹੈ, (ਜਿਉਂ ਜਿਉਂ) ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ ਦਾ ਹਿਰਦਾ ਪਵਿਤ੍ਰ ਹੁੰਦਾ ਜਾਂਦਾ ਹੈ। (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿਤ੍ਰ ਹੋ ਜਾਂਦੇ ਹਨ।2।

(ਹੇ ਮੇਰੇ ਮਨ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਦਾ ਹੈ ਉਹ) ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਵੇਖਦਾ ਹੈ, ਉਸ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ।

(ਹੇ ਮੇਰੇ ਮਨ! ਮੇਰੇ ਤੇ ਭੀ ਗੁਰੂ ਨੇ ਮੇਹਰ ਕੀਤੀ ਹੈ, ਤੇ) ਮੈਂ ਜਿਧਰ ਜਾਂਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ। (ਪਰ) ਗੁਰੂ ਤੋਂ ਬਿਨਾ ਕੋਈ ਹੋਰ ਇਹ (ਉੱਚੀ) ਦਾਤਿ ਦੇਣ ਜੋਗਾ ਨਹੀਂ ਹੈ।3।

ਹੇ ਨਾਨਕ! ਗੁਰੂ ਸਮੁੰਦਰ ਹੈ ਜਿਸ ਵਿਚ ਪਰਮਾਤਮਾ ਤੇ ਸਿਫ਼ਤਿ-ਸਾਲਾਹ ਦੇ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ। ਜੀਵਾਂ ਦੀ ਬਖ਼ਸ਼ਸ਼ ਕਰਨ ਵਾਲਾ ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਤੇ ਗੁਰੂ ਦੀ ਕਿਰਪਾ ਦੀ ਰਾਹੀਂ ਉਹ ਪ੍ਰਭੂ-ਦਾਤਾਰ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨ ਜਵਾਹਰ ਦੇਂਦਾ ਹੈ।4।9। 48।

TOP OF PAGE

Sri Guru Granth Darpan, by Professor Sahib Singh