ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 364

ਆਸਾ ਮਹਲਾ ੩ ॥ ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥ ਪੂਰੈ ਭਾਗਿ ਗੁਰ ਸੇਵਾ ਹੋਇ ॥ ਸੋ ਬੂਝੈ ਜਿਸੁ ਆਪਿ ਬੁਝਾਏ ॥ ਗੁਰ ਪਰਸਾਦੀ ਸੇਵ ਕਰਾਏ ॥੧॥ ਗਿਆਨ ਰਤਨਿ ਸਭ ਸੋਝੀ ਹੋਇ ॥ ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥ ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥ ਪੂਰੇ ਗੁਰ ਤੇ ਸੋਝੀ ਪਾਏ ॥ ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥ ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥ ਜੰਮਣੁ ਮਰਣਾ ਹੈ ਸੰਸਾਰੁ ॥ ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥ ਪਰ ਨਿੰਦਾ ਬਹੁ ਕੂੜੁ ਕਮਾਵੈ ॥ ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥ ਸਤਸੰਗਤਿ ਮਿਲਿ ਸਭ ਸੋਝੀ ਪਾਏ ॥ ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥ ਭਾਣਾ ਮੰਨੇ ਸਦਾ ਸੁਖੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥ {ਪੰਨਾ 364}

ਪਦ ਅਰਥ: ਸਾਇਰੁ = ਸਾਗਰ, ਸਮੁੰਦਰ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਸੋਇ = ਉਹੀ। ਭਾਗਿ = ਕਿਸਮਤ ਨਾਲ। ਬੂਝੈ = ਸਮਝਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸੇਵ = ਸੇਵਾ-ਭਗਤੀ।1।

ਰਤਨਿ = ਰਤਨ ਨਾਲ। ਗਿਆਨ ਰਤਨਿ = ਗਿਆਨ ਦੇ ਰਤਨ ਨਾਲ। ਬਿਨਾਸੈ = ਦੂਰ ਹੋ ਜਾਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ।1। ਰਹਾਉ।

ਸਬਦਿ = ਸ਼ਬਦ ਦੀ ਰਾਹੀਂ। ਤੇ = ਤੋਂ, ਪਾਸੋਂ। ਅੰਤਰਿ = ਅੰਦਰ। ਮਹਲੁ = ਟਿਕਾਣਾ। ਰਹੈ– ਮੁੱਕ ਜਾਂਦਾ ਹੈ। ਨਾਮਿ = ਨਾਮ ਵਿਚ।2।

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਚੇਤੁ = ਗ਼ਾਫ਼ਿਲ। ਗੁਬਾਰੁ = ਹਨੇਰਾ।3।

ਮਿਲਿ = ਮਿਲ ਕੇ। ਦ੍ਰਿੜਾਏ = (ਹਿਰਦੇ ਵਿਚ) ਪੱਕੀ ਕਰ ਦੇਂਦਾ ਹੈ। ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।4।

ਅਰਥ: (ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ। ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ।1। ਰਹਾਉ।

(ਹੇ ਭਾਈ!) ਗੁਰੂ (ਗੁਣਾਂ ਦਾ) ਸਮੁੰਦਰ ਹੈ, ਗੁਰੂ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ, ਵੱਡੀ ਕਿਸਮਤਿ ਨਾਲ ਹੀ ਗੁਰੂ ਦੀ (ਦੱਸੀ) ਸੇਵਾ ਹੋ ਸਕਦੀ ਹੈ। (ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ, ਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ।1।

(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ, ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ; ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ।2।

(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ) , ਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ

ਰਹਿੰਦਾ ਹੈ (ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ।3।

ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ, ਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।4।10। 49।

ਆਸਾ ਮਹਲਾ ੩ ਪੰਚਪਦੇ ॥ ਸਬਦਿ ਮਰੈ ਤਿਸੁ ਸਦਾ ਅਨੰਦ ॥ ਸਤਿਗੁਰ ਭੇਟੇ ਗੁਰ ਗੋਬਿੰਦ ॥ ਨਾ ਫਿਰਿ ਮਰੈ ਨ ਆਵੈ ਜਾਇ ॥ ਪੂਰੇ ਗੁਰ ਤੇ ਸਾਚਿ ਸਮਾਇ ॥੧॥ ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥ ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥ ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥ ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥ ਪੂਰੈ ਸਤਿਗੁਰ ਦਿਤੀ ਵਡਿਆਈ ॥ ਊਤਮ ਪਦਵੀ ਹਰਿ ਨਾਮਿ ਸਮਾਈ ॥੨॥ ਜੋ ਕਿਛੁ ਕਰੇ ਸੁ ਆਪੇ ਆਪਿ ॥ ਏਕ ਘੜੀ ਮਹਿ ਥਾਪਿ ਉਥਾਪਿ ॥ ਕਹਿ ਕਹਿ ਕਹਣਾ ਆਖਿ ਸੁਣਾਏ ॥ ਜੇ ਸਉ ਘਾਲੇ ਥਾਇ ਨ ਪਾਏ ॥੩॥ ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥ ਸਚੁ ਬਾਣੀ ਗੁਰੁ ਸਬਦੁ ਸੁਣਾਏ ॥ ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥ ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥ ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥ ਜਿਸ ਨੋ ਬਖਸੇ ਸਾਚਾ ਸੋਇ ॥ ਪੂਰੈ ਸਬਦਿ ਮੰਨਿ ਵਸਾਏ ॥ ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥ {ਪੰਨਾ 364}

ਨੋਟ: ਪੰਚ ਪਦਾ = ਉਹ ਸ਼ਬਦ ਜਿਸ ਵਿਚ ਪੰਜ ਬੰਦ ਹੋਣ। ਪੰਚ ਪਦੇ = {ਬਹੁ-ਵਚਨ}। ਲਫ਼ਜ਼ 'ਪੰਜ ਪਦੇ' ਦੇ ਹੇਠ ਅੰਕ 2 ਦਾ ਭਾਵ ਇਹ ਹੈ ਕਿ ਨੰ: 11 ਅਤੇ 12 ਦੋ ਸ਼ਬਦ ਪੰਚ ਪਦੇ ਹਨ।

ਪਦ ਅਰਥ: ਸਤਿਗੁਰ ਭੇਟੇ = ਗੁਰੂ ਨੂੰ ਮਿਲਦਾ ਹੈ। ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।1।

ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ। ਤੇ = ਉਹ ਬੰਦੇ। ਵਿਸੇਖੁ = ਮੱਥੇ ਉਤੇ ਕੇਸਰ ਆਦਿਕ ਦਾ ਟਿੱਕਾ।1। ਰਹਾਉ।

ਗਹਣ = ਡੂੰਘੀ। ਗਤਿ = ਆਤਮਕ ਅਵਸਥਾ। ਪੂਰੈ ਸਤਿਗੁਰ = ਗੁਰ ਪੂਰੇ ਨੇ। ਨਾਮਿ = ਨਾਮ ਵਿਚ।2।

ਥਾਪਿ = ਥਾਪ ਕੇ, ਬਣਾ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ। ਕਹਿ ਕਹਿ ਕਹਣਾ = ਮੁੜ ਮੁੜ ਆਖਣਾ।3।

ਪੋਤੈ = ਖ਼ਜ਼ਾਨੇ ਵਿਚ। ਸਚੁ = ਸਦਾ-ਥਿਰ ਪ੍ਰਭੂ। ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ।4।

ਨਾਵੈ ਜੇਵਡੁ = ਨਾਮ ਦੇ ਬਰਾਬਰ। ਸਾਚਾ = ਸਦਾ-ਥਿਰ ਪ੍ਰਭੂ। ਮੰਨਿ = ਮਨਿ, ਮਨ ਵਿਚ।5।

ਅਰਥ: (ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ, ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ।1। ਰਹਾਉ।

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ। ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।1।

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ।2।

'ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ। ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ' = ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ) ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ।3।

(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ, ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ। (ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।4।

(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ (ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ, ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ।5।11। 50।

ਆਸਾ ਮਹਲਾ ੩ ॥ ਨਿਰਤਿ ਕਰੇ ਬਹੁ ਵਾਜੇ ਵਜਾਏ ॥ ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥ ਅੰਤਰਿ ਲੋਭੁ ਭਰਮੁ ਅਨਲ ਵਾਉ ॥ ਦੀਵਾ ਬਲੈ ਨ ਸੋਝੀ ਪਾਇ ॥੧॥ ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥ ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥ ਪੂਰੇ ਤਾਲ ਵਿਚਹੁ ਆਪੁ ਗਵਾਇ ॥ ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥ ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥ ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥ ਗੁਰ ਕਾ ਸਬਦੁ ਸਹਜਿ ਵੀਚਾਰੁ ॥ ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥ ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥ ਏਹਾ ਭਗਤਿ ਜਨੁ ਜੀਵਤ ਮਰੈ ॥ ਗੁਰ ਪਰਸਾਦੀ ਭਵਜਲੁ ਤਰੈ ॥ ਗੁਰ ਕੈ ਬਚਨਿ ਭਗਤਿ ਥਾਇ ਪਾਇ ॥ ਹਰਿ ਜੀਉ ਆਪਿ ਵਸੈ ਮਨਿ ਆਇ ॥੪॥ ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥ ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥ ਭਗਤਿ ਰਤੇ ਤਿਨ੍ਹ੍ਹ ਸਚੀ ਸੋਇ ॥ ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥ {ਪੰਨਾ 364-365}

ਪਦ ਅਰਥ: ਨਿਰਤਿ = ਨਾਚ। ਕਿਸੁ = ਕਿਸ ਨੂੰ? ਆਖਿ = ਆਖ ਕੇ। ਅਨਲ = {Anl} ਅੱਗ। ਵਾਉ = ਹਵਾ, ਝੱਖੜ।1।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਘਟਿ = ਹਿਰਦੇ ਵਿਚ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣਿ = ਪਛਾਣੈ, ਪਛਾਣ ਲੈਂਦਾ ਹੈ।1। ਰਹਾਉ।

ਭਾਉ = ਪ੍ਰੇਮ। ਆਪੁ = ਆਪਾ-ਭਾਵ, ਹਉਮੈ। ਜਾਣੁ = ਜਾਣੂ। ਸਬਦਿ = ਸ਼ਬਦ ਦੀ ਰਾਹੀਂ। ਪਛਾਣੁ = ਪਛਾਣੂ।2।

ਸਹਜਿ = ਆਤਮਕ ਅਡੋਲਤਾ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪਾਖੰਡਿ = ਪਖੰਡ ਨਾਲ।3।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਭਵਜਲੁ = ਸੰਸਾਰ-ਸਮੁੰਦਰ। ਥਾਇ ਪਾਇ = ਕਬੂਲ ਹੋ ਜਾਂਦੀ ਹੈ। ਥਾਇ = ਥਾਂ ਵਿਚ, ਲੇਖੇ ਵਿਚ। ਮਨਿ = ਮਨ ਵਿਚ।4।

ਨਿਹਚਲ = ਨਾਹ ਡੋਲਣ ਵਾਲੀ। ਸਿਉ = ਨਾਲ। ਸੋਇ = ਸੋਭਾ। ਸਚੀ = ਸਦਾ-ਥਿਰ। ਨਾਮਿ = ਨਾਮ ਵਿਚ।5।

ਅਰਥ: (ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ। (ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ।1। ਰਹਾਉ।

(ਪਰ ਜਿਤਨਾ ਚਿਰ ਮਨੁੱਖ ਦਾ) ਇਹ ਆਪਣਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ (ਉਹ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ) । ਉਸ ਦੇ ਆਪਣੇ ਅੰਦਰ ਤ੍ਰਿਸ਼ਨਾ-ਅੱਗ ਬਲ ਰਹੀ ਹੈ ਭਟਕਣਾ (ਦਾ) ਝੱਖੜ ਝੁੱਲ ਰਿਹਾ ਹੈ (ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ, ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ।1।

ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ (ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ। (ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ।2।

ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੁੰਦੀ ਹੈ ਪਿਆਰ ਪੈਦਾ ਹੁੰਦਾ ਹੈ। ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ। ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੁੰਦਾ ਹੈ।3।

ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੁੰਦੀ ਹੈ, ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ।4।

(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।

ਹੇ ਨਾਨਕ! ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ। ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ।5।12। 51।

TOP OF PAGE

Sri Guru Granth Darpan, by Professor Sahib Singh