ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 365

ਆਸਾ ਘਰੁ ੮ ਕਾਫੀ ਮਹਲਾ ੩    ੴ ਸਤਿਗੁਰ ਪ੍ਰਸਾਦਿ ॥ ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥ ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥ ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥ ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥ ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥ ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥ ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥ ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥ ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥ ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥ {ਪੰਨਾ 365}

ਨੋਟ: ਇਹ ਸ਼ਬਦ = ਆਸਾ ਰਾਗ ਅਤੇ ਕਾਫੀ ਰਾਗ = ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣ ਦੀ ਹਦਾਇਤ ਹੈ।

ਪਦ ਅਰਥ: ਭਾਣੈ = ਰਜ਼ਾ ਅਨੁਸਾਰ। ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਸੋਈ = ਉਹੀ ਮਨੁੱਖ।1।

ਮੈ = ਮੇਰਾ। ਸਹੁ = ਖਸਮ। ਦਾਤਾ = ਦਾਤਾਂ ਦੇਣ ਵਾਲਾ। ਤੇ = ਤੋਂ, ਨਾਲ।1। ਰਹਾਉ।

ਜੁਗ ਮਹਿ = ਜਗਤ ਵਿਚ, ਜੀਵਨ ਵਿਚ। ਵੀਚਾਰਿ = ਵਿਚਾਰ ਦੀ ਰਾਹੀਂ। ਵਸਿ = ਵੱਸ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ। ਗਵਾਰਿ = ਮੂਰਖ ਜੀਵ-ਇਸਤ੍ਰੀ।2।

ਹਰਿ ਕੈ ਭਾਣੈ = ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ। ਸਾਲਾਹੀਐ = ਸਿਫ਼ਿਤਿ-ਸਾਲਾਹ ਕੀਤੀ ਜਾ ਸਕਦੀ ਹੈ। ਭਾਣੈ ਮੰਨਿਐ = ਜੇ ਪ੍ਰਭੂ ਦੇ ਹੁਕਮ ਵਿਚ ਤੁਰਿਆ ਜਾਏ।3।

ਮਤਿ = ਅਕਲ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਗਤਿ = ਉੱਚੀ ਆਤਮਕ ਅਵਸਥਾ।4।

ਅਰਥ: (ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ। ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ।1।

(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ।2।

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ। ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ। ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।3।

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ।

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ। ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।4। 39।13। 52।

ਨੋਟ:

ਸ਼ਬਦ ਮਹਲਾ 1 = 39
ਸ਼ਬਦ ਮਹਲਾ 3 = 13
. . . . ਜੋੜ . . . . .52

ਆਸਾ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ ਸਭ ਤੇਰੀ ਤੂੰ ਸਭਨੀ ਧਿਆਇਆ ॥ ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ ਤੂੰ ਦਰੀਆਉ ਸਭ ਤੁਝ ਹੀ ਮਾਹਿ ॥ ਤੁਝ ਬਿਨੁ ਦੂਜਾ ਕੋਈ ਨਾਹਿ ॥ ਜੀਅ ਜੰਤ ਸਭਿ ਤੇਰਾ ਖੇਲੁ ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ ਹਰਿ ਗੁਣ ਸਦ ਹੀ ਆਖਿ ਵਖਾਣੈ ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ਸਹਜੇ ਹੀ ਹਰਿ ਨਾਮਿ ਸਮਾਇਆ ॥੩॥ ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥ {ਪੰਨਾ 365}

ਪਦ ਅਰਥ: ਸਚਿਆਰੁ = ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ। ਤਉ = ਤੈਨੂੰ। ਥੀਸੀ = ਹੋਵੇਗਾ। ਹਉ = ਮੈਂ। ਪਾਈ = ਪਾਈਂ, ਪ੍ਰਾਪਤ ਕਰਦਾ ਹਾਂ।1। ਰਹਾਉ।

ਸਭ = ਸਾਰੀ ਲੁਕਾਈ। ਤੂੰ = ਤੈਨੂੰ। ਤਿਨਿ = ਉਸ (ਮਨੁੱਖ) ਨੇ। ਲਾਧਾ = ਲੱਭਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਤੁਧੁ = ਤੂੰ।1।

ਮਾਹਿ = ਵਿਚ। ਸਭਿ = ਸਾਰੇ। ਵਿਜੋਗਿ = (ਧੁਰ ਦੇ) ਵਿਜੋਗ ਦੇ ਕਾਰਨ। ਮਿਲਿ = ਮਿਲ ਕੇ (ਭੀ) । ਸੰਜੋਗੀ = (ਧੁਰ ਦੇ) ਸੰਜੋਗ ਦੇ ਕਾਰਨ। ਮੇਲੁ = ਮਿਲਾਪ।2।

ਜਾਣਾਇਹਿ = ਤੂੰ ਸਮਝ ਬਖ਼ਸ਼ਦਾ ਹੈਂ। ਸਦ ਹੀ = ਸਦਾ ਹੀ। ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।3।

ਵੇਖਹਿ = ਤੂੰ ਵੇਖਦਾ ਹੈਂ। ਜਾਣਹਿ = ਤੂੰ ਜਾਣਦਾ ਹੈਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।4।

ਅਰਥ: (ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ। ਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ।1। ਰਹਾਉ।

(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ। ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ। (ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ। (ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ।1।

(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ, (ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ। (ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ (ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ।2।

(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ ਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ। (ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ; ਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ।3।

(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ, ਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ। ਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ।

ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ।4।1। 53।

ਨੋਟ:

ਸ਼ਬਦ ਮ: 4. . . . . . . . . . 1
ਸ਼ਬਦ ਮ: 1, ਤੇ 3. . . . . . 52
. . . . . . ਜੋੜ . . . . . . . .53

TOP OF PAGE

Sri Guru Granth Darpan, by Professor Sahib Singh