ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 366 ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ ॥ ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥ ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥ ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥ ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥ ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥ ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥ {ਪੰਨਾ 366} ਪਦ ਅਰਥ: ਕਿਸ ਹੀ = ਕਿਸਹਿ, ਕਿਸੇ ਨੇ। ਸੁਤ = ਪੁੱਤਰ। ਸਿਕਦਾਰ = ਸਰਦਾਰ। ਸੁਆਈ = ਸੁਆਇ, ਸੁਆਰਥ ਵਾਸਤੇ।1। ਟੇਕ = ਆਸਰਾ। ਅਸੰਖ = ਅਣਗਿਣਤ।1। ਰਹਾਉ। ਮਨਿ = ਮਨ ਵਿਚ। ਖੋਟੁ = ਠੱਗੀ। ਜਿਸ ਕਾ ਸਮਰਥੁ = ਜਿਸ ਦੇ ਬਰਾਬਰ ਦਾ।2। ਪਸਾਰੀ = ਖਿਲਾਰਾ। ਲੂਝਹਿ = ਝਗੜਦੇ ਹਨ। ਜਿ = ਜਿਹੜਾ। ਹਲਤੁ ਪਲਤੁ = ਇਹ ਲੋਕ ਤੇ ਪਰਲੋਕ।3। ਕਲਿਜੁਗ ਮਹਿ = ਪਰਮਾਤਮਾ ਤੋਂ ਵਿਛੜ ਕੇ। ਜਿਨਿ = ਜਿਸ ਨੇ। ਸਭਿ = ਸਾਰੇ।4। ਮਿਥਿਆ = ਝੂਠਾ, ਵਿਅਰਥ। ਭਾਉ = ਪਿਆਰ। ਅਟਕਲੈ = ਜਾਚਦਾ ਹੈ। ਛਿਦ੍ਰੁ = ਐਬ। ਜਿਣਿ = ਜਿੱਤ ਕੇ।5। ਅਰਥ: ਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ। ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ। ਮੈਂ ਪਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ।1। ਰਹਾਉ। ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ, ਕਿਸੇ ਨੇ ਆਪਣੇ ਸੱਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ, ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ (ਪਿੰਡ ਦੇ) ਸਰਦਾਰ ਨਾਲ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ; ਪਰ ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ।1। ਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ ਉਹ (ਆਖ਼ਰ ਜਗਤ ਤੋਂ) ਕੂਚ ਕਰ ਜਾਂਦੇ ਹਨ, (ਧੜੇ ਬਣਾਣ ਵਾਲੇ ਇਹ) ਝੂਠਾ ਅਡੰਬਰ ਕਰ ਕੇ ਇਹ ਧੜੇ ਬਣਾ ਕੇ (ਉਹਨਾਂ ਦੇ ਮਰਨ ਤੇ) ਪਛੁਤਾਂਦੇ ਹਨ। (ਧੜੇ ਬਣਾਣ ਵਾਲੇ ਆਪ ਭੀ) ਸਦਾ (ਦੁਨੀਆ ਵਿਚ) ਟਿਕੇ ਨਹੀਂ ਰਹਿੰਦੇ, (ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ) ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ। ਪਰ ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ।2। (ਹੇ ਭਾਈ! ਦੁਨੀਆ ਦੇ) ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ ਮੋਹ ਦਾ ਖਿਲਾਰਾ ਹਨ। (ਧੜੇ ਬਣਾਣ ਵਾਲੇ) ਮੂਰਖ ਲੋਕ ਮਾਇਆ ਦੀ ਖ਼ਾਤਰ ਹੀ (ਆਪੋ ਵਿਚ) ਲੜਦੇ ਰਹਿੰਦੇ ਹਨ। (ਇਸ ਕਾਰਨ ਉਹ ਮੁੜ ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋ) ਜੂਏ ਵਿਚ ਹੀ (ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿਚੋਂ ਹਾਸਲ ਕੁਝ ਨਹੀਂ ਹੁੰਦਾ) । ਪਰ ਮੇਰੇ ਨਾਲ ਤਾਂ ਸਾਥੀ ਹੈ ਪਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ।3। ਪਰਮਾਤਮਾ ਨਾਲੋਂ ਵਿਛੜ ਕੇ (ਕਲਿਜੁਗੀ ਸੁਭਾਵ ਵਿਚ ਫਸ ਕੇ) ਮਨੁੱਖਾਂ ਦੇ ਧੜੇ ਬਣਦੇ ਹਨ, ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, (ਪਰਮਾਤਮਾ ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ) ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ ਉਹ ਇਹਨਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ) । (ਹੇ ਭਾਈ!) ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ (ਮੇਰੇ ਅੰਦਰੋਂ) ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ।4। (ਪਰਮਾਤਮਾ ਨੂੰ ਛੱਡ ਕੇ) ਮਾਇਆ ਦਾ ਝੂਠਾ ਪਿਆਰ (ਮਨੁੱਖ ਦੇ ਅੰਦਰ) ਟਿਕ ਕੇ ਧੜੇ (-ਬਾਜ਼ੀਆਂ) ਪੈਦਾ ਕਰਦਾ ਹੈ (ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ) ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ (ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ। (ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਮਨੁੱਖ ਆਪਣੇ ਆਤਮਕ ਜੀਵਨ ਵਾਸਤੇ) ਜਿਹੋ ਜਿਹਾ ਬੀ ਬੀਜਦਾ ਹੈ ਉਹੋ ਜਿਹਾ ਫਲ ਹਾਸਲ ਕਰਦਾ ਹੈ। ਦਾਸ ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪਰਮਾਤਮਾ ਹੈ (ਪਰਮਾਤਮਾ ਦਾ ਆਸਰਾ ਹੀ ਨਾਨਕ ਦਾ) ਧਰਮ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ।5।2। 54। ਆਸਾ ਮਹਲਾ ੪ ॥ ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥ ਗੁਰਬਾਣੀ ਹਰਿ ਅਲਖੁ ਲਖਾਇਆ ॥੧॥ ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥ ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥ ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥ ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥ ਦੂਜੈ ਭਾਇ ਭਵਹਿ ਬਿਖੁ ਮਾਇਆ ॥ ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥ ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥ ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥ {ਪੰਨਾ 366} ਪਦ ਅਰਥ: ਹਿਰਦੈ = ਹਿਰਦੇ ਵਿਚ। ਸੁਣਿ ਸੁਣਿ = (ਗੁਰਬਾਣੀ) ਮੁੜ ਮੁੜ ਸੁਣ ਕੇ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਾਇਆ = ਪਿਆਰਾ ਲੱਗਾ। ਅਲਖੁ = ਅਦ੍ਰਿਸ਼ਟ।1। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਮੇਰੀ ਭੈਨਾ = ਹੇ ਮੇਰੀ ਭੈਣੋ! ਹੇ ਸਤਸੰਗੀਹੋ! ਏਕੋ = ਇਕ ਪ੍ਰਭੂ ਹੀ। ਘਟ = ਹਿਰਦਾ। ਮੁਖਿ = ਮੂੰਹ ਨਾਲ। ਗੁਰ ਬੈਨਾ = ਗੁਰੂ ਦੇ ਬਚਨ।1। ਰਹਾਉ। ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਬੈਰਾਗੁ = ਲਗਨ। ਵਡਭਾਗੁ = ਵੱਡੇ ਭਾਗਾਂ ਵਾਲਾ।2। ਭਾਇ = ਪਿਆਰ ਵਿਚ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ। ਭਵਹਿ = ਭਟਕਦੇ ਹਨ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ।3। ਹਰਿ ਰਸੁ = ਹਰਿ ਨਾਮ ਦਾ ਰਸ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।4। ਅਰਥ: ਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। (ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ।1। ਰਹਾਉ। (ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ।1। (ਹੇ ਭੈਣੋ!) ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ (ਉਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ।2। (ਪਰ, ਹੇ ਭੈਣੋ!) ਬਦ-ਨਸੀਬ ਹਨ ਉਹ ਮਨੁੱਖ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ।3। ਹੇ ਨਾਨਕ! (ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ।4।3। 55। ਆਸਾ ਮਹਲਾ ੪ ॥ ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥ ਨਾਮੁ ਜਪੀ ਨਾਮੋ ਸੁਖ ਸਾਰੁ ॥੧॥ ਨਾਮੁ ਜਪਹੁ ਮੇਰੇ ਸਾਜਨ ਸੈਨਾ ॥ ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ ਨਾਮ ਬਿਨਾ ਨਹੀ ਜੀਵਿਆ ਜਾਇ ॥ ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥ ਨਾਮਹੀਨ ਕਾਲਖ ਮੁਖਿ ਮਾਇਆ ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥ ਵਡਾ ਵਡਾ ਹਰਿ ਭਾਗ ਕਰਿ ਪਾਇਆ ॥ ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥ {ਪੰਨਾ 366} ਪਦ ਅਰਥ: ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਅਧਾਰੁ = ਆਸਰਾ। ਜਪੀ = ਜਪੀਂ, ਮੈਂ ਜਪਦਾ ਹਾਂ। ਨਾਮੋ = ਨਾਮ ਹੀ। ਸੁਖ ਸਾਰੁ = ਸੁਖਾਂ ਦਾ ਤੱਤ।1। ਸਾਜਨ ਸੈਨਾ = ਸੱਜਣੋਂ ਮਿੱਤਰੋ! ਮੈ = ਮੈਨੂੰ। ਭਾਗਿ = ਕਿਸਮਤ ਨਾਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ। ਪਾਇ = ਮਿਲਦਾ ਹੈ।2। ਮੁਖਿ = ਮੂੰਹ ਉਤੇ। ਧ੍ਰਿਗੁ = ਫਿਟਕਾਰ-ਜੋਗ।3। ਭਾਗ ਕਰਿ = ਕਿਸਮਤਿ ਨਾਲ। ਗੁਰਮੁਖਿ = ਗੁਰੂ ਦੀ ਰਾਹੀਂ।4। ਅਰਥ: ਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ। ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ।1। ਰਹਾਉ। (ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ। ਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ।1। (ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ।2। (ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ।3। ਹੇ ਨਾਨਕ! ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਪਰਮਾਤਮਾ) ਆਪਣੇ ਨਾਮ ਦੀ ਦਾਤਿ ਦਿਵਾਂਦਾ ਹੈ ਉਹ ਮਨੁੱਖ ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤਿ ਨਾਲ ਮਿਲ ਪੈਂਦਾ ਹੈ।4। 4। 56। |
Sri Guru Granth Darpan, by Professor Sahib Singh |