ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 367 ਆਸਾ ਮਹਲਾ ੪ ॥ ਗੁਣ ਗਾਵਾ ਗੁਣ ਬੋਲੀ ਬਾਣੀ ॥ ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥੧॥ ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥ ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥੧॥ ਰਹਾਉ ॥ ਹਰਿ ਗੁਣ ਗਾਵੈ ਹਰਿ ਜਨ ਲੋਗਾ ॥ ਵਡੈ ਭਾਗਿ ਪਾਏ ਹਰਿ ਨਿਰਜੋਗਾ ॥੨॥ ਗੁਣ ਵਿਹੂਣ ਮਾਇਆ ਮਲੁ ਧਾਰੀ ॥ ਵਿਣੁ ਗੁਣ ਜਨਮਿ ਮੁਏ ਅਹੰਕਾਰੀ ॥੩॥ ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥ ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥੪॥੫॥੫੭॥ {ਪੰਨਾ 367} ਪਦ ਅਰਥ: ਗਾਵਾ = ਗਾਵਾਂ, ਮੈਂ ਗਾਂਦਾ ਹਾਂ। ਬੋਲੀ = ਬੋਲੀਂ, ਮੈਂ ਉਚਾਰਦਾ ਹਾਂ। ਗੁਣ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਖਾਣੀਂ, ਮੈਂ ਬਿਆਨ ਕਰਦਾ ਹਾਂ।1। ਮਨਿ = ਮਨ ਵਿਚ। ਸਤਿ ਸਤਿ ਸਤਿ ਨਾਮੁ = ਸਤਿਨਾਮੁ, ਸਤਿਨਾਮੁ, ਸਤਿਨਾਮੁ। ਗੁਰਿ = ਗੁਰੂ ਨੇ। ਰਸਿ = ਰਸ ਨਾਲ, ਪ੍ਰੇਮ ਨਾਲ। ਗੁਣ ਪਰਮਾਨੰਦਾ = ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ।1। ਰਹਾਉ। ਨਿਰਜੋਗ = ਨਿਰਲੇਪ।2। ਧਾਰੀ = ਧਾਰਨ ਵਾਲਾ। ਜਨਮਿ ਮੁਏ = ਜੰਮਦੇ ਮਰਦੇ ਰਹਿੰਦੇ ਹਨ।3। ਸਰੀਰਿ = ਸਰੀਰ ਵਿਚ। ਸਰੋਵਰਿ = ਸਰੋਵਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ। ਮਥਿ = ਰਿੜਕ ਕੇ, ਵਿਚਾਰ ਕੇ। ਤਤੁ = ਨਿਚੋੜ, ਅਸਲੀਅਤ।4। ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਤਿਨਾਮੁ ਸਤਿਨਾਮੁ ਸਤਿਨਾਮੁ ਪੱਕਾ ਕਰ ਦਿੱਤਾ, ਉਸ ਨੇ ਬੜੇ ਪ੍ਰੇਮ ਨਾਲ ਪਰਮਾਨੰਦ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।1। ਰਹਾਉ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ।1। (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਵੱਡੀ ਕਿਸਮਤਿ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਹੈ।2। (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜੇ ਹੋਏ ਮਨੁੱਖ ਮਾਇਆ ਦੇ ਮੋਹ ਦੀ ਮੈਲ (ਆਪਣੇ ਮਨ ਵਿਚ) ਟਿਕਾਈ ਰੱਖਦੇ ਹਨ। ਸਿਫ਼ਤਿ-ਸਾਲਾਹ ਤੋਂ ਬਿਨਾ ਅਹੰਕਾਰ ਵਿਚ ਮੱਤੇ ਹੋਏ ਜੀਵ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।3। (ਹੇ ਭਾਈ! ਮਨੁੱਖ ਦੇ) ਇਸ ਸਰੀਰ ਸਰੋਵਰ ਵਿਚ (ਪਰਮਾਤਮਾ ਦੇ ਗੁਣ ਗੁਰੂ ਨੇ ਹੀ) ਪਰਗਟ ਕੀਤੇ ਹਨ। ਹੇ ਨਾਨਕ! (ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਮੁੜ ਮੁੜ ਵਿਚਾਰ ਕੇ (ਜੀਵਨ ਦਾ) ਨਿਚੋੜ (ਉੱਚਾ ਸੁੱਚਾ ਜੀਵਨ) ਪ੍ਰਾਪਤ ਕਰ ਲੈਂਦਾ ਹੈ।4।5। 57। ਆਸਾ ਮਹਲਾ ੪ ॥ ਨਾਮੁ ਸੁਣੀ ਨਾਮੋ ਮਨਿ ਭਾਵੈ ॥ ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥ ਨਾਮੁ ਜਪਹੁ ਗੁਰਮੁਖਿ ਪਰਗਾਸਾ ॥ ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ ॥ ਨਾਮੈ ਸੁਰਤਿ ਸੁਨੀ ਮਨਿ ਭਾਈ ॥ ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥ ਨਾਮਹੀਣ ਗਏ ਮੂੜ ਨੰਗਾ ॥ ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥ ਆਪੇ ਥਾਪੇ ਥਾਪਿ ਉਥਾਪੇ ॥ ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥ {ਪੰਨਾ 367} ਪਦ ਅਰਥ: ਸੁਣੀ = ਸੁਣੀਂ, ਮੈਂ ਸੁਣਦਾ ਹਾਂ। ਨਾਮੋ = ਨਾਮ ਹੀ। ਮਨਿ = ਮਨ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।1। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸਾ = ਚਾਨਣ। ਧਰ = ਆਸਰਾ। ਮੈ = ਮੈਨੂੰ। ਰਵਿਆ = ਸਿਮਰਿਆ। ਸਾਸ ਗਿਰਾਸਾ = ਸਾਹ ਤੇ ਗਿਰਾਹੀ ਨਾਲ।1। ਰਹਾਉ। ਨਾਮੈ ਸੁਰਤਿ = ਨਾਮ ਦੀ ਹੀ ਸ੍ਰੋਤ। ਭਾਈ = ਪਿਆਰੀ ਲੱਗੀ। ਸਖਾਈ = ਸਾਥੀ।2। ਮੂੜ = ਮੂਰਖ। ਨੰਗਾ = ਨੰਗੇ, ਕੰਗਾਲ। ਪਚਿ ਪਚਿ = ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੁਏ = ਆਤਮਕ ਮੌਤੇ ਮਰੇ। ਬਿਖ = ਜ਼ਹਰ। ਦੇਖਿ = ਵੇਖ ਕੇ।3। ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ। ਆਪੇ = ਆਪ ਹੀ।4। ਅਰਥ: (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ। ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ।1। ਰਹਾਉ। (ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ।1। (ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ। ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ।2। (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ, (ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ।3। (ਪਰ) , ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ।4।6। 58। ਆਸਾ ਮਹਲਾ ੪ ॥ ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥ ਫਲ ਲਾਗੇ ਹਰਿ ਰਸਕ ਰਸਾਈ ॥੧॥ ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥ ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥ ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥ ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥੨॥ ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥੩॥ ਜੇ ਵਡ ਭਾਗ ਹੋਵਹਿ ਵਡ ਊਚੇ ॥ ਨਾਨਕ ਨਾਮੁ ਜਪਹਿ ਸਚਿ ਸੂਚੇ ॥੪॥੭॥੫੯॥ {ਪੰਨਾ 367} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਵਧਾਈ = ਪਾਲ ਕੇ ਵੱਡੀ ਕੀਤੀ। ਹਰਿ ਰਸਕ = ਹਰਿ-ਨਾਮ ਦੇ ਰਸੀਏ। ਰਸਾਈ = ਰਸ ਦੇਣ ਵਾਲੇ, ਸੁਆਦਲੇ।1। ਹਰਿ ਅਨਤ ਤਰੰਗਾ = ਬੇਅੰਤ ਲਹਰਾਂ ਦਾ ਮਾਲਕ ਹਰੀ। ਅਨਤ = ਅਨੰਤ, ਬਿਅੰਤ। ਤਰੰਗ = ਲਹਰਾਂ। ਸਾਲਾਹੀ = ਸਿਫ਼ਤਿ-ਸਾਲਾਹ ਕਰ। ਕਾਲੁ = ਮੌਤ, ਆਤਮਕ ਮੌਤ, ਮੌਤ ਦਾ ਡਰ। ਜਮ ਕੰਕਰ = {ਕਿੰਕਰ = ਨੌਕਰ} ਜਮਦੂਤ। ਭੁਇਅੰਗਾ = ਸੱਪ।1। ਰਹਾਉ। ਮਹਿ = ਵਿਚ। ਤੁਠਾ = ਪ੍ਰਸੰਨ। ਸਿਖ = ਸਿੱਖ ਨੂੰ, ਸਿਖਾਂ ਨੂੰ। ਭਾਈ = ਹੇ ਭਾਈ!।2। ਬਿਧਿ = ਤਰੀਕਾ। ਕੁੰਚਰੁ = ਹਾਥੀ। ਨਾਈ = ਨ੍ਹਾ ਕੇ। ਸਿਰਿ = ਸਿਰ ਉਤੇ।3। ਹੋਵਹਿ = ਹੋ ਜਾਣ। ਜਪਹਿ = ਜਪਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ) । ਸੁਚੇ = ਪਵਿਤ੍ਰ।4। ਅਰਥ = (ਹੇ ਭਾਈ! ਜਗਤ ਦੇ ਅਨੇਕਾਂ ਜੀਆ-ਜੰਤ-ਰੂਪ) ਬੇਅੰਤ ਲਹਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਸਿਮਰ। ਗੁਰੂ ਦੀ ਮਤਿ ਲੈ ਕੇ ਮੁੜ ਮੁੜ ਹਰਿ-ਨਾਮ ਸਿਮਰ ਤੇ ਸਿਫ਼ਤਿ-ਸਾਲਾਹ ਕਰਦਾ ਰਹੁ। (ਜਿਸ ਮਨੁੱਖ ਨੇ ਨਾਮ ਜਪਿਆ, ਜਿਸ ਨੇ ਸਿਫ਼ਤਿ-ਸਾਲਾਹ ਕੀਤੀ ਉਸ ਨੇ ਮਨ-) ਸੱਪ ਨੂੰ ਮਾਰ ਲਿਆ, ਉਸ ਨੇ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ।1। ਰਹਾਉ। (ਹੇ ਭਾਈ! ਪਰਮਾਤਮਾ ਦਾ ਨਾਮ, ਮਾਨੋ, ਵੇਲ ਹੈ) ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਇਸ ਹਰਿ-ਨਾਮ-ਵੇਲ ਨੂੰ (ਸਿਮਰਨ ਦਾ ਜਲ ਸਿੰਜ ਸਿੰਜ ਕੇ ਆਪਣੇ ਅੰਦਰ) ਵਡੀ ਕਰ ਲਿਆ ਹੈ, (ਉਹਨਾਂ ਦੇ ਅੰਦਰ ਉਹਨਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ) ਰਸ ਦੇਣ ਵੇਲੇ ਸੁਆਦਲੇ (ਆਤਮਕ ਗੁਣਾਂ ਦੇ) ਫਲ ਲੱਗਦੇ ਹਨ।1। ਹੇ ਮੇਰੇ ਭਾਈ! ਪਰਮਾਤਮਾ ਨੇ (ਆਪਣੀ) ਭਗਤੀ ਗੁਰੂ ਵਿਚ ਟਿਕਾ ਰੱਖੀ ਹੈ, ਤੇ ਗੁਰੂ ਪ੍ਰਸੰਨ ਹੋ ਕੇ (ਭਗਤੀ ਦੀ ਇਹ ਦਾਤਿ) ਸਿੱਖ ਨੂੰ ਦੇਂਦਾ ਹੈ।2। (ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ) ਹਉਮੈ ਵਿਚ ਹੀ (ਆਪਣੇ ਵਲੋਂ ਧਾਰਮਿਕ) ਕੰਮ (ਭੀ ਕਰਦਾ ਹੈ, ਉਹ ਪਰਮਾਤਮਾ ਦੀ) ਭਗਤੀ ਦੀ ਰਤਾ ਭੀ ਸਾਰ ਨਹੀਂ ਜਾਣਦਾ (ਹਉਮੈ ਦੇ ਆਸਰੇ ਕੀਤੇ ਹੋਏ ਉਸ ਦੇ ਧਾਰਮਿਕ ਕੰਮ ਇਉਂ ਹਨ) ਜਿਵੇਂ ਹਾਥੀ ਨ੍ਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ।3। ਹੇ ਨਾਨਕ! ਜੇ ਵੱਡੇ ਭਾਗ ਹੋਣ, ਜੇ ਬੜੇ ਉਚੇ ਭਾਗ ਹੋਣ ਤਾਂ ਮਨੁੱਖ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਜਪਦੇ ਹਨ (ਇਸ ਤਰ੍ਹਾਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜ ਕੇ ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ।4।7। 59। ਆਸਾ ਮਹਲਾ ੪ ॥ ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ ॥ ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ॥੧॥ ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥ ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥੧॥ ਰਹਾਉ ॥ ਨਾਮੋ ਨਾਮੁ ਸੁਣੀ ਮਨੁ ਸਰਸਾ ॥ ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥੨॥ ਨਾਮ ਬਿਨਾ ਕੁਸਟੀ ਮੋਹ ਅੰਧਾ ॥ ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥੩॥ ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥ ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥੪॥੮॥੬੦॥ {ਪੰਨਾ 367} ਪਦ ਅਰਥ: ਮਨਿ = ਮਨ ਵਿਚ। ਨਾਮਿ ਸੁਨਿਐ = ਜੇ ਹਰਿ-ਨਾਮ ਸੁਣਦੇ ਰਹੀਏ। ਤ੍ਰਿਪਤੈ = ਰਜ ਜਾਂਦਾ ਹੈ। ਭਾਈ = ਹੇ ਵੀਰ!।1। ਨਾਮੇ = ਨਾਮ ਵਿਚ ਹੀ। ਮਨਿ = ਮਨ ਵਿਚ।1। ਰਹਾਉ। ਨਾਮੋ ਨਾਮੁ = ਨਾਮ ਹੀ ਨਾਮ। ਸੁਣੀ = ਸੁਣ ਸੁਣ ਕੇ। ਸਰਸਾ = {ਸ-ਰਸ} ਹਰਾ, ਜੀਵਨ-ਰਸ ਵਾਲਾ। ਲਾਹਾ = ਲਾਭ। ਬਿਗਸਾ = ਖਿੜ ਪੈਂਦਾ ਹੈ।2। ਕੁਸਟੀ = ਕੋਹੜਾ। ਨਿਹਫਲ = ਵਿਅਰਥ। ਧੰਧਾ = ਮਾਇਆ ਦਾ ਜੰਜਾਲ।3। ਜਸੁ = ਸਿਫ਼ਤਿ-ਸਾਲਾਹ। ਨਾਮਿ = ਨਾਮ ਵਿਚ। ਲਿਵ = ਲਗਨ।4। ਅਰਥ: ਹੇ ਮੇਰੇ ਗੁਰੂ ਦੇ ਸਿੱਖੋ! ਹੇ ਮੇਰੇ ਮਿੱਤਰੋ! (ਸਦਾ ਪਰਮਾਤਮਾ ਦਾ) ਨਾਮ ਜਪਦੇ ਰਹੋ, ਨਾਮ ਜਪਦੇ ਰਹੋ। ਨਾਮ ਵਿਚ ਜੁੜ ਕੇ ਆਤਮਕ ਆਨੰਦ ਮਾਣੋ, ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ।1। ਰਹਾਉ। ਹੇ ਮੇਰੇ ਵੀਰ! (ਮੇਰੇ) ਮਨ ਵਿਚ ਸਦਾ ਪਰਮਾਤਮਾ ਦੀ ਭੁੱਖ ਲੱਗੀ ਰਹਿੰਦੀ ਹੈ (ਇਸ ਭੁੱਖ ਦੀ ਬਰਕਤਿ ਨਾਲ ਮਾਇਆ ਦੀ ਭੁੱਖ ਨਹੀਂ ਲੱਗਦੀ, ਕਿਉਂਕਿ) ਜੇ ਪਰਮਾਤਮਾ ਦਾ ਨਾਮ ਸੁਣਦੇ ਰਹੀਏ ਤਾਂ ਮਨ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ।1। (ਹੇ ਮੇਰੇ ਵੀਰ!) ਸਦਾ ਪਰਮਾਤਮਾ ਦਾ ਨਾਮ ਹੀ ਨਾਮ ਸੁਣ ਕੇ ਮਨ (ਪ੍ਰੇਮ ਦਇਆ ਆਦਿਕ ਗੁਣਾਂ ਨਾਲ) ਹਰਾ ਹੋਇਆ ਰਹਿੰਦਾ ਹੈ। ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਖੱਟ ਖੱਟ ਕੇ ਮਨ ਖੁਸ਼ ਟਿਕਿਆ ਰਹਿੰਦਾ ਹੈ।2। (ਜਿਵੇਂ ਕੋਈ ਕੋਹੜਾ, ਕੋਹੜ ਦੇ ਦਰਦਾਂ ਨਾਲ ਵਿਲਕਦਾ ਹੈ, ਤਿਵੇਂ) ਪਰਮਾਤਮਾ ਦੇ ਨਾਮ ਤੋਂ ਵਿੱਛੁੜਿਆ ਹੋਇਆ ਮਨੁੱਖ ਆਤਮਕ ਰੋਗਾਂ ਨਾਲ ਗ੍ਰਸਿਆ ਹੋਇਆ ਦੁਖੀ ਹੁੰਦਾ ਰਹਿੰਦਾ ਹੈ, ਮਾਇਆ ਦਾ ਮੋਹ ਉਸ ਨੂੰ (ਸਹੀ ਜੀਵਨ-ਜੁਗਤ ਵਲੋਂ) ਅੰਨ੍ਹਾ ਕਰੀ ਰੱਖਦਾ ਹੈ। ਹੋਰ ਜਿਤਨੇ ਭੀ ਕੰਮ ਉਹ ਕਰਦਾ ਹੈ, ਸਭ ਵਿਅਰਥ ਜਾਂਦੇ ਹਨ, ਉਹ ਕੰਮ ਉਸ ਨੂੰ (ਆਤਮਕ) ਦੁੱਖ ਹੀ ਦੇਂਦੇ ਹਨ, ਉਸ ਲਈ ਮਾਇਆ ਦਾ ਜਾਲ ਹੀ ਬਣੇ ਰਹਿੰਦੇ ਹਨ।3। ਹੇ ਨਾਨਕ! ਵੱਡੇ ਭਾਗਾਂ ਵਾਲਾ ਹੈ ਉਹ ਮਨੁੱਖ ਜੇਹੜਾ (ਗੁਰੂ ਦੀ ਮਤਿ ਲੈ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ।4।8। 60। |
![]() |
![]() |
![]() |
![]() |
Sri Guru Granth Darpan, by Professor Sahib Singh |