ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 368

ੴ ਸਤਿਗੁਰ ਪ੍ਰਸਾਦਿ ॥ ਮਹਲਾ ੪ ਰਾਗੁ ਆਸਾ ਘਰੁ ੬ ਕੇ ੩ ॥ ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥ ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥੧॥ ਜੋਗੀ ਹਰਿ ਦੇਹੁ ਮਤੀ ਉਪਦੇਸੁ ॥ ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥੧॥ ਰਹਾਉ ॥ ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥ ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥੨॥ ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥ ਮਨੂਆ ਅਸਥਿਰੁ ਬੈਲੁ ਮਨੁ ਜੋਵਹੁ ਹਰਿ ਸਿੰਚਹੁ ਗੁਰਮਤਿ ਜੇਤੁ ॥੩॥ ਜੋਗੀ ਜੰਗਮ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ॥ ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥੪॥੯॥੬੧॥ {ਪੰਨਾ 368}

ਪਦ ਅਰਥ: ਘਰੁ 6 ਕੇ 3 = ਘਰ ਛੇਵੇਂ ਦੇ ਤਿੰਨ ਸ਼ਬਦ (ਨੰ: 9, 10 ਅਤੇ 11) ।

ਹਥਿ = ਹੱਥ ਵਿਚ। ਕਰਿ = ਕਰ ਕੇ, (ਕਿੰਗੁਰੀ) ਫੜ ਕੇ। ਤੰਤੁ = ਤਾਰ। ਥੋਥਰ = ਖ਼ਾਲੀ, ਵਿਅਰਥ, ਬੇ-ਅਸਰ। ਬੇਨ = ਬੀਣਾ, ਕਿੰਗੁਰੀ। ਜੋਗੀ = ਹੇ ਜੋਗੀ! ਰੰਗਿ = ਰੰਗ ਵਿਚ। ਭੇਨ = ਭਿੱਜ ਜਾਏ।1।

ਮਤੀ = ਮਤਿ, ਅਕਲ। ਏਕੋ = ਇੱਕ ਹੀ, ਆਪ ਹੀ। ਵਰਤੈ = ਮੌਜੂਦ ਰਹਿੰਦਾ ਹੈ। ਹਮ = ਸਾਡੀ। ਆਦੇਸੁ = ਨਮਸਕਾਰ।1। ਰਹਾਉ।

ਗਾਵਹਿ = ਗਾਂਦੇ ਹਨ। ਭਾਤਿ ਬਹੁ = ਕਈ ਤਰੀਕਿਆਂ ਨਾਲ। ਖੇਲ = ਖੇਡਾਂ। ਜੋਵਹਿ = ਜੋਂਦੇ ਹਨ। ਕੂਪ = ਖੂਹ। ਸਿੰਚਨ ਕਉ = ਸਿੰਜਣ ਵਾਸਤੇ। ਬਸੁਧਾ = ਧਰਤੀ। ਉਠਿ = ਉੱਠ ਕੇ।2।

ਕਾਇਆ = ਸਰੀਰ। ਕਰਮ ਹਰਿ = ਹਰਿ-ਨਾਮ-ਸਿਮਰਨ ਦੇ ਕੰਮ। ਬੋਵਹੁ = ਬੀਜੋ। ਜਾਮੈ = ਜੰਮਦਾ ਹੈ, ਉੱਗਦਾ ਹੈ। ਅਸਥਿਰੁ = ਅਡੋਲ, ਟਿਕਿਆ ਹੋਇਆ। ਜੇਤੁ = ਜਿਤੁ, ਜਿਸ ਮਨ-ਬੈਲ ਦੀ ਰਾਹੀਂ।3।

ਜੰਗਮ = ਜੋਗੀਆਂ ਦਾ ਇਕ ਫ਼ਿਰਕਾ। ਇਹ ਕੰਨਾਂ ਵਿਚ ਪਿੱਤਲ ਦੇ ਫੁੱਲ ਪਾਂਦੇ ਹਨ। ਸਿਰ ਉਤੇ ਮੋਰ ਦੇ ਖੰਭ ਟੁੰਗਦੇ ਹਨ ਤੇ ਸੱਪ ਦੀ ਸ਼ਕਲ ਦੀ ਕਾਲੀ ਰੱਸੀ ਲਪੇਟ ਰੱਖਦੇ ਹਨ। ਤਿਤੁ = ਉਸ ਪਾਸੇ। ਚੇਲ = ਚੱਲਦੀ ਹੈ। ਪੇਲ = ਪੇਲਿ, ਪ੍ਰੇਰ ਕੇ।4।

ਅਰਥ: ਹੇ ਜੋਗੀ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ। ਉਹ ਪਰਮਾਤਮਾ ਹਰੇਕ ਜੁਗ ਵਿਚ ਆਪ ਹੀ ਆਪ ਸਭ ਕੁਝ ਕਰਦਾ ਰਹਿੰਦਾ ਹੈ। ਮੈਂ ਤਾਂ ਉਸ ਪਰਮਾਤਮਾ ਅੱਗੇ ਹੀ ਸਦਾ ਸਿਰ ਨਿਵਾਂਦਾ ਹਾਂ।1। ਰਹਾਉ।

ਜੋਗੀ (ਕਿੰਗੁਰੀ) ਹੱਥ ਵਿਚ ਫੜ ਕੇ ਤਾਰ ਵਜਾਂਦਾ ਹੈ, ਪਰ ਉਸ ਦੀ ਕਿੰਗੁਰੀ ਬੇਅਸਰ ਹੀ ਵੱਜਦੀ ਹੈ (ਕਿਉਂਕਿ ਮਨ ਹਰਿ-ਨਾਮ ਤੋਂ ਸੁੰਞਾ ਟਿਕਿਆ ਰਹਿੰਦਾ ਹੈ) । ਹੇ ਜੋਗੀ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਰਿਹਾ ਕਰ (ਇਸ ਤਰ੍ਹਾਂ) ਇਹ (ਅਮੋੜ) ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜਿਆ ਰਹਿੰਦਾ ਹੈ।1।

ਜੋਗੀ ਲੋਕ ਰਾਗ ਗਾਂਦੇ ਹਨ, ਹੋਰ ਭੀ ਕਈ ਕਿਸਮ ਦੇ ਬੋਲ ਬੋਲਦੇ ਹਨ, ਪਰ ਉਹਨਾਂ ਦਾ ਇਹ ਅਮੋੜ ਮਨ ਹੋਰ ਖੇਡਾਂ ਹੀ ਖੇਡਦਾ ਰਹਿੰਦਾ ਹੈ (ਕਿੰਗੁਰੀ ਆਦਿਕ ਦਾ ਮਨ ਤੇ ਅਸਰ ਨਹੀਂ ਪੈਂਦਾ, ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ, ਜਿਵੇਂ ਕਿਸਾਨ) ਪੈਲੀ ਸਿੰਜਣ ਵਾਸਤੇ ਖੂਹ ਜੋਂਦੇ ਹਨ, ਪਰ ਉਹਨਾਂ ਦੇ (ਆਪਣੇ) ਬੈਲ (ਹੀ) ਉੱਠ ਕੇ ਵੇਲਾਂ ਆਦਿਕ ਖਾ ਜਾਂਦੇ ਹਨ।2।

(ਹੇ ਜੋਗੀ!) ਇਸ ਸਰੀਰ-ਨਗਰ ਵਿਚ ਹਰਿ-ਨਾਮ ਸਿਮਰਨ ਦੇ ਕਰਮ ਬੀਜੋ; (ਜੇਹੜਾ ਮਨੁੱਖ ਆਪਣੇ ਹਿਰਦੇ-ਖੇਤ ਵਿਚ ਹਰਿ-ਨਾਮ ਬੀਜ ਬੀਜਦਾ ਹੈ, ਉਸ ਦੇ ਅੰਦਰ) ਹਰਿ-ਨਾਮ ਦਾ ਸੋਹਣਾ ਹਰਾ ਖੇਤ ਉੱਗ ਪੈਂਦਾ ਹੈ। (ਹੇ ਜੋਗੀ! ਸਿਮਰਨ ਦੀ ਬਰਕਤਿ ਨਾਲ) ਇਸ ਮਨ ਨੂੰ ਡੋਲਣ ਤੋਂ ਰੋਕੋ, ਇਸ ਟਿਕੇ ਹੋਏ ਮਨ-ਬੈਲ ਨੂੰ ਜੋਵੋ, ਜਿਸ ਨਾਲ ਗੁਰੂ ਦੀ ਮਤਿ ਦੀ ਰਾਹੀਂ (ਆਪਣੇ ਅੰਦਰ) ਹਰਿ-ਨਾਮ ਜਲ ਸਿੰਜੋ।3।

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਜੋਗੀ, ਜੰਗਮ ਆਦਿਕ ਇਹ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਆਪ ਜੇਹੜੀ ਮਤਿ ਇਸ ਸ੍ਰਿਸ਼ਟੀ ਨੂੰ ਦੇਂਦਾ ਹੈਂ ਉਧਰ ਹੀ ਇਹ ਤੁਰਦੀ ਹੈ।

ਦਾਸ ਨਾਨਕ ਦੇ ਹੇ ਅੰਤਰਜਾਮੀ ਪ੍ਰਭੂ! ਸਾਡੇ ਮਨ ਨੂੰ ਪ੍ਰੇਰ ਕੇ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ।4।9। 61।

ਆਸਾ ਮਹਲਾ ੪ ॥ ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥ ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥੧॥ ਮੇਰੈ ਮਨਿ ਐਸੀ ਭਗਤਿ ਬਨਿ ਆਈ ॥ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥ ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥ ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥ ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥ ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹ੍ਹਾਰੈ ॥੩॥ ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥ ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥ {ਪੰਨਾ 368}

ਪਦ ਅਰਥ: ਕਬ = ਕਦੋਂ, ਕਿਉਂ? ਕੋ = ਕੋਈ। ਭਾਲੈ = ਲੱਭੇ। ਆਵਤ ਜਾਤ = ਆਉਂਦਿਆਂ ਜਾਂਦਿਆਂ। ਬਾਰ = ਚਿਰ। ਖਿਨੁ = ਘੜੀ ਪਲ। ਹਉ = ਮੈਂ। ਤਬ ਲਗੁ = ਉਤਨਾ ਚਿਰ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਯਾਦ ਕਰਦਾ ਹਾਂ।1।

ਮਨਿ = ਮਨ ਵਿਚ। ਮੀਨੁ = ਮੱਛ, ਮੱਛੀ।1। ਰਹਾਉ।

ਪੰਚ = ਪੰਜ ਤਾਰਾਂ। ਸਤ = ਸੱਤ ਸੁਰਾਂ। ਚਸਾ = ਥੋੜਾ ਕੁ ਸਮਾ।2।

ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਪਸਾਰੈ = ਖਿਲਾਰੇ। ਬਿਲਮੁ = ਦੇਰ। ਸਮ੍ਹ੍ਹਾਰੈ = ਸੰਭਾਲਦਾ ਹੈ।1।

ਕਉ = ਨੂੰ। ਪਤੀਆਵੈ = ਯਕੀਨ ਦਿਵਾਏ। ਲੋਕਿ ਪਤੀਣੈ = ਜੇ ਜਗਤ ਪਤੀਜ ਭੀ ਜਾਏ। ਪਤਿ = ਇੱਜ਼ਤ। ਜੈ ਜੈ = ਆਦਰ-ਸਤਕਾਰ। ਸਭੁ ਕੋਇ = ਹਰੇਕ ਜੀਵ।4।

ਅਰਥ: ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈਨੂੰ ਘੁੰਘਰੂਆਂ ਦੀ ਲੋੜ ਨਹੀਂ) , ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ? (ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ) ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ। ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ ਯਾਦ ਕਰਾਂਗਾ।1।

(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ ਕਿ ਮੈਂ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈਨੂੰ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ) ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ।1। ਰਹਾਉ।

(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ? ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ। ਮੇਰਾ ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ।2।

(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ ਖਿਲਾਰੇ? ਇਹਨਾਂ ਹੱਥਾਂ ਪੈਰਾਂ ਨੂੰ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ। ਮੇਰਾ ਮਨ ਤਾਂ ਉਤਨਾ ਸਮਾਂ ਭੀ ਪਰਮਾਤਮਾ ਨੂੰ ਹਿਰਦੇ ਵਿਚ ਵਸਾਂਦਾ ਰਹੇਗਾ।3।

(ਹੇ ਭਾਈ! ਆਪਣੇ ਆਪ ਨੂੰ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਨੂੰ ਯਕੀਨ ਦਿਵਾਂਦਾ ਫਿਰੇ? ਜੇ ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ। ਹੇ ਦਾਸ ਨਾਨਕ! (ਆਖ– ਹੇ ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ ਕਰਦਾ ਹੈ।4।10। 62।

ਆਸਾ ਮਹਲਾ ੪ ॥ ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥ ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥੧॥ ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥ ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥੨॥ ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥ ਸੇਈ ਸੰਤ ਭਲੇ ਤੁਧੁ ਭਾਵਹਿ ਜਿਨ੍ਹ੍ਹ ਕੀ ਪਤਿ ਪਾਵਹਿ ਥਾਇ ॥੩॥ ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥ ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥੪॥੧੧॥੬੩॥ {ਪੰਨਾ 368}

ਪਦ ਅਰਥ: ਸਾਧੂ = ਗੁਰੂ। ਮਿਲਿ = ਮਿਲ ਕੇ। ਬਲਿਆ = ਚਮਕ ਪਿਆ। ਘਟਿ = ਘਟ ਵਿਚ, ਹਿਰਦੇ ਵਿਚ।1।

ਹਰਿ ਜਨ = ਹੇ ਹਰਿ ਜਨੋ! ਪਾਇ = ਪੈਰ।1। ਰਹਾਉ।

ਮਨ = ਹੇ ਮਨ! ਅਨਦਿਨੁ = ਹਰ ਰੋਜ਼। ਲਿਵ ਲਾਇ = ਸੁਰਤਿ ਜੋੜ ਕੇ।2।

ਅਪਰੰਪਰੁ = ਪਰੇ ਤੋਂ ਪਰੇ। ਬੋਲਿ = ਬੋਲੈ, ਬੋਲਦਾ ਹੈ। ਪਾਵਹਿ ਥਾਇ = ਤੂੰ ਪਰਵਾਨ ਕਰਦਾ ਹੈਂ।3।

ਭੰਡਾਰ = ਖ਼ਜ਼ਾਨੇ। ਵਣਜਿ = ਖ਼ਰੀਦ ਕੇ।4।

ਅਰਥ: ਹੇ ਹਰੀ ਦੇ ਸੇਵਕੋ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨੱਚੋ (ਨਾਮ ਸਿਮਰੋ = ਇਹੀ ਨਾਚ ਨੱਚੋ। ਸਿਮਰਨ ਕਰੋ, ਮਨ ਨੱਚ ਉੱਠੇਗਾ, ਮਨ ਚਾਉ-ਭਰਪੂਰ ਹੋ ਜਾਇਗਾ) । ਹੇ ਮੇਰੇ ਵੀਰ! ਜੇ ਮੈਨੂੰ ਇਹੋ ਜਿਹੇ ਸੰਤ-ਜਨ ਮਿਲ ਪੈਣ, ਤਾਂ ਮੈਂ ਉਹਨਾਂ ਦੇ ਪੈਰ ਧੋਵਾਂ (ਅਸੀਂ ਉਹਨਾਂ ਦੇ ਪੈਰ ਧੋਵੀਏ = ਲਫ਼ਜ਼ੀ) ।1। ਰਹਾਉ।

(ਹੇ ਮੇਰੇ ਵੀਰ!) ਪ੍ਰਭੂ ਦੀ ਗੁਰੂ ਦੀ ਸਾਧ ਸੰਗਤਿ ਵਿਚ ਮਿਲਣਾ ਚਾਹੀਦਾ ਹੈ। (ਹੇ ਵੀਰ!) ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਰਹੁ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।1।

ਹੇ ਮੇਰੇ ਮਨ! ਹਰ ਰੋਜ਼ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਜੇਹੜੇ ਫਲ ਦੀ ਇੱਛਾ ਕਰੇਂਗਾ ਉਹੀ ਫਲ ਹਾਸਲ ਕਰ ਲਏਂਗਾ, ਤੇ ਮੁੜ ਤੈਨੂੰ ਕਦੇ ਮਾਇਆ ਦੀ ਭੁੱਖ ਨਹੀਂ ਲੱਗੇਗੀ।2।

(ਪਰ ਸਿਮਰਨ ਕਰਨਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ) ਸਿਰਜਣਹਾਰ ਬੇਅੰਤ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੋਲਦਾ ਹੈ ਤੇ ਆਪ ਹੀ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ। ਹੇ ਪ੍ਰਭੂ! ਉਹੀ ਮਨੁੱਖ ਚੰਗੇ ਹਨ ਸੰਤ ਹਨ ਜੋ ਤੈਨੂੰ ਪਿਆਰੇ ਲੱਗਦੇ ਹਨ, ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੁੰਦੀ ਹੈ।3।

(ਹੇ ਭਾਈ! ਪ੍ਰਭੂ ਦਾ ਦਾਸ) ਨਾਨਕ ਪਰਮਾਤਮਾ ਦੇ ਗੁਣ ਬਿਆਨ ਕਰ ਕਰ ਕੇ ਰੱਜਦਾ ਨਹੀਂ ਹੈ ਜਿਉਂ ਜਿਉਂ ਨਾਨਕ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤਿਉਂ ਤਿਉਂ ਆਤਮਕ ਆਨੰਦ ਮਾਣਦਾ ਹੈ।

(ਹੇ ਭਾਈ!) ਪਰਮਾਤਮਾ ਨੇ (ਜੀਵਾਂ ਨੂੰ) ਆਪਣੀ ਭਗਤੀ ਦੇ ਖ਼ਜ਼ਾਨੇ ਦਿੱਤੇ ਹੋਏ ਹਨ, ਪਰ ਇਹਨਾਂ ਗੁਣਾਂ ਦਾ ਗਾਹਕ ਹੀ ਖ਼ਰੀਦ ਕੇ (ਇਸ ਜਗਤ ਤੋਂ ਆਪਣੇ ਨਾਲ) ਲੈ ਜਾਂਦਾ ਹੈ।4।11। 63।

TOP OF PAGE

Sri Guru Granth Darpan, by Professor Sahib Singh