ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 369

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥ ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥ ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥ ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥ ਚਲਣੁ ਅਜੁ ਕਿ ਕਲ੍ਹ੍ਹਿ ਧੁਰਹੁ ਫੁਰਮਾਇਆ ॥੨॥ ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ ॥ ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥ ਜੀਵਣਿ ਮਰਣਿ ਸੁਖੁ ਹੋਇ ਜਿਨ੍ਹ੍ਹਾ ਗੁਰੁ ਪਾਇਆ ॥ ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥ {ਪੰਨਾ 369}

ਨੋਟ: ਆਸਾ ਘਰੁ 8 ਕੇ ਕਾਫੀ = ਲਫ਼ਜ਼ 'ਕੇ' ਪੁਲਿੰਗ ਹੈ। ਜੇ ਲਫ਼ਜ਼ 'ਕਾਫੀ' 'ਕਾਫ਼ੀਆਂ' ਵਾਸਤੇ ਹੁੰਦਾ ਤਾਂ 'ਕੇ' ਦੇ ਥਾਂ 'ਕੀਆਂ' ਹੁੰਦਾ। ਸੋ, 'ਕਾਫੀ' ਰਾਗ ਦਾ ਨਾਮ ਹੈ। ਆਸਾ ਘਰ ਅਠਵੇਂ ਦੇ ਦੋ ਸ਼ਬਦ ਰਾਗ ਕਾਫੀ ਨਾਲ ਮਿਲਾ ਕੇ ਗਾਏ ਜਾਣ ਵਾਲੇ।

ਪਦ ਅਰਥ: ਧੁਰਾਹੁ = ਧੁਰ ਦਰਗਾਹ ਤੋਂ। ਮਰਣੁ = ਮੌਤ, ਮਰਣਾ। ਰੋਈਐ = ਰੋਈਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਸਥਿਰੁ = ਅਡੋਲ-ਚਿੱਤ।1।

ਗੁਰ ਪੂਰੇ = ਪੂਰੇ ਗੁਰੂ ਦੀ ਰਾਹੀਂ। ਲਾਹਾ = ਲਾਭ। ਸਾਰੁ = ਸ੍ਰੇਸ਼ਟ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।1। ਰਹਾਉ।

ਪੂਰਬਿ = ਪਹਿਲੇ ਜਨਮ ਵਿਚ। ਡੇਹ = ਦਿਨ। ਸਿ = ਉਹ ਦਿਨ। ਮਾਇਆ = ਹੇ ਮਾਂ! ਕਿ = ਜਾਂ।2।

ਜੂਐ = ਜੂਏ ਵਿਚ। ਜਗਿ = ਜਗ ਵਿਚ।3।

ਜੀਵਣਿ ਮਰਣਿ = ਜੀਵਨ ਵਿਚ ਭੀ ਤੇ ਮਰਨ ਵਿਚ ਭੀ। ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।4।

ਅਰਥ: ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ, ਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ।1। ਰਹਾਉ।

(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ। ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ।1।

ਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ, ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ।2।

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ। ਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ।3।

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ, (ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ।4।12। 64।

ਆਸਾ ਮਹਲਾ ੪ ॥ ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥ ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥ ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥ ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥ ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥ ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥ ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥ ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥ ਨਾਨਕ ਆਪੇ ਆਪਿ ਆਪਿ ਖੁਆਈਐ ॥ ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥ {ਪੰਨਾ 369}

ਪਦ ਅਰਥ: ਪਦਾਰਥੁ = ਕੀਮਤੀ ਵਸਤ। ਪਾਇ = ਪ੍ਰਾਪਤ ਕਰ ਕੇ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਬੁਝਿ = ਸਮਝ ਕੇ, ਕਦਰ ਸਮਝ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ।1।

ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਨਾਲ। ਤਿਨੀ = ਉਹਨਾਂ ਨੇ ਹੀ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ।1। ਰਹਾਉ।

ਅੰਤਰਿ = (ਸਭ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਨਦਿਨੁ = ਹਰ ਰੋਜ਼ {Anuidnwz}। ਗਾਈਐ = ਆਓ ਗਾਵੀਏ।2।

ਵਸਤੁ = ਨਾਮ-ਪਦਾਰਥ। ਅਨੇਕ = ਅਨੇਕਾਂ ਗੁਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ। ਗਰਬੈ = ਗਰਬਦਾ ਹੈ, ਅਹੰਕਾਰ ਕਰਦਾ ਹੈ। ਗਰਬੁ = ਅਹੰਕਾਰ। ਖੁਆਈਐ = ਖੁੰਝਿਆ ਫਿਰਦਾ ਹੈ।3।

ਨਾਨਕ = ਹੇ ਨਾਨਕ! ਆਪੇ = ਆਪ ਹੀ। ਮਨਿ = ਮਨ ਵਿਚ। ਪਰਗਾਸੁ = (ਸਹੀ ਜੀਵਨ ਦਾ) ਚਾਨਣ।4।

ਅਰਥ: (ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ) । ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ।1। ਰਹਾਉ।

(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ।1।

(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ। (ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ।2।

(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ।3।

ਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ।4।13। 64।

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ੴ ਸਤਿਗੁਰ ਪ੍ਰਸਾਦਿ ॥ ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥ ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥ ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥ ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥ {ਪੰਨਾ 369}

ਨੋਟ: ਘਰੁ 16 ਕੇ 2 = ਸੋਲ੍ਹਵੇਂ ਘਰ ਦੇ ਦੋ ਸ਼ਬਦ। ਸੁਧੰਗ = ਸੁੱਧ ਸੁਰਾਂ ਵਾਲੀ।

ਪਦ ਅਰਥ: ਹਉ = ਮੈਂ। ਅਨਦਿਨੁ = ਹਰ ਰੋਜ਼। ਕਰਉ = ਕਰਦਾ ਹਾਂ, ਕਰਉਂ। ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ।1। ਰਹਾਉ।

ਹਮਰੈ = ਮੇਰੇ ਪਾਸ। ਸ੍ਰਵਣੁ = ਸੁਣਨ।1।

ਕਿਨ ਹੂੰ = ਕਿਸੇ ਨੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ। ਰਿਦ = ਹਿਰਦੇ ਵਿਚ। ਧਾਰਿ = ਧਾਰ ਕੇ। ਅਪਮਾਨ = ਅਭਿਮਾਨ, ਅਹੰਕਾਰ। ਨਿਰਬਾਣ ਪਦ = ਵਾਸ਼ਨਾ-ਰਹਿਤ ਅਵਸਥਾ।2।

ਅਰਥ: (ਹੇ ਭਾਈ! ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ। ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।1। ਰਹਾਉ।

(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ। ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ।1।

(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ, ਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ।2।14। 66।

ਆਸਾਵਰੀ ਮਹਲਾ ੪ ॥ ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥ ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥ ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥ ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥ ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥੨॥੩੯॥੧੩॥੧੫॥੬੭॥ {ਪੰਨਾ 369-370}

ਪਦ ਅਰਥ: ਮਾਈ = ਹੇ ਮਾਂ। ਰੀ ਮਾਈ = ਹੇ ਮਾਂ! ਕਰਹਲੁ = ਊਂਠ, ਊਂਠ ਦਾ ਬੱਚਾ। ਰੀਝਾਈ = ਰੀਝਦਾ ਹੈ, ਖ਼ੁਸ਼ ਹੁੰਦਾ ਹੈ।1। ਰਹਾਉ।

ਬੈਰਾਗ = ਵੈਰਾਗਵਾਨ। ਬਿਰਕਤੁ = ਉਦਾਸ, ਉਪਰਾਮ। ਕੈ ਤਾਈ = ਦੀ ਖ਼ਾਤਰ। ਅਲਿ = ਭੌਰਾ। ਕਮਲਾ = ਕਮਲ, ਕੌਲ-ਫੁੱਲ। ਮੋਹਿ = ਮੈਥੋਂ।1।

ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਮੋਹਿ ਸਰਧਾ = ਮੇਰੀ ਸਰਧਾ, ਮੇਰੀ ਕਾਮਨਾ। ਪੂਰਿ = ਪੂਰੀ ਕਰ। ਗੁਸਾਈ = ਹੇ ਗੁਸਾਈਂ! ਹੇ ਧਰਤੀ ਦੇ ਖਸਮ! ਕੈ ਮਨਿ = ਦੇ ਮਨ ਵਿਚ। ਨਿਮਖ = ਅੱਖ ਝਮਕਣ ਜਿਤਨਾ ਸਮਾ। ਦਿਖਾਈ = ਵਿਖਾਲ।2।

ਅਰਥ: ਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ, ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ। ਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ।1। ਰਹਾਉ।

(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ। ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ।1।

ਹੇ ਜਗਤ ਦੇ ਮਾਲਕ! ਹੇ ਪਿਆਰੇ! ਹੇ ਹਰੀ! ਹੇ ਧਰਤੀ ਦੇ ਖਸਮ! ਮੈਨੂੰ ਆਪਣੀ ਸਰਨ ਵਿਚ ਰੱਖ, ਮੇਰੀ ਇਹ ਤਾਂਘ ਪੂਰੀ ਕਰ। (ਜਦੋਂ ਤੇਰਾ ਦਰਸਨ ਹੁੰਦਾ ਹੈ ਜਦੋਂ ਤੇਰੇ) ਦਾਸ ਨਾਨਕ ਦੇ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ, ਹੇ ਹਰੀ! (ਮੈਨੂੰ ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਆਪਣਾ ਦਰਸਨ ਦੇਹ।2। 39।13।15। 67।

ਨੋਟ:

ਸ਼ਬਦ ਮਹਲਾ 1 = 39
ਸ਼ਬਦ ਮਹਲਾ 3 = 13
ਸ਼ਬਦ ਮਹਲਾ 4 = 15
. . . . .ਜੋੜ . . . . .67

ਆਸਾ ਰਾਗ ਦੇ ਸ਼ੁਰੂ ਵਿਚ ਲਿਖੇ ਹੋਏ 'ਸੋ ਦਰੁ' ਅਤੇ 'ਸੋ ਪੁਰਖੁ' ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।

TOP OF PAGE

Sri Guru Granth Darpan, by Professor Sahib Singh