ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 370 ਰਾਗੁ ਆਸਾ ਘਰੁ ੨ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਜਿਨਿ ਲਾਈ ਪ੍ਰੀਤਿ ਸੋਈ ਫਿਰਿ ਖਾਇਆ ॥ ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥ ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥ ਹਮ ਆਈ ਵਸਗਤਿ ਗੁਰ ਪਰਸਾਦੇ ॥੧॥ ਐਸਾ ਦੇਖਿ ਬਿਮੋਹਿਤ ਹੋਏ ॥ ਸਾਧਿਕ ਸਿਧ ਸੁਰਦੇਵ ਮਨੁਖਾ ਬਿਨੁ ਸਾਧੂ ਸਭਿ ਧ੍ਰੋਹਨਿ ਧ੍ਰੋਹੇ ॥੧॥ ਰਹਾਉ ॥ ਇਕਿ ਫਿਰਹਿ ਉਦਾਸੀ ਤਿਨ੍ਹ੍ਹ ਕਾਮਿ ਵਿਆਪੈ ॥ ਇਕਿ ਸੰਚਹਿ ਗਿਰਹੀ ਤਿਨ੍ਹ੍ਹ ਹੋਇ ਨ ਆਪੈ ॥ ਇਕਿ ਸਤੀ ਕਹਾਵਹਿ ਤਿਨ੍ਹ੍ਹ ਬਹੁਤੁ ਕਲਪਾਵੈ ॥ ਹਮ ਹਰਿ ਰਾਖੇ ਲਗਿ ਸਤਿਗੁਰ ਪਾਵੈ ॥੨॥ ਤਪੁ ਕਰਤੇ ਤਪਸੀ ਭੂਲਾਏ ॥ ਪੰਡਿਤ ਮੋਹੇ ਲੋਭਿ ਸਬਾਏ ॥ ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥ ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥੩॥ ਗਿਆਨੀ ਕੀ ਹੋਇ ਵਰਤੀ ਦਾਸਿ ॥ ਕਰ ਜੋੜੇ ਸੇਵਾ ਕਰੇ ਅਰਦਾਸਿ ॥ ਜੋ ਤੂੰ ਕਹਹਿ ਸੁ ਕਾਰ ਕਮਾਵਾ ॥ ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥੪॥੧॥ {ਪੰਨਾ 370} ਪਦ ਅਰਥ: ਖਾਇਆ = ਖਾਧਾ ਜਾਂਦਾ ਹੈ। ਸੁਖਿ = ਸੁਖ ਨਾਲ, ਆਦਰ ਨਾਲ। ਦੇਖਿ = ਵੇਖ ਕੇ। ਬਿਬਾਦੇ = ਝਗੜਦੇ ਹਨ। ਹਮ ਵਸਗਤਿ = ਸਾਡੇ ਵੱਸ ਵਿਚ। ਪਰਸਾਦੇ = ਪਰਸਾਦਿ, ਕਿਰਪਾ ਨਾਲ।1। ਬਿਮੋਹਿਤ = ਮਸਤ। ਸਾਧਿਕ = ਸਾਧਨਾ ਕਰਨ ਵਾਲੇ। ਸੁਰ = ਦੇਵਤੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧੂ = ਗੁਰੂ। ਸਭਿ = ਸਾਰੇ। ਧ੍ਰੋਹਨਿ = ਠਗਣੀ (ਮਾਇਆ) ਨੇ। ਧ੍ਰੋਹੇ = ਠੱਗ ਲਏ।1। ਰਹਾਉ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਿ = ਕਾਮ-ਵਾਸਨਾ ਦੀ ਰਾਹੀਂ। ਵਿਆਪੈ = ਕਾਬੂ ਕਰ ਲੈਂਦੀ ਹੈ। ਸੰਚਹਿ = ਇਕੱਠੀ ਕਰਦੇ ਹਨ। ਆਪੈ = ਆਪਣੀ। ਸਤੀ = ਦਾਨੀ। ਕਲਪਾਵੈ = ਦੁੱਖੀ ਕਰਦੀ ਹੈ। ਪਾਵੈ = ਪੈਰੀਂ।2। ਭੁਲਾਏ = ਕੁਰਾਹੇ ਪਾ ਦਿੱਤੇ। ਲੋਭਿ = ਲੋਭ ਵਿਚ। ਸਬਾਏ = ਸਾਰੇ। ਆਕਾਸੁ = (ਭਾਵ) , ਆਕਾਸ਼-ਵਾਸੀ, ਦੇਵਤੇ।3। ਦਾਸਿ = ਦਾਸੀ। ਕਰ = ਹੱਥ। ਕਮਾਵਾ = ਕਮਾਵਾਂ।4। ਅਰਥ: ਸਾਧਨ ਕਰਨ ਵਾਲੇ ਜੋਗੀ, ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਦੇਵਤੇ, ਮਨੁੱਖ = ਇਹ ਸਾਰੇ (ਮਾਇਆ ਨੂੰ) ਵੇਖ ਕੇ ਬਹੁਤ ਮਸਤ ਹੋ ਜਾਂਦੇ ਹਨ। ਗੁਰੂ ਤੋਂ ਬਿਨਾ ਹੋਰ ਇਹ ਸਾਰੇ ਠਗਣੀ (ਮਾਇਆ) ਦੇ ਹੱਥੀਂ ਠੱਗੇ ਜਾਂਦੇ ਹਨ।1। ਰਹਾਉ। ਜਿਸ ਮਨੁੱਖ ਨੇ (ਇਸ ਮਾਇਆ ਨਾਲ) ਪਿਆਰ ਪਾਇਆ, ਉਹੀ ਪਰਤ ਕੇ ਖਾਧਾ ਗਿਆ (ਮਾਇਆ ਨੇ ਉਸੇ ਨੂੰ ਹੀ ਖਾ ਲਿਆ) । ਜਿਸ ਨੇ (ਇਸ ਨੂੰ) ਆਦਰ ਦੇ ਕੇ ਆਪਣੇ ਕੋਲ ਬਿਠਾਇਆ ਉਸ ਨੂੰ (ਇਸ ਮਾਇਆ ਨੇ) ਬੜਾ ਡਰ ਵਿਖਾਲਿਆ। ਭਰਾ ਮਿੱਤਰ ਪਰਵਾਰ (ਦੇ ਜੀਵ, ਸਾਰੇ ਹੀ ਇਸ ਮਾਇਆ ਨੂੰ) ਵੇਖ ਕੇ (ਆਪੋ ਵਿਚ) ਲੜ ਪੈਂਦੇ ਹਨ। ਗੁਰੂ ਦੀ ਕਿਰਪਾ ਨਾਲ ਇਹ ਸਾਡੇ ਵੱਸ ਵਿਚ ਆ ਗਈ ਹੈ।1। ਅਨੇਕਾਂ ਬੰਦੇ ਤਿਆਗੀ ਬਣ ਕੇ ਤੁਰੇ ਫਿਰਦੇ ਹਨ (ਪਰ) ਉਹਨਾਂ ਨੂੰ (ਇਹ ਮਾਇਆ) ਕਾਮ-ਵਾਸ਼ਨਾ ਦੀ ਸ਼ਕਲ ਵਿਚ ਆ ਦਬਾਂਦੀ ਹੈ। ਅਨੇਕਾਂ ਬੰਦੇ (ਆਪਣੇ ਆਪ ਨੂੰ) ਦਾਨੀ ਅਖਵਾਂਦੇ ਹਨ, ਉਹਨਾਂ ਨੂੰ (ਭੀ) ਇਹ ਬਹੁਤ ਦੁਖੀ ਕਰਦੀ ਹੈ। ਸਤਿਗੁਰੂ ਦੇ ਚਰਨੀ ਲਗਣ ਕਰ ਕੇ ਸਾਨੂੰ ਪਰਮਾਤਮਾ ਨੇ (ਇਸ ਮਾਇਆ ਦੇ ਪੰਜੇ ਤੋਂ) ਬਚਾ ਲਿਆ ਹੈ।2। ਤਪ ਕਰ ਰਹੇ ਤਪਸ੍ਵੀਆਂ ਨੂੰ (ਇਸ ਮਾਇਆ ਨੇ) ਕੁਰਾਹੇ ਪਾ ਦਿੱਤਾ ਹੈ। ਸਾਰੇ ਵਿਦਵਾਨ ਪੰਡਿਤ ਲੋਕ ਲੋਭ ਵਿਚ ਫਸ ਕੇ (ਮਾਇਆ ਦੀ ਹੱਥੀਂ) ਠੱਗੇ ਗਏ। ਸਾਰੇ ਤ੍ਰੈ-ਗੁਣੀ ਜੀਵ ਠੱਗੇ ਜਾ ਰਹੇ ਹਨ, ਦੇਵਤੇ ਭੀ ਠੱਗੇ ਜਾ ਰਹੇ ਹਨ। ਸਾਨੂੰ ਤਾਂ ਗੁਰੂ ਨੇ ਆਪਣਾ ਹੱਥ ਦੇ ਕੇ (ਇਸ ਪਾਸੋਂ) ਬਚਾ ਲਿਆ ਹੈ।3। ਹੇ ਦਾਸ ਨਾਨਕ! (ਆਖ–) ਜੇਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ (ਇਹ ਮਾਇਆ) ਉਸ ਦੀ ਦਾਸੀ ਬਣ ਕੇ ਕਾਰ ਕਰਦੀ ਹੈ, ਉਸ ਦੇ ਅੱਗੇ (ਦੋਵੇਂ) ਹੱਥ ਜੋੜਦੀ ਹੈ ਉਸ ਦੀ ਸੇਵਾ ਕਰਦੀ ਹੈ, ਉਸ ਅੱਗੇ ਬੇਨਤੀ ਕਰਦੀ ਹੈ (ਤੇ ਆਖਦੀ ਹੈ–) ਮੈਂ ਉਹੀ ਕਾਰ ਕਰਾਂਗੀ ਜੇਹੜੀ ਤੂੰ ਆਖੇਂ, ਮੈਂ ਉਸ ਮਨੁੱਖ ਦੇ ਨੇੜੇ ਨਹੀਂ ਢੁਕਾਂਗੀ (ਮੈਂ ਉਸ ਮਨੁੱਖ ਉਤੇ ਆਪਣਾ ਦਬਾਉ ਨਹੀਂ ਪਾਵਾਂਗੀ) ਜਿਹੜਾ ਗੁਰੂ ਦੀ ਸਰਨ ਪੈਂਦਾ ਹੈ।4।1। ਨੋਟ: ਅੰਕ 1 ਦੱਸਦਾ ਹੈ ਕਿ ਮਹਲਾ 5 ਦਾ ਇਹ ਪਹਿਲਾ ਸ਼ਬਦ ਹੈ। ਆਸਾ ਮਹਲਾ ੫ ॥ ਸਸੂ ਤੇ ਪਿਰਿ ਕੀਨੀ ਵਾਖਿ ॥ ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥ ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥ ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥ ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ ॥ ਪ੍ਰਥਮੇ ਤਿਆਗੀ ਹਉਮੈ ਪ੍ਰੀਤਿ ॥ ਦੁਤੀਆ ਤਿਆਗੀ ਲੋਗਾ ਰੀਤਿ ॥ ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥ ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥ ਸਹਜ ਗੁਫਾ ਮਹਿ ਆਸਣੁ ਬਾਧਿਆ ॥ ਜੋਤਿ ਸਰੂਪ ਅਨਾਹਦੁ ਵਾਜਿਆ ॥ ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥ ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥ ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥ {ਪੰਨਾ 370} ਪਦ ਅਰਥ: ਸਸੂ ਤੇ = ਸੱਸ ਤੋਂ {ਲਫ਼ਜ਼ 'ਸਸੁ' ੁ ਅੰਤ ਹੈ, ਪਰ ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਲਫ਼ਜ਼ ਹੈ Ôvœu। ਸੰਬੰਧਕ ਦੇ ਕਾਰਨ ੁ ਦੇ ਥਾਂ ੂ ਹੋ ਜਾਂਦਾ ਹੈ; ਜਿਵੇਂ, 'ਖਾਕ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ'} ਸਸੁ = ਅਗਿਆਨਤਾ। ਪਿਰਿ = ਪਿਰ ਨੇ। ਵਾਖਿ = ਵੱਖ। ਦੇਰ ਜਿਠਾਣੀ = ਦਿਰਾਣੀ ਜਿਠਾਣੀ; ਆਸਾ ਤ੍ਰਿਸ਼ਨਾ। ਜਿਠੇਰਾ = ਧਰਮ-ਰਾਜ। ਕਾਣਿ = ਧੌਂਸ। ਸੁਜਾਣਿ = ਸੁਜਾਨ ਨੇ।1। ਦੁਰਜਨ = ਭੈੜੇ ਬੰਦੇ, ਮੰਦੇ ਭਾਵ। ਸੰਘਾਰੇ = ਮਾਰ ਲਏ ਹਨ। ਸਤਿਗੁਰਿ = ਗੁਰੂ ਨੇ।1। ਰਹਾਉ। ਪ੍ਰਥਮੈ = ਪਹਿਲਾਂ। ਲੋਗਾ ਰੀਤਿ = ਲੋਕ ਲਾਜ, ਜਗਤ-ਚਾਲ, ਲੋਕਾਚਾਰੀ ਰਸਮਾਂ। ਸਮਾਨੇ = ਇਕੋ ਜਿਹੇ। ਤੁਰੀਆ = ਚੌਥਾ ਪਦ ਜਿਥੇ ਮਾਇਆ ਦੇ ਗੁਣ ਪੋਹ ਨਹੀਂ ਸਕਦੇ। ਸਾਧ = ਗੁਰੂ।2। ਸਹਜ = ਆਤਮਕ ਅਡੋਲਤਾ। ਬਾਧਿਆ = ਬੰਨ੍ਹਿਆ, ਬਣਾਇਆ। ਜੋਤਿ ਸਰੂਪ = ਉਹ ਜਿਸ ਦੀ ਹਸਤੀ ਨੂਰ ਹੀ ਨੂਰ ਹੈ। ਅਨਾਹਦੁ = {Anhq} ਬਿਨਾ ਵਜਾਏ, ਇਕ-ਰਸ, ਉਹ ਰਾਗ ਜੋ ਸਾਜ ਨੂੰ ਵਜਾਣ ਤੋਂ ਬਿਨਾ ਪੈਦਾ ਹੋ ਰਿਹਾ ਹੋਵੇ। ਵੀਚਾਰਿ = ਵਿਚਾਰ ਕੇ। ਧਨ = ਧੰਨ, ਭਾਗਾਂ ਵਾਲੀ। ਨਾਰਿ = ਇਸਤ੍ਰੀ। ਸੋਹਾਗਣਿ = ਸੁਹਾਗ ਵਾਲੀ।3। ਬ੍ਰਹਮ ਬੀਚਾਰੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ।4। ਅਰਥ: ਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ, ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ।1। (ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ-) ਸੱਸ ਤੋਂ ਵੱਖ ਕਰ ਲਿਆ ਹੈ, ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ) । (ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ। ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ।1। (ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ, ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ, ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ। ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ।2। (ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ। ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ। ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ। (ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ।3। (ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ। ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ।4।2। ਆਸਾ ਮਹਲਾ ੫ ॥ ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ ॥ ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥ ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥ ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥ ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥ ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥ ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥ ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥ ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥ {ਪੰਨਾ 370-371} ਪਦ ਅਰਥ: ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ। ਸੀਲ = ਮਿੱਠਾ ਸੁਭਾਉ। ਨਾਰਿ = ਇਸਤ੍ਰੀ। ਰੂਪਿ = ਰੂਪ ਵਿਚ। ਅਨੂਪ = ਉਪਮਾ-ਰਹਿਤ, ਬੇਮਿਸਾਲ। ਆਚਾਰਿ = ਆਚਾਰ ਵਿਚ, ਆਚਰਨ ਵਿਚ। ਜਿਤੁ = ਜਿਸ ਵਿਚ। ਗ੍ਰਿਹਿ = ਹਿਰਦੇ-ਘਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਸੁਕਰਣੀ = ਸ੍ਰੇਸ਼ਟ ਕਰਣੀ। ਕਾਮਣਿ = ਇਸਤ੍ਰੀ। ਮਿਲਿ = ਮਿਲ ਕੇ। ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ।1। ਰਹਾਉ। ਜਿਚਰੁ = ਜਿਤਨਾ ਚਿਰ। ਪਿਤਾ = (ਭਾਵ) ਗੁਰੂ। ਕੰਤੁ = ਜੀਵ। ਫਿਰੈ ਉਦਾਸਿ = ਭਟਕਦਾ ਫਿਰਦਾ ਹੈ। ਸਤਪੁਰਖੁ = ਅਕਾਲ-ਪੁਰਖ, ਪਰਮਾਤਮਾ। ਗੁਰਿ = ਗੁਰੂ ਨੇ। ਆਣੀ = ਲਿਆ ਦਿੱਤੀ।2। ਬਤੀਹ ਸੁਲਖਣੀ = (ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ) ਬੱਤੀ ਚੰਗੇ ਲੱਛਣਾਂ ਵਾਲੀ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ। ਸੰਤਤਿ = ਸੰਤਾਨ। ਸੁਘੜ = ਸੁਚੱਜੀ। ਸਰੂਪ = ਸੁੰਦਰ। ਇਛ ਮਨ ਕੰਤ = ਕੰਤ ਦੇ ਮਨ ਦੀ ਇੱਛਾ। ਸੰਤੋਖੀ = ਸੰਤੋਖ ਦੇਂਦੀ ਹੈ। ਦੇਰ ਜਿਠਾਣੀ = ਦਿਰਾਣੀ ਜਿਠਾਣੀ। (ਆਸਾ-ਤ੍ਰਿਸ਼ਨਾ) ਨੂੰ।3। ਸਰੇਸਟ = ਉੱਤਮ। ਮਤੀ = {ਲਫ਼ਜ਼ 'ਮਤਿ' ਤੋਂ ਬਹੁ-ਵਚਨ} ਮੱਤਾਂ। ਦੇਵੀ = ਦੇਣ ਵਾਲੀ। ਦੇਵਰ ਜੇਸਟ = ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ। ਸੁਖਿ = ਸੁਖ ਵਿਚ। ਵਿਹਾਇ = ਬੀਤਦੀ ਹੈ।4। ਅਰਥ: (ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ।1। ਰਹਾਉ। ਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ (ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ। ਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ, ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ।1। (ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ। ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ, ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ।2। (ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ, (ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ। ਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ, ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ।3। (ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ, ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ) । ਹੇ ਦਾਸ ਨਾਨਕ! (ਆਖ–) ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ, (ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ।4।3। |
Sri Guru Granth Darpan, by Professor Sahib Singh |