ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 371 ਆਸਾ ਮਹਲਾ ੫ ॥ ਮਤਾ ਕਰਉ ਸੋ ਪਕਨਿ ਨ ਦੇਈ ॥ ਸੀਲ ਸੰਜਮ ਕੈ ਨਿਕਟਿ ਖਲੋਈ ॥ ਵੇਸ ਕਰੇ ਬਹੁ ਰੂਪ ਦਿਖਾਵੈ ॥ ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥ ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥ ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥ ਧੁਰ ਕੀ ਭੇਜੀ ਆਈ ਆਮਰਿ ॥ ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥ ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥ ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥ ਜਹ ਬੈਸਉ ਤਹ ਨਾਲੇ ਬੈਸੈ ॥ ਸਗਲ ਭਵਨ ਮਹਿ ਸਬਲ ਪ੍ਰਵੇਸੈ ॥ ਹੋਛੀ ਸਰਣਿ ਪਇਆ ਰਹਣੁ ਨ ਪਾਈ ॥ ਕਹੁ ਮੀਤਾ ਹਉ ਕੈ ਪਹਿ ਜਾਈ ॥੩॥ ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥ ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥ ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥ ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥ ਘਰੁ ਮੇਰਾ ਇਹ ਨਾਇਕਿ ਹਮਾਰੀ ॥ ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥ {ਪੰਨਾ 371} ਪਦ ਅਰਥ: ਮਤਾ = ਸਲਾਹ, ਫ਼ੈਸਲਾ। ਸੀਲ = ਮਿੱਠਾ ਸੁਭਾਉ। ਸੰਜਮ = ਵਿਕਾਰਾਂ ਵਲੋਂ ਬਚਣ ਦਾ ਜਤਨ। ਨਿਕਟਿ = ਨੇੜੇ। ਗ੍ਰਿਹਿ = ਹਿਰਦੇ-ਘਰ ਵਿਚ।1। ਨਾਇਕਿ = ਮਾਲਿਕਾ। ਕਰਉ = ਮੈਂ ਕਰਦਾ ਹਾਂ। ਉਰਝਾਇ ਪਰੇਵੈ = ਹੋਰ ਉਲਝਣਾਂ ਵਿਚ ਪਾ ਦੇਂਦੀ ਹੈ।1। ਰਹਾਉ। ਆਮਰਿ = ਆਲਿਮ, ਕਾਰਿੰਦੀ। ਥਨੰਤਰ = ਥਾਨ ਅੰਤਰ, ਹੋਰ ਹੋਰ ਥਾਂ। ਤਟਿ = ਨਦੀ ਦੇ ਕੰਢੇ ਉਤੇ। ਤੀਰਥਿ = ਤੀਰਥ ਉਤੇ।2। ਜਹ = ਜਿਥੇ। ਬੈਸਉ = ਮੈਂ ਬੈਠਦਾ ਹਾਂ। ਸਬਲ = ਬਲ ਵਾਲੀ। ਪ੍ਰਵੇਸੈ = ਜਾ ਵੜਦੀ ਹੈ। ਹੋਛੀ = ਕਮਜ਼ੋਰ। ਕੈ ਪਹਿ = ਕਿਸ ਦੇ ਪਾਸ?।3। ਗੁਰਿ = ਗੁਰੂ ਨੇ। ਮੋਹਿ = ਮੈਨੂੰ। ਦ੍ਰਿੜਾਇਆ = ਪੱਕਾ ਕਰਾਇਆ। ਘਰਿ = ਘਰ ਵਿਚ। ਅਚਿੰਤਾ = ਚਿੰਤਾ-ਰਹਿਤ।4। ਦਰਬਾਰੀ = ਹਜ਼ੂਰੀ ਵਿਚ ਰਹਿਣ ਵਾਲਾ। ਹਮ = ਮੈਨੂੰ। ਆਮਰਿ = ਸੇਵਿਕਾ। ਰਹਾਉ ਦੂਜਾ। ਅਰਥ: (ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ) । ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ।1। ਰਹਾਉ। (ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ, ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ) । (ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ, ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ।1। (ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ, (ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ, ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ। ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ।1। ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ, ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ, ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ। ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ।3। (ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ, ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ। (ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ। ਹੇ ਨਾਨਕ! (ਆਖ– ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ।4। (ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ, ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ।1। ਰਹਾਉ ਦੂਜਾ।4। 4। ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥ ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥੩॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ {ਪੰਨਾ 371} ਨੋਟ: ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ। ਪਦ ਅਰਥ: ਮਤਾ = ਸਲਾਹ। ਜਿ = ਕਿ। ਪਤ੍ਰੀ = ਚਿੱਠੀ। ਚਲਾਵਉ = ਮੈਂ ਭੇਜਾਂ, ਚਲਾਵਊਂ। ਦੁਇ = ਦੋ। ਪਹੁਚਾਵਉ = ਪਹੁਚਾਵਉਂ, ਮੈਂ ਅਪੜਾਵਾਂ। ਕਰਉ = ਮੈਂ ਕਰਾਂ। ਉਪਾਇਆ = ਉਪਾਉ। ਪ੍ਰਭ = ਹੇ ਪ੍ਰਭੂ! ਤੁਹੀ = ਤੈਨੂੰ ਹੀ।1। ਅਚਿੰਤ = ਨਿਸਚਿੰਤਤਾ। ਸਹਜਾਇਆ = ਸਹਜ, ਆਤਮਕ ਅਡੋਲਤਾ। ਦੂਤ = ਵੈਰੀ।1। ਰਹਾਉ। ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਕਉ = ਨੂੰ। ਜੀਉ = ਜਿੰਦ। ਪਿੰਡੁ = ਸਰੀਰ। ਕਰੀ = ਕਰੀਂ, ਮੈਂ ਕਰਦਾ ਹਾਂ। ਤਾਣੁ = ਬਲ। ਦੀਬਾਣੁ = ਆਸਰਾ।2। ਨੋ = ਨੂੰ। ਕੈਂ ਧਰਿ = ਕੇਹੜੇ ਪਾਸੇ? ਆਨ = ਹੋਰ। ਬੀਆ = ਦੂਜਾ। ਸਮਸਰਿ = ਬਰਾਬਰ। ਕਾਣਿ = ਮੁਥਾਜੀ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ। ਬੇਬਾਣਿ = ਜੰਗਲ ਵਿਚ।3। ਜਹ ਕਹ = ਜਿਥੇ ਕਿਥੇ, ਹਰ ਥਾਂ। ਗਲਿ = ਗਲ ਨਾਲ। ਲਾਇ = ਲਾ ਕੇ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ। ਵਾਧਾਈ = ਵਧੀ ਹੋਈ ਅਵਸਥਾ, ਚੜ੍ਹਦੀ ਕਲਾ, ਆਤਮਕ ਤਾਕਤ। ਵਜੀ = ਵੱਜ ਪਈ, ਜ਼ੋਰ ਵਿਚ ਆ ਗਈ।4। ਅਰਥ: (ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ) , (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ।1। ਰਹਾਉ। ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ, ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ, ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ, ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ।1। ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ। (ਇਸ ਵਾਸਤੇ) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ, ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ।2। ਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ? (ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ (ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ? (ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ।3। ਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ, ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ। ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ। (ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ।4।5। |
Sri Guru Granth Darpan, by Professor Sahib Singh |