ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 372

ਆਸਾ ਮਹਲਾ ੫ ॥ ਪਰਦੇਸੁ ਝਾਗਿ ਸਉਦੇ ਕਉ ਆਇਆ ॥ ਵਸਤੁ ਅਨੂਪ ਸੁਣੀ ਲਾਭਾਇਆ ॥ ਗੁਣ ਰਾਸਿ ਬੰਨ੍ਹ੍ਹਿ ਪਲੈ ਆਨੀ ॥ ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥ ਸਾਹ ਵਾਪਾਰੀ ਦੁਆਰੈ ਆਏ ॥ ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥ ਸਾਹਿ ਪਠਾਇਆ ਸਾਹੈ ਪਾਸਿ ॥ ਅਮੋਲ ਰਤਨ ਅਮੋਲਾ ਰਾਸਿ ॥ ਵਿਸਟੁ ਸੁਭਾਈ ਪਾਇਆ ਮੀਤ ॥ ਸਉਦਾ ਮਿਲਿਆ ਨਿਹਚਲ ਚੀਤ ॥੨॥ ਭਉ ਨਹੀ ਤਸਕਰ ਪਉਣ ਨ ਪਾਨੀ ॥ ਸਹਜਿ ਵਿਹਾਝੀ ਸਹਜਿ ਲੈ ਜਾਨੀ ॥ ਸਤ ਕੈ ਖਟਿਐ ਦੁਖੁ ਨਹੀ ਪਾਇਆ ॥ ਸਹੀ ਸਲਾਮਤਿ ਘਰਿ ਲੈ ਆਇਆ ॥੩॥ ਮਿਲਿਆ ਲਾਹਾ ਭਏ ਅਨੰਦ ॥ ਧੰਨੁ ਸਾਹ ਪੂਰੇ ਬਖਸਿੰਦ ॥ ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥ ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥ {ਪੰਨਾ 372}

ਪਦ ਅਰਥ: ਪਰਦੇਸੁ = (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ। ਝਾਗਿ = ਔਖਿਆਈਆਂ ਨਾਲ ਲੰਘ ਕੇ। ਕਉ = ਵਾਸਤੇ। ਅਨੂਪ = ਜਿਸ ਵਰਗੀ ਹੋਰ ਕੋਈ ਨ ਹੋਵੇ, ਅਤਿ ਸੁੰਦਰ। ਲਾਭਾਇਆ = ਲਾਹੇਵੰਦੀ। ਬੰਨ੍ਹ੍ਹਿ = ਬੰਨ੍ਹ ਕੇ। ਪਲੈ = ਪੱਲੈ, ਪੱਲੇ ਵਿਚ। ਆਨੀ = ਲਿਆਂਦੀ। ਦੇਖਿ = ਵੇਖ ਕੇ। ਲਪਟਾਨੀ = ਰੀਝ ਪਿਆ।1।

ਸਾਹ = ਹੇ ਸ਼ਾਹ! ਹੇ ਗੁਰੂ! ਦੁਆਰੈ = ਦੁਆਰੇ ਤੇ। ਕਰਾਏ = ਕਰਾਇ।1। ਰਹਾਉ।

ਸਾਹਿ = ਸ਼ਾਹ ਨੇ, ਪਰਮਾਤਮਾ ਨੇ। ਪਠਾਇਆ = ਭੇਜਿਆ। ਸਾਹੈ ਪਾਸਿ = ਸ਼ਾਹ ਦੇ ਕੋਲ, ਗੁਰੂ ਕੋਲ। ਅਮੋਲ = ਜਿਸ ਦੇ ਵੱਟੇ ਵਿਚ ਕੋਈ ਚੀਜ਼ ਬਰਾਬਰ ਦੇ ਮੁੱਲ ਦੀ ਨਾਹ ਹੋਵੇ। ਵਿਸਟੁ = ਵਕੀਲ, ਵਿਚੋਲਾ। ਸੁਭਾਈ = ਪ੍ਰੇਮ ਕਰਨ ਵਾਲਾ। ਨਿਹਚਲ = ਅਡੋਲ।2।

ਤਸਕਰ = ਚੋਰ। ਸਹਜਿ = ਆਤਮਕ ਅਡੋਲਤਾ ਵਿਚ। ਸਤ ਕੈ ਖਟਿਐ = ਈਮਾਨਦਾਰੀ ਨਾਲ ਕਮਾਇਆਂ। ਘਰਿ = ਹਿਰਦੇ-ਘਰ ਵਿਚ।3।

ਲਾਹਾ = ਲਾਭ। ਧੰਨੁ = ਸਲਾਹਣ-ਜੋਗ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਲੀ = ਸਫਲੀ। ਖੇਪ = ਸੌਦਾ।4।

ਅਰਥ: ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ (ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ।1। ਰਹਾਉ।

ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ, ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ। ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ, ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ।1।

(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ (ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ। (ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ, ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ।2।

(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ) । ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ। ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ, ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ।3।

ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ (ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।

ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ (ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ।4।6।

ਆਸਾ ਮਹਲਾ ੫ ॥ ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥ ਨਹ ਦੇਖਿਓ ਰੂਪ ਰੰਗ ਸੀਗਾਰੋ ॥ ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥ ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥ ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥ ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥ ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥ ਆਂਗਨਿ ਮੇਰੈ ਸੋਭਾ ਚੰਦ ॥ ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥ ਬਸਤ੍ਰ ਹਮਾਰੇ ਰੰਗਿ ਚਲੂਲ ॥ ਸਗਲ ਆਭਰਣ ਸੋਭਾ ਕੰਠਿ ਫੂਲ ॥ ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥ ਦੁਸਟ ਦੂਤ ਕੀ ਚੂਕੀ ਕਾਨਿ ॥੩॥ ਸਦ ਖੁਸੀਆ ਸਦਾ ਰੰਗ ਮਾਣੇ ॥ ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥ ਕਹੁ ਨਾਨਕ ਜਉ ਪਿਰਹਿ ਸੀਗਾਰੀ ॥ ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥ {ਪੰਨਾ 372}

ਪਦ ਅਰਥ: ਬੀਚਾਰੋ = ਬੀਚਾਰਾ, ਵਿਚਾਰਿਆ। ਚਜ = ਸੁਚੱਜ। ਅਚਾਰ = ਆਚਾਰ, ਚੰਗਾ ਆਚਰਨ। ਬਿਧਿ = ਢੰਗ, ਤਰੀਕਾ, ਜਾਚ। ਜਾਨੀ = ਜਾਣੀ, ਸਿੱਖੀ। ਪਕਰਿ = ਫੜ ਕੇ। ਪ੍ਰਿਅ = ਪਿਆਰੇ ਨੇ। ਆਨੀ = ਲੈ ਆਂਦਾ।1।

ਬੋ ਸਖੀ = ਹੇ ਸਖੀ! ਕੰਤਿ = ਕੰਤ ਨੇ। ਕੀਅਲੋ = ਕੀਤਾ। ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ। ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਅਜਾਨਾ = ਅੰਞਾਣ, ਮੂਰਖ।1। ਰਹਾਉ।

ਸੁਹਾਗੁ = ਚੰਗਾ ਭਾਗ। ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ। ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ) । ਆਂਗਨਿ = (ਹਿਰਦਾ-ਰੂਪ) ਵੇਹੜੇ ਵਿਚ। ਨਿਸਿ = ਰਾਤ। ਬਾਸੁਰ = ਦਿਨ। ਸੰਗਿ = ਨਾਲ, ਸੰਗਤਿ ਵਿਚ।2।

ਰੰਗਿ ਚਲੂਲ = ਗੂੜ੍ਹੇ ਰੰਗ ਵਿਚ। ਸਗਲ = ਸਾਰੇ। ਆਭਰਣ = ਗਹਣੇ। ਕੰਠਿ = ਗਲ ਵਿਚ। ਪੇਖੀ = ਵੇਖੀ। ਦ੍ਰਿਸਟਿ = ਨਿਗਾਹ, ਨਜ਼ਰ। ਨਿਧਾਨ = ਖ਼ਜ਼ਾਨੇ। ਦੂਤ = ਵੈਰੀ। ਕਾਨਿ = ਕਾਣਿ, ਧੌਂਸ, ਦਬਾਉ।3।

ਸਦ = ਸਦਾ। ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਗ੍ਰਿਹ ਮਹਿ = (ਹਿਰਦੇ-) ਘਰ ਵਿਚ। ਤ੍ਰਿਪਤਾਨੇ = ਸੰਤੋਖ ਆ ਗਿਆ। ਜਉ = ਜਦੋਂ। ਪਿਰਹਿ = ਪਿਰ ਨੇ, ਖਸਮ ਨੇ। ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ। ਸੰਗਿ = ਨਾਲ। ਥਿਰੁ = ਅਡੋਲ-ਚਿਤ।4।

ਅਰਥ: ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ, (ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ?।1। ਰਹਾਉ।

(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ। ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ, ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ। ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ।1।

(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ, ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ। ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ। ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ।2।

(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ, ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ, ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ। ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ।3।

(ਹੇ ਸਹੇਲੀਏ! ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ, ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।

ਹੇ ਨਾਨਕ! (ਆਖ–) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ।4।7।

ਆਸਾ ਮਹਲਾ ੫ ॥ ਦਾਨੁ ਦੇਇ ਕਰਿ ਪੂਜਾ ਕਰਨਾ ॥ ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥ ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥ ਅੰਤਰਿ ਲੋਭੁ ਫਿਰਹਿ ਹਲਕਾਏ ॥ ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥ ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥੨॥ ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥ ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥ {ਪੰਨਾ 372}

ਪਦ ਅਰਥ: ਦੇਇ ਕਰਿ = ਦੇ ਕੇ। ਲੈਤ ਦੇਤ = ਲੈਂਦਿਆਂ ਦੇਂਦਿਆਂ। ਉਨ੍ਹ੍ਹ = ਉਹਨਾਂ (ਬ੍ਰਾਹਮਣਾਂ) ਨੇ। ਮੂਕਰਿ ਪਰਨਾ = ਮੁੱਕਰ ਜਾਣਾ, ਜਜਮਾਨਾਂ ਦੇ ਦਿੱਤੇ ਦਾਨ ਤੇ ਜਜਮਾਨਾਂ ਦਾ ਕਦੇ ਅਹਸਾਨ ਨਾਹ ਮੰਨਣਾ। ਜਿਤੁ ਦਰਿ = ਜਿਸ (ਪ੍ਰਭੂ-) ਦਰ ਤੇ। ਬ੍ਰਾਹਮਣ = ਹੇ ਬ੍ਰਾਹਮਣ! ਤਿਤੁ ਦਰਿ = ਉਸ ਦਰ ਤੇ।1।

ਡੂਬੇ = (ਮਾਇਆ ਦੇ ਮੋਹ ਵਿਚ) ਡੁੱਬੇ ਹੋਏ। ਭਾਈ = ਹੇ ਭਾਈ! ਨਿਰਾਪਰਾਧ = ਨਿਰ-ਅਪਰਾਧ, ਨਿਦੋਸਿਆਂ ਦੀ। ਚਿਤਵਹਿ ਬੁਰਿਆਈ = ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ।1। ਰਹਾਉ।

ਅੰਤਰਿ = ਅੰਦਰ, ਮਨ ਵਿਚ। ਹਲਕਾਏ = ਹਲਕੇ ਹੋਏ ਹੋਏ। ਸਿਰਿ = ਸਿਰ ਉਤੇ। ਉਠਾਏ = ਉਠਾਇ, ਚੁੱਕ ਕੇ। ਮੂਠਾ = ਠੱਗਿਆ ਹੋਇਆ, ਆਤਮਕ ਜੀਵਨ ਦਾ ਸਰਮਾਇਆ ਲੁਟਾ ਚੁੱਕਿਆ ਹੈ। ਭਰਮੇ = ਭਟਕਣਾ ਵਿਚ।2।

ਕਰਹਿ = ਕਰਦੇ ਹਨ। ਘਨੇਰੇ = ਬਹੁਤ। ਬਿਖਿਆ = ਮਾਇਆ। ਘੇਰੇ = ਘੇਰਿ, ਘੇਰ ਕੇ। ਉਤਰੀ = ਡੇਰਾ ਪਾਈ ਬੈਠੀ ਹੈ। ਅਵਰ = ਹੋਰਨਾਂ ਨੂੰ। ਨ ਸੀਝੈ = ਕਾਮਯਾਬ ਨਹੀਂ ਹੁੰਦਾ। ਕਹੀ = ਕਿਤੇ ਭੀ, ਕਹੀਂ।3।

ਬਾਮਣ = ਹੇ ਬ੍ਰਾਹਮਣ! ਹੋਵੀ = ਹੋਵੇ। ਛੋਡਿ = ਛੱਡ ਕੇ।4।

ਅਰਥ: ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ।1। ਰਹਾਉ।

(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ, ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ) । ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ।1।

ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ। ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।

(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ। ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ।2।

(ਹੇ ਭਾਈ!) ਅਜੇਹੇ ਬ੍ਰਾਹਮਣਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ ਪਰ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ।

(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ, ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ।3।

ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ–) ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ, ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ। ਜੇ ਤੇਰੇ ਭਾਗ ਜਾਗਣ ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ।4।8।

TOP OF PAGE

Sri Guru Granth Darpan, by Professor Sahib Singh