ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 373

ਆਸਾ ਮਹਲਾ ੫ ॥ ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥ ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥ ਤਪਤਿ ਬੁਝੀ ਗੁਰ ਸਬਦੀ ਮਾਇ ॥ ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥ ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥ ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥ ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥ ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥ ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥ ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥ ਆਸਾ ਮਹਲਾ ੫ ॥ {ਪੰਨਾ 373}

ਪਦ ਅਰਥ: ਭਏ ਗਤੁ = ਚਲੇ ਗਏ, ਦੂਰ ਹੋ ਗਏ। ਤੇ = ਤੋਂ। ਗਾਇ = ਗਾ ਕੇ। ਮਿਲਿ = ਮਿਲ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਕਤ ਹੀ = ਕਿਤੇ ਭੀ।1।

ਤਪਤਿ = ਤਪਸ਼, ਸੜਨ। ਮਾਇ = ਹੇ ਮਾਂ! ਸਹਸਾ = ਸਹਮ। ਸੀਤਲੁ = ਠੰਢ ਪਾਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।1। ਰਹਾਉ।

ਧਾਵਤ = ਦੌੜਨਾ-ਭੱਜਣਾ। ਰਹੇ = ਮੁੱਕ ਗਏ। ਥਾਇ = ਟਿਕਾਣੇ ਤੇ। ਨਿਹਚਲੁ = ਅਡੋਲ-ਚਿੱਤ ਹੋ ਕੇ। ਰਹੇ ਅਘਾਇ = ਰੱਜ ਗਏ, ਤ੍ਰਿਸ਼ਨਾ ਮੁੱਕ ਗਈ।2।

ਦੋਖ = ਐਬ। ਪਰੇ ਪਾਛੈ = ਪਿੱਛੇ ਰਹਿ ਗਏ ਹਨ, ਖ਼ਲਾਸੀ ਕਰ ਗਏ ਹਨ। ਪਾਇ = ਪੈਰ।

ਸਹਜ ਧੁਨਿ = ਆਤਮਕ ਅਡੋਲਤਾ ਦੀ ਸੁਰ ਨਾਲ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਤਾ ਤਉ = ਉਸ (ਮਨ) ਨੂੰ। ਫੁਨਿ = ਫਿਰ, ਮੁੜ। ਕਾਲੁ = ਆਤਮਕ ਮੌਤ।3।

ਕਰਨ ਕਾਰਨ ਸਮਰਥ = ਸਭ ਕੁਝ ਕਰਨ ਤੇ ਕਰਾਣ ਦੀ ਤਾਕਤ ਰੱਖਣ ਵਾਲੇ! ਹਰਿ ਰਾਇ = ਪ੍ਰਭੂ-ਪਾਤਿਸ਼ਾਹ! ਜੀਵੈ = ਜੀਊਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਵਿਚ। ਸੰਗਿ = ਨਾਲ। ਸਹਾਇ = ਸਹਾਈ, ਸਾਥੀ।4।

ਅਰਥ: ਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ। ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ।1। ਰਹਾਉ।

(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ। ਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ।1।

(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ।

(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ।2।

(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ। ਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ।3।

ਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ! (ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ।4।9।

ਅਰੜਾਵੈ ਬਿਲਲਾਵੈ ਨਿੰਦਕੁ ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥੧॥ ਰਹਾਉ ॥ ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ ॥ ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥੧॥ ਪਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ ॥ ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥੨॥੧੦॥ {ਪੰਨਾ 373}

ਪਦ ਅਰਥ: ਅਰੜਾਵੈ = ਅੜਾਂਦਾ ਹੈ, ਉੱਚੀ ਉੱਚੀ ਰੋਂਦਾ ਹੈ, ਬਹੁਤ ਦੁੱਖੀ ਹੁੰਦਾ ਹੈ।1। ਰਹਾਉ।

ਸੰਗੀ = ਸਾਥੀ। ਨਾਲੇ = ਆਪਣੇ ਨਾਲ ਹੀ। ਲਏ = ਲੈ ਕੇ। ਸਿਧਾਵੈ = (ਨਿੰਦਾ ਦੇ ਮੰਦ-ਕਰਮ ਵਲ) ਤੁਰ ਪੈਂਦਾ ਹੈ। ਅਣਹੋਦਾ = ਜਿਸ ਦੀ ਹੋਂਦ ਨਹੀਂ। ਅਜਗਰੁ = {ਅਜ = ਬੱਕਰਾ। ਗਰੁ = ਨਿਗਲਣ ਵਾਲਾ} ਅਜ਼ਦਹਾ, ਵੱਡਾ ਭਾਰਾ ਨਾਗ; ਬਹੁਤ। ਮਾਹਿ = ਵਿਚ। ਜਲਾਵੈ = ਸਾੜਦਾ ਹੈ।1।

ਕੈ ਦੁਆਰੈ = ਦੇ ਦਰ ਤੇ। ਜਿ = ਜੇਹੜਾ ਨਿਯਮ। ਬਿਤੀਤੈ = ਵਰਤਦਾ ਹੈ। ਆਖਿ = ਆਖ ਕੇ। ਬਿਗਸਾਵੈ = ਖ਼ੁਸ਼ ਰਹਿੰਦਾ ਹੈ।2।

ਅਰਥ: (ਹੇ ਭਾਈ! ਭਗਤ ਜਨਾਂ ਦੀ) ਨਿੰਦਾ ਕਰਨ ਵਾਲਾ (ਆਪਣੇ ਅੰਦਰ) ਬੜਾ ਦੁੱਖੀ ਹੁੰਦਾ ਰਹਿੰਦਾ ਹੈ ਬੜਾ ਵਿਲਕਦਾ ਹੈ। (ਨਿੰਦਾ ਵਿਚ ਫਸੇ ਹੋਏ ਉਸ ਨੂੰ) ਪਾਰਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ, (ਇਸ ਕਰਕੇ) ਨਿੰਦਾ ਕਰਨ ਵਾਲਾ ਮਨੁੱਖ (ਗੁਰਮੁਖਾਂ ਦੀ) ਕੀਤੀ ਨਿੰਦਾ ਦਾ (ਦੁੱਖ-ਰੂਪ) ਫਲ ਭੋਗਦਾ ਰਹਿੰਦਾ ਹੈ।1। ਰਹਾਉ।

(ਹੇ ਭਾਈ!) ਜੇ ਕੋਈ ਮਨੁੱਖ ਉਸ ਨਿੰਦਕ ਦਾ ਸਾਥੀ ਬਣੇ (ਨਿੰਦਕ ਨਾਲ ਮੇਲ-ਜੋਲ ਰੱਖਣਾ ਸ਼ੁਰੂ ਕਰੇ, ਤਾਂ ਨਿੰਦਕ) ਉਸ ਨੂੰ ਭੀ ਆਪਣੇ ਨਾਲ ਲੈ ਤੁਰਦਾ ਹੈ (ਨਿੰਦਾ ਕਰਨ ਦੀ ਵਾਦੀ ਪਾ ਦੇਂਦਾ ਹੈ) । ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ।1।

(ਹੇ ਭਾਈ! ਆਤਮਕ ਜੀਵਨ ਬਾਰੇ) ਜੇਹੜਾ ਨਿਯਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ ਨਾਨਕ ਉਹ ਨਿਯਮ (ਤੁਹਾਨੂੰ) ਖੋਲ੍ਹ ਕੇ ਸੁਣਾਂਦਾ ਹੈ (ਕਿ ਭਗਤ) ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ, (ਪਰ) ਭਗਤ ਜਨਾਂ ਨੂੰ (ਭਗਤੀ ਦਾ ਸਦਕਾ) ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਖ਼ੁਸ਼ ਰਹਿੰਦਾ ਹੈ।2।10।

ਆਸਾ ਮਹਲਾ ੫ ॥ ਜਉ ਮੈ ਕੀਓ ਸਗਲ ਸੀਗਾਰਾ ॥ ਤਉ ਭੀ ਮੇਰਾ ਮਨੁ ਨ ਪਤੀਆਰਾ ॥ ਅਨਿਕ ਸੁਗੰਧਤ ਤਨ ਮਹਿ ਲਾਵਉ ॥ ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥ ਮਨ ਮਹਿ ਚਿਤਵਉ ਐਸੀ ਆਸਾਈ ॥ ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥ ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥ ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥ ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥ ਓਇ ਭੀ ਜਾਨਉ ਕਿਤੈ ਨ ਲੇਖੈ ॥ ਪਤਿ ਸੋਭਾ ਅਰੁ ਮਾਨੁ ਮਹਤੁ ॥ ਆਗਿਆਕਾਰੀ ਸਗਲ ਜਗਤੁ ॥ ਗ੍ਰਿਹੁ ਐਸਾ ਹੈ ਸੁੰਦਰ ਲਾਲ ॥ ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥ ਬਿੰਜਨ ਭੋਜਨ ਅਨਿਕ ਪਰਕਾਰ ॥ ਰੰਗ ਤਮਾਸੇ ਬਹੁਤੁ ਬਿਸਥਾਰ ॥ ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥ ਮਨੁ ਨਹੀ ਧ੍ਰਾਪੈ ਤ੍ਰਿਸਨਾ ਨ ਜਾਇਸਿ ॥ ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥ ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥ ਖੋਜਤ ਖੋਜਤ ਸੁਨੀ ਇਹ ਸੋਇ ॥ ਸਾਧਸੰਗਤਿ ਬਿਨੁ ਤਰਿਓ ਨ ਕੋਇ ॥ ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥ ਪੂਰੀ ਆਸਾ ਮਨੁ ਤ੍ਰਿਪਤਾਇਆ ॥ ਪ੍ਰਭ ਮਿਲਿਆ ਤਾ ਚੂਕੀ ਡੰਝਾ ॥ ਨਾਨਕ ਲਧਾ ਮਨ ਤਨ ਮੰਝਾ ॥੪॥੧੧॥ {ਪੰਨਾ 373}

ਪਦ ਅਰਥ: ਜਉ = ਜਦੋਂ, ਜੇ। ਕੀਓ = ਕੀਤਾ। ਪਤੀਆਰਾ = ਪਤੀਜਿਆ, ਸੰਤੁਸ਼ਟ ਹੋਇਆ। ਸੁਗੰਧਤ = ਸੁਗੰਧੀਆਂ, ਖ਼ੁਸ਼ਬੋਆਂ। ਲਾਵਉ = ਮੈਂ ਲਾਉਂਦਾ ਹਾਂ। ਸਮਾਨਿ = ਬਰਾਬਰ। ਆਸਾਈ = ਆਸ। ਚਿਤਵਉ = ਮੈਂ ਚਿਤਵਦੀ ਹਾਂ। ਮਾਈ = ਹੇ ਮਾਂ।1।

ਧੀਰੈ = ਧੀਰਜ ਫੜਦਾ। ਬੈਰਾਗੁ = ਪ੍ਰੇਮ। ਹਿਰੈ = ਖਿੱਚ ਪਾ ਰਿਹਾ ਹੈ।1। ਰਹਾਉ।

ਬਿਭੂਖਨ = ਗਹਣੇ। ਬਿਸੇਖੈ = ਉਚੇਚੇ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਤਿ = ਇਜ਼ਤ। ਮਹਤੁ = ਵਡਿਆਈ। ਸੁੰਦਰ = ਸੋਹਣਾ। ਲਾਲ = ਕੀਮਤੀ। ਪ੍ਰਭ ਭਾਵਾ = ਪ੍ਰਭ ਭਾਵਾਂ, ਜੇ ਪ੍ਰਭੂ ਨੂੰ ਚੰਗੀ ਲੱਗਾਂ। ਨਿਹਾਲ = ਖ਼ੁਸ਼।2।

ਬਿੰਜਨ = ਸੁਆਦਲੇ ਖਾਣੇ। ਬਿਸਥਾਰ = ਖਿਲਾਰੇ। ਮਿਲਖ = ਜ਼ਮੀਨ। ਫੁਰਮਾਇਸਿ = ਹਕੂਮਤ। ਧ੍ਰਾਪੈ = ਰੱਜਦਾ। ਬਿਹਾਵੈ = ਲੰਘਦਾ।3।

ਸੋਇ = ਖ਼ਬਰ। ਮਸਤਕਿ = ਮੱਥੇ ਉਤੇ। ਤਿਨਿ = ਉਸ ਨੇ। ਪ੍ਰਭ ਮਿਲਿਆ = ਪ੍ਰਭੂ ਨੂੰ ਮਿਲਿਆ। ਡੰਝਾ = ਭੜਕੀ। ਮੰਝਾ = ਵਿਚ।4।

ਅਰਥ: ਹੇ ਮਾਂ! ਮੈਂ ਕੀਹ ਕਰਾਂ? (ਪਿਆਰੇ ਤੋਂ ਬਿਨਾ) ਮੇਰਾ ਮਨ ਖਲੋਂਦਾ ਨਹੀਂ। ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ।1। ਰਹਾਉ।

ਜੇ ਮੈਂ ਹਰੇਕ ਕਿਸਮ ਦਾ ਸਿੰਗਾਰ ਕੀਤਾ ਤਾਂ ਭੀ ਮੇਰਾ ਮਨ ਸੰਤੁਸ਼ਟ ਨਾਹ ਹੋਇਆ। ਜੇ ਮੈਂ ਆਪਣੇ ਸਰੀਰ ਉਤੇ ਅਨੇਕਾਂ ਸੁਗੰਧੀਆਂ ਵਰਤਦੀ ਹਾਂ ਤਾਂ ਭੀ ਮੈਂ ਤਿਲ ਜਿਤਨਾ ਭੀ ਉਹ ਸੁਖ ਨਹੀਂ ਹਾਸਲ ਕਰ ਸਕਦੀ (ਜੋ ਸੁਖ ਪਿਆਰੇ ਪ੍ਰਭੂ-ਪਤੀ ਦੇ ਦਰਸ਼ਨ ਤੋਂ ਮਿਲਦਾ ਹੈ) । ਹੇ ਮੇਰੀ ਮਾਂ! ਹੁਣ ਮੈਂ ਇਹੋ ਜਿਹੀਆਂ ਆਸਾਂ ਹੀ ਬਣਾਂਦੀ ਰਹਿੰਦੀ ਹਾਂ (ਕਿ ਕਿਵੇਂ ਪ੍ਰਭੂ-ਪਤੀ ਮਿਲੇ) , ਪਿਆਰੇ ਪ੍ਰਭੂ-ਪਤੀ ਦਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।1।

(ਸੋਹਣੇ) ਕੱਪੜੇ, ਗਹਣੇ, ਉਚੇਚੇ ਅਨੇਕਾਂ ਸੁਖ = ਮੈਂ ਸਮਝਦੀ ਹਾਂ ਕਿ ਉਹ ਸਾਰੇ ਭੀ (ਪ੍ਰਭੂ-ਪਤੀ ਤੋਂ ਬਿਨਾ) ਕਿਸੇ ਕੰਮ ਨਹੀਂ। ਇੱਜ਼ਤ, ਸੋਭਾ, ਆਦਰ, ਵਡਿਆਈ (ਭੀ ਮਿਲ ਜਾਏ) , ਸਾਰਾ ਜਗਤ ਮੇਰੀ ਆਗਿਆ ਵਿਚ ਤੁਰਨ ਲੱਗ ਪਏ, ਬੜਾ ਸੋਹਣਾ ਤੇ ਕੀਮਤੀ ਘਰ (ਰਹਿਣ ਵਾਸਤੇ ਮਿਲਿਆ ਹੋਵੇ, ਤਾਂ ਭੀ) ਤਦੋਂ ਹੀ ਮੈਂ ਸਦਾ ਲਈ ਖ਼ੁਸ਼ ਰਹਿ ਸਕਦੀ ਹਾਂ ਜੇ ਪ੍ਰਭੂ-ਪਤੀ ਨੂੰ ਪਿਆਰੀ ਲੱਗਾਂ।2।

(ਹੇ ਮਾਂ!) ਜੇ ਅਨੇਕਾਂ ਕਿਸਮ ਦੇ ਸੁਆਦਲੇ ਖਾਣੇ ਮਿਲ ਜਾਣ, ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ (ਵੇਖਣ ਨੂੰ ਹੋਣ) , ਜੇ ਰਾਜ ਮਿਲ ਜਾਏ, ਭੁਇਂ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ, ਤਾਂ ਭੀ ਇਹ ਮਨ ਕਦੇ ਰੱਜਦਾ ਨਹੀਂ, ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ। (ਇਹ ਸਭ ਕੁਝ ਹੁੰਦਿਆਂ ਭੀ, ਹੇ ਮਾਂ! ਪ੍ਰਭੂ-ਪਤੀ ਨੂੰ) ਮਿਲਣ ਤੋਂ ਬਿਨਾ ਮੇਰਾ ਇਹ ਦਿਨ (ਸੁਖ ਨਾਲ) ਨਹੀਂ ਲੰਘਦਾ। ਜਦੋਂ (ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਮਿਲ ਪਏ ਤਾਂ ਉਹ (ਮਾਨੋ) ਸਾਰੇ ਸੁਖ ਹਾਸਲ ਕਰ ਲੈਂਦੀ ਹੈ।3।

ਭਾਲ ਕਰਦਿਆਂ ਕਰਦਿਆਂ (ਹੇ ਮਾਂ!) ਮੈਂ ਇਹ ਖ਼ਬਰ ਸੁਣ ਲਈ ਕਿ ਸਾਧ ਸੰਗਤਿ ਤੋਂ ਬਿਨਾ (ਤ੍ਰਿਸ਼ਨਾ ਦੇ ਹੜ੍ਹ ਤੋਂ) ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਉਸ ਨੇ ਗੁਰੂ ਲੱਭ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ, ਉਸ ਦਾ ਮਨ ਰੱਜ ਗਿਆ।

ਹੇ ਨਾਨਕ! ਜਦੋਂ ਜੀਵ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਨੂੰ ਮਿਲ ਪਿਆ ਉਸ ਦੀ (ਅੰਦਰਲੀ ਤ੍ਰਿਸ਼ਨਾ ਦੀ) ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਵੱਸਦਾ) ਪ੍ਰਭੂ ਲੱਭ ਲਿਆ।4।11।

TOP OF PAGE

Sri Guru Granth Darpan, by Professor Sahib Singh