ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 374 ਆਸਾ ਮਹਲਾ ੫ ਪੰਚਪਦੇ ॥ ਪ੍ਰਥਮੇ ਤੇਰੀ ਨੀਕੀ ਜਾਤਿ ॥ ਦੁਤੀਆ ਤੇਰੀ ਮਨੀਐ ਪਾਂਤਿ ॥ ਤ੍ਰਿਤੀਆ ਤੇਰਾ ਸੁੰਦਰ ਥਾਨੁ ॥ ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥ ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥ ਅਤਿ ਸੂਚੀ ਤੇਰੀ ਪਾਕਸਾਲ ॥ ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥ ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥ ਸਭ ਬਿਧਿ ਖੋਈ ਲੋਭਿ ਸੁਆਨ ॥੨॥ ਕਾਪਰ ਪਹਿਰਹਿ ਭੋਗਹਿ ਭੋਗ ॥ ਆਚਾਰ ਕਰਹਿ ਸੋਭਾ ਮਹਿ ਲੋਗ ॥ ਚੋਆ ਚੰਦਨ ਸੁਗੰਧ ਬਿਸਥਾਰ ॥ ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥ ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ ਸੁਇਨਾ ਰੂਪਾ ਤੁਝ ਪਹਿ ਦਾਮ ॥ ਸੀਲੁ ਬਿਗਾਰਿਓ ਤੇਰਾ ਕਾਮ ॥੪॥ ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥ ਸਾ ਬੰਦੀ ਤੇ ਲਈ ਛਡਾਇ ॥ ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥ ਕਹੁ ਨਾਨਕ ਸਫਲ ਓਹ ਕਾਇਆ ॥੫॥ ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥ ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥ {ਪੰਨਾ 374} ਪਦ ਅਰਥ: ਪ੍ਰਥਮੇ = ਪਹਿਲਾਂ ਤਾਂ (ਵੇਖ) । ਨੀਕੀ = ਚੰਗੀ, ਸੋਹਣੀ। ਮਨੀਐ = ਮੰਨ ਜਾਂਦੀ ਹੈ। ਪਾਂਤਿ = ਖ਼ਾਨਦਾਨੀ। ਬਿਗੜ = ਵਿਗੜਿਆ ਹੋਇਆ, ਕੋਝਾ।1। ਸਰੂਪਿ = ਸੋਹਣੇ ਰੂਪ ਵਾਲੀ। ਸੁਜਾਣਿ = ਸਿਆਣੀ। ਬਿਚਖਨਿ = ਚਤੁਰ। ਅਤਿ = ਬਹੁਤ। ਗਰਬੈ = ਹੰਕਾਰ ਵਿਚ। ਮੋਹਿ = ਮੋਹ ਵਿਚ। ਫਾਕੀ = ਫਸੀ ਹੋਈ।1। ਰਹਾਉ। ਸੂਚੀ = ਸੁੱਚੀ, ਪਵਿਤ੍ਰ। ਪਾਕਸਾਲ = ਰਸੋਈ। ਕਰਿ = ਕਰ ਕੇ। ਗਲੀ = ਗਲੀਂ, ਗੱਲਾਂ ਨਾਲ। ਗਰਬਹਿ = ਤੂੰ ਅਹੰਕਾਰ ਕਰਦੀ ਹੈਂ। ਮੁਖਿ = ਮੂੰਹ ਨਾਲ। ਗੋਵਹਿ = ਉਚਾਰਦੀ ਹੈਂ। ਖੋਈ = ਗਵਾ ਦਿੱਤੀ। ਲੋਭਿ = ਲੋਭ ਨੇ। ਸੁਆਨ = ਕੁੱਤਾ।2। ਪਹਿਰਹਿ = ਤੂੰ ਪਹਿਨਦੀ ਹੈਂ। ਆਚਾਰ = (ਮਿਥੇ ਹੋਏ ਧਾਰਮਿਕ) ਕਰਮ। ਚੋਆ = ਅਤਰ। ਖੋਟਾ = ਭੈੜਾ, ਖੋਟ ਕਰਨ ਵਾਲਾ।3। ਪਨਿਹਾਰੀ = ਪਾਣੀ ਭਰਨ ਵਾਲੀ, ਸੇਵਕ। ਸਿਕਦਾਰੀ = ਸਰਦਾਰੀ। ਰੂਪਾ = ਚਾਂਦੀ। ਤੁਝ ਪਹਿ = ਤੇਰੇ ਪਾਸ। ਦਾਮ = ਧਨ। ਸੀਲੁ = ਸੁਭਾਓ। ਕਾਮ = ਕਾਮ ਵਾਸਨਾ ਨੇ।4। ਜਾ ਕਉ = ਜਿਸ ਉਤੇ। ਮਇਆ = ਦਇਆ। ਹਰਿ ਰਾਇ = ਪ੍ਰਭੂ-ਪਾਤਿਸ਼ਾਹ। ਬੰਦੀ = ਗ਼ੁਲਾਮੀ, ਕੈਦ। ਕਾਇਆ = ਸਰੀਰ।5। ਸਭਿ = ਸਾਰੇ। ਬਨੇ = ਫੱਬੇ। ਸੁਹਾਗਨਿ = ਸੁਹਾਗ ਵਾਲੀ, ਪਤੀ ਵਾਲੀ। ਰਹਾਉ ਦੂਜਾ। ਅਰਥ: (ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ। ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ।1। ਰਹਾਉ। (ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ; ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ; ਤੀਜੇ, ਤੇਰਾ ਸੋਹਣਾ ਸਰੀਰ ਹੈ, ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ।1। (ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ) । ਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ। ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ। ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ।2। (ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ, ਜਗਤ ਵਿਚ ਸੋਭਾ ਖੱਟਣ ਲਈ ਤੂੰ ਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ। ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ।3। (ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ, ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ) ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ।4। ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ। ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ, ਉਹ ਸਰੀਰ ਹੀ ਕਾਮਯਾਬ ਹੈ।5। (ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ; ਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ।1। ਰਹਾਉ ਦੂਜਾ।12। ਆਸਾ ਮਹਲਾ ੫ ਇਕਤੁਕੇ ੨ ॥ ਜੀਵਤ ਦੀਸੈ ਤਿਸੁ ਸਰਪਰ ਮਰਣਾ ॥ ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥ ਜੀਵਤ ਮੁਏ ਮੁਏ ਸੇ ਜੀਵੇ ॥ ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥ ਕਾਚੀ ਮਟੁਕੀ ਬਿਨਸਿ ਬਿਨਾਸਾ ॥ ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥ ਊਚਾ ਚੜੈ ਸੁ ਪਵੈ ਪਇਆਲਾ ॥ ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥ ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥ ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥ ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥ ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥ {ਪੰਨਾ 374} ਨੋਟ: ਇਕ ਤੁਕੇ 2 = ਦੋ ਸ਼ਬਦ ਜਿਨ੍ਹਾਂ ਦੇ ਹਰੇਕ ਬੰਦ ਵਿਚ ਸਿਰਫ਼ ਇਕ ਇਕ ਤੁਕ ਹੈ। ਪਦ ਅਰਥ: ਜੀਵਤ = ਜੀਊਂਦਾ, ਰੱਜਿਆ-ਪੁੱਜਿਆ, ਮਾਇਆ ਦੇ ਮਦ ਵਿਚ ਮਸਤ। ਦੀਸੈ = ਦਿੱਸਦਾ ਹੈ। ਸਰਪਰ = ਜ਼ਰੂਰ। ਮਰਣਾ = ਆਤਮਕ ਮੌਤ। ਮੁਆ = (ਮਾਇਆ ਦੇ ਮਾਣ ਵਲੋਂ) ਅਛੋਹ। ਨਿਹਚਲੁ ਰਹਣਾ = ਅਟੱਲ ਆਤਮਕ ਜੀਵਨ।1। ਅਵਖਧੁ = ਦਵਾਈ। ਮੁਖਿ = ਮੂੰਹ ਵਿਚ। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।1। ਰਹਾਉ। ਮਟੁ = ਵੱਡਾ ਘੜਾ। ਮਟੁਕੀ = ਘੜੀ, ਛੋਟਾ ਘੜਾ। ਬਿਨਸਿ ਬਿਨਾਸਾ = ਜ਼ਰੂਰ ਨਾਸ ਹੋਣ ਵਾਲਾ। ਛੁਟੈ = ਮੁੱਕ ਜਾਏ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ। {ਨੋਟ: ਲਫ਼ਜ਼ 'ਨਿਕਟਿ' ਤੋਂ ਪ੍ਰਾਕ੍ਰਿਤ ਲਫ਼ਜ਼ 'ਨਿਅੜਿ' ਤੇ ਪੰਜਾਬੀ ਲਫ਼ਜ਼ 'ਨੇੜੇ' ਹੈ। ਲਫ਼ਜ਼ 'ਕਟਕ' ਤੋਂ ਪੰਜਾਬੀ ਲਫ਼ਜ਼ 'ਕੜਾ' ਹੈ। 'ਕ' ਤੋਂ 'ਅ', ਅਤੇ 'ਕੁ' ਤੋਂ 'ਉ' ਬਣ ਗਿਆ ਹੈ। 'ਟ' ਤੋਂ 'ੜ' ਹੋ ਗਿਆ ਹੈ। ਇਸੇ ਤਰ੍ਹਾਂ 'ਤ੍ਰਿਕੁਟੀ' ਦਾ ਪੰਜਾਬੀ ਰੂਪ 'ਤ੍ਰਿਊੜੀ' ਹੈ। ਜਿਸ ਦੇ ਮੱਥੇ ਉਤੇ 'ਤ੍ਰਿਊੜੀ' ਹੈ ਉਸ ਦੇ ਅੰਦਰ 'ਖਿੱਝ' ਹੁੰਦੀ ਹੈ। ਸੋ, 'ਤ੍ਰਿਕੁਟੀ' ਦਾ ਅਰਥ ਹੈ 'ਅੰਦਰਲੀ ਖਿੱਝ'}। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ।2। ਪਇਆਲਾ = ਪਤਾਲ ਵਿਚ, ਆਤਮਕ ਮੌਤ ਦੇ ਟੋਏ ਵਿਚ। ਧਰਨਿ = ਧਰਤੀ। ਧਰਨਿ ਪੜੈ = ਜੋ ਨਿਮ੍ਰਤਾ ਧਾਰਦਾ ਹੈ। ਕਾਲਾ = ਕਾਲ, ਮੌਤ, ਆਤਮਕ ਮੌਤ।3। ਕਿਛੁ ਨ = (ਆਤਮਕ ਜੀਵਨ ਦਾ) ਕੁਝ ਭੀ ਨ। ਅਸਥਿਰ = ਅਡੋਲ-ਚਿੱਤ।4। ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ।5। ਅਰਥ: (ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ।1। ਰਹਾਉ। (ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ; ਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ।1। (ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ। ਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ।2। (ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ। ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।3। (ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ। ਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ) ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ।4। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ) ।5।13। ਆਸਾ ਮਹਲਾ ੫ ॥ ਪੁਤਰੀ ਤੇਰੀ ਬਿਧਿ ਕਰਿ ਥਾਟੀ ॥ ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥ ਮੂਲੁ ਸਮਾਲਹੁ ਅਚੇਤ ਗਵਾਰਾ ॥ ਇਤਨੇ ਕਉ ਤੁਮ੍ਹ੍ਹ ਕਿਆ ਗਰਬੇ ॥੧॥ ਰਹਾਉ ॥ ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥ ਅਵਰ ਵਸਤੁ ਤੁਝ ਪਾਹਿ ਅਮਾਨ ॥੨॥ ਬਿਸਟਾ ਅਸਤ ਰਕਤੁ ਪਰੇਟੇ ਚਾਮ ॥ ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥ ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥ ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥ ਕਹੁ ਨਾਨਕ ਗੁਰ ਕਉ ਕੁਰਬਾਨੁ ॥ ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥ {ਪੰਨਾ 374} ਪਦ ਅਰਥ: ਪੁਤਰੀ = ਪੁਤਲੀ, ਸਰੀਰ। ਬਿਧਿ ਕਰਿ = ਤਰੀਕੇ ਨਾਲ, ਸਿਆਣਪ ਨਾਲ। ਥਾਟੀ = ਬਣਾਈ। ਸਤਿ ਕਰਿ = ਸੱਚ ਕਰ ਕੇ।1। ਮੂਲੁ = ਮੁੱਢ, ਜਿਸ ਤੋਂ ਪੈਦਾਇਸ਼ ਹੋਈ ਹੈ। ਅਚੇਤ = ਹੇ ਗ਼ਾਫ਼ਿਲ! ਗਵਾਰਾ = ਹੇ ਮੂਰਖ! ਇਤਨੇ ਕਉ = ਇਸ ਥੋੜੇ ਜਿਹੇ ਵਾਸਤੇ। ਕਿਆ ਗਰਬੇ = ਕੀਹ ਮਾਣ ਕਰਦਾ ਹੈਂ?।1। ਰਹਾਉ। ਮਿਹਮਾਨੁ = ਪਰਾਹੁਣਾ। ਅਵਰ = ਹੋਰ, ਬਾਕੀ ਦੀ। ਪਾਹਿ = ਪਾਸ। ਅਮਾਨ = ਅਮਾਨਤ।2। ਬਿਸਟਾ = ਵਿਸ਼ਟਾ, ਗੰਦ। ਅਸਤ = ਹੱਡੀਆਂ {AiÔQ}। ਰਕਤੁ = ਰੋਤ, ਲਹੂ। ਪਰੇਟੇ = ਲਪੇਟੇ ਹੋਏ। ਗੁਮਾਨ = ਅਹੰਕਾਰ।3। ਪਾਕ = ਪਵਿੱਤ੍ਰ। ਨਾਪਾਕ = ਗੰਦਾ, ਅਪਵਿੱਤ੍ਰ।4। ਕਉ = ਨੂੰ, ਤੋਂ। ਜਿਸ ਤੇ = ਜਿਸ ਗੁਰੂ ਪਾਸੋਂ, ਜਿਸ ਦੀ ਰਾਹੀਂ। ਪੁਰਖੁ = ਸਰਬ-ਵਿਆਪਕ।5। ਅਰਥ: ਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (-ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ। ਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ?।1। ਰਹਾਉ। (ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ, (ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖ਼ਿਰ) ਮਿੱਟੀ ਹੋ ਜਾਣਾ ਹੈ।1। (ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ। ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ।2। (ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ ਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ।3। ਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ। ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ।4। ਹੇ ਨਾਨਕ! ਆਖ– (ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ ਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ।5।14। ਆਸਾ ਮਹਲਾ ੫ ਇਕਤੁਕੇ ਚਉਪਦੇ ॥ ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥ ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥ ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥ ਚਾਰਿ ਪਹਰ ਚਹੁ ਜੁਗਹ ਸਮਾਨੇ ॥ ਰੈਣਿ ਭਈ ਤਬ ਅੰਤੁ ਨ ਜਾਨੇ ॥੨॥ ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥ ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ ਆਤਮੁ ਚੀਨ੍ਹ੍ਹਿ ਪਰਮ ਸੁਖੁ ਪਾਇਆ ॥੪॥੧੫॥ {ਪੰਨਾ 374-375} ਪਦ ਅਰਥ: ਇਕ ਘੜੀ ਦਿਨਸੁ = ਦਿਨ ਦੀ ਇਕ ਘੜੀ। ਮੋ ਕਉ = ਮੈਨੂੰ। ਦਿਹਾਰੇ = ਦਿਹਾੜੇ, ਦਿਨ। ਨ ਰਹੈ– ਨਹੀਂ ਟਿਕਦਾ, ਧੀਰਜ ਨਹੀਂ ਫੜਦਾ। ਮਿਲਉ = ਮੈਂ ਮਿਲਾਂ।1। ਬਿਹਾਵੈ = ਬੀਤਦਾ, ਲੰਘਦਾ, ਗੁਜ਼ਰਦਾ। ਕਬਹੁ ਨ ਬਿਹਾਵੈ = ਮੁੱਕਣ ਵਿਚ ਹੀ ਨਹੀਂ ਆਉਂਦਾ। ਮਨਿ = ਮਨ ਵਿਚ। ਘਨੇਰੀ = ਬਹੁਤ। ਪਿਰਹਿ = ਪਤੀ ਨਾਲ।1। ਰਹਾਉ। ਸਮਾਨੇ = ਸਮਾਨ, ਬਰਾਬਰ। ਰੈਣਿ = ਰਾਤ। ਅੰਤੁ = (ਰਾਤ ਦਾ) ਅਖ਼ੀਰ।2। ਦੂਤ = ਵੈਰੀ। ਮਿਲਿ = ਮਿਲ ਕੇ। ਪਿਰਹੁ = ਪਿਰ ਤੋਂ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਹਾਥ ਪਛੋੜੀ = ਹੱਥ ਮਲਦੀ ਹੈ, ਪਛੁਤਾਂਦੀ ਹੈ।3। ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨਿ = ਪਰਖ ਕੇ, ਪੜਤਾਲ ਕੇ।4। ਅਰਥ: (ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ। ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ।1। ਰਹਾਉ। (ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ (ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ।1। (ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ, ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ।2। (ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ।3। ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ।4।15। |
Sri Guru Granth Darpan, by Professor Sahib Singh |