ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 375

ਆਸਾ ਮਹਲਾ ੫ ॥ ਹਰਿ ਸੇਵਾ ਮਹਿ ਪਰਮ ਨਿਧਾਨੁ ॥ ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥ ਹਰਿ ਮੇਰਾ ਸਾਥੀ ਸੰਗਿ ਸਖਾਈ ॥ ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥ ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥ ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥ ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥ ਗੁਰ ਕਿਰਪਾ ਤੇ ਇਹ ਮਤਿ ਆਵੈ ॥ ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥ {ਪੰਨਾ 375}

ਪਦ ਅਰਥ: ਪਰਮ ਨਿਧਾਨੁ = ਸਭ ਤੋਂ ਉੱਚਾ (ਆਤਮਕ) ਖ਼ਜ਼ਾਨਾ {ਲਫ਼ਜ਼ 'ਨਿਧਾਨੁ' ਇਕ-ਵਚਨ ਹੈ}। ਮੁਖਿ = ਮੂੰਹ ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।1।

ਸੰਗਿ = ਨਾਲ। ਸਖਾਈ = ਮਿੱਤਰ। ਦੁਖਿ = ਦੁੱਖ ਵਿਚ, ਦੁੱਖ ਵੇਲੇ। ਸੁਖਿ = ਸੁਖ ਵਿਚ, ਸੁਖ ਵੇਲੇ। ਸਿਮਰੀ = ਸਿਮਰੀਂ, (ਜਦੋਂ) ਮੈਂ ਸਿਮਰਦਾ ਹਾਂ। ਤਹ = ਉਥੇ। ਬਪੁਰਾ = ਵਿਚਾਰਾ, ਨਿਮਾਣਾ।1। ਰਹਾਉ।

ਤਾਣੁ = ਬਲ, ਜ਼ੋਰ। ਮੈ = ਮੈਨੂੰ। ਦੀਬਾਣੁ = ਆਸਰਾ।2।

ਵੇਸਾਹੁ = ਇਤਬਾਰ, ਸਾਖ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਖਟੀ = ਖੱਟੀ, ਮੈਂ ਖੱਟਦਾ ਹਾਂ।3।

ਅਰਥ: (ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ। ਦੁੱਖ ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ ਯਾਦ ਕਰਦਾ ਹਾਂ, ਉਹ ਉਥੇ ਹਾਜ਼ਰ ਹੁੰਦਾ ਹੈ। ਸੋ, ਵਿਚਾਰਾ ਜਮ ਮੈਨੂੰ ਕਿਥੇ ਡਰਾ ਸਕਦਾ ਹੈ?।1। ਰਹਾਉ।

(ਹੇ ਭਾਈ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ = ਇਹ ਪਰਮਾਤਮਾ ਦੀ ਸੇਵਾ ਹੈ, ਤੇ, ਪਰਮਾਤਮਾ ਦੀ ਸੇਵਾ ਵਿਚ ਸਭ ਤੋਂ ਉੱਚਾ (ਆਤਮਕ ਜੀਵਨ ਦਾ) ਖ਼ਜ਼ਾਨਾ (ਲੁਕਿਆ ਪਿਆ ਹੈ) ।1।

(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ, ਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ।2।

ਪਰਮਾਤਮਾ (ਦਾ ਨਾਮ ਹੀ) ਮੇਰੀ ਰਾਸਿ-ਪੂੰਜੀ ਹੈ, ਪਰਮਾਤਮਾ (ਦਾ ਨਾਮ ਹੀ) ਮੇਰੇ ਵਾਸਤੇ (ਆਤਮਕ ਜੀਵਨ ਦਾ ਵਪਾਰ ਕਰਨ ਲਈ) ਸਾਖ ਹੈ (ਇਤਬਾਰ ਦਾ ਵਸੀਲਾ ਹੈ) । ਗੁਰੂ ਦੀ ਸਰਨ ਪੈ ਕੇ ਮੈਂ ਨਾਮ-ਧਨ ਕਮਾ ਰਿਹਾ ਹਾਂ, ਪਰਮਾਤਮਾ ਹੀ ਮੇਰਾ ਸ਼ਾਹ ਹੈ (ਜੋ ਮੈਨੂੰ ਨਾਮ-ਧਨ ਦਾ ਸਰਮਾਇਆ ਦੇਂਦਾ ਹੈ) ।3।

ਦਾਸ ਨਾਨਕ (ਆਖਦਾ ਹੈ ਕਿ ਜਿਸ ਮਨੁੱਖ ਨੂੰ) ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ ਉਹ ਸਦਾ ਪਰਮਾਤਮਾ ਦੀ ਗੋਦ ਵਿਚ ਲੀਨ ਰਹਿੰਦਾ ਹੈ।4। 16।

ਆਸਾ ਮਹਲਾ ੫ ॥ ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥ ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥ ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥ ਚਰਣ ਕਮਲ ਰਿਦ ਅੰਤਰਿ ਧਾਰੇ ॥ ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥ ਪੰਚ ਸਖੀ ਮਿਲਿ ਮੰਗਲੁ ਗਾਇਆ ॥ ਅਨਹਦ ਬਾਣੀ ਨਾਦੁ ਵਜਾਇਆ ॥੩॥ ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥ ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥ {ਪੰਨਾ 375}

ਪਦ ਅਰਥ: ਕ੍ਰਿਪਾਲੁ = {øpw-AwlX} ਦਇਆਵਾਨ। ਲਾਈ = ਲਾਈਂ, ਮੈਂ ਲਾਵਾਂ। ਸੇਵਿ = ਸੇਵਾ ਕਰ ਕੇ। ਪਾਈ = ਪਾਈਂ, ਮੈਂ ਪਾਵਾਂ।1।

ਮਨ = ਹੇ ਮਨ! ਕਿਉ ਬੈਰਾਗੁ ਕਰਹਿਗਾ = ਕਿਉਂ ਘਾਬਰਦਾ ਹੈਂ? ਮਨਸਾ = ਮਨ ਦਾ ਫੁਰਨਾ, ਇੱਛਾ। ਦਾਤਾ = ਦੇਣ ਵਾਲਾ। ਸੁਖ ਨਿਧਾਨੁ = ਸੁਖਾਂ ਦਾ ਖ਼ਜ਼ਾਨਾ। ਅੰਮ੍ਰਿਤ ਸਰਿ = ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ। ਭਰਪੂਰਾ = ਨਕਾ-ਨਕ ਭਰਿਆ ਹੋਇਆ।1। ਰਹਾਉ।

ਰਿਦ = ਹਿਰਦਾ।2।

ਪੰਚ ਸਖੀ = ਪੰਜ ਸਹੇਲੀਆਂ, ਪੰਜ ਗਿਆਨ-ਇੰਦ੍ਰੇ। ਮੰਗਲੁ = ਸਿਫ਼ਤਿ ਸਾਲਾਹ ਦਾ ਗੀਤ। ਅਨਹਦ = ਇਕ-ਰਸ, ਲਗਾਤਾਰ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ (ਦਾ) । ਨਾਦੁ = ਵਾਜਾ।3।

ਤੁਠਾ = ਪ੍ਰਸੰਨ ਹੋਇਆ। ਹਰਿ ਰਾਇ = ਪ੍ਰਭੂ-ਪਾਤਿਸ਼ਾਹ। ਸੁਖਿ = ਸੁਖ ਵਿਚ। ਰੈਣਿ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।4।

ਅਰਥ: ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ।1। ਰਹਾਉ।

(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ, ਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ।1।

(ਹੇ ਭਾਈ!) ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ (ਗੁਰੂ ਦੇ) ਸੋਹਣੇ ਚਰਨ ਟਿਕਾ ਲਏ (ਉਸ ਦੇ ਅੰਦਰ) ਪਰਮਾਤਮਾ ਦੀ ਜੋਤਿ ਜਗ ਪਈ, ਉਸ ਨੂੰ ਪਿਆਰਾ ਪ੍ਰਭੂ ਮਿਲ ਪਿਆ।2।

ਉਸ ਦੇ ਪੰਜੇ ਗਿਆਨ-ਇੰਦ੍ਰਿਆਂ ਨੇ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਵਾਜਾ ਇਕ-ਰਸ ਵਜਾਣਾ ਸ਼ੁਰੂ ਕਰ ਦਿੱਤਾ।3।

ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋ ਪਿਆ ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ, ਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਣ ਲੱਗ ਪਈ।4। 17।

ਆਸਾ ਮਹਲਾ ੫ ॥ ਕਰਿ ਕਿਰਪਾ ਹਰਿ ਪਰਗਟੀ ਆਇਆ ॥ ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥ ਐਸਾ ਹਰਿ ਧਨੁ ਸੰਚੀਐ ਭਾਈ ॥ ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥ ਤੋਟਿ ਨ ਆਵੈ ਨਿਖੁਟਿ ਨ ਜਾਇ ॥ ਖਾਇ ਖਰਚਿ ਮਨੁ ਰਹਿਆ ਅਘਾਇ ॥੨॥ ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥ ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥ ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥ ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥ {ਪੰਨਾ 375}

ਪਦ ਅਰਥ: ਕਰਿ = ਕਰ ਕੇ। ਮਿਲਿ = ਮਿਲ ਕੇ। ਧਨੁ ਪੂਰਾ = ਕਦੇ ਨਾਹ ਘਟਣ ਵਾਲਾ ਨਾਮ-ਧਨ।1।

ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ! ਭਾਹਿ = ਅੱਗ। ਜਾਲੈ = ਸਾੜੇ। ਜਲਿ = ਪਾਣੀ ਵਿਚ। ਸੰਗੁ = ਸਾਥ। ਛੋਡਿ ਕਰਿ = ਛੱਡ ਕੇ। ਕਤਹੂ = ਕਿਸੇ ਹੋਰ ਥਾਂ।1। ਰਹਾਉ।

ਤੋਟਿ = ਘਾਟਾ। ਖਾਇ = ਖਾ ਕੇ, ਆਪ ਵਰਤ ਕੇ, ਆਪ ਜਪ ਕੇ। ਖਰਚਿ = ਖਰਚ ਕੇ, ਵੰਡ ਕੇ। ਰਹਿਆ ਅਘਾਇ-ਰੱਜਿਆ ਰਹਿੰਦਾ ਹੈ।2।

ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਘਟਿ = ਹਿਰਦੇ-ਘਰ ਵਿਚ। ਸੰਚਾਣਾ = ਜਮ੍ਹਾਂ ਹੋ ਗਿਆ। ਤੇ = ਤੋਂ। ਵਰਸਾਣਾ = ਲਾਭ ਉਠਾਂਦਾ ਹੈ।3।

ਤਿਨਿ = ਉਸ (ਮਨੁੱਖ) ਨੇ। ਪੁਰਬ ਲਿਖੇ ਕਾ = ਪੂਰਬਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਲਹਣਾ = ਪ੍ਰਾਪਤੀ। ਅੰਤਿ ਵਾਰ = ਅਖ਼ੀਰ ਸਮੇ।4।

ਅਰਥ: ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ।1। ਰਹਾਉ।

(ਹੇ ਵੀਰ!) ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ ਪਰਮਾਤਮਾ ਕਿਰਪਾ ਕਰ ਕੇ ਉਸ ਦੇ ਅੰਦਰ ਆਪ ਆ ਪਰਤੱਖ ਹੁੰਦਾ ਹੈ।1।

(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ। ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ।2।

(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ। ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ।3।

(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਹੇ ਦਾਸ ਨਾਨਕ! (ਆਖ–) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ।4। 18।

ਆਸਾ ਮਹਲਾ ੫ ॥ ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥ ਕਾਚੀ ਪਾਕੀ ਬਾਢਿ ਪਰਾਨੀ ॥੧॥ ਜੋ ਜਨਮੈ ਸੋ ਜਾਨਹੁ ਮੂਆ ॥ ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥ ਦਿਨ ਤੇ ਸਰਪਰ ਪਉਸੀ ਰਾਤਿ ॥ ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥ ਮਾਇਆ ਮੋਹਿ ਸੋਇ ਰਹੇ ਅਭਾਗੇ ॥ ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥ ਕਹੁ ਨਾਨਕ ਗੁਣ ਗਾਈਅਹਿ ਨੀਤ ॥ ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥ {ਪੰਨਾ 375}

ਪਦ ਅਰਥ: ਕਿਰਸਾਣੁ = ਕਿਸਾਨ। ਕਿਰਸਾਨੀ = ਖੇਤੀ, ਪੈਲੀ। ਕਾਚੀ = ਕੱਚੀ। ਪਾਕੀ = ਪੱਕੀ। ਬਾਢਿ = ਬਾਢੈ, ਵੱਢ ਲੈਂਦਾ ਹੈ। ਪਰਾਨੀ = ਹੇ ਪ੍ਰਾਣੀ!।1।

ਜਾਨਹੁ = ਯਕੀਨ ਜਾਣੋ। ਅਸਥਿਰੁ = (ਮੌਤ ਦੇ ਸਹਮ ਵਲੋਂ) ਅਡੋਲ-ਚਿੱਤ। ਥੀਆ = ਹੋ ਗਿਆ ਹੈ।1। ਰਹਾਉ।

ਤੇ = ਤੋਂ। ਸਰਪਰ = ਜ਼ਰੂਰ। ਪਉਸੀ = ਪਏਗੀ। ਰੈਣਿ = ਰਾਤ। ਪਰਭਾਤਿ = ਸਵੇਰ।2।

ਮੋਹਿ = ਮੋਹ ਵਿਚ। ਅਭਾਗੇ = ਬਦ-ਨਸੀਬ ਬੰਦੇ। ਕੋ = ਕੋਈ।3।

ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਨੀਤ = ਸਦਾ। ਚੀਤ = ਚਿੱਤ, ਮਨ। ਨਿਰਮਲ = ਪਵਿਤ੍ਰ।4।

ਅਰਥ: ਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ (ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ।1।

(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ। ਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ।1। ਰਹਾਉ।

(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ, ਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ।2।

(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ।3।

ਹੇ ਨਾਨਕ! ਆਖ– (ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ (ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ।4। 19।

TOP OF PAGE

Sri Guru Granth Darpan, by Professor Sahib Singh