ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 376

ਆਸਾ ਮਹਲਾ ੫ ॥ ਨਉ ਨਿਧਿ ਤੇਰੈ ਸਗਲ ਨਿਧਾਨ ॥ ਇਛਾ ਪੂਰਕੁ ਰਖੈ ਨਿਦਾਨ ॥੧॥ ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥ ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥ ਜੋ ਤੂੰ ਕਰਹਿ ਸੋਈ ਪਰਵਾਣੁ ॥ ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥ ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥ ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥ ਸਾਚੇ ਸਾਹਿਬ ਅਲਖ ਅਭੇਵ ॥ ਨਾਨਕ ਲਾਇਆ ਲਾਗਾ ਸੇਵ ॥੪॥੨੦॥ {ਪੰਨਾ 376}

ਪਦ ਅਰਥ: ਤੇਰੈ = ਤੇਰੇ ਘਰ ਵਿਚ (ਹੇ ਪ੍ਰਭੂ!) । ਸਗਲ = ਸਾਰੇ। ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਇਛਾ ਪੂਰਕੁ = ਇੱਛਾ ਪੂਰੀ ਕਰਨ ਵਾਲਾ। ਰਖੈ = ਰਾਖੀ ਕਰਦਾ ਹੈ। ਨਿਦਾਨ = ਅੰਤ ਨੂੰ (ਜਦੋਂ ਹੋਰ ਆਸਰੇ ਛੱਡ ਕੇ ਜੀਵ ਉਸ ਦੀ ਸਰਨ ਪੈਂਦਾ ਹੈ) ।1।

ਭੂਖਾ = ਭੁੱਖ, ਤ੍ਰਿਸ਼ਨਾ। ਮਨਿ = ਮਨ ਵਿਚ।1। ਰਹਾਉ।

ਪਰਵਾਣੁ = ਕਬੂਲ। ਸਾਚੇ ਸਾਹਿਬ = ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਸਚੁ = ਸਦਾ ਕਾਇਮ ਰਹਿਣ ਵਾਲਾ। ਫੁਰਮਾਣੁ = ਹੁਕਮ।2।

ਤੁਧੁ = ਤੈਨੂੰ। ਗਾਉ = ਗਾਉਂ, ਮੈਂ ਗਾਂਦਾ ਹਾਂ। ਘਰਿ = ਘਰ ਵਿਚ। ਨਿਆਉ = ਇਨਸਾਫ਼।3।

ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ।4।

ਅਰਥ: (ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ। ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ।1। ਰਹਾਉ।

(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ। ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ।1।

ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੁੰਦਾ ਹੈ। ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ।2।

ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ। ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ।3।

ਹੇ ਨਾਨਕ! (ਆਖ–) ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ! ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ।4। 20।

ਆਸਾ ਮਹਲਾ ੫ ॥ ਨਿਕਟਿ ਜੀਅ ਕੈ ਸਦ ਹੀ ਸੰਗਾ ॥ ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥ ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥ ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥ ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥ ਜਿਸ ਕੀ ਮੀਰਾ ਰਾਖੈ ਆਣਿ ॥੨॥ ਜੋ ਲਉਡਾ ਪ੍ਰਭਿ ਕੀਆ ਅਜਾਤਿ ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥ ਵੇਮੁਹਤਾਜਾ ਵੇਪਰਵਾਹੁ ॥ ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥ {ਪੰਨਾ 376}

ਪਦ ਅਰਥ: ਨਿਕਟਿ = ਨੇੜੇ {ਨਿਅੜਿ}। ਜੀਅ ਕੈ ਨਿਕਟਿ = ਸਭ ਜੀਵਾਂ ਦੇ ਨੇੜੇ। ਸਦ = ਸਦਾ। ਕੁਦਰਤਿ = ਕਲਾ, ਤਾਕਤ।1।

ਕਰ੍ਹੈ– ਕੜ੍ਹਦਾ, ਖਿੱਝਦਾ। ਰੋਵਨਹਾਰਾ = ਗਿਲਾ ਕਰਨ ਵਾਲਾ। ਅਵਿਗਤੁ = {AÒX#q} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਲਾਮਤਿ = ਕਾਇਮ।1। ਰਹਾਉ।

ਦਾਸਰਾ = ਸੇਵਕ, ਗ਼ਰੀਬ ਜਿਹਾ ਸੇਵਕ। ਕਾਣਿ = ਮੁਥਾਜੀ। ਮੀਰਾ = ਪਾਤਿਸ਼ਾਹ। ਆਣਿ = ਇੱਜ਼ਤ।2।

ਲਉਡਾ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਅਜਾਤਿ = ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ। ਤਾਤਿ = ਈਰਖਾ।3।

ਵੇਮੁਹਤਾਜਾ = ਬੇ-ਮੁਥਾਜ। ਗੁਰ = ਸਭ ਤੋਂ ਵੱਡਾ। ਵਾਹੁ = ਧੰਨ ਧੰਨ।4।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦ੍ਰਿਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ਉਸ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ।1। ਰਹਾਉ।

ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ, ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ।1।

ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ।2।

(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ, ਉਸ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ।3।

ਹੇ ਦਾਸ ਨਾਨਕ! (ਆਖ– ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।4। 21।

ਆਸਾ ਮਹਲਾ ੫ ॥ ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥ ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥ ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥ ਵਜਹੁ ਸਾਹਿਬ ਕਾ ਸੇਵ ਬਿਰਾਨੀ ॥ ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥ ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥ ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥ ਕਹੁ ਨਾਨਕ ਪ੍ਰਭ ਦੀਨ ਦਇਆਲਾ ॥ ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥ {ਪੰਨਾ 376}

ਪਦ ਅਰਥ: ਛੋਡਿ = ਛੱਡ ਕੇ। ਹੋਛੈ ਰਸਿ = ਉਸ ਰਸ ਵਿਚ ਜੋ ਛੇਤੀ ਮੁੱਕ ਜਾਂਦਾ ਹੈ। ਹੋਛਾ = ਛੇਤੀ ਮੁੱਕ ਜਾਣ ਵਾਲਾ। ਮਾਤਾ = ਮਸਤ। ਵਸਤੁ = ਚੀਜ਼। ਘਰ = ਹਿਰਦਾ। ਉਠਿ = ਉੱਠ ਕੇ।1।

ਸੁਨੀ ਨ ਜਾਈ = ਸੁਣੀ ਨਹੀਂ ਜਾ ਸਕਦੀ, ਸੁਣਨੀ ਪਸੰਦ ਨਹੀਂ ਕਰਦਾ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਅੰਮ੍ਰਿਤ ਕਾਥਾ = ਪ੍ਰਭੂ ਦੀਆਂ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ। ਰਾਰਿ = ਝਗੜਾ। ਝੂਠੀ ਗਾਥਾ ਲਗਿ = ਝੂਠੀਆਂ ਗੱਲਾਂ ਵਿਚ ਲੱਗ ਕੇ।1। ਰਹਾਉ।

ਵਜਹੁ = ਵਜ਼ਫ਼ਿਾ, ਰੁਜ਼ੀਨਾ, ਤਨਖ਼ਾਹ। ਬਿਰਾਨੀ = ਬਿਗਾਨੀ, ਕਿਸੇ ਹੋਰ ਦੀ। ਅਛਾਦਿਓ = ਢੱਕਿਆ ਹੋਇਆ।2।

ਲੂਕ = ਲੁਕਾਉ, ਓਹਲਾ। ਸੰਗੀ = ਸਾਥੀ। ਕਾਮਿ = ਕੰਮ ਵਿਚ।3।

ਪ੍ਰਭ = ਹੇ ਪ੍ਰਭੂ! ਪ੍ਰਤਿਪਾਲਾ = ਰਾਖੀ, ਹਿਫ਼ਾਜ਼ਤ।4।

ਅਰਥ: (ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ, ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ।1। ਰਹਾਉ।

(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ, (ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ।1।

(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ) ।2।

ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ ਓਹਲਾ ਕਰਦਾ ਹੈ, ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ।3।

ਹੇ ਨਾਨਕ! ਆਖ– ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ।4। 22।

ਆਸਾ ਮਹਲਾ ੫ ॥ ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥ ਈਹਾ ਊਹਾਂ ਉਨ ਸੰਗਿ ਕਾਮੁ ॥੧॥ ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥ ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥ ਭਗਤਿ ਭੰਡਾਰ ਗੁਰਬਾਣੀ ਲਾਲ ॥ ਗਾਵਤ ਸੁਨਤ ਕਮਾਵਤ ਨਿਹਾਲ ॥੨॥ ਚਰਣ ਕਮਲ ਸਿਉ ਲਾਗੋ ਮਾਨੁ ॥ ਸਤਿਗੁਰਿ ਤੂਠੈ ਕੀਨੋ ਦਾਨੁ ॥੩॥ ਨਾਨਕ ਕਉ ਗੁਰਿ ਦੀਖਿਆ ਦੀਨ੍ਹ੍ਹ ॥ ਪ੍ਰਭ ਅਬਿਨਾਸੀ ਘਟਿ ਘਟਿ ਚੀਨ੍ਹ੍ਹ ॥੪॥੨੩॥ {ਪੰਨਾ 376}

ਪਦ ਅਰਥ: ਜੀਅ ਧਨੁ = ਜਿੰਦ ਦਾ ਧਨ। ਪ੍ਰਾਨ ਧਨੁ = ਪ੍ਰਾਣਾਂ ਲਈ ਧਨ। ਕੋ = ਦਾ। ਈਹਾ = ਇਸ ਲੋਕ ਵਿਚ। ਊਹਾਂ = ਪਰਲੋਕ ਵਿਚ। ਉਨ ਸੰਗਿ = ਉਹਨਾਂ (ਜਿੰਦ ਤੇ ਪ੍ਰਾਣਾਂ) ਦੇ ਨਾਲ। ਕਾਮੁ = ਕੰਮ।1।

ਥੋਾਰ = ਥੋੜ੍ਹਾ, ਘਾਟੇਵੰਦਾ। ਤ੍ਰਿਪਤਿ ਅਘਾਵੈ = ਰੱਜ ਜਾਂਦਾ ਹੈ। ਦਰਸਨਿ = ਦਰਸਨ ਨਾਲ। ਮੋਰਾ = ਮੇਰਾ।1। ਰਹਾਉ।

ਭੰਡਾਰ = ਖ਼ਜ਼ਾਨੇ। ਨਿਹਾਲ = ਪ੍ਰਸੰਨ।2।

ਸਿਉ = ਨਾਲ। ਮਾਨੁ = ਮਨ। ਸਤਿਗੁਰਿ ਤੂਠੈ = ਪ੍ਰਸੰਨ ਹੋਏ ਗੁਰੂ ਨੇ।3।

ਕਉ = ਨੂੰ। ਗੁਰਿ = ਗੁਰੂ ਨੇ। ਦੀਖਿਆ = ਸਿੱਖਿਆ। ਘਟਿ ਘਟਿ = ਹਰੇਕ ਘਟ ਵਿਚ। ਚੀਨ੍ਹ੍ਹ = ਵੇਖ ਲਿਆ।4।

ਅਰਥ: ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ। (ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ।1।

(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ, (ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ।1।

(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ। (ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ।2।

(ਹੇ ਭਾਈ!) ਦਇਆਵਾਨ ਹੋਏ ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦਿੱਤੀ, ਉਸ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ।3।

ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ, ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ।4। 23।

ਆਸਾ ਮਹਲਾ ੫ ॥ ਅਨਦ ਬਿਨੋਦ ਭਰੇਪੁਰਿ ਧਾਰਿਆ ॥ ਅਪੁਨਾ ਕਾਰਜੁ ਆਪਿ ਸਵਾਰਿਆ ॥੧॥ ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥ ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥ ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥ ਆਪੇ ਕਰਤਾ ਅਵਰੁ ਨ ਕੋਇ ॥੨॥ ਜੀਅ ਜੰਤ ਸਭਿ ਤਾ ਕੈ ਹਾਥਿ ॥ ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥ ਪੂਰਾ ਗੁਰੁ ਪੂਰੀ ਬਣਤ ਬਣਾਈ ॥ ਨਾਨਕ ਭਗਤ ਮਿਲੀ ਵਡਿਆਈ ॥੪॥੨੪॥ {ਪੰਨਾ 376}

ਪਦ ਅਰਥ: ਬਿਨੋਦ = ਕੌਤਕ, ਤਮਾਸ਼ੇ। ਭਰੇਪੁਰਿ = ਭਰਪੂਰ ਪ੍ਰਭੂ ਨੇ, ਸਰਬ-ਵਿਆਪਕ ਪਰਮਾਤਮਾ ਨੇ। ਧਾਰਿਆ = ਧਾਰੇ ਹਨ, ਰਚੇ ਹਨ। ਕਾਰਜੁ = ਕੀਤਾ ਹੋਇਆ ਜਗਤ, ਰਚਿਆ ਹੋਇਆ ਸੰਸਾਰ।1।

ਪੂਰ ਸਮਗ੍ਰੀ = ਸਾਰੇ ਜਗਤ ਦੇ ਪਦਾਰਥ। ਭਰਿਪੁਰਿ = ਭਰਪੂਰ, ਹਰ ਥਾਂ। ਧਾਰਿ ਰਹੀ = ਖਿੱਲਰ ਰਹੀ ਹੈ। ਸੋਭ = ਸੋਭਾ। ਜਾ ਕੀ = ਜਿਸ (ਠਾਕੁਰ) ਦੀ।1। ਰਹਾਉ।

ਨਿਧਾਨੁ = ਖ਼ਜ਼ਾਨਾ। ਸੋਇ = ਸੋਭਾ, ਵਡਿਆਈ। ਨਿਰਮਲ = ਪਵਿਤ੍ਰ ਕਰਨ ਵਾਲੀ। ਆਪੇ = ਆਪ ਹੀ।1।

ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਭਿ = ਸਾਰੇ। ਕੈ ਹਾਥਿ = ਦੇ ਹੱਥ ਵਿਚ। ਰਵਿ ਰਹਿਆ = ਮੌਜੂਦ ਹੈ, ਵੱਸ ਰਿਹਾ ਹੈ। ਸਾਥਿ = ਨਾਲ।3।

ਗੁਰ = ਸਭ ਤੋਂ ਵੱਡਾ। ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ। ਭਗਤ = ਭਗਤਾਂ ਨੂੰ।4।

ਅਰਥ: ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ, ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ।1। ਰਹਾਉ।

ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ, ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ।1।

ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।2।

(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ, ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ।3।

ਹੇ ਨਾਨਕ! ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।4। 24।

TOP OF PAGE

Sri Guru Granth Darpan, by Professor Sahib Singh