ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 377

ਆਸਾ ਮਹਲਾ ੫ ॥ ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥ ਗੁਰ ਕਾ ਦਰਸਨੁ ਸੰਚਹੁ ਹਰਿ ਧਨੁ ॥੧॥ ਊਤਮ ਮਤਿ ਮੇਰੈ ਰਿਦੈ ਤੂੰ ਆਉ ॥ ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥ ਤ੍ਰਿਪਤਿ ਅਘਾਵਨੁ ਸਾਚੈ ਨਾਇ ॥ ਅਠਸਠਿ ਮਜਨੁ ਸੰਤ ਧੂਰਾਇ ॥੨॥ ਸਭ ਮਹਿ ਜਾਨਉ ਕਰਤਾ ਏਕ ॥ ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥ ਦਾਸੁ ਸਗਲ ਕਾ ਛੋਡਿ ਅਭਿਮਾਨੁ ॥ ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥ {ਪੰਨਾ 377}

ਪਦ ਅਰਥ: ਸਬਦਿ = ਸ਼ਬਦ ਦੀ ਰਾਹੀਂ। ਬਨਾਵਹੁ = ਨਵੇਂ ਸਿਰੇ ਘੜੋ, ਸੋਹਣਾ ਬਣਾ ਲਵੋ। ਸੰਚਹੁ = ਇਕੱਠਾ ਕਰੋ।1।

ਮਤਿ = ਹੇ ਮਤਿ! ਮੇਰੈ ਰਿਦੈ = ਮੇਰੇ ਹਿਰਦੇ ਵਿਚ, ਮੇਰੇ ਅੰਦਰ। ਧਿਆਵਉ = ਮੈਂ ਧਿਆਵਾਂ। ਗਾਵਉ = ਮੈਂ ਗਾਵਾਂ। ਅਤਿ ਪ੍ਰੀਤਮ = ਬਹੁਤ ਪਿਆਰਾ। ਮੋਹਿ = ਮੈਨੂੰ।1। ਰਹਾਉ।

ਤ੍ਰਿਪਤਿ = ਰੱਜ। ਅਘਾਵਨੁ = ਰੱਜ। ਨਾਇ = ਨਾਮ ਦੀ ਰਾਹੀਂ। ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਧੂਰਾਇ = ਧੂੜ।2।

ਜਾਨਉ = ਮੈਂ ਜਾਣਦਾ ਹਾਂ, ਜਾਨਉਂ। ਮਿਲਿ = ਮਿਲ ਕੇ। ਬਿਬੇਕ = ਚੰਗੇ ਮੰਦੇ ਦੀ ਪਰਖ।3।

ਕਉ = ਨੂੰ। ਗੁਰਿ = ਗੁਰੂ ਨੇ।4।

ਅਰਥ: ਹੇ ਸ੍ਰੇਸ਼ਟ ਮਤਿ! (ਜੇ ਗੁਰੂ ਮੇਹਰ ਕਰੇ ਤਾਂ) ਤੂੰ ਮੇਰੇ ਅੰਦਰ ਆ ਵੱਸ ਤਾ ਕਿ ਮੈਂ ਪਰਮਾਤਮਾ ਦੇ ਗੁਣ ਗਾਵਾਂ ਪਰਮਾਤਮਾ ਦਾ ਧਿਆਨ ਧਰਾਂ ਤੇ ਪਰਮਾਤਮਾ ਦਾ ਨਾਮ ਮੈਨੂੰ ਬਹੁਤ ਪਿਆਰਾ ਲੱਗ ਪਏ।1। ਰਹਾਉ।

(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਇਸ ਮਨ ਨੂੰ ਨਵੇਂ ਸਿਰੇ ਘੜੋ। (ਗੁਰੂ ਦਾ ਸ਼ਬਦ ਹੀ) ਗੁਰੂ ਦਾ ਦੀਦਾਰ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ।1।

(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। (ਗੁਰੂ ਦੀ ਰਾਹੀਂ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਰੱਜ ਜਾਂਦਾ ਹੈ।2।

(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰ ਲਈ ਹੈ ਤੇ ਮੈਂ ਹੁਣ ਸਭਨਾਂ ਵਿਚ ਇਕ ਕਰਤਾਰ ਨੂੰ ਹੀ ਵੱਸਦਾ ਪਛਾਣਦਾ ਹਾਂ।3।

(ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ (ਬਿਬੇਕ ਬੁਧਿ ਦੀ ਅਜੇਹੀ) ਦਾਤਿ ਬਖ਼ਸ਼ੀ ਹੈ ਕਿ ਮੈਂ ਅਹੰਕਾਰ ਛੱਡ ਕੇ ਸਭਨਾਂ ਦਾ ਦਾਸ ਬਣ ਗਿਆ ਹਾਂ।4। 25।

ਆਸਾ ਮਹਲਾ ੫ ॥ ਬੁਧਿ ਪ੍ਰਗਾਸ ਭਈ ਮਤਿ ਪੂਰੀ ॥ ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥ ਐਸੀ ਗੁਰਮਤਿ ਪਾਈਅਲੇ ॥ ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥ ਮਹਾ ਅਗਾਹ ਅਗਨਿ ਕਾ ਸਾਗਰੁ ॥ ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥ ਦੁਤਰ ਅੰਧ ਬਿਖਮ ਇਹ ਮਾਇਆ ॥ ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥ ਜਾਪ ਤਾਪ ਕਛੁ ਉਕਤਿ ਨ ਮੋਰੀ ॥ ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥ {ਪੰਨਾ 377}

ਪਦ ਅਰਥ: ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ। ਪੂਰੀ = ਉਕਾਈਹੀਣ। ਤਾ ਤੇ = ਉਸ ਤੋਂ, ਉਸ ਦੀ ਸਹਾਇਤਾ ਨਾਲ। ਦੂਰੀ = ਵਿੱਥ।1।

ਪਾਈਅਲੇ = ਮੈਂ ਪ੍ਰਾਪਤ ਕੀਤੀ ਹੈ। ਬੂਡਤ = ਡੁੱਬਦਾ। ਘੋਰ ਅੰਧ = ਘੁੱਪ ਹਨੇਰਾ। ਕੂਪ = ਖੂਹ।1। ਰਹਾਉ।

ਅਗਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ, ਜੋ ਗਾਹਿਆ ਨਾਹ ਜਾ ਸਕੇ। ਸਾਗਰੁ = ਸਮੁੰਦਰ। ਬੋਹਿਥੁ = ਜਹਾਜ਼। ਰਤਨਾਗਰੁ = ਰਤਨਾਕਰ, ਰਤਨ-ਆਕਰ, ਰਤਨਾਂ ਦੀ ਖਾਣ।2।

ਦੁਤਰ = ਦੁੱਤਰ, {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਬਿਖਮ = ਔਖਾ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਪਰਗਟੁ = ਸਾਫ਼।3।

ਉਕਤਿ = ਦਲੀਲ। ਮੋਰੀ = ਮੇਰੀ, ਮੇਰੇ ਪਾਸ। ਗੁਰ = ਹੇ ਗੁਰੂ!।4।

ਅਰਥ: ਹੇ ਮੇਰੇ ਵੀਰ! ਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ ਜਿਸ ਦੀ ਸਹਾਇਤਾ ਨਾਲ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ।1। ਰਹਾਉ।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ, ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ।1।

(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ, ਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ।2।

(ਹੇ ਵੀਰ!) ਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਔਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ (ਇਸ ਵਿਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ।3।

ਹੇ ਨਾਨਕ! (ਆਖ–) ਹੇ ਗੁਰੂ! ਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ, ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈ) ।4। 26।

ਆਸਾ ਮਹਲਾ ੫ ਤਿਪਦੇ ੨ ॥ ਹਰਿ ਰਸੁ ਪੀਵਤ ਸਦ ਹੀ ਰਾਤਾ ॥ ਆਨ ਰਸਾ ਖਿਨ ਮਹਿ ਲਹਿ ਜਾਤਾ ॥ ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥ ਆਨ ਰਸਾ ਮਹਿ ਵਿਆਪੈ ਚਿੰਦ ॥੧॥ ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥ ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥ ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥ ਹਰਿ ਰਸੁ ਸਾਧੂ ਹਾਟਿ ਸਮਾਇ ॥ ਲਾਖ ਕਰੋਰੀ ਮਿਲੈ ਨ ਕੇਹ ॥ ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥ ਨਾਨਕ ਚਾਖਿ ਭਏ ਬਿਸਮਾਦੁ ॥ ਨਾਨਕ ਗੁਰ ਤੇ ਆਇਆ ਸਾਦੁ ॥ ਈਤ ਊਤ ਕਤ ਛੋਡਿ ਨ ਜਾਇ ॥ ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥ {ਪੰਨਾ 377}

ਨੋਟ: ਤਿਪਦੇ 2 = ਤਿੰਨ ਬੰਦਾਂ ਵਾਲੇ ਦੋ ਸ਼ਬਦ।

ਪਦ ਅਰਥ: ਪੀਵਤ = ਪੀਂਦਿਆਂ। ਸਦ = ਸਦਾ। ਰਾਤਾ = ਰੰਗਿਆ ਹੋਇਆ, ਮਸਤ। ਆਨ = {ANX} ਹੋਰ। ਮਾਤੇ = ਮਸਤ, ਮਤਵਾਲੇ। ਮਨਿ = ਮਨ ਵਿਚ। ਵਿਆਪੈ = ਜ਼ੋਰ ਪਾ ਲੈਂਦੀ ਹੈ। ਚਿੰਦ = ਚਿੰਤਾ।1।

ਅਲਮਸਤੁ = ਪੂਰਨ ਤੌਰ ਤੇ ਮਸਤ। ਮਤਵਾਰਾ = ਮਤਵਾਲਾ, ਆਸ਼ਿਕ। ਸਭਿ = ਸਾਰੇ। ਹੋਛੇ = ਫਿੱਕੇ।1। ਰਹਾਉ।

ਕੀਮਤਿ = ਮੁੱਲ। ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ। ਸਮਾਇ = ਟਿਕਿਆ ਰਹਿੰਦਾ ਹੈ। ਕੇਹ = ਕਿਸੇ ਨੂੰ। ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ। ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ।2।

ਚਾਖਿ = ਚੱਖ ਕੇ। ਤੇ = ਤੋਂ, ਪਾਸੋਂ। ਸਾਦੁ = ਸੁਆਦ, ਆਨੰਦ। ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ। ਕਤ = ਕਿਤੇ ਭੀ। ਗੀਧਾ = ਗਿੱਝਾ ਹੋਇਆ।3।

ਅਰਥ: (ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ, ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ।1। ਰਹਾਉ।

(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ (ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ। ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ, ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ।1।

(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ। ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ। ਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ।2।

ਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ) । ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ (ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ, ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ।3। 27।

ਆਸਾ ਮਹਲਾ ੫ ॥ ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ ਛੁਟਕੈ ਦੁਰਮਤਿ ਅਪੁਨੀ ਧਾਰੀ ॥ ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥ ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥੧॥ ਰਹਾਉ ॥ ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥ ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥ ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍ਹ੍ਹਾਰੀ ॥ ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥੩॥੨੮॥ {ਪੰਨਾ 377}

ਪਦ ਅਰਥ: ਮਿਟਾਵੈ = ਮਿਟਾ ਦੇਂਦਾ ਹੈ। ਛੁਟਕੈ = ਮੁੱਕ ਜਾਂਦੀ ਹੈ। ਦੁਰਮਤਿ = ਭੈੜੀ ਮਤਿ। ਅਪੁਨੀ ਧਾਰੀ = ਆਪਣੀ ਹੀ ਪੈਦਾ ਕੀਤੀ ਹੋਈ। ਕਮਾਵਹਿ = ਜੇ ਤੂੰ ਕਰੇਂ। ਮਨਿ = ਮਨ ਵਿਚ।1।

ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜੀਵ-ਇਸਤ੍ਰੀ! ਸਾਧੂ ਬਚਨ = ਗੁਰੂ ਦੇ ਬਚਨ। ਉਧਾਰੀ = ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ ਲੈ। ਸਹਸਾ = ਸਹਮ। ਸੁਖਮਨਿ = ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ। ਨਾਰੀ = ਹੇ ਜੀਵ-ਇਸਤ੍ਰੀ!।1। ਰਹਾਉ।

ਪਖਾਰਿ = ਪਖਾਲਿ, ਧੋ ਕੇ। ਕਰਉ = ਤੂੰ ਕਰ। ਸੁਧੁ = ਪਵਿਤ੍ਰ। ਬਿਖੁ = ਜ਼ਹਰ (ਮਾਇਆ ਦੇ ਮੋਹ ਦਾ ਜ਼ਹਰ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । ਪਿਆਸ = ਤ੍ਰਿਸ਼ਨਾ, ਤ੍ਰੇਹ। ਨਿਵਾਰੀ = ਦੂਰ ਕਰਦੀ ਹੈ। ਦਾਸਿ = ਦਾਸੀ। ਦਾਸਰੀ = ਨਿਮਾਣੀ ਜਿਹੀ ਦਾਸੀ। ਦੁਆਰੀ = ਦੁਆਰਿ, ਦਰ ਤੇ।2।

ਅਚਾਰ = (ਮਿਥੀਆਂ ਹੋਈਆਂ ਧਾਰਮਿਕ ਰਸਮਾਂ ਦਾ) ਕਰਨਾ। ਬਿਉਹਾਰਾ = ਵਿਹਾਰ, ਨਿੱਤ ਦੀ ਰਹਿਣੀ। ਮਾਨਿ = ਮੰਨ। ਮੰਤ੍ਰੁ = ਉਪਦੇਸ਼। ਭਉਜਲੁ = ਸੰਸਾਰ-ਸਮੁੰਦਰ।3।

ਅਰਥ: ਹੇ ਸੁੰਦਰੀ! ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੍ਰੀ! ਗੁਰੂ ਦੇ ਬਚਨ ਸੁਣ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਵਿਚ ਡੁੱਬਣ ਤੋਂ) ਬਚਾ। (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦੁੱਖ ਮਿਟ ਜਾਇਗਾ ਤੇਰੀ ਮਾਇਆ ਦੀ ਭੁੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ।1। ਰਹਾਉ।

ਹੇ ਸੁੰਦਰੀ! ਜੇ ਤੂੰ ਮਾਣ ਤਿਆਗ ਕੇ ਪ੍ਰਭੂ ਦੀ ਸੇਵਾ-ਭਗਤੀ ਕਰੇਂਗੀ ਤਾਂ ਪ੍ਰੀਤਮ-ਪ੍ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ, (ਗੁਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮੁੱਕ ਜਾਇਗੀ।1।

ਹੇ ਸੁੰਦਰੀ! ਗੁਰੂ ਦੇ ਚਰਨ ਧੋ ਕੇ ਗੁਰੂ ਦੀ (ਦੱਸੀ) ਸੇਵਾ ਕਰਿਆ ਕਰ, ਤੇਰਾ ਆਤਮਾ ਪਵਿਤ੍ਰ ਹੋ ਜਾਇਗਾ (ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਮਾਇਆ-ਮੋਹ ਦੇ) ਜ਼ਹਰ ਨੂੰ ਦੂਰ ਕਰ ਦੇਵੇਗੀ, ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਦੇਵੇਗੀ। (ਹੇ ਸੁੰਦਰੀ!) ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਏਂ ਨਿਮਾਣੀ ਜਿਹੀ ਦਾਸੀ ਬਣ ਜਾਏਂ ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ।2।

(ਹੇ ਸੁੰਦਰੀ!) ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨ (ਇਸ ਤਰ੍ਹਾਂ ਕੀਤੀ ਹੋਈ) ਤੇਰੀ ਪ੍ਰਭੂ-ਭਗਤੀ (ਪ੍ਰਭੂ-ਦਰ ਤੇ ਪਰਵਾਨ) ਹੋ ਜਾਇਗੀ।

ਹੇ ਨਾਨਕ! ਜੇਹੜਾ ਭੀ ਮਨੁੱਖ ਇਸ ਉਪਦੇਸ਼ ਨੂੰ ਕਮਾਂਦਾ ਹੈ (ਆਪਣੇ ਜੀਵਨ ਵਿਚ ਵਰਤਦਾ ਹੈ) ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।3। 28।

TOP OF PAGE

Sri Guru Granth Darpan, by Professor Sahib Singh