ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 378

ਆਸਾ ਮਹਲਾ ੫ ਦੁਪਦੇ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥ {ਪੰਨਾ 378}

ਪਦ ਅਰਥ: ਦੇਹੁਰੀਆ = ਸੋਹਣੀ ਦੇਹੀ। ਮਾਨੁਖ ਦੇਹੁਰੀਆ = ਮਨੁੱਖਾ ਜਨਮ ਦੀ ਸੋਹਣੀ ਦੇਹੀ। ਬਰੀਆ = ਵਾਰੀ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ਹੋਰ।1।

ਸਰੰਜਾਮਿ = ਸਰੰਜਾਮ ਵਿਚ, ਆਹਰ ਵਿਚ। ਲਾਗੁ = ਲੱਗ। ਭਵਜਲ = ਸੰਸਾਰ-ਸਮੁੰਦਰ। ਤਰਨ ਕੈ ਸਰੰਜਾਮਿ = ਤਰਨ ਦੇ ਆਹਰ ਵਿਚ। ਬ੍ਰਿਥਾ ਜਾਤ = ਵਿਅਰਥ ਜਾ ਰਿਹਾ ਹੈ। ਰੰਗਿ = ਰੰਗ ਵਿਚ, ਪਿਆਰ ਵਿਚ, ਮੋਹ ਵਿਚ।1। ਰਹਾਉ।

ਸੰਜਮੁ = (ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ) ਜਤਨ। ਸਾਧ = ਸੰਤ-ਜਨ। ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹ! ਨਾਨਕ = ਹੇ ਨਾਨਕ! ਨੀਚ ਕਰੰਮਾ = ਮੰਦ-ਕਰਮੀ। ਸਰਮਾ = ਸ਼ਰਮ, ਲਾਜ।2।

ਅਰਥ: (ਹੇ ਭਾਈ!) ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘਣ ਦੇ ਆਹਰ ਵਿਚ (ਭੀ) ਲੱਗ। ਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।1। ਰਹਾਉ।

ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ, ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ। ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ। (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ।1।

ਹੇ ਨਾਨਕ! ਆਖ– ਹੇ ਪ੍ਰਭੂ ਪਾਤਸ਼ਾਹ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ (ਮੈਨੂੰ ਕਿਸੇ ਜਪ ਤਪ ਸੰਜਮ ਆਦਿਕ ਦਾ ਸਹਾਰਾ-ਮਾਣ ਨਹੀਂ ਹੈ) । ਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ। ਮੈਂ ਬੜਾ ਮੰਦ-ਕਰਮੀ ਹਾਂ (ਪਰ ਮੈਂ ਤੇਰੀ ਸਰਨ ਆ ਪਿਆ ਹਾਂ) ਸਰਨ ਪਏ ਦੀ ਮੇਰੀ ਲਾਜ ਰੱਖੀਂ।2। 29।

ਨੋਟ: ਨੰਬਰ 29 ਤੋਂ ਦੋ ਬੰਦਾਂ ਵਾਲੇ ਸ਼ਬਦ ਸ਼ੁਰੂ ਹੋਏ ਹਨ ਜੋ ਨੰਬਰ 34 ਤਕ ਗਿਣਤੀ ਵਿਚ 6 ਹਨ।

ਆਸਾ ਮਹਲਾ ੫ ॥ ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥ ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥ ਤੁਮਰੀ ਓਟ ਤੁਮਾਰੀ ਆਸਾ ॥ ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥ ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥ ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥ {ਪੰਨਾ 378}

ਪਦ ਅਰਥ: ਅਵਰੁ = ਹੋਰ। ਮਾਹੀ = ਵਿਚ। ਸੰਗੀ = ਸਾਥੀ। ਜੀਅ = ਹੇ ਜਿੰਦੇ! ਕਾਹੇ ਡਰਾਹੀ = ਕਿਉਂ ਡਰਦੀ ਹੈਂ?।1।

ਓਟ = ਆਸਰਾ। ਸਾਸ = ਸਾਹ। ਗਿਰਾਸਾ = ਗਿਰਾਹੀ।1। ਰਹਾਉ।

ਪ੍ਰਭ = ਹੇ ਪ੍ਰਭੂ! ਵਿਕਰਾਲਾ = ਡਰਾਉਣਾ। ਸਾਗਰ = ਸਮੁੰਦਰ। ਬਾਲ = ਬੱਚੇ। ਗੁਪਾਲਾ = ਹੇ ਗੋਪਾਲ!।2।

ਅਰਥ: ਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ। (ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ।1। ਰਹਾਉ।

ਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ? (ਹਰ ਵੇਲੇ ਇਉਂ ਅਰਦਾਸ ਕਰਿਆ ਕਰ =) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ। ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ।1।

ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ। ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ।2। 30।

ਆਸਾ ਮਹਲਾ ੫ ॥ ਹਰਿ ਜਨ ਲੀਨੇ ਪ੍ਰਭੂ ਛਡਾਇ ॥ ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥ ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥ ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥ ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥ ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥ {ਪੰਨਾ 378}

ਪਦ ਅਰਥ: ਹਰਿ ਜਨ = ਪਰਮਾਤਮਾ ਦੇ ਭਗਤ। ਛਡਾਇ ਲੀਨੇ = ਬਚਾ ਲਏ ਹਨ। ਸਿਉ = ਨਾਲ। ਤਾਪੁ = (ਮਾਇਆ ਦੇ ਮੋਹ ਦਾ) ਤਾਪ। ਬਿਖੁ = ਜ਼ਹਰ। ਬਿਖੁ ਖਾਇ = ਜ਼ਹਰ ਖਾ ਕੇ।1। ਰਹਾਉ।

ਤਾਊ = ਤਾਉ, ਤਾਪ {ਨੋਟ: ਇਸ ਸ਼ਬਦ ਵਿਚ ਮਾਇਆ ਦੇ ਪ੍ਰਭਾਵ ਨੂੰ ਮਲੇਰੀਏ ਤਾਪ ਨਾਲ ਉਪਮਾ ਦਿੱਤੀ ਹੈ। ਮਲੇਰੀਏ ਵਿਚ ਪਹਿਲਾਂ ਕਾਂਬਾ ਛਿੜਦਾ ਹੈ ਤੇ ਭਾਰੇ ਕੱਪੜਿਆਂ ਦੀ ਲੋੜ ਪੈਂਦੀ ਹੈ। ਫਿਰ ਫੂਕ ਕੇ ਤਾਪ ਚੜ੍ਹ ਜਾਂਦਾ ਹੈ}। ਪਾਲਾ ਤਾਊ ਕਛੂ ਨ = ਨਾਹ ਕਾਂਬਾ ਨਾਹ ਤਾਪ (ਨਾਹ ਮਾਇਆ ਦਾ ਲਾਲਚ ਅਤੇ ਨਾਹ ਕੋਈ ਸਹਮ) । ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਡਾਕੀ ਕੋ ਕਛੂ = ਮਾਇਆ ਡੈਣ ਦਾ ਕੁਝ ਭੀ (ਪ੍ਰਭਾਵ) । ਚਿਤਿ = ਚਿੱਤ ਉਤੇ।1।

ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਸਹਾਇ = ਸਹਾਈ। ਨਿਧਾਨ = ਖ਼ਜ਼ਾਨੇ। ਸਹਸਾ = ਸਹਮ।2।

ਅਰਥ: (ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ। (ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ।1।

(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ। ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ।2। 31।

ਆਸਾ ਮਹਲਾ ੫ ॥ ਅਉਖਧੁ ਖਾਇਓ ਹਰਿ ਕੋ ਨਾਉ ॥ ਸੁਖ ਪਾਏ ਦੁਖ ਬਿਨਸਿਆ ਥਾਉ ॥੧॥ ਤਾਪੁ ਗਇਆ ਬਚਨਿ ਗੁਰ ਪੂਰੇ ॥ ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥ ਜੀਅ ਜੰਤ ਸਗਲ ਸੁਖੁ ਪਾਇਆ ॥ ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥ {ਪੰਨਾ 378}

ਪਦ ਅਰਥ: ਅਉਖਧੁ = ਦਵਾਈ। ਕੋ = ਦਾ। ਦੁਖ ਥਾਉ = ਦੁਖਾਂ ਦਾ ਥਾਂ, ਦੁੱਖਾਂ ਦਾ ਸੋਮਾ (ਮਾਇਆ ਦਾ ਮੋਹ) ।1।

ਬਚਿਨ = ਬਚਨ ਦੀ ਰਾਹੀਂ, ਉਪਦੇਸ਼ ਨਾਲ। ਅਨਦੁ = ਅਨੰਦ। ਸਭਿ = ਸਾਰੇ। ਵਿਸੂਰੇ = ਚਿੰਤਾ, ਫ਼ਿਕਰ।1। ਰਹਾਉ।

ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਸਗਲ = ਸਾਰੇ। ਮਨਿ = ਮਨ ਵਿਚ।2।

ਅਰਥ: (ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ (ਉਸ ਦੇ ਅੰਦਰੋਂ ਮਾਇਆ ਦਾ ਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ।1।

(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ, ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ।1। ਰਹਾਉ।

ਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ, ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ।2। 32।

ਆਸਾ ਮਹਲਾ ੫ ॥ ਬਾਂਛਤ ਨਾਹੀ ਸੁ ਬੇਲਾ ਆਈ ॥ ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥ ਠੰਢੀ ਤਾਤੀ ਮਿਟੀ ਖਾਈ ॥ ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥ ਨਾਨਕ ਦਾਸ ਸਾਧ ਸਰਣਾਈ ॥ ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥ {ਪੰਨਾ 378}

ਪਦ ਅਰਥ: ਬਾਂਛਤ ਨਾਹੀ = ਪਸੰਦ ਨਹੀਂ ਕਰਦਾ। ਸੁ ਬੇਲਾ = ਉਹ ਵੇਲਾ, ਮੌਤ ਦਾ ਵੇਲਾ। ਕਿਉ ਬੂਝੈ = ਕਿਵੇਂ ਸਮਝੇ? ਨਹੀਂ ਸਮਝ ਸਕਦਾ। ਬੁਝਾਈ = ਸਮਝਾਇਆਂ।1।

ਠੰਡੀ ਖਾਈ = ਪਾਣੀ ਖਾ ਜਾਂਦਾ ਹੈ, ਪਾਣੀ ਵਿਚ ਰੋੜ੍ਹਿਆ ਜਾਂਦਾ ਹੈ। ਤਾਤੀ ਖਾਈ = ਅੱਗ ਸਾੜ ਦੇਂਦੀ ਹੈ। ਮਿਟੀ ਖਾਈ = ਮਿੱਟੀ ਖਾ ਜਾਂਦੀ ਹੈ। ਓਹ = ਉਹ ਜੀਵ-ਆਤਮਾ। ਬਾਲਾ = ਬਾਲਕ। ਭਾਈ = ਹੇ ਭਾਈ!।1। ਰਹਾਉ।

ਸਾਧ = ਗੁਰੂ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭਉ = ਡਰ। ਪਾਰਿ ਪਰਾਈ = ਪਾਰ ਲੰਘ ਜਾਂਦਾ ਹੈ।2।

ਅਰਥ: ਹੇ ਭਾਈ! ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ। ਸਰੀਰ ਹੀ ਕਦੇ ਬਾਲਕ ਹੈ ਕਦੇ ਜਵਾਨ ਹੈ, ਕਦੇ ਬੁੱਢਾ ਹੈ ਤੇ ਫਿਰ ਮਰ ਜਾਂਦਾ ਹੈ। ਮਰੇ ਸਰੀਰ ਨੂੰ) ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ।1। ਰਹਾਉ।

(ਹੇ ਭਾਈ!) ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ (ਮਨੁੱਖ ਫਿਰ ਭੀ ਨਹੀਂ ਸਮਝਦਾ ਕਿ ਮੌਤ ਜ਼ਰੂਰ ਆਉਣੀ ਹੈ) ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ।1।

ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ ਹੀ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ।2। 33।

ਆਸਾ ਮਹਲਾ ੫ ॥ ਸਦਾ ਸਦਾ ਆਤਮ ਪਰਗਾਸੁ ॥ ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥ ਰਾਮ ਨਾਮ ਨਿਤਿ ਜਪਿ ਮਨ ਮੇਰੇ ॥ ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥ ਕਹੁ ਨਾਨਕ ਜਾ ਕੇ ਪੂਰਨ ਕਰਮ ॥ ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥ ਦੂਜੇ ਘਰ ਕੇ ਚਉਤੀਸ ॥ {ਪੰਨਾ 378}

ਪਦ ਅਰਥ: ਆਤਮ ਪਰਗਾਸੁ = ਆਤਮਕ ਜੀਵਨ ਦਾ ਚਾਨਣ, ਇਹ ਚਾਨਣ ਕਿ ਆਤਮਕ ਜੀਵਨ ਕਿਵੇਂ ਜੀਵੀਦਾ ਹੈ।1।

ਨਿਤਿ = ਸਦਾ। ਮਨ = ਹੇ ਮਨ! ਕਿਲਵਿਖ = ਪਾਪ।1। ਰਹਾਉ।

ਕਰਮ = ਭਾਗ। ਭੇਟੇ = ਮਿਲਦਾ ਹੈ।2।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ।1। ਰਹਾਉ।

(ਹੇ ਭਾਈ!) ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ।1।

(ਪਰ) ਹੇ ਨਾਨਕ! ਆਖ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ।2। 34।

ਨੋਟ: ਦੂਜੇ ਘਰ ਕੇ ਚਉਤੀਸ। ਆਰੰਭ ਵਿਚ ਸਿਰ-ਲੇਖ ਆਇਆ ਸੀ = ਘਰੁ 2 ਮਹਲਾ 5। ਘਰ ਦੂਜੇ ਦੇ ਸੰਗ੍ਰਹਿ ਵਿਚ 34 ਸ਼ਬਦ ਹਨ।

ਆਸਾ ਮਹਲਾ ੫ ॥ ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥ ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥ ਕਰਿ ਕਿਰਪਾ ਚਰਨ ਸੰਗਿ ਮੇਲੀ ॥ ਸੂਖ ਸਹਜ ਆਨੰਦ ਸੁਹੇਲੀ ॥੧॥ ਸਾਧਸੰਗਿ ਗੁਣ ਗਾਇ ਅਤੋਲੀ ॥ ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥ {ਪੰਨਾ 378-379}

ਪਦ ਅਰਥ: ਜਾ ਕਾ = ਜਿਸ (ਮਨੁੱਖ) ਦਾ। ਬੇਲੀ = ਮਦਦਗਾਰ, ਸਹਾਈ। ਸੁਆਮੀ = ਮਾਲਕ। ਦੁਹੇਲੀ = ਦੁਖੀ, ਦੁੱਖ ਭਰੀ।1। ਰਹਾਉ।

ਸੰਗਿ = ਨਾਲ। ਸਹਜ = ਆਤਮਕ ਅਡੋਲਤਾ। ਸੁਹੇਲੀ = ਸੁਖੀ, ਸੁਖ-ਭਰੀ।1।

ਸਾਧ ਸੰਗਿ = ਸਾਧ ਸੰਗਤਿ ਵਿਚ। ਗਾਇ = ਗਾ ਕੇ। ਅਤੋਲੀ = ਜੋ ਤੋਲੀ ਨ ਜਾ ਸਕੇ, ਜਿਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਨਾਹ ਮਿਲ ਸਕੇ। ਅਮੋਲੀ = ਜਿਸ ਦਾ ਮੁੱਲ ਨਾਹ ਪੈ ਸਕੇ।2।

ਅਰਥ: (ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ, ਉਸ ਦਾ ਹਰੇਕ ਕਿਸਮ ਦਾ ਦੁੱਖ-ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁਖ ਘੇਰ ਨਹੀਂ ਸਕਦੇ।1। ਰਹਾਉ।

(ਹੇ ਭਾਈ!) ਜਿਸ ਜੀਵ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਸ ਦੇ ਅੰਦਰ ਸੁਖ ਆਨੰਦ ਆਤਮਕ ਅਡੋਲਤਾ ਆ ਵੱਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ।1।

ਹੇ ਨਾਨਕ! ਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਦਾ ਸਿਮਰਨ ਕਰ ਕੇ (ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੇ) ਬਰਾਬਰ ਦਾ ਕੋਈ ਨਹੀਂ ਮਿਲ ਸਕਦਾ, ਉਸ ਦੀ ਕੀਮਤ ਦਾ ਕੋਈ ਨਹੀਂ ਲੱਭ ਸਕਦਾ।2। 35।

TOP OF PAGE

Sri Guru Granth Darpan, by Professor Sahib Singh