ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 379

ਆਸਾ ਮਹਲਾ ੫ ॥ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥ ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥ ਜਨਮ ਮਰਨ ਚੂਕੇ ਸਭਿ ਭਾਰੇ ॥ ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥ ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥ ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹ੍ਹਾਰੇ ॥੨॥ ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥ ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥ ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥ ਤੁਮ੍ਹ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥ {ਪੰਨਾ 379}

ਪਦ ਅਰਥ: ਮਦ = ਅਹੰਕਾਰ। ਮਤਸਰ = ਈਰਖਾ। ਏ = ਇਹ ਸਾਰੇ {ਬਹੁ-ਵਚਨ}। ਸਭਿ = ਸਾਰੇ। ਜੂਐ = ਜੂਏ ਵਿਚ। ਭੀਤਰਿ = ਅੰਦਰ। ਵਾਰੇ = ਲੈ ਆਂਦੇ।1।

ਚੂਕੇ = ਮੁੱਕ ਗਏ। ਭਾਰੇ = ਜ਼ਿੰਮੇਵਾਰੀਆਂ। ਗੁਰਿ = ਗੁਰੂ ਨੇ। ਖਿਨ ਮਹਿ = ਬੜੀ ਹੀ ਛੇਤੀ।1। ਰਹਾਉ।

ਰੇਨੁ = ਚਰਨ-ਧੂੜ। ਮਨੂਆ = ਮਨ। ਦੀਸਹਿ = ਦਿੱਸਦੇ ਹਨ। ਮਧੇ = ਵਿਚ। ਸਮ੍ਹ੍ਹਾਰੇ = ਸੰਭਾਲ ਕਰਦਾ ਹੈ।2।

ਏਕੈ ਪਾਸਾਰੇ = ਇੱਕ ਪ੍ਰਭੂ ਦਾ ਹੀ ਖਿਲਾਰਾ। ਸਾਧ ਜਨ = ਭਲੇ ਮਨੁੱਖ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ।3।

ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਗੁਸਾਈ = ਸ੍ਰਿਸ਼ਟੀ ਦਾ ਮਾਲਕ। ਪਾਰਾਵਾਰੇ = ਪਾਰ ਅਵਾਰ, ਪਾਰਲਾ ਬੰਨਾ ਤੇ ਉਰਲਾ ਬੰਨਾ। ਤੇ = ਤੋਂ, ਨਾਲ। ਕਉ = ਨੂੰ।4।

ਅਰਥ: (ਹੇ ਭਾਈ!) ਸਾਧ ਸੰਗਤਿ ਵਿਚ ਮਿਲ ਬੈਠਿਆਂ ਮਨ ਪਵਿਤ੍ਰ ਹੋ ਜਾਂਦਾ ਹੈ, (ਸਾਧ ਸੰਗਤਿ ਵਿਚ ਬੈਠਣ ਵਾਲੇ ਨੂੰ) ਪੂਰੇ ਗੁਰੂ ਨੇ ਇਕ ਖਿਨ ਵਿਚ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲਿਆ, ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਉਸ ਦੀਆਂ (ਆਪਣੇ ਆਪ ਆਪਣੇ ਸਿਰ ਉਤੇ ਲਈਆਂ) ਜ਼ਿੰਮੇਵਾਰੀਆਂ ਮੁੱਕ ਗਈਆਂ।1। ਰਹਾਉ।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਬੈਠਦਾ ਹੈ ਉਹ) ਕਾਮ, ਕ੍ਰੋਧ, ਮਾਇਆ ਦਾ ਮੋਹ, ਅਹੰਕਾਰ, ਈਰਖਾ = ਇਹਨਾਂ ਸਾਰੇ ਵਿਕਾਰਾਂ ਨੂੰ (ਮਾਨੋ) ਜੂਏ ਦੀ ਬਾਜ਼ੀ ਵਿਚ ਖੇਡ ਕੇ ਹਾਰ ਦੇਂਦਾ ਹੈ ਅਤੇ ਸਤ ਸੰਤੋਖ ਦਇਆ ਧਰਮ ਸੱਚ = ਇਹਨਾਂ ਗੁਣਾਂ ਨੂੰ ਆਪਣੇ ਹਿਰਦੇ-ਘਰ ਵਿਚ ਲੈ ਆਉਂਦਾ ਹੈ।1।

(ਹੇ ਭਾਈ! ਜੇਹੜਾ ਮਨੁੱਖ ਸੰਗਤਿ ਵਿਚ ਬੈਠਦਾ ਹੈ ਉਸ ਦਾ) ਮਨ ਸਭਨਾਂ ਦੀ ਚਰਨ-ਧੂੜ ਬਣ ਜਾਂਦਾ ਹੈ ਉਸ ਨੂੰ (ਸ੍ਰਿਸ਼ਟੀ ਦੇ) ਸਾਰੇ ਜੀਵ ਪਿਆਰੇ ਮਿੱਤਰ ਦਿੱਸਦੇ ਹਨ (ਉਸ ਨੂੰ ਪ੍ਰਤੱਖ ਦਿੱਸਦਾ ਹੈ ਕਿ) ਪਿਆਰਾ ਪਾਲਣਹਾਰ ਪ੍ਰਭੂ ਸਭ ਜੀਵਾਂ ਵਿਚ ਮੌਜੂਦ ਹੈ ਤੇ ਸਭ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ।2।

(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆਉਂਦੇ ਹਨ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਸਾਰੇ ਮਨੁੱਖ ਗੁਰਮੁਖਿ ਬਣ ਜਾਂਦੇ ਹਨ, ਇਕ ਪਰਮਾਤਮਾ ਦੇ ਨਾਮ ਦਾ ਧਿਆਨ ਧਰ ਕੇ ਉਹ ਹੋਰ ਅਨੇਕਾਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ (ਉਹਨਾਂ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਸਾਰੇ ਸੰਸਾਰ ਵਿਚ) ਪਰਮਾਤਮਾ ਆਪ ਹੀ ਆਪ ਵੱਸ ਰਿਹਾ ਹੈ, ਇਹ ਸਾਰਾ ਜਗਤ ਉਸ ਇੱਕ ਪਰਮਾਤਮਾ ਦਾ ਹੀ ਖਿਲਾਰਾ ਹੈ।3।

ਹੇ ਨਾਨਕ! (ਆਖ–) ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਬੇਅੰਤ ਗੁਸਾਈਂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੇਹੜਾ ਭੀ ਕੋਈ ਜੀਵ ਤੇਰੇ ਗੁਣ ਗਾਂਦਾ ਹੈ, ਜੇਹੜਾ ਭੀ ਕੋਈ ਤੇਰਾ ਨਾਮ ਸਿਮਰ ਸਿਮਰ ਕੇ ਤੇਰੇ ਅੱਗੇ ਸਿਰ ਨਿਵਾਂਦਾ ਹੈ ਉਹ ਇਹ ਸਭ ਕੁਝ ਤੇਰੀ ਮੇਹਰ ਨਾਲ ਹੀ ਕਰਦਾ ਹੈ।4। 36।

ਆਸਾ ਮਹਲਾ ੫ ॥ ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥ ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥ ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥ ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥ ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹੁ ਰਹਤਾ ਨਾਮ ਅਧਾਰਿ ॥ ਅਨਦੁ ਕਰੈ ਸਾਸਿ ਸਾਸਿ ਸਮ੍ਹ੍ਹਾਰੈ ਨਾ ਪੋਹੈ ਅਗਨਾਰਿ ॥੨॥ ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥ ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥ ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥ ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਹ੍ਹਾਰਿ ॥੪॥੩੭॥ {ਪੰਨਾ 379}

ਪਦ ਅਰਥ: ਅਵਿਗਤੁ = {AÒX#q} ਅਦ੍ਰਿਸ਼ਟ। ਅਗੋਚਰੁ = {ਅ-ਗੋ-ਚਰੁ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਆਕਾਰੁ = ਦਿੱਸਦਾ ਸੰਸਾਰ। ਕਰਹ = ਅਸੀਂ ਕਰੀਏ। ਤੁਝੈ ਮਝਾਰਿ = ਤੇਰੇ (ਹੁਕਮ ਦੇ) ਅੰਦਰ।1।

ਲੀਲਾ = ਖੇਡ, ਚੋਜ। ਧਾਰਿ = ਧਾਰ ਕੇ, ਕਰ ਕੇ। ਅਗਮ = {AgMX} ਅਪਹੁੰਚ।1। ਰਹਾਉ।

ਜਨਨਿ = ਮਾਂ। ਜਠਰ = ਪੇਟ। ਅਧਾਰਿ = ਆਸਰੇ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਗਨਾਰਿ = ਅੱਗ।2।

ਦਾਰਾ = ਇਸਤ੍ਰੀ। ਨਿਵਾਰਿ = ਦੂਰ ਕਰ। ਕਮਲ = ਕੌਲ-ਫੁੱਲ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਰਿਦ = ਹਿਰਦਾ। ਆਧਾਰਿ = ਆਸਰੇ ਨਾਲ।3।

ਸੰਗਾਰਿ = ਸੰਗ ਜਾਣ ਵਾਲਾ। ਜੀਵਹਿ = ਤੂੰ ਜੀਊਂਦਾ ਹੈਂ। ਕਲੀ ਕਾਲ ਮਹਿ = ਜਗਤ ਵਿਚ {ਨੋਟ: ਸਾਧਾਰਣ ਹਾਲਤ ਵਿਚ 'ਕਲਿਜੁਗ' ਵਰਤਿਆ ਹੈ ਕਿਉਂਕਿ ਜਿਸ ਜੁਗ ਵਿਚ ਸਤਿਗੁਰੂ ਜੀ ਆਏ ਉਸ ਦਾ ਨਾਮ 'ਕਲਿਜੁਗ' ਪ੍ਰਸਿਧ ਹੈ। ਇਥੇ 'ਕਲੀ-ਕਾਲ' ਤੋਂ ਭਾਵ ਹੈ 'ਸੰਸਾਰ, ਜਗਤ'}। ਸਮ੍ਹ੍ਹਾਰਿ = ਸੰਭਾਲ, ਹਿਰਦੇ ਵਿਚ ਪ੍ਰੋ ਰੱਖ।4।

ਅਰਥ: ਹੇ ਮੇਰੇ ਸਤਿਗੁਰ! ਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ। ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।1। ਰਹਾਉ।

(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦ੍ਰਿਸ਼ਟ ਹੈਂ, ਤੂੰ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ। ਅਸੀਂ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ? ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ।1।

(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ (ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ।2।

(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ = ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ। (ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ।3।

ਹੇ ਦਾਸ ਨਾਨਕ! (ਆਖ– ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ। (ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ।4। 37।

ਨੋਟ: ਇਹਨਾਂ ਤਿੰਨ ਸ਼ਬਦਾਂ ਦੇ ਸ਼ੁਰੂ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਨੂੰ ਕਿਸ 'ਘਰ' ਵਿਚ ਗਾਵਣਾ ਹੈ। ਪਹਿਲੇ 34 ਸ਼ਬਦ 'ਘਰੁ 2' ਦੇ ਸਨ। ਅਗਾਂਹ 'ਘਰੁ 3' ਚੱਲ ਪਿਆ ਹੈ।

ਆਸਾ ਘਰੁ ੩ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋੁਆਨੀ ॥ ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥ ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥ ਕਾਹੇ ਏਕ ਬਿਨਾ ਚਿਤੁ ਲਾਈਐ ॥ ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥ ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥ ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥ ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥ ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥ ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥ ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥ {ਪੰਨਾ 379-380}

ਪਦ ਅਰਥ: ਮਿਲਕ = ਜੀਵਨ, ਭੁਇਂ। ਗ੍ਰਿਹ = ਘਰ। ਰੂਪਵੰਤੁ = ਰੂਪ ਵਾਲਾ। ਜੋੁਆਨੀ = {ਅਸਲ ਲਫ਼ਜ਼ 'ਜੁਆਨੀ' ਹੈ, ਇਥੇ 'ਜੋਆਨੀ' ਪੜ੍ਹਨਾ ਹੈ}। ਦਰਬੁ = ਧਨ {dàÒX}। ਹਸਤੀ = ਹਾਥੀ। ਬੈ = ਮੁੱਲ ਖ਼ਰੀਦ ਕੇ। ਆਨੀ = ਲੈ ਆਂਦੇ। ਕਾਮਿ = ਕੰਮ ਵਿਚ।1।

ਕਾਹੇ = ਕਿਉਂ?।1। ਰਹਾਉ।

ਬਚਿਤ੍ਰ = ਅਸਚਰਜ। ਆਖਾੜੇ = ਪਿੜ। ਜਿਤੇ = ਜਿੱਤ ਲਏ। ਪਵਾੜੇ = ਝਗੜੇ। ਹਉ = ਮੈਂ। ਬੰਧਉ = ਮੈਂ ਬੰਨ੍ਹਦਾ ਹਾਂ। ਛੋਡਉ = ਛੋਡਉਂ, ਮੈਂ ਛੱਡਦਾ ਹਾਂ। ਏਵ = ਇਸ ਤਰ੍ਹਾਂ। ਤੇ = ਤੋਂ। ਬਬਾੜੇ = ਬਕਦਾ ਹੈ, ਵਾਹੀ-ਤਬਾਹੀ ਬੋਲਦਾ ਹੈ।2।

ਜੁਗਤਿ ਬਹੁ = ਅਨੇਕਾਂ ਤਰੀਕਿਆਂ ਨਾਲ। ਜਾਸੀ = ਚਲਾ ਜਾਇਗਾ। ਖਾਕੁ = ਮਿੱਟੀ।3।

ਸਭਿ = ਸਾਰੇ। ਝੂਠਾ = ਨਾਸਵੰਤ। ਪਸਾਰਾ = ਖਿਲਾਰਾ। ਖਪਿ ਖਪਿ = ਖ਼ੁਆਰ ਹੋ ਹੋ ਕੇ। ਮਿਲਿ = ਮਿਲ ਕੇ। ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ।4।

ਅਰਥ: (ਹੇ ਭਾਈ!) ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਵਿਚ ਪ੍ਰੀਤਿ ਨਹੀਂ ਜੋੜਨੀ ਚਾਹੀਦੀ। ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਦਾ ਹੀ ਸਦਾ ਹੀ ਪਰਮਾਤਮਾ ਵਿਚ ਹੀ ਸੁਰਤਿ ਜੋੜੀ ਰੱਖਣੀ ਚਾਹੀਦੀ ਹੈ।1। ਰਹਾਉ।

(ਹੇ ਭਾਈ!) ਹਕੂਮਤਿ, ਜ਼ਮੀਨ ਦੀ ਮਾਲਕੀ, ਜੋਬਨ, ਘਰ, ਇੱਜ਼ਤ, ਸੁੰਦਰਤਾ, ਜੁਆਨੀ, ਬਹੁਤ ਧਨ, ਹਾਥੀ ਅਤੇ ਘੋੜੇ (ਜੇ ਇਹ ਸਭ ਕੁਝ ਕਿਸੇ ਮਨੁੱਖ ਦੇ ਪਾਸ ਹੋਵੇ) , ਜੇ ਲੱਖਾਂ ਰੁਪਏ ਖ਼ਰਚ ਕੇ (ਕੀਮਤੀ) ਲਾਲ ਮੁੱਲ ਲੈ ਆਵੇ (ਤੇ ਇਹਨਾਂ ਪਦਾਰਥਾਂ ਦਾ ਮਾਣ ਕਰਦਾ ਰਹੇ) , ਪਰ ਅਗਾਂਹ ਪਰਮਾਤਮਾ ਦੀ ਦਰਗਾਹ ਵਿਚ (ਇਹਨਾਂ ਵਿਚੋਂ ਕੋਈ ਭੀ ਚੀਜ਼) ਕੰਮ ਨਹੀਂ ਆਉਂਦੀ। (ਇਹਨਾਂ ਪਦਾਰਥਾਂ ਦਾ) ਮਾਣ ਕਰਨ ਵਾਲਾ ਮਨੁੱਖ (ਇਹਨਾਂ ਸਭਨਾਂ ਨੂੰ ਇਥੇ ਹੀ) ਛੱਡ ਕੇ (ਇਥੋਂ) ਤੁਰ ਪੈਂਦਾ ਹੈ।1।

ਜੇ ਕੋਈ ਮਨੁੱਖ ਬੜੇ ਅਸਚਰਜ ਸੋਹਣੇ ਪਿੜ (ਭਾਵ, ਕੁਸ਼ਤੀਆਂ) ਜਿੱਤਦਾ ਹੈ ਜੇ ਉਹ ਰਣਭੂਮੀ ਵਿਚ ਜਾ ਕੇ (ਬੜੇ ਬੜੇ) ਝਗੜੇ-ਲੜਾਈਆਂ ਜਿੱਤ ਲੈਂਦਾ ਹੈ ਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ (ਤਾਂ ਭੀ ਕੀਹ ਹੋਇਆ?) ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ।2।

ਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ, ਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ, ਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ।3।

ਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ। ਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੁੰਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ।

ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ।4।1। 38।

ਨੋਟ: 'ਘਰੁ 3' ਦਾ ਇਹ ਪਹਿਲਾ ਸ਼ਬਦ ਹੈ ਹੁਣ ਤਕ ਕੁੱਲ 38 ਸ਼ਬਦ ਮਹਲਾ 5 ਦੇ ਆ ਚੁਕੇ ਹਨ।

TOP OF PAGE

Sri Guru Granth Darpan, by Professor Sahib Singh