ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 380 ਰਾਗੁ ਆਸਾ ਘਰੁ ੫ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਕੋਊ ਜਾਗੈ ਹਰਿ ਜਨੁ ॥੧॥ ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ ਕੋਊ ਤਿਆਗੈ ਵਿਰਲਾ ॥੨॥ ਚਰਨ ਕਮਲ ਆਨੂਪ ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥ ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥ {ਪੰਨਾ 380} ਪਦ ਅਰਥ: ਭ੍ਰਮ = ਭਟਕਣ। ਸੋਈ = ਸੁੱਤੀ ਹੋਈ। ਸਗਲ = ਸਾਰੀ (ਲੁਕਾਈ) । ਅੰਧ = ਅੰਨ੍ਹੀ। ਕੋਊ = ਕੋਈ ਵਿਰਲਾ।1। ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮਗਨ = ਮਸਤ। ਪ੍ਰਿਅ = ਪਿਆਰੀ। ਪ੍ਰਾਨ = ਜਿੰਦ।2। ਆਨੂਪ = ਸੁੰਦਰ। ਮੰਤ = ਉਪਦੇਸ਼। ਸਾਧੂ = ਗੁਰਮੁਖਿ ਮਨੁੱਖ।3। ਸੰਗਿ = ਸੰਗਤਿ ਵਿਚ। ਸਾਧੂ = ਗੁਰੂ। ਰੰਗਿ = ਰੰਗ ਵਿਚ।4। ਅਰਥ: (ਹੇ ਭਾਈ!) ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ। ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ।1। (ਹੇ ਭਾਈ!) ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, (ਮਾਇਆ ਨਾਲ ਇਹ) ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ। ਕੋਈ ਵਿਰਲਾ ਮਨੁੱਖ (ਮਾਇਆ ਦੀ ਇਸ ਪ੍ਰੀਤਿ ਨੂੰ) ਛੱਡਦਾ ਹੈ।2। (ਹੇ ਭਾਈ!) ਪਰਮਾਤਮਾ ਦੇ ਸੋਹਣੇ ਸੁੰਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ, ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ।3। ਹੇ ਨਾਨਕ! ਕੋਈ ਭਾਗਾਂ ਵਾਲਾ ਮਨੁੱਖ ਜਿਸ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ, ਗੁਰੂ ਦੀ ਸੰਗਤਿ ਵਿਚ ਆ ਕੇ (ਗੁਰੂ ਦੇ ਬਖ਼ਸ਼ੇ) ਗਿਆਨ ਦੇ ਰੰਗ ਵਿਚ (ਰੰਗੀਜ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਰਹਿੰਦਾ ਹੈ।4।1। 39। ਨੋਟ: 'ਘਰੁ 5' ਦਾ ਇਹ ਪਹਿਲਾ ਸ਼ਬਦ ਹੈ। ਮਹਲਾ 5 ਦੇ ਕੁਲ ਸ਼ਬਦ 39 ਆ ਚੁਕੇ ਹਨ। ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੬ ਮਹਲਾ ੫ ॥ ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥ ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥ ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥ ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥ ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥ ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥ ਜਾ ਕਉ ਟੇਕ ਤੁਮ੍ਹ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥ ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥ ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥ ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥ {ਪੰਨਾ 380} ਪਦ ਅਰਥ: ਪਰਵਾਨਾ = ਕਬੂਲ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਸੋਈ = ਉਹੀ, (ਪਰਮਾਤਮਾ ਦੀ ਰਜ਼ਾ ਮੰਨਣਾ ਹੀ) । ਰੇ = ਹੇ ਭਾਈ!।1। ਰਸਕਿ = ਰਸ ਲੈ ਲੈ ਕੇ, ਸੁਆਦ ਨਾਲ। ਗਾਵਹਿ = ਗਾਂਦੇ ਹਨ। ਮਸਲਤਿ = ਸਲਾਹ-ਮਸ਼ਵਰਾ। ਮਤਾ = ਫ਼ੈਸਲਾ।1। ਰਹਾਉ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਤ੍ਰਿਪਤਿ = ਤ੍ਰਿਪਤੀ, ਸੰਤੋਖ, ਰੱਜ। ਅਘਾਇ = ਰੱਜ ਕੇ। ਨਿਧਾਨੁ = ਖ਼ਜ਼ਾਨਾ।2। ਕਉ = ਨੂੰ। ਟੇਕ = ਆਸਰਾ। ਭਗਵੰਤਾ = ਭਾਗਾਂ ਵਾਲੇ।3। ਭਰਮ = ਭਟਕਣ। ਧ੍ਰੋਹ = ਠੱਗੀ। ਸਭਿ = ਸਾਰੇ। ਨਿਕਸੇ = ਨਿਕਲ ਗਏ। ਸਚੁ = ਸਦਾ ਕਾਇਮ ਰਹਿਣ ਵਾਲਾ। ਨਾਮੇ = ਨਾਮ ਵਿਚ ਹੀ। ਰੰਗਿ = ਪ੍ਰੇਮ ਨਾਲ।4। ਅਰਥ: (ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ। ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ।1। ਰਹਾਉ। ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।1। ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ। (ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ।2। ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ।3। ਹੇ ਨਾਨਕ! (ਆਖ–) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।4।1। 40। ਨੋਟ: 'ਘਰੁ 6' ਦੇ ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਆਸਾ ਮਹਲਾ ੫ ॥ ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥ ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥ ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥ ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥ ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥ ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥ ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥ {ਪੰਨਾ 380-381} ਪਦ ਅਰਥ: ਮਲੁ = ਪਾਪਾਂ ਦੀ ਮੈਲ। ਪਰਾਈ = ਹੋਰਨਾਂ ਦੀ। ਈਹਾ = ਇਸ ਲੋਕ ਵਿਚ। ਢੋਈ = ਆਸਰਾ, ਟਿਕਾਣਾ। ਜਮਪੁਰਿ = ਜਮ ਦੇ ਨਗਰ ਵਿਚ। ਜਾਇ = ਜਾ ਕੇ। ਪਚਾਵੈ = ਖ਼ੁਆਰ ਹੁੰਦਾ ਹੈ, ਦੁੱਖੀ ਹੁੰਦਾ ਹੈ।1। ਨਿੰਦਕਿ = ਨਿੰਦਕ ਨੇ। ਅਹਿਲਾ = ਕੀਮਤੀ। ਕਾਹੂ ਬਾਤੈ = ਕਿਸੇ ਭੀ ਗੱਲ ਵਿਚ। ਆਗੈ = ਪਰਲੋਕ ਵਿਚ।1। ਰਹਾਉ। ਕਿਰਤੁ = ਪਿਛਲੇ ਜਨਮਾਂ ਵਿਚ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਪੇਸ਼ ਪਿਆ, ਉੱਘੜ ਆਇਆ। ਬਪੁਰਾ = ਵਿਚਾਰਾ, ਬਦ-ਨਸੀਬ, ਮੰਦ-ਭਾਗੀ। ਤਹਾ = ਉਸ ਥਾਂ, ਉਸ ਨਿੱਘਰੀ ਆਤਮਕ ਅਵਸਥਾ ਵਿਚ। ਬਿਗੂਤਾ = ਖ਼ੁਆਰ ਹੁੰਦਾ ਹੈ। ਪਹਿ = ਪਾਸ।2। ਗਤਿ = ਉੱਚੀ ਆਤਮਕ ਅਵਸਥਾ। ਕਤ ਹੂੰ = ਕਿਤੇ ਭੀ। ਏਵੈਂ = ਇਉਂ ਹੀ।3। ਸਹਾਈ = ਮਦਦਗਾਰ।4। ਅਰਥ: (ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ। (ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, ਪਰ ਉਹ ਨਿੰਦਕ) ਕਿਸੇ ਗੱਲੇ ਭੀ (ਸੰਤ ਜਨਾਂ) ਦੀ ਬਰਾਬਰੀ ਨਹੀਂ ਕਰ ਸਕਦਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ।1। ਰਹਾਉ। (ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤਰ੍ਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ। (ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਰਹਿੰਦਾ ਹੈ।1। ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ) । ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ। ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ।2। ਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ। ਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ।3। ਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ। ਹੇ ਨਾਨਕ! ਆਖ– (ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ।4।2। 41। |
Sri Guru Granth Darpan, by Professor Sahib Singh |