ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 381

ਆਸਾ ਮਹਲਾ ੫ ॥ ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥ ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥ ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥ ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥ ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥ ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥ ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥ ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥ ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥ {ਪੰਨਾ 381}

ਪਦ ਅਰਥ: ਬਾਹਰੁ = ਬਾਹਰਲਾ ਪਾਸਾ, ਪਿੰਡਾ, ਸਰੀਰ। ਅੰਤਰੁ = ਅੰਦਰਲਾ। ਖੋਏ = ਗਵਾ ਲਏ। ਈਹਾ = ਇਸ ਲੋਕ ਵਿਚ। ਕਾਮਿ = ਕਾਮ ਵਿਚ। ਵਿਆਪਿਆ = ਫਸਿਆ ਰਿਹਾ। ਆਗੈ = ਪਰਲੋਕ ਵਿਚ। ਮੁਸਿ ਮੁਸਿ = ਹਟਕੋਰੇ ਲੈ ਲੈ ਕੇ।1।

ਮਤਿ = ਅਕਲ। ਹੋਰਾ = ਹੋਰ ਕਿਸਮ ਦੀ। ਵਰਮੀ = ਖੁੱਡ। ਡੋਰਾ = ਬੋਲਾ।1। ਰਹਾਉ।

ਕਿਰਤਿ = ਮੇਹਨਤ। ਸਾਰ = ਕਦਰ, ਸੂਝ। ਕਉ = ਨੂੰ। ਤਰਕਨ ਲਾਗਾ = ਬਹਸਣ ਲੱਗ ਪਿਆ। ਤਤੁ = ਅਸਲੀਅਤ। ਜੋਗੁ = ਮਿਲਾਪ।2।

ਢਬੂਆ = ਚਾਂਦੀ ਦਾ ਰੁਪਇਆ। ਤੇ = ਤੋਂ, ਪਾਸੋਂ।3।

ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ। ਕਪਟਿ = ਠੱਗੀ ਵਿਚ। ਬੰਚਿ = ਠਗੀਜ ਕੇ। ਨਿੰਮੁਨੀਆਦਾ = ਬੇ-ਮੁਨਿਆਦਾ, ਜਿਸ ਦੀ ਪੱਕੀ ਨੀਂਹ ਨਹੀਂ ਹੈ। ਤਤਕਾਲੇ = ਤੁਰਤ। ਸਤਿ = ਸੱਚ। ਨਾਨਕਿ = ਨਾਨਕ ਨੇ। ਸਮਾਲੇ = ਸਮਾਲਿ, ਸੰਭਾਲ ਕੇ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਹੋਰ ਕਿਸਮ ਦੀ ਹੁੰਦੀ ਹੈ (ਉਸ ਵਿਚ ਵਿਖਾਵਾ ਨਹੀਂ ਹੁੰਦਾ) । ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸੁਣਦਾ, ਜੇ ਨਾਮ ਵਲੋਂ ਬੋਲਾ ਰਹਿੰਦਾ ਹੈ (ਤਾਂ ਬਾਹਰਲੇ ਧਾਰਮਕ ਕਰਮ ਇਉਂ ਹੀ ਹਨ ਜਿਵੇਂ ਸੱਪ ਨੂੰ ਮਾਰਨ ਦੇ ਥਾਂ ਸੱਪ ਦੀ ਖੁੱਡ ਨੂੰ ਕੁੱਟੀ ਜਾਣਾ) , ਪਰ ਜੇ ਖੁੱਡ ਨੂੰ ਕੁੱਟਦੇ ਜਾਈਏ ਤਾਂ ਇਸ ਤਰ੍ਹਾਂ ਸੱਪ ਨਹੀਂ ਮਰਦਾ (ਬਾਹਰਲੇ ਕਰਮਾਂ ਨਾਲ ਮਨ ਵੱਸ ਵਿਚ ਨਹੀਂ ਆਉਂਦਾ) ।1। ਰਹਾਉ।

ਜੇਹੜਾ ਮਨੁੱਖ (ਤੀਰਥ ਆਦਿਕਾਂ ਤੇ ਨਿਰਾ) ਪਿੰਡਾ ਧੋ ਕੇ ਅੰਦਰਲਾ ਮਨ (ਵਿਕਾਰਾਂ ਨਾਲ) ਮੈਲਾ ਹੀ ਰੱਖਦਾ ਹੈ ਉਹ ਲੋਕ ਪਰਲੋਕ ਆਪਣੇ ਦੋਵੇਂ ਥਾਂ ਗਵਾ ਲੈਂਦਾ ਹੈ। ਇਸ ਲੋਕ ਵਿਚ ਰਹਿੰਦਿਆਂ ਕਾਮ-ਵਾਸ਼ਨਾ ਵਿਚ, ਕ੍ਰੋਧ ਵਿਚ, ਮੋਹ ਵਿਚ, ਫਸਿਆ ਰਹਿੰਦਾ ਹੈ, ਅਗਾਂਹ ਪਰਲੋਕ ਵਿਚ ਜਾ ਕੇ ਹਟਕੋਰੇ ਲੈ ਲੈ ਰੋਂਦਾ ਹੈ।1।

(ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ, ਜੇਹੜਾ ਮਨੁੱਖ ਵੇਦ ਸ਼ਾਸਤਰ ਆਦਿਕ ਧਰਮ-ਪੁਸਤਕਾਂ ਨੂੰ ਸਿਰਫ਼ ਬਹਸਾਂ ਵਿਚ ਹੀ ਵਰਤਣਾ ਸ਼ੁਰੂ ਕਰ ਦੇਂਦਾ ਹੈ ਉਹ (ਆਤਮਕ ਜੀਵਨ ਦੀ) ਅਸਲੀਅਤ ਨਹੀਂ ਸਮਝਦਾ, ਉਹ ਪਰਮਾਤਮਾ ਦਾ ਮਿਲਾਪ ਨਹੀਂ ਸਮਝਦਾ।2।

ਜਿਵੇਂ ਜਦੋਂ ਕੋਈ ਖੋਟਾ ਰੁਪਇਆ ਸਰਾਫ਼ਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਤੱਖ ਦਿੱਸ ਪੈਂਦਾ ਹੈ; (ਤਿਵੇਂ ਜੇਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ, ਪਰ ਬਾਹਰੋਂ ਧਾਰਮਿਕ ਭੇਖੀ) ਉਹ ਪਰਮਾਤਮਾ ਪਾਸੋਂ (ਆਪਣਾ ਅੰਦਰਲਾ ਖੋਟ) ਲੁਕਾ ਨਹੀਂ ਸਕਦਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ।3।

ਮਨੁੱਖ ਦੀ ਇਸ ਜਗਤ ਵਿਚ ਚਾਰ-ਰੋਜ਼ਾ ਜ਼ਿੰਦਗੀ ਹੈ ਪਰ ਇਹ ਮਾਇਆ ਦੇ ਮੋਹ ਵਿਚ ਠੱਗੀ-ਫ਼ਰੇਬ ਵਿਚ ਆਤਮਕ ਜੀਵਨ ਲੁਟਾ ਕੇ ਬੜੀ ਛੇਤੀ ਆਤਮਕ ਮੌਤੇ ਮਰ ਜਾਂਦਾ ਹੈ।

ਹੇ ਭਾਈ! ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਉਸ ਨੂੰ ਆਪਣੇ ਅੰਦਰ ਵੱਸਦਾ ਵੇਖ (ਇਹੀ ਆਤਮਕ ਜੀਵਨ ਹੈ, ਇਹੀ ਜੀਵਨ-ਮਨੋਰਥ ਹੈ) ।4।3। 42।

ਆਸਾ ਮਹਲਾ ੫ ॥ ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥ ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥ ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥ ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥ ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥ ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥ ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥ ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥ {ਪੰਨਾ 381}

ਪਦ ਅਰਥ: ਨਿਰਮਲੁ = ਸਾਫ਼, ਪਵਿਤ੍ਰ। ਆਪੁ = ਆਪਾ-ਭਾਵ, ਅਹੰਕਾਰ। ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਵਸਗਤਿ = ਕਾਬੂ ਵਿਚ।1।

ਨਿਰਤਿ = ਨਾਚ, ਭਗਤੀ ਦਾ ਨਾਚ। ਪਖਾਵਜ = ਜੋੜੀ, ਤਬਲਾ। ਤਾਲ = ਛੈਣੇ। ਅਨਹਦ = ਇਕ-ਰਸ, ਬਿਨਾ ਸਾਜ ਵਜਾਇਆਂ ਪੈਦਾ ਹੋਣ ਵਾਲਾ ਰਾਗ।1। ਰਹਾਉ।

ਪਰਬੋਧੈ = ਜਗਾਂਦਾ ਹੈ, ਸਮਝਾਂਦਾ ਹੈ। ਅਵਰ = ਹੋਰਨਾਂ ਨੂੰ। ਰੀਝਾਵੈ = ਖ਼ੁਸ਼ ਕਰਦਾ ਹੈ। ਤੇ = ਤੋਂ।2।

ਕਰ ਸੰਗਿ = ਹੱਥਾਂ ਨਾਲ। ਸਾਧੂ ਚਰਨ = ਗੁਰਮੁਖਾਂ ਦੇ ਪੈਰ। ਪਖਾਰੈ = ਧੋਂਦਾ ਹੈ, ਪਖਾਲੈ। ਤਨਿ = ਸਰੀਰ ਉੱਤੇ। ਅਰਪਿ = ਹਵਾਲੇ ਕਰ ਕੇ। ਸਤਿ = ਸਦਾ ਕਾਇਮ ਰਹਿਣ ਵਾਲਾ।3।

ਪੇਖੈ = ਵੇਖਦਾ ਹੈ। ਸਰਧਾ = ਯਕੀਨ। ਤਾ ਕਾ = ਉਸ ਦਾ। ਨਿਵਾਰੈ = ਦੂਰ ਕਰਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈਣਾ ਵਾਲਾ ਮਨੁੱਖ।4।

ਅਰਥ: ਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ। ਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ।1। ਰਹਾਉ।

(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ। (ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ।1।

(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ, ਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ।2।

(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ, ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ।3।

ਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ।4। 4। 43।

ਆਸਾ ਮਹਲਾ ੫ ॥ ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥ ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥ ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥ ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥ ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥ ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥ ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥ {ਪੰਨਾ 381}

ਪਦ ਅਰਥ: ਅਧਮ = ਨੀਚ। ਚੰਡਾਲੀ = ਚੰਡਾਲਣ। ਸੂਦੀ = ਸ਼ੂਦਰਨੀ। ਤੇ = ਤੋਂ। ਸ੍ਰੇਸਟਾਈ = ਉੱਤਮ। ਰੇ = ਹੇ ਭਾਈ! ਸਖਨੀ = ਸੱਖਣੀ, ਖ਼ਾਲੀ, ਅਸੰਤੁਸ਼ਟ। ਲਹਬਰ = {ਅਰਬੀ 'ਲਹਬ' = ਅੱਗ ਦੀ ਲਾਟ}। ਬੂਝੀ = ਬੁੱਝ ਗਈ। ਖਾਈ = ਖਾਧੀ ਗਈ, ਮੁੱਕ ਗਈ।1।

ਬਿਲਾਈ = ਬਿੱਲੀ। ਘਰ ਕੀ ਬਿਲਾਈ = ਮਨ ਦੀ ਸੰਤੋਖ-ਹੀਣ ਬਿਰਤੀ। ਅਵਰ ਸਿਖਾਈ = ਹੋਰ ਤਰ੍ਹਾਂ ਸਿਖਾਈ ਗਈ। ਮੂਸਾ = ਚੂਹਾ। ਅਜ = ਬੱਕਰੀ, ਨਿਮ੍ਰਤਾ। ਗੁਰਿ = ਗੁਰੂ ਨੇ। ਕੇਹਰਿ = ਸ਼ੇਰ, ਅਹੰਕਾਰ। ਕੂਕਰ = ਕੁੱਤਾ, ਤਮੋ ਗੁਣ ਵਾਲੇ ਇੰਦ੍ਰੇ। ਤਿਨਹਿ = ਤ੍ਰਿਣ, ਘਾਹ।1। ਰਹਾਉ।

ਥੂਨੀਆ = ਥੰਮ੍ਹੀਆਂ। ਨੀਘਰਿਆ = ਨਿ-ਘਰਾ, ਭਟਕਦਾ ਫਿਰਦਾ। ਜੜੀਆ = ਸੁਨਿਆਰਾ। ਜੜਾਵਾ = ਜੜਾਊ ਗਹਣਾ। ਥੇਵਾ = ਨਗ।2।

ਦਾਦੀ = ਫ਼ਰਿਆਦੀ, ਗਿਲੇ ਕਰਨ ਵਾਲਾ। ਦਾਦਿ = ਇਨਸਾਫ਼। ਚੂਪੀ = ਸ਼ਾਂਤ ਰਹਿਣ ਵਾਲਾ। ਨਿਰਨਉ = ਇਨਸਾਫ਼। ਮਾਲਿ = ਮੱਲ ਕੇ। ਦੁਲੀਚੈ = ਦੁਲੀਚੇ ਉੱਤੇ। ਮਿਰਤਕੁ = ਆਮ ਤੌਰ ਤੇ ਮੁਰਦਾ। ਨੈਨ ਦਿਖਾਲਨੁ = ਹੋਰਨਾਂ ਨੂੰ ਅੱਖਾਂ ਵਿਖਾਣਾ, ਘੂਰਨਾ। ਧਾਇਆ = ਦੂਰ ਹੋ ਗਿਆ।3।

ਅਜਾਣੁ = ਮੂਰਖ। ਜਾਨਾ = ਜਾਣਦਾ ਹਾਂ। ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ। ਛਾਨਾ = ਲੁਕਿਆ ਹੋਇਆ। ਗੁਰਿ = ਗੁਰੂ ਨੇ। ਰਸਕਿ = ਸੁਆਦ ਲਾ ਕੇ। ਬਿਗਸਾਨਾ = ਖਿੜਿਆ ਰਹਿੰਦਾ ਹੈ।4।

ਅਰਥ: (ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ। ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ।1। ਰਹਾਉ।

ਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ। ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ।1।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ। ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ।2।

(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ) । (ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ।3।

ਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ। ਹੇ ਨਾਨਕ! ਆਖ– ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ।4।5। 44।

TOP OF PAGE

Sri Guru Granth Darpan, by Professor Sahib Singh