ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 382

ਆਸਾ ਮਹਲਾ ੫ ॥ ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹ੍ਹਾਰਿਆ ॥ ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥੧॥ ਗੁਰਸਿਖ ਰਾਖੇ ਗੁਰ ਗੋਪਾਲਿ ॥ ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥ ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥ ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥੨॥ ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥ ਛਿਜੈ ਨ ਜਾਇ ਕਿਛੁ ਭਉ ਨ ਬਿਆਪੇ ਹਰਿ ਧਨੁ ਨਿਰਮਲੁ ਗਾਠੇ ॥੩॥ ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥ ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥੪॥੬॥੪੫॥ {ਪੰਨਾ 382}

ਪਦ ਅਰਥ: ਕਾਟਿ = ਕੱਟ ਕੇ। ਬਿਸਾਰੇ = ਭੁਲਾ ਦੇਂਦਾ ਹੈ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸਮ੍ਹਾਲੇ, ਚੇਤੇ ਰੱਖਦਾ ਹੈ {ਨੋਟ: ਇਸ ਸ਼ਬਦ ਵਿਚ ਵਰਤੇ ਭੂਤਕਾਲ-ਸ਼ਬਦ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ}। ਨਿਆਈ = ਵਾਂਗ। ਪ੍ਰਤਿਪਾਰਿਆ = ਰਾਖੀ ਕਰਦਾ ਹੈ।1।

ਗੁਰ ਗੋਪਾਲਿ = ਗੁਰ ਗੋਪਾਲ ਨੇ। ਗੋਪਾਲ = ਧਰਤੀ ਦਾ ਰਾਖਾ। ਭਵਜਲ = ਸੰਸਾਰ-ਸਮੁੰਦਰ। ਤੇ = ਤੋਂ। ਨਿਹਾਲਿ = ਵੇਖ।1। ਰਹਾਉ।

ਸਿਮਰਣਿ = ਸਿਮਰਨ ਦੀ ਰਾਹੀਂ। ਛੁਟੀਐ = ਖ਼ਲਾਸੀ ਪਾਈਦੀ ਹੈ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਾਸਿ = ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਰਸਨਾ = ਜੀਭ ਨਾਲ।2।

ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਸੰਗਿ = ਸੰਗਤਿ ਵਿਚ। ਛਿਜੈ = ਕਮਜ਼ੋਰ ਹੁੰਦਾ। ਜਾਇ = ਜਾਂਦਾ, ਗੁਆਚਦਾ। ਨ ਬਿਆਪੇ = ਜੋਰ ਨਹੀਂ ਪਾ ਸਕਦਾ। ਨਿਰਮਲੁ = ਪਵਿਤ੍ਰ। ਗਾਠੇ = ਗਾਂਠ ਵਿਚ, ਪੱਲੇ।3।

ਇਤ ਉਤ = ਇਸ ਲੋਕ ਤੇ ਪਰਲੋਕ ਵਿਚ। ਹੀਤੁ = ਹਿਤੂ। ਮੇਰੈ = ਮੇਰੇ ਵਾਸਤੇ, ਮੇਰੇ ਪਾਸ, ਮੇਰੇ ਹਿਰਦੇ ਵਿਚ।4।

ਅਰਥ: (ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲੇ (ਵਡ-ਭਾਗੀ) ਸਿੱਖਾਂ ਨੂੰ ਸਭ ਤੋਂ ਵੱਡਾ ਜਗਤ-ਪਾਲਕ ਪ੍ਰਭੂ (ਵਿਕਾਰਾਂ ਤੋਂ) ਬਚਾ ਲੈਂਦਾ ਹੈ। ਆਪਣੀ ਮੇਹਰ ਦੀ ਨਜ਼ਰ ਨਾਲ ਤੱਕ ਕੇ ਉਹਨਾਂ ਨੂੰ ਵੱਡੇ ਸੰਸਾਰ-ਸਮੁੰਦਰ ਵਿਚੋਂ ਕੱਢ ਲੈਂਦਾ ਹੈ।1। ਰਹਾਉ।

(ਹੇ ਭਾਈ! ਗੁਰੂ ਦੀ ਸਰਨ ਆਏ ਸਿੱਖਾਂ ਦੇ ਮਾਇਆ ਦੇ) ਬੰਧਨ ਕੱਟ ਕੇ ਪਰਮਾਤਮਾ (ਉਹਨਾਂ ਦੇ ਪਿਛਲੇ ਕੀਤੇ) ਔਗੁਣਾਂ ਨੂੰ ਭੁਲਾ ਦੇਂਦਾ ਹੈ (ਤੇ ਇਸ ਤਰ੍ਹਾਂ) ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਚੇਤੇ ਰੱਖਦਾ ਹੈ, ਮਾਂ ਪਿਉ ਵਾਂਗ ਉਹਨਾਂ ਉਤੇ ਦਇਆਵਾਨ ਹੁੰਦਾ ਹੈ ਅਤੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਦਾ ਹੈ।1।

ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਜਮਾਂ ਤੋਂ (ਆਤਮਕ ਮੌਤ ਤੋਂ) ਖ਼ਲਾਸੀ ਪਾਈਦੀ ਹੈ, ਇਸ ਲੋਕ ਤੇ ਪਰਲੋਕ ਵਿਚ ਸੁਖ ਮਾਣੀਦਾ ਹੈ (ਹੇ ਭਾਈ!) ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਉਸ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰੋ। ਆਉ, ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੀਏ।2।

(ਹੇ ਭਾਈ! ਗੁਰੂ ਦੀ ਸਰਨ ਆਉਣ ਵਾਲੇ) ਸਿੱਖਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਪਵਿਤ੍ਰ ਧਨ ਇਕੱਠਾ ਹੋ ਜਾਂਦਾ ਹੈ (ਉਸ ਧਨ ਨੂੰ ਕਿਸੇ ਚੋਰ ਆਦਿਕ ਦਾ) ਡਰ ਨਹੀਂ ਵਿਆਪਦਾ, ਉਹ ਧਨ ਘਟਦਾ ਨਹੀਂ, ਉਹ ਧਨ ਗੁਆਚਦਾ ਨਹੀਂ, ਸਾਧ ਸੰਗਤਿ ਵਿਚ ਆ ਕੇ (ਉਹਨਾਂ ਗੁਰਸਿੱਖਾਂ ਦੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ, ਪਰਮਾਤਮਾ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ।3।

(ਹੇ ਭਾਈ!) ਪ੍ਰਭੂ ਜੀ (ਗੁਰਸਿੱਖਾਂ ਦੇ) ਅੰਤ ਸਮੇਂ ਭੀ ਮਦਦਗਾਰ ਬਣਦੇ ਹਨ, ਇਸ ਲੋਕ ਤੇ ਪਰਲੋਕ ਵਿਚ ਰੱਖਿਆ ਕਰਦੇ ਹਨ।

ਹੇ ਨਾਨਕ! (ਆਖ–) ਮੈਂ ਪਰਮਾਤਮਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਉਸ ਦਾ ਨਾਮ ਹੀ ਮੇਰੇ ਪਾਸ ਐਸਾ ਧਨ ਹੈ ਜੋ ਮੇਰੀ ਜਿੰਦ ਦਾ ਹਿਤੂ ਤੇ ਮੇਰਾ ਮਿੱਤਰ ਹੈ।4।6। 45।

ਆਸਾ ਮਹਲਾ ੫ ॥ ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥ ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥ ਬਾਬਾ ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥ ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥ ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥ ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥ ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥ ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥ ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥ {ਪੰਨਾ 382}

ਪਦ ਅਰਥ: ਸਾਹਿਬੁ = ਮਾਲਕ। ਸਾਲਾਹੀ = ਮੈਂ ਸ਼ਲਾਘਾ ਕਰਾਂ। ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼।1।

ਬਾਬਾ = ਹੇ ਪ੍ਰਭੂ! ਬਿਖੁ = ਜ਼ਹਰ। ਸੰਸਾਰੁ = ਜਗਤ (ਦਾ ਮੋਹ) । ਗੁਸਾਈ ਮੇਰੇ = ਹੇ ਮੇਰੇ ਮਾਲਕ! ਆਧਾਰੁ = ਆਸਰਾ।1। ਰਹਾਉ।

ਜਾਣਹਿ = ਤੂੰ ਜਾਣਦਾ ਹੈਂ। ਬਿਰਥਾ = {ÒXQw} ਪੀੜਾ। ਸਭਾ = ਸਾਰੀ। ਪਹਿ = ਪਾਸ, ਕੋਲ। ਬਉਰਾਇਆ = ਝੱਲਾ ਹੋਇਆ।2।

ਕਿਹਾ ਕਹੀਐ = ਕੁਝ ਨਹੀਂ ਕਹਿਣਾ ਚਾਹੀਦਾ। ਜਿ = ਜੋ ਕੁਝ। ਵਰਤੈ = ਵਰਤ ਰਿਹਾ ਹੈ, ਹੋ ਰਿਹਾ ਹੈ।3।

ਇਤ ਉਤ = ਲੋਕ ਪਰਲੋਕ ਵਿਚ। ਤੁਝਹਿ = ਤੈਨੂੰ ਹੀ। ਤਾਣੁ = ਬਲ, ਸਹਾਰਾ।4।

ਅਰਥ: ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । ਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ।1। ਰਹਾਉ।

ਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ) । ਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ।1।

ਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ। (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ।2।

(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ) ।

ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ। ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ।3।

ਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈ ਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ। ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ।4।7। 46।

ਆਸਾ ਮਹਲਾ ੫ ॥ ਅੰਮ੍ਰਿਤੁ ਨਾਮੁ ਤੁਮ੍ਹ੍ਹਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ ॥ ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥੧॥ ਦਰਸਨੁ ਪੇਖਤ ਮੈ ਜੀਓ ॥ ਸੁਨਿ ਕਰਿ ਬਚਨ ਤੁਮ੍ਹ੍ਹਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ਹ੍ਹ ਆਪਿ ਕੀਓ ॥ ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਹ੍ਹਰੇ ਸਹਜੇ ਬਿਖਿਆ ਭਈ ਖੀਓ ॥੨॥ ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥ ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥ ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥ ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥੪॥੮॥੪੭॥ {ਪੰਨਾ 382}

ਪਦ ਅਰਥ: ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਠਾਕੁਰ = ਹੇ ਪਾਲਣਹਾਰ ਪ੍ਰਭੂ! ਜਨਹਿ = ਜਨ ਨੇ ਹੀ, ਦਾਸ ਨੇ ਹੀ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਭਾਰੇ = ਬੋਝ, ਜ਼ਿੰਮੇਵਾਰੀਆਂ। ਦੁਰਤੁ = ਪਾਪ। ਬੀਓ = ਦੂਜਾ।1।

ਮੈ ਜੀਓ = ਮੈਨੂੰ ਆਤਮਕ ਜੀਵਨ ਮਿਲਦਾ ਹੈ। ਸਤਿਗੁਰ = ਹੇ ਸਤਿਗੁਰ! ਠਾਰੁ = ਸੀਤਲ, ਠੰਢਾ, ਸ਼ਾਂਤ।1। ਰਹਾਉ।

ਤੇ = ਤੋਂ, ਨਾਲ। ਦਿੜੁ ਕਰਿ = ਪੱਕੇ ਕਰਕੇ, ਘੁੱਟ ਕੇ। ਗਹੇ = ਫੜ ਲਏ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕਿਆਂ। ਬਿਖਿਆ = ਮਾਇਆ (ਦਾ ਪ੍ਰਭਾਵ) । ਖੀਓ = ਖੈ, ਨਾਸ।2।

ਸੁਖ ਨਿਧਾਨ = ਹੇ ਸੁਖਾਂ ਦੇ ਖ਼ਜ਼ਾਨੇ! ਅਬਿਨਾਸੀ = ਕਦੇ ਨਾਸ ਨਾਹ ਹੋਣ ਵਾਲਾ। ਮੋਹਿ = ਮੈਨੂੰ। ਸਤਿਗੁਰਿ = ਗੁਰੂ ਨੇ। ਗੀਓ = ਚਲਾ ਲਿਆ ਹੈ।3।

ਦੇਹੀ = ਸਰੀਰ। ਜਿਤੁ = ਜਿਸ ਦੀ ਰਾਹੀਂ। ਪ੍ਰਭਿ = ਪ੍ਰਭੂ ਨੇ। ਸਾਧ ਸੰਗਿ = ਸਾਧ ਸੰਗਤਿ ਵਿਚ। ਹੀਓ = ਹਿਰਦੇ ਦਾ। ਅਧਾਰੁ = ਆਸਰਾ।4।

ਅਰਥ: ਹੇ ਸਤਿਗੁਰੂ! ਤੇਰਾ ਦਰਸਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਤੇਰੇ ਬਚਨ ਸੁਣ ਕੇ ਮੇਰਾ ਮਨ ਮੇਰਾ ਤਨ ਠੰਡਾ-ਠਾਰ ਹੋ ਜਾਂਦਾ ਹੈ।1। ਰਹਾਉ।

ਹੇ ਠਾਕੁਰ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਗੁਰੂ ਦੀ ਸਹਾਇਤਾ ਨਾਲ) ਇਹ ਸ੍ਰੇਸ਼ਟ-ਰਸ ਤੇਰੇ ਕਿਸੇ ਦਾਸ ਨੇ ਹੀ ਪੀਤਾ ਹੈ (ਜਿਸ ਨੇ ਪੀਤਾ ਉਸ ਦੇ) ਜਨਮਾਂ ਜਨਮਾਂਤਰਾਂ ਦੇ ਡਰ ਤੇ (ਕੀਤੇ ਵਿਕਾਰਾਂ ਦੇ) ਭਾਰ ਮੁੱਕ ਗਏ, (ਉਸ ਦੇ ਅੰਦਰੋਂ) ਪਾਪ ਨਾਸ ਹੋ ਗਿਆ (ਉਸ ਦੇ ਅੰਦਰੋਂ) ਦੂਜੀ ਭਟਕਣਾ (ਮਾਇਆ ਦੀ ਭਟਕਣਾ) ਦੂਰ ਹੋ ਗਈ।1।

ਹੇ ਪ੍ਰਭੂ! ਤੇਰੀ ਮੇਹਰ ਨਾਲ (ਮੈਨੂੰ) ਗੁਰੂ ਦੀ ਸੰਗਤਿ ਹਾਸਲ ਹੋਈ, ਇਹ (ਸੋਹਣਾ) ਕੰਮ ਤੂੰ ਆਪ ਹੀ ਕੀਤਾ, (ਗੁਰੂ ਦੀ ਸਿੱਖਿਆ ਨਾਲ) ਮੈਂ, ਹੇ ਪ੍ਰਭੂ! ਤੇਰੇ ਚਰਨ ਘੁੱਟ ਕੇ ਫੜ ਲਏ, ਮੈਂ ਆਤਮਕ ਅਡੋਲਤਾ ਵਿਚ ਟਿਕ ਗਿਆ ਤੇ (ਮੇਰੇ ਅੰਦਰੋਂ) ਮਾਇਆ ਦਾ ਜ਼ੋਰ ਖ਼ਤਮ ਹੋ ਗਿਆ ਹੈ।2।

ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਕਦੇ ਨਾਹ ਨਾਸ ਹੋਣ ਵਾਲਾ ਤੇਰਾ ਨਾਮ-ਮੰਤ੍ਰ ਮੈਂ ਜਪਣਾ ਸ਼ੁਰੂ ਕਰ ਦਿੱਤਾ, ਤੇਰਾ ਇਹ ਨਾਮ-ਮੰਤ੍ਰ ਮੇਹਰ ਕਰ ਕੇ ਮੈਨੂੰ ਸਤਿਗੁਰੂ ਨੇ ਦਿੱਤਾ (ਜਿਸ ਦੀ ਬਰਕਤਿ ਨਾਲ) ਮੇਰੇ ਅੰਦਰੋਂ (ਹਰੇਕ ਕਿਸਮ ਦਾ) ਦੁੱਖ ਕਲੇਸ਼ ਤੇ ਵੈਰ-ਵਿਰੋਧ ਦੂਰ ਹੋ ਗਿਆ।3।

ਹੇ ਨਾਨਕ! (ਆਖ–) ਮੈਨੂੰ ਭਾਗਾਂ ਵਾਲਾ ਮਨੁੱਖਾ ਸਰੀਰ ਮਿਲਿਆ ਜਿਸ ਦੀ ਬਰਕਤਿ ਨਾਲ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ (ਲੋਕ ਕਲਿਜੁਗ ਨੂੰ ਨਿੰਦਦੇ ਹਨ, ਪਰ) ਇਹ ਕਲਿਜੁਗ ਭੀ ਮੁਬਾਰਿਕ ਹੈ ਜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਕੀਰਤਨ ਕੀਤਾ ਜਾਏ ਤੇ ਜੇ ਪਰਮਾਤਮਾ ਦਾ ਨਾਮ ਹਿਰਦੇ ਦਾ ਆਸਰਾ ਬਣਿਆ ਰਹੇ।4।8। 47।

TOP OF PAGE

Sri Guru Granth Darpan, by Professor Sahib Singh