ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 383

ਆਸਾ ਮਹਲਾ ੫ ॥ ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ {ਪੰਨਾ 383}

ਪਦ ਅਰਥ: ਆਗੈ ਹੀ ਤੇ = ਧੁਰ ਦਰਗਾਹ ਤੋਂ ਹੀ। ਕਿ = ਕੇਹੜਾ? ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ।1।

ਮੋਹਿ = ਮੈਨੂੰ। ਕਉ = ਨੂੰ। ਦੀਨ = ਕੰਗਾਲ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।1। ਰਹਾਉ।

ਪਰਹਰਿਆ = ਦੂਰ ਕਰ ਦਿੱਤੇ। ਮੁਕਤ = ਸੁਤੰਤਰ। ਕੂਪ = ਖੂਹ। ਤੇ = ਤੋਂ, ਵਿਚੋਂ। ਅੰਧ ਘੋਰ = ਘੁੱਪ ਹਨੇਰਾ। ਪਕਰਿ = ਫੜ ਕੇ। ਗੁਰਿ = ਗੁਰੂ ਨੇ।2।

ਰਾਖਨਹਾਰੇ = ਬਚਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਨੇ। ਸਗਲ = ਸਾਰੇ।3।

ਮੁਨਿ = ਮਨ ਵਿਚ। ਮੇਲਾ = ਮਿਲਾਪ। ਸੋੁਹੇਲਾ = ਸੌਖਾ {ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ ਹੈ 'ਸੁਹੇਲਾ', ਪਰ ਇਥੇ ਇਸ ਨੂੰ 'ਸੋਹੇਲਾ' ਪੜ੍ਹਨਾ ਹੈ}।

ਅਰਥ: (ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ। (ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ।1। ਰਹਾਉ।

ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ– ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ? ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ।1।

(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ। ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ।2।

(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ। ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ।3।

ਹੇ ਨਾਨਕ! (ਆਖ– ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ।4।9। 48।

ਆਸਾ ਮਹਲਾ ੫ ॥ ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥ ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥ ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥ ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥ ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ {ਪੰਨਾ 383}

ਪਦ ਅਰਥ: ਸਭੁ ਕੋ = ਹਰੇਕ ਜੀਵ। ਲਾਗੂ = ਵੈਰੀ। ਚੀਤਿ = ਚਿੱਤ ਵਿਚ। ਆਵਹਿ = ਜੇ ਤੂੰ ਆ ਵੱਸੇਂ। ਸੇਵਾ = ਆਦਰ। ਅਵਰੁ = ਹੋਰ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ। (ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ) । ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ।1।

ਆਵੈ ਚੀਤਿ = ਜੇ ਪਰਮਾਤਮਾ ਚਿੱਤ ਵਿਚ ਆ ਵੱਸੇ। ਵੇਚਾਰੇ = ਨਿਮਾਣੇ। ਕਹੁ = ਦੱਸ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।1। ਰਹਾਉ।

ਆਧਾਰਾ = ਆਸਰਾ। ਦੇਇ = ਦੇ ਕੇ। ਕਉ = ਨੂੰ। ਬਿਪੁ = {ivpRyX} ਮੰਦਾ ਬਚਨ। ਭਾਖੈ = ਆਖਦਾ।2।

ਓਹੋ = ਉਹ ਹੀ। ਓਹਾ = ਉਹ ਹੀ {ਇਸਤ੍ਰੀਲਿੰਗ ਲਫ਼ਜ਼ "ਓਹੋ" ਦਾ}। ਮਨਿ = ਮਨ ਵਿਚ। ਭਾਣੀ = ਪਸੰਦ ਆਉਂਦੀ। ਦਾਨਾ = ਜਾਣਨ ਵਾਲਾ। ਮਾਣੀ = ਮੈਂ ਮਾਣਾਂ। ਸਦ = ਸਦਾ।3।

ਜੀਉ = ਜਿੰਦ। ਪਿੰਡੁ = ਸਰੀਰ। ਨਾਨਕ = ਹੇ ਨਾਨਕ!।4।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।

ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ।1। ਰਹਾਉ।

ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ। ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।1।

ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ। ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ।2।

ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ। ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ।3।

ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ– ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਹੇ ਨਾਨਕ! ਆਖ– (ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ।4।10। 49।

ਆਸਾ ਮਹਲਾ ੫ ॥ ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥ ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥ ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥ ਪਾਰਬ੍ਰਹਮੁ ਜਿਨ੍ਹ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥ ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥ ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥ ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥ ਜੀਉ ਪਿੰਡੁ ਸਭੁ ਤੁਮ੍ਹ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥ {ਪੰਨਾ 383}

ਪਦ ਅਰਥ: ਪ੍ਰਭ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਸਾਧ ਸੰਗਤਿ = ਸਾਧ ਸੰਗਤਿ ਵਿਚ। ਕਿਵਾਰ = ਕਿਵਾੜ, ਭਿੱਤ। ਪੁਨਰਪਿ = {pun: Aip = ਫਿਰ ਭੀ} ਮੁੜ ਮੁੜ। ਜਨਮਿ = ਜਨਮ ਵਿਚ।1।

ਮਿਲਉ = ਮੈਂ ਮਿਲਾਂ। ਹਰਉ = ਮੈਂ ਦੂਰ ਕਰਾਂ। ਹੇ = ਹੇ ਭਾਈ! ਜਿਨ੍ਹ੍ਹਿ = ਜਿਸ ਮਨੁੱਖ ਨੇ। ਰਿਦੈ = ਹਿਰਦੇ ਵਿਚ। ਤਾ ਕੈ ਸੰਗਿ = ਉਸ ਦੀ ਸੰਗਤਿ ਵਿਚ।1। ਰਹਾਉ।

ਮਹਾ = ਵੱਡਾ। ਉਦਿਆਨ = ਜੰਗਲ। ਪਾਵਕ = ਅੱਗ। ਸਾਗਰ = ਸਮੁੰਦਰ। ਹਰਖ = ਖ਼ੁਸ਼ੀ। ਸੋਗ = ਗ਼ਮੀ। ਭੇਟਿ = ਭੇਟੇ, ਮਿਲਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਰਸਨਾ = ਜੀਭ (ਨਾਲ) ।2।

ਥਾਪਿ = ਮਿਥ ਕੇ। ਕੋਮਲ = ਨਰਮ, ਮਿੱਠੇ। ਪਰਸਾਦਿ = ਕਿਰਪਾ ਨਾਲ। ਮੁਕਤੇ = ਸੁਤੰਤਰ, ਆਜ਼ਾਦ।3।

ਪ੍ਰਭਿ = ਪ੍ਰਭੂ ਨੇ। ਪ੍ਰਭ ਭਾਣੈ = ਪ੍ਰਭੂ ਨੂੰ ਚੰਗੇ ਲੱਗੇ। ਜੀਉ = ਜਿੰਦ। ਪਿੰਡੁ = ਸਰੀਰ। ਦਾਤੇ = ਹੇ ਦਾਤਾਰ! ਸਦ = ਸਦਾ।4।

ਅਰਥ: ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ। ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ।1। ਰਹਾਉ।

ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ) । (ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।1।

(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ।2।

(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ, ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।3।

(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।

ਹੇ ਨਾਨਕ! (ਆਖ–) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ) । ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।4।11। 50।

TOP OF PAGE

Sri Guru Granth Darpan, by Professor Sahib Singh