ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 384

ਆਸਾ ਮਹਲਾ ੫ ॥ ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥ ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥ ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥ ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥ ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥ ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥ ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ ॥ ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥ {ਪੰਨਾ 384}

ਪਦ ਅਰਥ: ਮਲਨ = (ਮਨ ਨੂੰ) ਮੈਲਾ ਕਰਨ ਵਾਲੀ। ਤੇ = ਤੋਂ। ਛੁਟਕੀ = ਖ਼ਲਾਸੀ ਪਾਈ। ਅਨੁਗ੍ਰਹੁ = ਕਿਰਪਾ। ਰੀ = ਹੇ ਸਖੀ! ਮੋਹਨੀ = ਮਨ ਨੂੰ ਮੋਹਨ ਵਾਲੀ (ਮਾਇਆ) । ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ। ਕਹਾ ਗਇਓ = ਕਿਥੇ ਚਲਾ ਗਿਆ?।1।

ਗਾਖਰੋ = ਗਾਖੜੋ, ਔਖਾ, ਔਖਿਆਈ ਦੇਣ ਵਾਲਾ। ਸੰਜਮਿ ਕਉਨ = ਕਿਸ ਜੁਗਤਿ ਨਾਲ? ਸੁਰਿ ਨਰ = ਭਲੇ ਮਨੁੱਖ। ਦੇਵ = ਦੇਵਤੇ। ਅਸੁਰ = ਦੈਂਤ। ਤ੍ਰੈ ਗੁਨੀਆ = ਤ੍ਰਿ-ਗੁਣੀ ਜੀਵ। ਭਵਨੁ = ਸੰਸਾਰ।1।

ਦਾਵਾ ਅਗਨਿ = ਜੰਗਲ ਦੀ ਅੱਗ। ਤ੍ਰਿਣ = ਘਾਹ, ਬਨਸਪਤੀ। ਬੂਟ = ਬੂਟਾ। ਐਸੋ ਸਮਰਥ = ਅਜੇਹਾ ਬਲੀ ਜੋ ਇਸ ਅੱਗ ਤੋਂ ਬਚ ਰਿਹਾ। ਵਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦੀ। ਉਪਮਾ = ਵਡਿਆਈ।2।

ਕਾਜਰ ਕੋਠ = ਕੱਜਲ ਦੀ ਕੋਠੜੀ। ਕਾਰੀ = ਕਾਲੀ। ਬਰਨੁ = ਰੰਗ। ਨਿਰਮਲ = ਸਫ਼ੈਦ। ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ।3।

ਪ੍ਰਭਿ = ਪ੍ਰਭੂ ਨੇ। ਨਦਰਿ = ਮੇਹਰ ਦੀ ਨਿਗਾਹ (ਨਾਲ) । ਅਵਲੋਕਨ = ਵੇਖਣਾ, (ਕ੍ਰਿਆ) । ਚਰਣਿ = ਚਰਨ ਵਿਚ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਈ = ਮੈਂ ਸਮਾ ਗਈ।4।

ਅਰਥ: ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ? (ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ।1। ਰਹਾਉ।

ਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ? ਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ = ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ।1।

ਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ (ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ।2।

(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ =)

ਹੇ ਭੈਣ! ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ, (ਇਸ ਵਾਸਤੇ ਇਸ) ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ।3।

ਹੇ ਨਾਨਕ! (ਆਖ–) ਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ, ਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ, ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ।4।12। 51।

ਨੋਟ: 'ਘਰੁ 6' ਦੇ 12 ਸ਼ਬਦ ਇਥੇ ਖ਼ਤਮ ਹੁੰਦੇ ਹਨ। ਮ: 5 ਦੇ ਕੁਲ ਸ਼ਬਦਾਂ ਦਾ ਜੋੜ 51 ਹੈ।

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੭ ਮਹਲਾ ੫ ॥ ਲਾਲੁ ਚੋਲਨਾ ਤੈ ਤਨਿ ਸੋਹਿਆ ॥ ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥ ਕਵਨ ਬਨੀ ਰੀ ਤੇਰੀ ਲਾਲੀ ॥ ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥ ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥ ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥ ਤੂੰ ਸਤਵੰਤੀ ਤੂੰ ਪਰਧਾਨਿ ॥ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥ ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥ ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥ ਸੁਨਿ ਰੀ ਸਖੀ ਇਹ ਹਮਰੀ ਘਾਲ ॥ ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥ {ਪੰਨਾ 384}

ਨੋਟ: ਇਥੋਂ ਅਗਾਂਹ 'ਘਰੁ 7' ਵਿਚ ਗਾਏ ਜਾਣ ਵਾਲੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੁੰਦਾ ਹੈ।

ਪਦ ਅਰਥ: ਤੈ ਤਨਿ = ਤੇਰੇ ਸਰੀਰ ਉਤੇ। ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ। ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ। ਤਾਂ = ਤਾਂਹੀਏਂ। ਮੋਹਿਆ = ਮੋਹ ਲਿਆ ਹੈ।1।

ਕਵਨ = ਕਿਵੇਂ? ਰੀ = ਹੇ ਸਹੇਲੀ! ਲਾਲੀ = ਮੂੰਹ ਦੀ ਲਾਲੀ। ਰੰਗਿ = ਰੰਗ ਨਾਲ। ਗੁਲਾਲੀ = ਗੂੜ੍ਹੇ ਰੰਗ ਵਾਲੀ।1। ਰਹਾਉ।

ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ। ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ। ਤੁਮ ਘਰਿ = ਤੇਰੇ ਹਿਰਦੇ-ਘਰ ਵਿਚ। ਲਾਲਨੁ = ਪ੍ਰੀਤਮ-ਪ੍ਰਭੂ।2।

ਸਤਸੰਗੀ = ਉੱਚੇ ਆਚਰਨ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ। ਪ੍ਰੀਤਮ ਭਾਨੀ = ਪ੍ਰੀਤਮ-ਪ੍ਰਭੂ ਨੂੰ ਪਿਆਰੀ ਲੱਗੀ। ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ।3।

ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ। ਨਿਹਾਲ = ਵੇਖਿਆ, ਤੱਕਿਆ।4।

ਘਾਲ = ਮੇਹਨਤ। ਪ੍ਰਭ ਆਪਿ = ਪ੍ਰਭੂ ਨੇ ਆਪ ਹੀ। ਸੀਗਾਰਿ = ਸਿੰਗਾਰ ਕੇ, ਸਜਾ ਕੇ। ਰਹਾਉ ਦੂਜਾ।

ਨੋਟ: 'ਰਹਾਉ ਦੂਜਾ' ਵਿਚ ਪਹਿਲੇ 'ਰਹਾਉ' ਵਿਚ ਕੀਤੇ ਪ੍ਰਸ਼ਨ ਦਾ ਉੱਤਰ ਹੈ।

ਅਰਥ: ਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ? ਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ?।1। ਰਹਾਉ।

(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ (ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ। ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ।1।

ਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ (ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ।2।

ਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ। (ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ।3।

ਹੇ ਨਾਨਕ! ਆਖ– (ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ, ਉਹ ਪ੍ਰੀਤਮ-ਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ।4।

(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ ਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।1। ਰਹਾਉ ਦੂਜਾ।1। 52।

ਨੋਟ: ਅਖ਼ੀਰਲਾ ਅੰਕ 1 ਦੱਸਦਾ ਹੈ ਕਿ 'ਘਰੁ' 8 ਦਾ ਇਹ ਪਹਿਲਾ ਸ਼ਬਦ ਹੈ। ਹੁਣ ਤਕ ਮ: 5 ਦੇ ਕੁੱਲ 52 ਸ਼ਬਦ ਆ ਚੁਕੇ ਹਨ।

ਆਸਾ ਮਹਲਾ ੫ ॥ ਦੂਖੁ ਘਨੋ ਜਬ ਹੋਤੇ ਦੂਰਿ ॥ ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥ ਚੁਕਾ ਨਿਹੋਰਾ ਸਖੀ ਸਹੇਰੀ ॥ ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥ ਨਿਕਟਿ ਆਨਿ ਪ੍ਰਿਅ ਸੇਜ ਧਰੀ ॥ ਕਾਣਿ ਕਢਨ ਤੇ ਛੂਟਿ ਪਰੀ ॥੨॥ ਮੰਦਰਿ ਮੇਰੈ ਸਬਦਿ ਉਜਾਰਾ ॥ ਅਨਦ ਬਿਨੋਦੀ ਖਸਮੁ ਹਮਾਰਾ ॥੩॥ ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥ ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥ {ਪੰਨਾ 384}

ਪਦ ਅਰਥ: ਘਨੋ = ਬਹੁਤ। ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ। ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ।1।

ਚੁਕਾ = ਮੁੱਕ ਗਿਆ ਹੈ। ਨਿਹੋਰਾ = ਉਲਾਹਮਾ, ਗਿਲਾ-ਗੁਜ਼ਾਰੀ। ਸਖੀ ਸਹੇਰੀ = ਹੇ ਸਖੀ! ਹੇ ਸਹੇਲੀ! ਗੁਰਿ = ਗੁਰੂ ਨੇ। ਮੇਰੀ = ਮੇਲੀ, ਮਿਲਾ ਦਿੱਤੀ।1। ਰਹਾਉ।

ਨਿਕਟਿ = ਨੇੜੇ। ਆਨਿ = ਲਿਆ ਕੇ। ਪ੍ਰਿਅ ਸੇਜ = ਪਿਆਰੇ ਦੀ ਸੇਜ ਉਤੇ। ਧਰੀ = ਬਿਠਾ ਦਿੱਤੀ। ਕਾਣਿ = ਮੁਥਾਜੀ। ਤੇ = ਤੋਂ। ਛੂਟਿ ਪਰੀ = ਬਚ ਗਈ ਹਾਂ।2।

ਮੰਦਰਿ = ਹਿਰਦੇ-ਮੰਦਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਜਾਰਾ = ਆਤਮਕ ਜੀਵਨ ਦਾ ਚਾਨਣ। ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ।3।

ਮਸਤਕਿ = ਮੱਥੇ ਉਤੇ। ਘਰਿ = ਹਿਰਦੇ-ਘਰ ਵਿਚ। ਥਿਰੁ = ਸਦਾ ਕਾਇਮ ਰਹਿਣ ਵਾਲਾ।4।

ਅਰਥ: ਹੇ ਸਖੀ! ਹੇ ਸਹੇਲੀ! ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ, ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।1। ਰਹਾਉ।

ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ) ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ।1।

ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ) । ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ।2।

(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ।3।

ਹੇ ਦਾਸ ਨਾਨਕ! (ਆਖ– ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ, ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ।4।2। 53।

ਆਸਾ ਮਹਲਾ ੫ ॥ ਸਾਚਿ ਨਾਮਿ ਮੇਰਾ ਮਨੁ ਲਾਗਾ ॥ ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥ ਬਾਹਰਿ ਸੂਤੁ ਸਗਲ ਸਿਉ ਮਉਲਾ ॥ ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥ ਮੁਖ ਕੀ ਬਾਤ ਸਗਲ ਸਿਉ ਕਰਤਾ ॥ ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥ ਦੀਸਿ ਆਵਤ ਹੈ ਬਹੁਤੁ ਭੀਹਾਲਾ ॥ ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥ ਨਾਨਕ ਜਨਿ ਗੁਰੁ ਪੂਰਾ ਪਾਇਆ ॥ ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥ {ਪੰਨਾ 384}

ਪਦ ਅਰਥ: ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਨਾਮਿ = ਨਾਮ ਵਿਚ। ਸਿਉ = ਨਾਲ। ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ।1।

ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ। ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ। ਅਲਿਪਤੁ = ਨਿਰਲੇਪ। ਰਹਉ = ਮੈਂ ਰਹਿੰਦਾ ਹਾਂ। ਕਉਲਾ = ਕੌਲ-ਫੁੱਲ।1। ਰਹਾਉ।

ਮੁਖ ਕੀ ਬਾਤ = ਮੂੰਹੋਂ ਗੱਲਾਂ। ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ।2।

ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ। ਰਾਲਾ = ਚਰਨ-ਧੂੜ, ਖ਼ਾਕ।3।

ਜਨਿ = ਜਨ ਨੇ, ਦਾਸ ਨੇ। ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ।

ਅਰਥ: (ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ, (ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ।1। ਰਹਾਉ।

(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ, ਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ।1।

(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ (ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ।2।

(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ; ਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ।3।

ਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ (ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ।4।3। 54।

TOP OF PAGE

Sri Guru Granth Darpan, by Professor Sahib Singh