ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 385 ਆਸਾ ਮਹਲਾ ੫ ॥ ਪਾਵਤੁ ਰਲੀਆ ਜੋਬਨਿ ਬਲੀਆ ॥ ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥ ਕਾਨ ਕੁੰਡਲੀਆ ਬਸਤ੍ਰ ਓਢਲੀਆ ॥ ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥ ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥ ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥ ਰੂਪ ਸੁੰਦਰੀਆ ਅਨਿਕ ਇਸਤਰੀਆ ॥ ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥ ਮਾਇਆ ਛਲੀਆ ਬਿਕਾਰ ਬਿਖਲੀਆ ॥ ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥ {ਪੰਨਾ 385} ਪਦ ਅਰਥ: ਪਾਵਤੁ = ਪਾਂਦਾ ਹੈ, ਮਾਣਦਾ ਹੈ। ਰਲੀਆ = ਮੌਜਾਂ। ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ। ਬਲੀਆ = ਬਲਵਾਨ, ਤਾਕਤ ਵਾਲਾ। ਮਾਟੀ ਸੰਗਿ = ਮਿੱਟੀ ਨਾਲ। ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ।1। ਕਾਨ = ਕੰਨਾਂ ਵਿਚ। ਕੁੰਡਲੀਆ = (ਸੋਨੇ ਦੇ) ਕੁੰਡਲ। ਓਡਲੀਆ = ਪਹਿਨਦਾ। ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ। ਮਨਿ = ਮਨ ਵਿਚ। ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ।1। ਰਹਾਉ। ਤਲੈ = ਹੇਠ। ਕੁੰਚਰੀਆ = ਹਾਥੀ। ਸਿਰਿ = ਸਿਰ ਉੱਤੇ। ਕਨਿਕ ਛਤਰੀਆ = ਸੋਨੇ ਦਾ ਛਤਰ। ਧਰਨਿ = ਧਰਤੀ। ਗਡਲੀਆ = ਦੱਬ ਦਿੱਤਾ।2। ਸਭਿ = ਸਾਰੇ। ਫਿਕਰੀਆ = ਫਿੱਕੇ।3। ਛਲੀਆ = ਛਲਣ ਵਾਲੀ, ਠੱਗਣ ਵਾਲੀ। ਬਿਖਲੀਆ = ਵਿਹੁਲੇ, ਜ਼ਹਰੀਲੇ। ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਪੁਰਖ ਦਇਆਲੀਆ = ਹੇ ਦਇਆਲ ਪੁਰਖ!।4। ਅਰਥ: (ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ, ਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ) , (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ।1। ਰਹਾਉ। (ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ, ਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ।1। (ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ, (ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ।2। (ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?) ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ।3। (ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ) , (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ) । ਹੇ ਨਾਨਕ! (ਆਖ–) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ।4। 4। 55। ਆਸਾ ਮਹਲਾ ੫ ॥ ਏਕੁ ਬਗੀਚਾ ਪੇਡ ਘਨ ਕਰਿਆ ॥ ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ ਐਸਾ ਕਰਹੁ ਬੀਚਾਰੁ ਗਿਆਨੀ ॥ ਜਾ ਤੇ ਪਾਈਐ ਪਦੁ ਨਿਰਬਾਨੀ ॥ ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ ਸਿੰਚਨਹਾਰੇ ਏਕੈ ਮਾਲੀ ॥ ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ ਸਗਲ ਬਨਸਪਤਿ ਆਣਿ ਜੜਾਈ ॥ ਸਗਲੀ ਫੂਲੀ ਨਿਫਲ ਨ ਕਾਈ ॥੩॥ ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ {ਪੰਨਾ 385} ਪਦ ਅਰਥ: ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ। ਫਲਿਆ = ਫਲ ਲੱਗਾ।1। ਗਿਆਨੀ = ਹੇ ਗਿਆਨਵਾਨ ਮਨੁੱਖ! ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ। ਪਦੁ = ਦਰਜਾ। ਨਿਰਬਾਨੀ = ਵਾਸਨਾ-ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ। ਆਸਿ ਪਾਸਿ = ਤੇਰੇ ਚਾਰ ਚੁਫੇਰੇ। ਬਿਖੂਆ = ਜ਼ਹਰ। ਕੁੰਟਾ = ਕੁੰਡ, ਚਸ਼ਮੇ। ਬੀਚਿ = (ਤੇਰੇ) ਅੰਦਰ। ਭਾਈ ਰੇ = ਹੇ ਭਾਈ!।1। ਰਹਾਉ। ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ) । ਖਬਰਿ ਕਰਤ ਹੈ– ਸਾਰ ਲੈਂਦਾ ਹੈ। ਪਾਤ ਪਤ = ਹਰੇਕ ਪੱਤੇ ਦੀ।2। ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ। ਆਣਿ = ਲਿਆ ਕੇ। ਜੜਾਈ = ਸਜਾ ਦਿੱਤੀ ਹੈ। ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ। ਨਿਫਲ = ਫਲ ਤੋਂ ਖ਼ਾਲੀ।3। ਜਿਨਿ = ਜਿਸ (ਮਨੁੱਖ) ਨੇ। ਗੁਰ ਤੇ = ਗੁਰੂ ਪਾਸੋਂ। ਤਰੀ = ਪਾਰ ਕਰ ਲਈ, ਪਾਰ ਲੰਘ ਗਿਆ। ਤਿਨਿ = ਉਸ (ਮਨੁੱਖ) ਨੇ।4। ਅਰਥ: ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ। ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ।1। ਰਹਾਉ। ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ (ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਡਰ ਲੱਗ ਰਿਹਾ ਹੈ।1। (ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ) ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ।2। (ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ) । ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ।3। (ਪਰ) ਹੇ ਦਾਸ ਨਾਨਕ! (ਆਖ–) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ।4।5। 56। ਆਸਾ ਮਹਲਾ ੫ ॥ ਰਾਜ ਲੀਲਾ ਤੇਰੈ ਨਾਮਿ ਬਨਾਈ ॥ ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥ ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ ॥ ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ ॥ ਹੁਕਮੁ ਬੂਝਿ ਰੰਗ ਰਸ ਮਾਣੇ ॥ ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥ ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥ ਨਾਮਿ ਰਤਾ ਸੋਈ ਨਿਰਬਾਣੁ ॥੩॥ ਜਾ ਕਉ ਮਿਲਿਓ ਨਾਮੁ ਨਿਧਾਨਾ ॥ ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥ {ਪੰਨਾ 385} ਪਦ ਅਰਥ: ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ। ਗਾਈ = ਮੈਂ ਗਾਂਦਾ ਹਾਂ।1। ਤੇਰੈ ਓਲ੍ਹ੍ਹੈ– ਤੇਰੇ ਆਸਰੇ (ਰਹਿਣ ਨਾਲ) । ਭ੍ਰਮ = ਭਟਕਣਾ।1। ਰਹਾਉ। ਬੂਝਿ = ਸਮਝ ਕੇ। ਨਿਰਬਾਣੇ = ਵਾਸਨਾ-ਰਹਿਤ ਅਵਸਥਾ।2। ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ। ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ।3। ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ। ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ।4। ਅਰਥ: ਹੇ ਪ੍ਰਭੂ! (ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ, ਤਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ।1। ਰਹਾਉ। ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ, ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) । ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ, ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ।2। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ। ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ।3। ਨਾਨਕ ਆਖਦਾ ਹੈ– ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ।4।6। 57। ਆਸਾ ਮਹਲਾ ੫ ॥ ਤੀਰਥਿ ਜਾਉ ਤ ਹਉ ਹਉ ਕਰਤੇ ॥ ਪੰਡਿਤ ਪੂਛਉ ਤ ਮਾਇਆ ਰਾਤੇ ॥੧॥ ਸੋ ਅਸਥਾਨੁ ਬਤਾਵਹੁ ਮੀਤਾ ॥ ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥ ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥ ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥ ਕਰਮ ਕਰਤ ਜੀਅ ਕਉ ਜੰਜਾਰ ॥੩॥ ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥ ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥ ਸਾਧਸੰਗਿ ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥ {ਪੰਨਾ 385} ਪਦ ਅਰਥ: ਤੀਰਥਿ = (ਕਿਸੇ) ਤੀਰਥ ਉੱਤੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਹਉ ਹਉ = ਮੈਂ (ਧਰਮੀ) ਮੈਂ (ਧਰਮੀ) । ਪੰਡਿਤ = {ਬਹੁ-ਵਚਨ}। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਰਾਤੇ = ਮਸਤ, ਰੰਗੇ ਹੋਏ।1। ਅਸਥਾਨੁ = ਥਾਂ। ਮੀਤਾ = ਹੇ ਮਿੱਤਰ! ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ। ਨੀਤਾ = ਨਿੱਤ, ਸਦਾ।1। ਰਹਾਉ। ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਉਤਾਰ = ਜਨਮ।2। ਚਿੰਤ = ਚਿੰਤਾ। ਉਦਾਸ = ਉਦਾਸ (ਮਹਿ) , ਤਿਆਗ ਵਿਚ। ਕਰਮ = ਕਰਮ-ਕਾਂਡ, ਮਿਥੇ ਹੋਏ ਧਾਰਮਿਕ ਕੰਮ। ਜੀਅ ਕਉ = ਜਿੰਦ ਨੂੰ। ਜੰਜਾਰ = ਜੰਜਾਲ, ਬੰਧਨ।3। ਤੇ = ਤੋਂ ਨਾਲ। ਵਸਿ = ਵੱਸ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਨਿ = ਉਸ ਨੇ।4। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤੇ = ਤੋਂ, ਪਾਸੋਂ। ਰਹਾਉ ਦੂਜਾ। ਅਰਥ: ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ।1। ਰਹਾਉ। ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ 'ਮੈਂ (ਧਰਮੀ) ਮੈਂ (ਧਰਮੀ) ' ਆਖਦੇ ਵੇਖਦਾ ਹਾਂ, ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ।1। (ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ।2। (ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ) , (ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ।3। ਹੇ ਨਾਨਕ! (ਆਖ–) ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ।4। (ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ) ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ।1। ਰਹਾਉ ਦੂਜਾ।7। 58। ਆਸਾ ਮਹਲਾ ੫ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥ ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥ ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥ ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥ ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥ ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥ ਹੁਕਮੁ ਬੂਝੈ ਸੋਈ ਪਰਵਾਨੁ ॥ ਸਾਚੁ ਸਬਦੁ ਜਾ ਕਾ ਨੀਸਾਨੁ ॥੩॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥ {ਪੰਨਾ 385-386} ਪਦ ਅਰਥ: ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ। ਸਗਲ = ਸਾਰੇ।1। ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}। ਤੁਧੁ ਭਾਵੈ = ਤੈਨੂੰ ਪਿਆਰਾ ਲੱਗਦਾ ਹੈ।1। ਰਹਾਉ। ਸੀਤਲੁ = ਠੰਢਾ। ਜਪਿ = ਜਪ ਕੇ। ਜਪਤ = ਜਪਦਿਆਂ। ਢਹੈ– ਡਿੱਗ ਪੈਂਦਾ ਹੈ। ਦੁਖ ਡੇਰਾ = ਦੁੱਖਾਂ ਦਾ ਡੇਰਾ।2। ਹੁਕਮੁ = ਰਜ਼ਾ। ਸੋਈ = ਉਹੀ (ਮਨੁੱਖ) । ਸਾਚੁ = ਸਦਾ ਕਾਇਮ ਰਹਿਣ ਵਾਲਾ। ਸਾਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਜਾ ਕਾ = ਜਿਸ ਦਾ, ਜਿਸ ਦੇ ਪਾਸ। ਨੀਸਾਨੁ = ਪਰਵਾਨਾ, ਰਾਹਦਾਰੀ।3। ਗੁਰਿ ਪੂਰੈ = ਪੂਰੇ ਗੁਰੂ ਨੇ। ਭਨਤਿ ਨਾਨਕੁ = ਨਾਨਕ ਆਖਦਾ ਹੈ। ਮਨਿ = ਮਨ ਨੇ।4। ਅਰਥ: ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ। (ਪਰ) ਉਹੀ ਮਨੁੱਖ ਤੇਰਾ ਨਾਮ ਜਪਦਾ ਹੈ ਜੇਹੜਾ ਤੈਨੂੰ ਪਿਆਰਾ ਲੱਗਦਾ ਹੈ (ਜਿਸ ਉੱਤੇ ਤੇਰੀ ਮੇਹਰ ਹੁੰਦੀ ਹੈ) ।1। ਰਹਾਉ। (ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ।1। ਹੇ ਪ੍ਰਭੂ! ਤੇਰਾ ਨਾਮ ਜਪ ਕੇ ਮਨ ਸ਼ਾਂਤ ਹੋ ਜਾਂਦਾ ਹੈ। ਸਰੀਰ (ਭੀ, ਹਰੇਕ ਗਿਆਨ-ਇੰਦ੍ਰਾ ਭੀ) ਸ਼ਾਂਤ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਦੁੱਖਾਂ ਦਾ ਡੇਰਾ ਹੀ ਚੁੱਕਿਆ ਜਾਂਦਾ ਹੈ।2। (ਹੇ ਭਾਈ! ਇਸ ਜੀਵਨ-ਸਫ਼ਰ ਵਿਚ) ਜਿਸ ਮਨੁੱਖ ਦੇ ਪਾਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹਦਾਰੀ ਹੈ (ਤੇ ਇਸ ਰਾਹਦਾਰੀ ਦੀ ਬਰਕਤਿ ਨਾਲ ਜੇਹੜਾ ਪਰਮਾਤਮਾ ਦੀ) ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਖਿੜੇ-ਮੱਥੇ ਰਾਜ਼ੀ ਰਹਿੰਦਾ ਹੈ) ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ। ਨਾਨਕ ਆਖਦਾ ਹੈ– (ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ (ਤਦੋਂ ਤੋਂ) ਮੇਰੇ ਮਨ ਨੇ (ਸਦਾ) ਸੁਖ ਹੀ ਅਨੁਭਵ ਕੀਤਾ ਹੈ।4।8। 59। |
Sri Guru Granth Darpan, by Professor Sahib Singh |