ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 386 ਆਸਾ ਮਹਲਾ ੫ ॥ ਜਹਾ ਪਠਾਵਹੁ ਤਹ ਤਹ ਜਾਈ ॥ ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥ ਸਦਾ ਚੇਰੇ ਗੋਵਿੰਦ ਗੋਸਾਈ ॥ ਤੁਮ੍ਹ੍ਹਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ ॥ ਤੁਮਰਾ ਦੀਆ ਪੈਨ੍ਹ੍ਹਉ ਖਾਈ ॥ ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥ ਮਨ ਤਨ ਅੰਤਰਿ ਤੁਝੈ ਧਿਆਈ ॥ ਤੁਮ੍ਹ੍ਹਰੈ ਲਵੈ ਨ ਕੋਊ ਲਾਈ ॥੩॥ ਕਹੁ ਨਾਨਕ ਨਿਤ ਇਵੈ ਧਿਆਈ ॥ ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥ {ਪੰਨਾ 386} ਪਦ ਅਰਥ: ਪਠਾਵਹੁ = ਤੂੰ ਭੇਜਦਾ ਹੈਂ। ਤਹ ਤਹ = ਉਥੇ ਉਥੇ। ਜਾਈ = ਮੈਂ ਜਾਂਦਾ ਹਾਂ। ਜੋ = ਜੋ ਕੁਝ। ਪਾਈ = ਮੈਂ ਮਾਣਦਾ ਹਾਂ।1। ਚੇਰੇ = ਦਾਸ। ਗੋਵਿੰਦ = ਹੇ ਗੋਵਿੰਦ! ਕ੍ਰਿਪਾ ਤੇ = ਕਿਰਪਾ ਨਾਲ। ਤ੍ਰਿਪਤਿ ਅਘਾਈ = ਪੂਰਨ ਤੌਰ ਤੇ ਸੰਤੋਖ ਵਿਚ ਰਹਿੰਦਾ ਹਾਂ।1। ਰਹਾਉ। ਪੈਨ੍ਹ੍ਹਉ = ਮੈਂ ਪਹਿਨਦਾ ਹਾਂ, ਪੈਨ੍ਹ੍ਹਉਂ। ਖਾਈ = ਮੈਂ ਖਾਂਦਾ ਹਾਂ। ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ। ਪ੍ਰਭ = ਹੇ ਪ੍ਰਭੂ! ਵਲਾਈ = ਮੈਂ ਉਮਰ ਗੁਜ਼ਾਰਦਾ ਹਾਂ।2। ਲਵੈ = ਬਰਾਬਰ।3। ਇਵੈ = ਇਸੇ ਤਰ੍ਹਾਂ। ਗਤਿ = ਉੱਚੀ ਆਤਮਕ ਅਵਸਥਾ। ਸੰਤਹ ਪਾਈ = ਸੰਤ ਜਨਾਂ ਦੀ ਚਰਨੀਂ।4। ਅਰਥ: ਹੇ ਗੋਵਿੰਦ! ਹੇ ਗੋਸਾਈਂ! (ਮੇਹਰ ਕਰ, ਮੈਂ) ਸਦਾ ਤੇਰਾ ਦਾਸ ਬਣਿਆ ਰਹਾਂ (ਕਿਉਂਕਿ) ਤੇਰੀ ਕਿਰਪਾ ਨਾਲ ਹੀ ਮੈਂ ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ ਰੱਜਿਆ ਰਹਿੰਦਾ ਹਾਂ।1। ਰਹਾਉ। (ਹੇ ਗੋਵਿੰਦ! ਇਹ ਤੇਰੀ ਹੀ ਮੇਹਰ ਹੈ ਕਿ) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ, (ਸੁਖ ਹੋਵੇ ਚਾਹੇ ਦੁੱਖ ਹੋਵੇ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ (ਸਿਰ-ਮੱਥੇ ਉਤੇ) ਸੁਖ (ਜਾਣ ਕੇ) ਮੰਨਦਾ ਹਾਂ।1। ਹੇ ਪ੍ਰਭੂ! ਜੋ ਕੁਝ ਤੂੰ ਮੈਨੂੰ (ਪਹਿਨਣ ਨੂੰ, ਖਾਣ ਨੂੰ,) ਦੇਂਦਾ ਹੈਂ ਉਹੀ ਮੈਂ (ਸੰਤੋਖ ਨਾਲ) ਪਹਿਨਦਾ ਤੇ ਖਾਂਦਾ ਹਾਂ, ਤੇਰੀ ਕਿਰਪਾ ਨਾਲ ਮੈਂ (ਆਪਣਾ ਜੀਵਨ) ਸੁਖ-ਆਨੰਦ ਨਾਲ ਬਿਤੀਤ ਕਰ ਰਿਹਾ ਹਾਂ।2। ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ, ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ।3। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰਦਾ ਰਹੁ ਤੇ) ਆਖ– (ਹੇ ਪ੍ਰਭੂ! ਮੇਹਰ ਕਰ) ਮੈਂ ਇਸੇ ਤਰ੍ਹਾਂ ਸਦਾ ਤੈਨੂੰ ਸਿਮਰਦਾ ਰਹਾਂ। (ਤੇਰੀ ਮੇਹਰ ਹੋਵੇ ਤਾਂ ਤੇਰੇ) ਸੰਤ ਜਨਾਂ ਦੀ ਚਰਨੀਂ ਲੱਗ ਕੇ ਮੈਨੂੰ ਉੱਚੀ ਆਤਮਕ ਅਵਸਥਾ ਮਿਲੀ ਰਹੇ।4।9। 60। ਆਸਾ ਮਹਲਾ ੫ ॥ ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥੧॥ ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥ ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥ ਕਾਰਜਿ ਕਾਮਿ ਬਾਟ ਘਾਟ ਜਪੀਜੈ ॥ ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥ ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥ ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥ ਆਠ ਪਹਰ ਜਿਸੁ ਵਿਸਰਹਿ ਨਾਹੀ ॥ ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥ {ਪੰਨਾ 386} ਪਦ ਅਰਥ: ਮਾਰਗਿ = ਰਸਤੇ ਉਤੇ। ਚਲਤ = ਤੁਰਦਿਆਂ। ਹਰੇ ਹਰਿ = ਹਰੀ ਹੀ ਹਰੀ।1। ਸ੍ਰਵਨ = ਕੰਨਾਂ ਨਾਲ। ਸੁਨੀਜੈ = ਸੁਣਨੀ ਚਾਹੀਦੀ ਹੈ। ਅੰਮ੍ਰਿਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ। ਜਾਸੁ ਸੁਨੀ = ਜਿਸ ਨੂੰ ਸੁਣਿਆਂ। ਮਨਿ = ਮਨ ਵਿਚ। ਮਨ = ਮਨ ਦੇ। ਸਗਲੇ = ਸਾਰੇ।1। ਰਹਾਉ। ਕਾਰਜਿ = ਹਰੇਕ ਕਾਜ ਵਿਚ। ਕਾਮਿ = ਹਰੇਕ ਕੰਮ ਵਿਚ। ਬਾਟ = ਰਾਹੇ ਤੁਰਦਿਆਂ। ਘਾਟ = ਪੱਤਣ (ਲੰਘਦਿਆਂ) ।2। ਦਿਨਸੁ = ਦਿਨ। ਰੈਨਿ = ਰਾਤ। ਜਮ ਕੀ ਵਾਟ = ਜਮ ਦੇ ਰਸਤੇ, ਉਸ ਜੀਵਨ-ਰਾਹ ਤੇ ਜਿਥੇ ਆਤਮਕ ਮੌਤ ਆ ਦਬਾਏ।3। ਵਿਸਰਹਿ ਨਾਹੀ = ਤੂੰ ਨਹੀਂ ਵਿਸਰਦਾ। ਗਤਿ = ਉੱਚੀ ਆਤਮਕ ਅਵਸਥਾ। ਤਿਸੁ ਪਾਈ = ਉਸ ਦੇ ਚਰਨੀਂ।4। ਅਰਥ: (ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।1। ਰਹਾਉ। (ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ।1। (ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ।2। (ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ (ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ।3। ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ, ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ।4।10। 61। ਆਸਾ ਮਹਲਾ ੫ ॥ ਜਾ ਕੈ ਸਿਮਰਨਿ ਸੂਖ ਨਿਵਾਸੁ ॥ ਭਈ ਕਲਿਆਣ ਦੁਖ ਹੋਵਤ ਨਾਸੁ ॥੧॥ ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥ ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥ ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥ ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥ ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥ ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥ ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥ {ਪੰਨਾ 386} ਪਦ ਅਰਥ: ਜਾ ਕੈ ਸਿਮਰਨਿ = ਜਿਸ (ਪਰਮਾਤਮਾ) ਦੇ ਸਿਮਰਨ ਦੀ ਰਾਹੀਂ। ਸੂਖ ਨਿਵਾਸੁ = (ਮਨ ਵਿਚ) ਆਨੰਦ ਦਾ ਵਾਸਾ। ਕਲਿਆਣ = ਸੁਖ-ਸਾਂਦ, ਖੈਰੀਅਤ।1। ਕਰਹੁ = ਕਰੋਗੇ, ਮਾਣੋਗੇ। ਮਨਾਵਹੁ = ਖ਼ੁਸ਼ ਕਰੋ, ਪ੍ਰਸੰਨਤਾ ਹਾਸਲ ਕਰੋ।1। ਰਹਾਉ। ਸਚੁ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ। ਘਰਿ = ਹਿਰਦੇ-ਘਰ ਵਿਚ।2। ਪਰ ਕਾ = ਕਿਸੇ ਹੋਰ ਦਾ। ਨ ਰਾਖਹੁ ਚੀਤ = ਨਾਹ ਚਿਤਵਿਆ ਕਰੋ। ਭਾਈ ਮੀਤ = ਹੇ ਵੀਰ! ਹੇ ਮਿੱਤਰ!।3। ਤੰਤੁ = ਟੂਣਾ। ਮੰਤੁ = ਮੰਤਰ। ਗੁਰਿ = ਗੁਰੂ ਨੇ। ਨਾਨਕ = ਹੇ ਨਾਨਕ! ਅਨਦਿਨੁ = ਹਰ ਰੋਜ਼। ਚੀਨਾ = (ਵੱਸਦਾ) ਪਛਾਣ ਲਿਆ।4। ਅਰਥ: (ਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਤੁਰ ਕੇ) ਸਦਾ ਹੀ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਰਹੋ (ਗੁਰੂ ਦੇ ਹੁਕਮ ਅਨੁਸਾਰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ (ਇਸ ਦਾ ਨਤੀਜਾ ਇਹ ਹੋਵੇਗਾ ਕਿ ਸਦਾ) ਆਤਮਕ ਆਨੰਦ ਮਾਣਦੇ ਰਹੋਗੇ।1। ਰਹਾਉ। (ਹੇ ਭਾਈ! ਗੁਰੂ ਦੇ ਕਹੇ ਅਨੁਸਾਰ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ) ਜਿਸ ਦੇ ਸਿਮਰਨ ਦੀ ਬਰਕਤਿ ਨਾਲ (ਮਨ ਵਿਚ) ਸੁਖ ਦਾ ਵਾਸ ਹੋ ਜਾਂਦਾ ਹੈ, ਸਦਾ ਸੁਖ-ਸਾਂਦ ਬਣੀ ਰਹਿੰਦੀ ਹੈ ਤੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।1। (ਹੇ ਭਾਈ!) ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਰੱਖੋ (ਸ਼ਬਦ ਅਨੁਸਾਰ ਆਪਣਾ ਜੀਵਨ ਘੜਦੇ ਰਹੋ। ਇਸ ਸ਼ਬਦ ਦੀ ਬਰਕਤਿ ਨਾਲ ਆਪਣੇ) ਹਿਰਦੇ-ਘਰ ਵਿਚ ਅਡੋਲ ਟਿਕੇ ਰਹੋਗੇ (ਭਟਕਣਾ ਮੁੱਕ ਜਾਏਗੀ) ਤੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲਵੋਗੇ।2। ਹੇ ਵੀਰ! ਹੇ ਮਿੱਤਰ! ਕਦੇ ਕਿਸੇ ਦਾ ਬੁਰਾ ਨਾਹ ਚਿਤਵਿਆ ਕਰੋ (ਕਦੇ ਮਨ ਵਿਚ ਇਹ ਇੱਛਾ ਪੈਦਾ ਨਾਹ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ ਕਿ) ਤੁਹਾਨੂੰ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ।3। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਹੀ ਟੂਣਾ ਦਿੱਤਾ ਹੈ ਪਰਮਾਤਮਾ ਦਾ ਨਾਮ ਹੀ ਮੰਤਰ ਦਿੱਤਾ ਹੈ (ਉਹ ਮੰਤਰਾਂ ਟੂਣਿਆਂ ਦੀ ਰਾਹੀਂ ਹੋਰਨਾਂ ਦਾ ਬੁਰਾ ਚਿਤਵਨ ਦੇ ਥਾਂ, ਆਪਣੇ ਅੰਦਰ) ਹਰ ਵੇਲੇ (ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ) ਆਤਮਕ ਆਨੰਦ ਵੱਸਦਾ ਪਛਾਣ ਲੈਂਦਾ ਹੈ।4।11। 62। ਆਸਾ ਮਹਲਾ ੫ ॥ ਜਿਸੁ ਨੀਚ ਕਉ ਕੋਈ ਨ ਜਾਨੈ ॥ ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥ ਦਰਸਨੁ ਮਾਗਉ ਦੇਹਿ ਪਿਆਰੇ ॥ ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥ ਜਾ ਕੈ ਨਿਕਟਿ ਨ ਆਵੈ ਕੋਈ ॥ ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥ ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥ ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥ ਸਾਧਸੰਗਿ ਮਨ ਸੋਵਤ ਜਾਗੇ ॥ ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥ {ਪੰਨਾ 386} ਪਦ ਅਰਥ: ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ। ਨ ਜਾਨੈ = ਨਹੀਂ ਜਾਣਦਾ-ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ। ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ। ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ।1। ਮਾਗਉ = ਮਾਂਗਉ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ! ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ।1। ਰਹਾਉ। ਨਿਕਟਿ = ਨੇੜੇ। ਸਗਲ = ਸਾਰੀ। ਉਆ ਕੇ = ਉਸ ਦੇ। ਮਲਿ = ਮਲ ਮਲ ਕੇ। ਧੋਈ = ਧੋਂਦੀ ਹੈ।2। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ।3। ਮਨ = ਹੇ ਮਨ! ਨਾਨਕ = ਹੇ ਨਾਨਕ!।4। ਅਰਥ: ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ। ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ।1। ਰਹਾਉ। ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ, ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ।1। ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ (ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ। ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ (ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ।3। ਹੇ ਨਾਨਕ! (ਆਖ–) ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ।4।12। 63। |
Sri Guru Granth Darpan, by Professor Sahib Singh |