ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 387 ਆਸਾ ਮਹਲਾ ੫ ॥ ਏਕੋ ਏਕੀ ਨੈਨ ਨਿਹਾਰਉ ॥ ਸਦਾ ਸਦਾ ਹਰਿ ਨਾਮੁ ਸਮ੍ਹ੍ਹਾਰਉ ॥੧॥ ਰਾਮ ਰਾਮਾ ਰਾਮਾ ਗੁਨ ਗਾਵਉ ॥ ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥ ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥ ਘਟ ਘਟ ਅੰਤਰਿ ਰਵਿਆ ਸੋਈ ॥੨॥ ਓਪਤਿ ਪਰਲਉ ਖਿਨ ਮਹਿ ਕਰਤਾ ॥ ਆਪਿ ਅਲੇਪਾ ਨਿਰਗੁਨੁ ਰਹਤਾ ॥੩॥ ਕਰਨ ਕਰਾਵਨ ਅੰਤਰਜਾਮੀ ॥ ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥ {ਪੰਨਾ 387} ਪਦ ਅਰਥ: ਏਕੋ ਏਕੀ = ਇਕ ਪਰਮਾਤਮਾ ਹੀ। ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ। ਸਮ੍ਹ੍ਹਾਰਉ = ਮੈਂ ਹਿਰਦੇ ਵਿਚ ਟਿਕਾਈ ਰੱਖਦਾ ਹਾਂ।1। ਰਾਮਾ = ਰਮਾ, ਸੁੰਦਰ। ਗਾਵਉ = ਮੈਂ ਗਾਂਦਾ ਹਾਂ। ਸੰਤ ਪ੍ਰਤਾਪਿ = ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ।1। ਰਹਾਉ। ਸਮਗ੍ਰੀ = ਚੀਜ਼ਾਂ, ਪਦਾਰਥ। ਸੂਤਿ = ਸੂਤਰ ਵਿਚ, ਮਰਯਾਦਾ ਵਿਚ। ਸੋਈ = ਉਹ ਪਰਮਾਤਮਾ ਹੀ।2। ਓਪਤਿ = ਉਤਪੱਤੀ। ਪਰਲਉ = ਸਾਰੇ ਜਗਤ ਦਾ ਨਾਸ। ਅਲੇਪਾ = ਨਿਰਲੇਪ, ਵੱਖਰਾ। ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ।3। ਅਨੰਦ ਕਰੈ = ਹਰ ਵੇਲੇ ਪ੍ਰਸੰਨ ਰਹਿੰਦਾ ਹੈਂ।4। ਅਰਥ: ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ।1। ਰਹਾਉ। (ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ, ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ।1। (ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ਜਿਸ (ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ।2। (ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ, (ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ।3। (ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ (ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ।4।13। 64। ਆਸਾ ਮਹਲਾ ੫ ॥ ਕੋਟਿ ਜਨਮ ਕੇ ਰਹੇ ਭਵਾਰੇ ॥ ਦੁਲਭ ਦੇਹ ਜੀਤੀ ਨਹੀ ਹਾਰੇ ॥੧॥ ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥ ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥ ਪ੍ਰਭ ਕੇ ਸੰਤ ਉਧਾਰਨ ਜੋਗ ॥ ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥ ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥ ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥ ਨਾਮੁ ਪਦਾਰਥੁ ਨਉ ਨਿਧਿ ਸਿਧਿ ॥ ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥ {ਪੰਨਾ 387} ਪਦ ਅਰਥ: ਕੋਟਿ = ਕ੍ਰੋੜਾਂ। ਰਹੇ = ਮੁੱਕ ਗਏ। ਭਵਾਰੇ = ਭੌਣੇ, ਗੇੜ, ਭਟਕਣ। ਦੁਲਭ = ਜੋ ਬੜੀ ਮੁਸ਼ਕਲ ਨਾਲ ਮਿਲੀ ਹੈ।1। ਕਿਲਬਿਖ = ਪਾਪ। ਪੁਨੀਤ = ਪਵਿਤ੍ਰ। ਧੂਰਿ = ਚਰਨ-ਧੂੜ।1। ਰਹਾਉ। ਉਧਾਰਨ ਜੋਗ = ਬਚਾਣ ਦੀ ਤਾਕਤ ਰੱਖਣ ਵਾਲੇ। ਤਿਸੁ = ਉਸ ਮਨੁੱਖ ਨੂੰ। ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।2। ਧੁਰਿ = ਮਨ ਵਿਚ। ਗੁਰਿ = ਗੁਰੂ ਨੇ। ਤ੍ਰਿਸਨ = ਤ੍ਰਿਸ਼ਨਾ। ਨਿਹਚਲੁ = ਅਡੋਲ।3। ਨਉ ਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ। ਸਿਧਿ = ਮਾਨਸਕ ਤਾਕਤਾਂ, ਕਰਾਮਾਤੀ ਤਾਕਤਾਂ। ਬੁਧਿ = ਅਕਲ, ਸੂਝ। ਤੇ = ਤੋਂ।4। ਅਰਥ: (ਹੇ ਭਾਈ! ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲ ਗਈ ਉਹ) ਪਵਿਤ੍ਰ ਜੀਵਨ ਵਾਲੇ ਹੋ ਗਏ, (ਉਹਨਾਂ ਦੇ ਸਾਰੇ) ਦੁਖ ਕਲੇਸ਼ ਦੂਰ ਹੋ ਗਏ।1। ਰਹਾਉ। (ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ, ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ।1। (ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ, ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ।2। (ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ।3। ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ਉਸ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ) ।4।14। 65। ਆਸਾ ਮਹਲਾ ੫ ॥ ਮਿਟੀ ਤਿਆਸ ਅਗਿਆਨ ਅੰਧੇਰੇ ॥ ਸਾਧ ਸੇਵਾ ਅਘ ਕਟੇ ਘਨੇਰੇ ॥੧॥ ਸੂਖ ਸਹਜ ਆਨੰਦੁ ਘਨਾ ॥ ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥ ਬਿਨਸਿਓ ਮਨ ਕਾ ਮੂਰਖੁ ਢੀਠਾ ॥ ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥ ਗੁਰ ਪੂਰੇ ਕੇ ਚਰਣ ਗਹੇ ॥ ਕੋਟਿ ਜਨਮ ਕੇ ਪਾਪ ਲਹੇ ॥੩॥ ਰਤਨ ਜਨਮੁ ਇਹੁ ਸਫਲ ਭਇਆ ॥ ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥ {ਪੰਨਾ 387} ਪਦ ਅਰਥ: ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ। ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ। ਸਾਧ = ਗੁਰੂ। ਅਘ = ਪਾਪ। ਘਨੇਰੇ = ਬਹੁਤ।1। ਸਹਜ = ਆਤਮਕ ਅਡੋਲਤਾ। ਘਨਾ = ਬਹੁਤ। ਨਿਰਮਲ = ਪਵਿਤ੍ਰ।1। ਰਹਾਉ। ਮੂਰਖੁ = ਮੂਰਖਪੁਣਾ। ਢੀਠਾ = ਅਮੋੜ-ਪਨ। ਭਾਣਾ = ਰਜ਼ਾ।2। ਗਹੇ = ਫੜੇ। ਕੋਟਿ = ਕ੍ਰੋੜਾਂ।3। ਸਫਲ = ਕਾਮਯਾਬ। ਮਇਆ = ਦਇਆ।4। ਅਰਥ: (ਹੇ ਭਾਈ! ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ।1। ਰਹਾਉ। (ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ।1। (ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ।2। (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ।3। (ਹੇ ਨਾਨਕ! ਆਖ– (ਜਿਨ੍ਹਾਂ ਮਨੁੱਖਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ਉਹਨਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ।4।15। 66। ਆਸਾ ਮਹਲਾ ੫ ॥ ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾਰੇ ॥ ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥ ਜਾਗੁ ਰੇ ਮਨ ਜਾਗਨਹਾਰੇ ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥ ਗੁਰ ਕੀ ਬਾਣੀ ਸਿਉ ਰੰਗੁ ਲਾਇ ॥ ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥ ਗੁਰ ਬਿਨੁ ਦੂਜਾ ਨਾਹੀ ਥਾਉ ॥ ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥ ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥ {ਪੰਨਾ 387} ਪਦ ਅਰਥ: ਸਦ ਸਦਾ = ਸਦਾ ਸਦਾ, ਸਦਾ ਹੀ। ਸਮ੍ਹ੍ਹਾਰੇ = ਸਮ੍ਹ੍ਹਾਰਿ, ਸੰਭਾਲ, ਹਿਰਦੇ ਵਿਚ ਸਾਂਭ ਰੱਖ। ਝਾਰੇ = ਝਾਰਿ।1। ਰੇ = ਹੇ! ਜਾਗਨਹਾਰੇ = ਹੇ ਜਾਗਣ ਜੋਗੇ! ਆਵਸਿ = ਆਵੇਗਾ। ਕਾਮਾ = ਕੰਮਿ। ਮਿਥਿਆ = ਨਾਸਵੰਤ।1। ਰਹਾਉ। ਸਿਉ = ਨਾਲ। ਰੰਗੁ = ਪਿਆਰ। ਲਾਇ = ਜੋੜ।2। ਥਾਉ = ਆਸਰਾ, ਸਹਾਰਾ। ਦੇਵੈ = ਦੇਂਦਾ ਹੈ।3। ਗੁਰ ਜਾਪਿ = ਗੁਰੂ ਦਾ ਜਾਪ ਜਪ, ਗੁਰੂ ਨੂੰ ਚੇਤੇ ਰੱਖ।4। ਅਰਥ: ਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ।1। ਰਹਾਉ। ਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ। (ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ।1। (ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ। ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ।2। (ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ) । ਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ।3। ਹੇ ਨਾਨਕ! (ਆਖ– ਹੇ ਭਾਈ!) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ, ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।4। 16। 67। ਆਸਾ ਮਹਲਾ ੫ ॥ ਆਪੇ ਪੇਡੁ ਬਿਸਥਾਰੀ ਸਾਖ ॥ ਅਪਨੀ ਖੇਤੀ ਆਪੇ ਰਾਖ ॥੧॥ ਜਤ ਕਤ ਪੇਖਉ ਏਕੈ ਓਹੀ ॥ ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥ ਆਪੇ ਸੂਰੁ ਕਿਰਣਿ ਬਿਸਥਾਰੁ ॥ ਸੋਈ ਗੁਪਤੁ ਸੋਈ ਆਕਾਰੁ ॥੨॥ ਸਰਗੁਣ ਨਿਰਗੁਣ ਥਾਪੈ ਨਾਉ ॥ ਦੁਹ ਮਿਲਿ ਏਕੈ ਕੀਨੋ ਠਾਉ ॥੩॥ ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥ ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥ {ਪੰਨਾ 387} ਪਦ ਅਰਥ: ਪੇਡੁ = ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ। ਬਿਸਥਾਰੀ = ਖਿਲਾਰੀਆਂ ਹੋਈਆਂ ਹਨ। ਸਾਖ = ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ। ਰਾਖ = ਰਾਖਾ।1। ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਓਹੀ = ਉਹ (ਪਰਮਾਤਮਾ) ਹੀ। ਘਟ = ਸਰੀਰ। ਆਪੇ = (ਪਰਮਾਤਮਾ) ਆਪ ਹੀ।1। ਰਹਾਉ। ਸੂਰੁ = ਸੂਰਜ। ਬਿਸਥਾਰੁ = ਖਿਲਾਰਾ। ਸੋਈ = ਉਹ (ਪਰਮਾਤਮਾ) ਹੀ। ਗੁਪਤੁ = ਲੁਕਿਆ ਹੋਇਆ, ਅਦ੍ਰਿਸ਼ਟ। ਆਕਾਰੁ = ਦਿੱਸਦਾ ਜਗਤ।2। ਸਰਗੁਣ = ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਥਾਪੈ = ਬਣਾਂਦਾ ਹੈ। ਨਾਉ = ਨਾਮ। ਮਿਲਿ = ਮਿਲ ਕੇ। ਏਕੈ ਠਾਉ = ਇਕੋ ਹੀ ਥਾਂ।3। ਗੁਰਿ = ਗੁਰੂ ਨੇ। ਭ੍ਰਮੁ = ਭਟਕਣਾ। ਅਨਦ ਰੂਪੁ = ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ। ਨੈਨ = ਅੱਖਾਂ ਨਾਲ। ਅਲੋਇਆ = ਵੇਖ ਲਿਆ।4। ਅਰਥ: (ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ, ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ।1। ਰਹਾਉ। (ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ। (ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ।1। (ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ, ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ।2। (ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ (ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ) , ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ।3। ਹੇ ਨਾਨਕ! ਆਖ– ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ।4। 17। 68। |
Sri Guru Granth Darpan, by Professor Sahib Singh |