ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 388 ਆਸਾ ਮਹਲਾ ੫ ॥ ਉਕਤਿ ਸਿਆਨਪ ਕਿਛੂ ਨ ਜਾਨਾ ॥ ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥ ਮੈ ਨਿਰਗੁਨ ਗੁਣੁ ਨਾਹੀ ਕੋਇ ॥ ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥ ਮੂਰਖ ਮੁਗਧ ਅਗਿਆਨ ਅਵੀਚਾਰੀ ॥ ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥ ਜਪੁ ਤਪੁ ਸੰਜਮੁ ਕਰਮ ਨ ਸਾਧਾ ॥ ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥ ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥ ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥ {ਪੰਨਾ 388} ਪਦ ਅਰਥ: ਉਕਤਿ = ਯੁਕਤਿ, ਦਲੀਲ। ਕਿਛੂ = ਕੁਝ ਭੀ। ਰੈਣੀ = ਰਾਤ। ਵਖਾਨਾ = ਮੈਂ ਉਚਾਰਦਾ ਹਾਂ।1। ਨਿਰਗੁਨ = ਗੁਣ-ਹੀਨ। ਕਰਨਹਾਰ = (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਕਰਨ ਦੀ ਤਾਕਤ ਰੱਖਣ ਵਾਲਾ। ਕਰਾਵਨਹਾਰ = (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ। ਪ੍ਰਭ = ਹੇ ਪ੍ਰਭੂ!।1। ਰਹਾਉ। ਮੁਗਧ = ਬੇ-ਵਕੂਫ਼। ਅਗਿਆਨ = ਗਿਆਨ-ਹੀਣ। ਅਵੀਚਾਰੀ = ਬੇ-ਸਮਝ, ਵਿਚਾਰ ਦੀ ਗੱਲ ਨਾਹ ਕਰ ਸਕਣ ਵਾਲਾ। ਮਨਿ = ਮਨ ਵਿਚ।2। ਸਾਧਾ = ਅੱਭਿਆਸ ਕੀਤਾ। ਮਨਹਿ = ਮਨ ਵਿਚ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ।3। ਥੋਰੀ = ਥੋੜੀ। ਬਿਨਵਤਿ = ਬੇਨਤੀ ਕਰਦਾ ਹੈ। ਤੋਰੀ = ਤੇਰੀ।4। ਅਰਥ: ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ) ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ।1। ਰਹਾਉ। ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ (ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ।1। ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ) , ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ।2। ਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ) ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ।3। ਨਾਨਕ ਬੇਨਤੀ ਕਰਦਾ ਹੈ– ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ, ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ।4। 18। 69। ਆਸਾ ਮਹਲਾ ੫ ॥ ਹਰਿ ਹਰਿ ਅਖਰ ਦੁਇ ਇਹ ਮਾਲਾ ॥ ਜਪਤ ਜਪਤ ਭਏ ਦੀਨ ਦਇਆਲਾ ॥੧॥ ਕਰਉ ਬੇਨਤੀ ਸਤਿਗੁਰ ਅਪੁਨੀ ॥ ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥ ਹਰਿ ਮਾਲਾ ਉਰ ਅੰਤਰਿ ਧਾਰੈ ॥ ਜਨਮ ਮਰਣ ਕਾ ਦੂਖੁ ਨਿਵਾਰੈ ॥੨॥ ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥ ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥ ਕਹੁ ਨਾਨਕ ਜੋ ਰਾਚੈ ਨਾਇ ॥ ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥ {ਪੰਨਾ 388} ਪਦ ਅਰਥ: ਅਖਰ ਦੁਇ = ਦੋਵੇਂ ਲਫ਼ਜ਼ (ਹਰਿ ਹਰਿ) । ਜਪਤ = ਜਪਦਿਆਂ। ਦੀਨ = ਦੀਨਾਂ ਉਤੇ, ਕੰਗਾਲਾਂ ਉਤੇ।1। ਕਰਉ = ਕਰਉਂ, ਮੈਂ ਕਰਦਾ ਹਾਂ। ਸਤਿਗੁਰ = ਹੇ ਸਤਿਗੁਰ! ਮੋ ਕਉ = ਮੈਨੂੰ। ਜਪਨੀ = ਮਾਲਾ।1। ਰਹਾਉ। ਉਰ = ਹਿਰਦਾ। ਅੰਤਰਿ = ਅੰਦਰ। ਧਾਰੈ = ਟਿਕਾਈ ਰੱਖਦਾ ਹੈ। ਨਿਵਾਰੈ = ਦੂਰ ਕਰ ਲੈਂਦਾ ਹੈ।2। ਸਮ੍ਹ੍ਹਾਲੇ = ਸਾਂਭ ਕੇ ਰੱਖਦਾ ਹੈ। ਮੁਖਿ = ਮੂੰਹ ਨਾਲ। ਇਤ ਉਤ = ਲੋਕ ਪਰਲੋਕ ਵਿਚ। ਕਤਹਿ = ਕਿਤੇ ਭੀ।3। ਨਾਇ = ਨਾਮ ਵਿਚ। ਸੰਗਿ = ਨਾਲ।4। ਅਰਥ: ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ 'ਹਰਿ ਹਰਿ' ਨਾਮ ਦੀ ਮਾਲਾ ਦੇਹ।1। ਰਹਾਉ। (ਹੇ ਭਾਈ! ਮੇਰੇ ਪਾਸ ਤਾਂ) 'ਹਰਿ ਹਰਿ' = ਇਹ ਦੋ ਲਫ਼ਜ਼ਾਂ ਦੀ ਮਾਲਾ ਹੈ, ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ।1। ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ, ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ।2। ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ ਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ।3। ਹੇ ਨਾਨਕ! ਆਖ– ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ।4। 19। 70। ਆਸਾ ਮਹਲਾ ੫ ॥ ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥ ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥ ਹਰਿ ਕਾ ਸੇਵਕੁ ਸਦ ਹੀ ਮੁਕਤਾ ॥ ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥ ਸਗਲ ਤਿਆਗਿ ਹਰਿ ਸਰਣੀ ਆਇਆ ॥ ਤਿਸੁ ਜਨ ਕਹਾ ਬਿਆਪੈ ਮਾਇਆ ॥੨॥ ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥ ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥ ਕਹੁ ਨਾਨਕ ਗੁਰੁ ਪੂਰਾ ਪਾਇਆ ॥ ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥ {ਪੰਨਾ 388} ਪਦ ਅਰਥ: ਜਿਸ ਕਾ = ਜਿਸ (ਪਰਮਾਤਮਾ) ਦਾ {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਲੇਪੁ = ਮਾਇਆ ਦਾ ਪ੍ਰਭਾਵ। ਬਿਆਪੈ = ਜ਼ੋਰ ਪਾ ਸਕਦਾ।1। ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਭਲ = ਭਲਾ। ਜਨ ਕੈ = ਸੇਵਕ ਦੇ ਹਿਰਦੇ ਵਿਚ। ਜੁਗਤਾ = ਜੀਵਨ ਦੀ ਜੁਗਤਿ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ।1। ਰਹਾਉ। ਕਹਾ = ਕਿੱਥੇ? ਬਿਲਕੁਲ ਨਹੀਂ।2। ਨਿਧਾਨੁ = ਖ਼ਜ਼ਾਨਾ। ਮਹਿ = ਵਿਚ। ਸੁਪਨੈ = ਸੁਪਨੈ ਵਿਚ ਭੀ, ਕਦੇ ਭੀ।3। ਨਾਨਕ = ਹੇ ਨਾਨਕ! ਭਰਮੁ = ਮਾਇਆ ਦੀ ਭਟਕਣਾ। ਸਗਲ = ਸਾਰਾ।4। ਅਰਥ: (ਹੇ ਭਾਈ!) ਪਰਮਾਤਮਾ ਦਾ ਭਗਤ ਸਦਾ ਹੀ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਆਜ਼ਾਦ ਰਹਿੰਦਾ ਹੈ, ਪਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ, ਸੇਵਕ ਦੀ ਜੀਵਨ-ਰਹਿਤ ਬਹੁਤ ਹੀ ਪਵਿਤ੍ਰ ਹੁੰਦੀ ਹੈ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ) ਉਸ ਪਰਮਾਤਮਾ ਦਾ (ਸੇਵਕ) ਬਣਿਆ ਰਹਿੰਦਾ ਹੈ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਹੈ ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਭੀ ਪ੍ਰਭਾਵ ਨਹੀਂ ਪੈ ਸਕਦਾ।1। (ਹੇ ਭਾਈ! ਜੇਹੜਾ ਮਨੁੱਖ ਹੋਰ) ਸਾਰੇ (ਆਸਰੇ) ਛੱਡ ਕੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਮਾਇਆ ਉਸ ਮਨੁੱਖ ਉਤੇ ਕਦੇ ਭੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ।2। (ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਟਿਕਿਆ ਰਹਿੰਦਾ ਹੈ ਉਸ ਨੂੰ ਕਦੇ ਭੀ ਕੋਈ ਚਿੰਤਾ ਪੋਹ ਨਹੀਂ ਸਕਦੀ।3। ਹੇ ਨਾਨਕ! ਆਖ– ਜੇਹੜਾ ਮਨੁੱਖ ਪੂਰਾ ਗੁਰੂ ਲੱਭ ਲੈਂਦਾ ਹੈ ਉਸ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੂਰ ਹੋ ਜਾਂਦੀ ਹੈ (ਉਸ ਦੇ ਮਨ ਵਿਚੋਂ ਮਾਇਆ ਦਾ) ਸਾਰਾ ਮੋਹ ਦੂਰ ਹੋ ਜਾਂਦਾ ਹੈ।4। 20। 71। ਆਸਾ ਮਹਲਾ ੫ ॥ ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥ ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥ ਸੁਨਿ ਸੁਨਿ ਜੀਵਾ ਸੋਇ ਤੁਮ੍ਹ੍ਹਾਰੀ ॥ ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥ ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥ ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥ ਸੋਈ ਸਤਿ ਸਤਿ ਹੈ ਸੋਇ ॥ ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥ ਕਹੁ ਨਾਨਕ ਕਉਨ ਉਹ ਕਰਮਾ ॥ ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥ {ਪੰਨਾ 388} ਪਦ ਅਰਥ: ਜਉ = ਜਦੋਂ। ਸੁਪ੍ਰਸੰਨ = ਬਹੁਤ ਖ਼ੁਸ਼। ਤਾਂ = ਤਦੋਂ। ਕਹੁ = ਦੱਸੋ। ਕੈਸੇ = ਕਿਵੇਂ? ਨੇਰਾ = ਨੇੜੇ।1। ਸੁਨਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ। ਸੋਇ = ਖ਼ਬਰ, ਸੋਭਾ। ਮੋਹਿ = ਮੈਨੂੰ। ਕਉ = ਨੂੰ।1। ਰਹਾਉ। ਜਪਿ = ਜਪ ਕੇ। ਮੰਤਾ = ਉਪਦੇਸ਼, ਸ਼ਬਦ।2। ਸੋਈ = ਉਹ (ਪਰਮਾਤਮਾ) ਹੀ। ਸਤਿ = ਸਦਾ ਕਾਇਮ ਰਹਿਣ ਵਾਲਾ। ਕੰਠਿ = ਗਲੇ ਵਿਚ। ਪਰੋਇ = ਪ੍ਰੋ ਕੇ।3। ਕਰਮਾ = (ਮਿਥਿਆ ਹੋਇਆ ਧਾਰਮਿਕ) ਕੰਮ। ਜਾ ਕੈ ਮਨਿ = ਜਿਸ ਮਨੁੱਖ ਦੇ ਮਨ ਵਿਚ।4। ਅਰਥ: (ਹੇ ਮੇਰੇ ਪ੍ਰਭੂ) ! ਤੇਰੀ ਸੋਭਾ (-ਵਡਿਆਈ) ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਹੇ ਮੇਰੇ ਪ੍ਰਭੂ! ਮੇਹਰ ਕਰ) ਮੈਨੂੰ ਗੁਣ-ਹੀਨ ਨੂੰ (ਦੁੱਖਾਂ-ਭਰਮਾਂ ਤੋਂ) ਬਚਾਈ ਰੱਖ।1। ਰਹਾਉ। (ਹੇ ਭਾਈ!) ਜਦੋਂ ਮੇਰਾ ਪ੍ਰਭੂ (ਕਿਸੇ ਮਨੁੱਖ ਉਤੇ) ਬਹੁਤ ਪ੍ਰਸੰਨ ਹੁੰਦਾ ਹੈ ਤਦੋਂ ਦੱਸੋ, ਕੋਈ ਦੁਖ ਭਰਮ ਉਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਹੈ?।1। (ਹੇ ਭਾਈ!) ਸਤਿਗੁਰੂ ਦੀ ਬਾਣੀ ਜਪ ਕੇ ਮੈਂ ਇਹ ਫਲ ਪ੍ਰਾਪਤ ਕਰ ਲਿਆ ਹੈ ਕਿ (ਮੇਰੇ) ਅੰਦਰੋਂ ਹਰੇਕ ਕਿਸਮ ਦਾ ਦੁਖ ਦੂਰ ਹੋ ਗਿਆ ਹੈ, ਮੈਂ (ਹਰੇਕ ਕਿਸਮ ਦੀ) ਚਿੰਤਾ ਭੁਲਾ ਦਿੱਤੀ ਹੈ।2। (ਹੇ ਭਾਈ!) ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਸ ਨੂੰ ਸਦਾ ਸਿਮਰਦਾ ਰਹੁ ਉਸ (ਦੇ ਨਾਮ) ਨੂੰ ਆਪਣੇ ਗਲੇ ਵਿਚ ਪ੍ਰੋ ਕੇ ਰੱਖ (ਜਿਵੇਂ ਫੁੱਲਾਂ ਦਾ ਹਾਰ ਪ੍ਰੋ ਕੇ ਗਲ ਵਿਚ ਪਾਈਦਾ ਹੈ) ।3। ਹੇ ਨਾਨਕ! ਆਖ– ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸੇ, ਹੋਰ ਉਹ ਕੇਹੜਾ (ਮਿਥਿਆ ਹੋਇਆ ਧਾਰਮਿਕ) ਕੰਮ (ਰਹਿ ਜਾਂਦਾ ਹੈ ਜੇਹੜਾ ਉਸ ਨੂੰ ਕਰਨਾ ਚਾਹੀਦਾ ਹੈ) ।4। 21। 72। ਆਸਾ ਮਹਲਾ ੫ ॥ ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥ ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥ ਸੋਇ ਰਹੇ ਮਾਇਆ ਮਦ ਮਾਤੇ ॥ ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥ ਮੋਹ ਭਰਮਿ ਬਹੁ ਜੋਨਿ ਭਵਾਇਆ ॥ ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥ ਬੰਧਨ ਅੰਧ ਕੂਪ ਗ੍ਰਿਹ ਮੇਰਾ ॥ ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥ ਕਹੁ ਨਾਨਕ ਜੋ ਪ੍ਰਭ ਸਰਣਾਈ ॥ ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥ {ਪੰਨਾ 388} ਪਦ ਅਰਥ: ਕਾਮਿ = ਕਾਮ ਵਿਚ। ਕ੍ਰੋਧਿ = ਕੋਧ ਵਿਚ। ਅਹੰਕਾਰਿ = ਅਹੰਕਾਰ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ। ਛੂਟੇ = ਬਚ ਜਾਂਦੇ ਹਨ।1। ਮਾਤੇ = ਮਸਤ, ਹੋਏ। ਮਦ = ਨਸ਼ਾ। ਰਾਤੇ = ਰੱਤੇ ਹੋਏ, ਰੰਗੇ ਹੋਏ।1। ਰਹਾਉ। ਭਰਮਿ = ਭਟਕਣਾ ਵਿਚ। ਅਸਥਿਰੁ = ਟਿਕਿਆ ਹੋਇਆ, ਜਨਮ ਮਰਨ ਦੇ ਗੇੜ ਤੋਂ ਬਚਿਆ ਹੋਇਆ।2। ਅੰਧ ਕੂਪ = ਅੰਨ੍ਹਾ ਖੂਹ। ਮੁਕਤੇ = ਸੁਤੰਤਰ, ਆਜ਼ਾਦ। ਨੇਰਾ = ਨੇੜੇ।3। ਨਾਨਕ = ਹੇ ਨਾਨਕ! ਈਹਾ = ਇਸ ਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ।4। ਅਰਥ: (ਹੇ ਭਾਈ! ਮਾਇਆ ਵੇੜ੍ਹੇ ਜੀਵ) ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ (ਆਤਮਕ ਜੀਵਨ ਵਲੋਂ) ਸੁੱਤੇ ਰਹਿੰਦੇ ਹਨ (ਬੇ-ਪਰਵਾਹ ਟਿਕੇ ਰਹਿੰਦੇ ਹਨ) । ਪਰ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦੇ ਹੋਏ (ਹਰਿ-ਨਾਮ-ਰੰਗ ਵਿਚ) ਰੰਗੀਜ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ।1। ਰਹਾਉ। (ਹੇ ਭਾਈ! ਮਾਇਆ-ਗ੍ਰਸੇ ਜੀਵ) ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸ ਕੇ) ਖ਼ੁਆਰ ਹੁੰਦੇ ਰਹਿੰਦੇ ਹਨ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ (ਕਾਮ ਕ੍ਰੋਧ ਅਹੰਕਾਰ ਆਦਿਕ ਤੋਂ) ਬਚੇ ਰਹਿੰਦੇ ਹਨ।1। (ਹੇ ਭਾਈ! ਮਾਇਆ ਦੇ) ਮੋਹ ਦੀ ਭਟਕਣਾ ਵਿਚ ਪੈ ਕੇ ਮਨੁੱਖ ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ ਪਰ ਭਗਤ ਜਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ (ਜਨਮ ਮਰਨ ਦੇ ਗੇੜ ਵਲੋਂ) ਅਡੋਲ ਰਹਿੰਦੇ ਹਨ।2। (ਹੇ ਭਾਈ!) ਇਹ ਘਰ ਮੇਰਾ ਹੈ, ਇਹ ਘਰ ਮੇਰਾ ਹੈ– ਇਸ ਮੋਹ ਦੇ ਅੰਨ੍ਹੇ ਖੂਹ ਦੇ ਬੰਧਨਾਂ ਤੋਂ ਉਹ ਸੰਤ ਜਨ ਆਜ਼ਾਦ ਰਹਿੰਦੇ ਹਨ ਜੇਹੜੇ ਪਰਮਾਤਮਾ ਨੂੰ (ਹਰ ਵੇਲੇ) ਆਪਣੇ ਨੇੜੇ ਵੱਸਦਾ ਸਮਝਦੇ ਹਨ।3। ਹੇ ਨਾਨਕ! ਆਖ– ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ਉਹ ਇਸ ਲੋਕ ਵਿਚ ਆਤਮਕ ਆਨੰਦ ਮਾਣਦਾ ਹੈ, ਪਰਲੋਕ ਵਿਚ ਭੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ।4। 22। 73। |
Sri Guru Granth Darpan, by Professor Sahib Singh |