ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 389 ਆਸਾ ਮਹਲਾ ੫ ॥ ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥ ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥ ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥ ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥ ਤੂ ਮੇਰਾ ਜੀਵਨੁ ਤੂ ਆਧਾਰੁ ॥ ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥ ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥ ਤੂ ਸਮਰਥੁ ਮੈ ਤੇਰਾ ਤਾਣੁ ॥੩॥ ਅਨਦਿਨੁ ਜਪਉ ਨਾਮ ਗੁਣਤਾਸਿ ॥ ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥ {ਪੰਨਾ 389} ਪਦ ਅਰਥ: ਤਰੰਗੁ = ਪਾਣੀ ਦੀ ਲਹਿਰ, ਪਾਣੀ, ਦਰਿਆ। ਮੀਨ = ਮੱਛੀ। ਠਾਕੁਰੁ = ਮਾਲਕ। ਤੇਰੈ ਦੁਆਰੇ = ਤੇਰੇ ਦਰ ਤੇ।1। ਕਰਤਾ = ਪੈਦਾ ਕਰਨ ਵਾਲਾ। ਹਉ = ਮੈਂ। ਗਹੀ = ਫੜੀ। ਪ੍ਰਭੂ = ਹੇ ਪ੍ਰਭੂ! ਗੁਨੀ ਗਹੇਰਾ = ਗੁਣਾਂ ਦਾ ਡੂੰਘਾ ਸਮੁੰਦਰ।1। ਰਹਾਉ। ਆਧਾਰੁ = ਆਸਰਾ। ਪੇਖਿ = ਵੇਖ ਕੇ। ਕਉਲਾਰੁ = ਕੌਲ-ਫੁੱਲ। ਬਿਗਸੈ = ਖਿੜਦਾ ਹੈ।2। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ। ਪਰਵਾਨੁ = ਕਬੂਲ। ਸਮਰਥੁ = ਤਾਕਤਾਂ ਦਾ ਮਾਲਕ।3। ਅਨਦਿਨੁ = ਹਰ ਰੋਜ਼। ਜਪਉ = ਮੈਂ ਜਪਾਂ, ਜਪਉਂ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ! ਪਹਿ = ਪਾਸ।4। ਅਰਥ: ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ। ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ।1। ਰਹਾਉ। ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ) । ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ।1। ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ, ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ।2। ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ। ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।3। ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ (= ਮੇਹਰ ਕਰ) ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ।4। 23। 74। ਆਸਾ ਮਹਲਾ ੫ ॥ ਰੋਵਨਹਾਰੈ ਝੂਠੁ ਕਮਾਨਾ ॥ ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥ ਕੋ ਮੂਆ ਕਾ ਕੈ ਘਰਿ ਗਾਵਨੁ ॥ ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥ ਬਾਲ ਬਿਵਸਥਾ ਤੇ ਬਿਰਧਾਨਾ ॥ ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥ ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥ ਕਹੁ ਨਾਨਕ ਜੋ ਲਾਇਆ ਨਾਮ ॥ ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥ {ਪੰਨਾ 389} ਪਦ ਅਰਥ: ਰੋਵਨਹਾਰੈ = ਰੋਣ ਵਾਲੇ ਨੇ। ਝੂਠੁ ਕਮਾਨਾ = ਝੂਠ-ਮੂਠ ਹੀ ਰੋਣ ਦਾ ਕੰਮ ਕੀਤਾ, ਝੂਠਾ ਰੋਂਦਾ ਹੈ, ਆਪਣੇ ਸੁਆਰਥ ਦੀ ਖ਼ਾਤਰ ਰੋਂਦਾ ਹੈ। ਹਸਿ = ਹੱਸ ਕੇ। ਸੋਗੁ = (ਕਿਸੇ ਦੀ ਮੌਤ ਉੱਤੇ) ਅਫ਼ਸੋਸ। ਬੇਗਾਨਾ = ਓਪਰਾ ਮਨੁੱਖ।1। ਕੋ = ਕੋਈ ਮਨੁਖ। ਮੂਆ = ਮਰਿਆ, ਮਰਦਾ ਹੈ। ਕਾ ਕੈ ਘਰਿ = ਕਿਸੇ ਦਾ ਘਰ ਵਿਚ। ਗਾਵਨੁ = ਗਾਉਣਾ, ਖ਼ੁਸ਼ੀ ਆਦਿਕ ਦੇ ਕਾਰਨ ਗਾਉਣਾ। ਹਸਿ ਹਸਿ ਪਾਵਨੁ = ਹੱਸ ਹੱਸ ਪੈਂਦਾ ਹੈ।1। ਰਹਾਉ। ਤੇ = ਤੋਂ (ਸ਼ੁਰੂ ਕਰ ਕੇ) । ਪਹੁਚਿ ਨ ਮੂਕਾ = ਅਜੇ ਪਹੁੰਚਾ ਭੀ ਨਹੀਂ, ਅਜੇ ਮਸਾਂ ਪਹੁੰਚਦਾ ਹੀ ਹੈ।2। ਵਰਤੈ = ਦੌੜ-ਭੱਜ ਕਰ ਰਿਹਾ ਹੈ। ਫਿਰਿ ਫਿਰਿ = ਮੁੜ ਮੁੜ। ਅਉਤਾਰਾ = ਜਨਮ।3। ਜੋ = ਜਿਸ ਮਨੁੱਖ ਨੂੰ। ਸਫਲ = ਕਾਮਯਾਬ। ਪਰਵਾਨ = ਕਬੂਲ।4। ਅਰਥ: (ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ) , ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ। ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ।1। ਰਹਾਉ। (ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ) ਝੂਠਾ ਰੋਣ ਹੀ ਰੋਂਦਾ ਹੈ। ਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ।1। ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ (ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸ ਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ।2। (ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ ਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ।3। ਹੇ ਨਾਨਕ! ਆਖ– ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ।4। 24। 75। ਆਸਾ ਮਹਲਾ ੫ ॥ ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ ਭੋਰੁ ਭਇਆ ਬਹੁਰਿ ਪਛੁਤਾਨੀ ॥੧॥ ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥ ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥ ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥ ਸਾਦਿ ਮੋਹਿ ਲਾਦੀ ਅਹੰਕਾਰੇ ॥ ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥ ਸਾਧਸੰਗਿ ਮਿਟੇ ਭਰਮ ਅੰਧਾਰੇ ॥ ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥ {ਪੰਨਾ 389} ਪਦ ਅਰਥ: ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ। ਭੋਰੁ = ਦਿਨ, ਉਮਰ-ਰਾਤ ਦਾ ਅੰਤ, ਮੌਤ ਦਾ ਸਮਾ। ਬਹੁਰਿ = ਮੁੜ, ਫਿਰ, ਤਦੋਂ।1। ਸਹਜਿ = ਆਤਮਕ ਅਡੋਲਤਾ ਵਿਚ। ਪ੍ਰਿਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ) । ਮਨਿ = ਮਨ ਵਿਚ। ਅਨਦੁ = ਆਨੰਦ। ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ। ਰੀ = ਹੇ ਸਖੀ! ਮਿਲਬੇ ਕੀ = ਮਿਲਣ ਦੀ। ਲਾਲਸਾ = ਤਾਂਘ। ਤਾ ਤੇ = ਇਸ ਕਰਕੇ। ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ?।1। ਰਹਾਉ। ਕਰ ਮਹਿ = ਹੱਥਾਂ ਵਿਚ। ਆਣਿ = ਲਿਆ ਕੇ। ਨਿਸਾਰਿਓ = ਪਾ ਦਿੱਤਾ, ਵਗਾ ਦਿੱਤਾ। ਖਿਸਰਿ ਗਇਓ = ਡੁੱਲ੍ਹ ਗਿਆ। ਭੂਮ ਪਰਿ = ਧਰਤੀ ਉਤੇ, ਮਿੱਟੀ ਵਿਚ।2। ਸਾਦਿ = ਸੁਆਦ ਵਿਚ। ਮੋਹਿ = ਮੋਹ ਵਿਚ, ਮੋਹ ਦੇ ਭਾਰ ਹੇਠ। ਲਾਦੀ = ਲੱਦੀ ਰਹੀ, ਦੱਬੀ ਰਹੀ। ਅਹੰਕਾਰੇ = ਅਹੰਕਾਰਿ, ਅਹੰਕਾਰ ਦੇ ਭਾਰ ਹੇਠ।3। ਸਾਧ ਸੰਗਿ = ਸਾਧ ਸੰਗਤਿ ਵਿਚ। ਅੰਧਾਰੇ = ਹਨੇਰੇ। ਸਿਰਜਣਹਾਰੇ = ਸਿਰਜਣ-ਹਾਰਿ, ਸਿਰਜਣਹਾਰ ਨੇ।4। ਅਰਥ: ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ। ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ।1। ਰਹਾਉ। ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ। ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ।1। ਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ। ਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ।2। ਹੇ ਸਖੀ! (ਜੀਵ-ਇਸਤ੍ਰੀ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ, (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ।3। ਹੇ ਨਾਨਕ! ਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ, ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।4। 25। 76। ਆਸਾ ਮਹਲਾ ੫ ॥ ਚਰਨ ਕਮਲ ਕੀ ਆਸ ਪਿਆਰੇ ॥ ਜਮਕੰਕਰ ਨਸਿ ਗਏ ਵਿਚਾਰੇ ॥੧॥ ਤੂ ਚਿਤਿ ਆਵਹਿ ਤੇਰੀ ਮਇਆ ॥ ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥ ਅਨਿਕ ਦੂਖ ਦੇਵਹਿ ਅਵਰਾ ਕਉ ॥ ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥ ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥ ਸਹਜ ਅਨੰਦ ਬਸੈ ਬੈਰਾਗੀ ॥੩॥ ਨਾਨਕ ਕੀ ਅਰਦਾਸਿ ਸੁਣੀਜੈ ॥ ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥ {ਪੰਨਾ 389} ਪਦ ਅਰਥ: ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਪਿਆਰੇ = ਹੇ ਪਿਆਰੇ! ਕੰਕਰ = {ikzkr} ਸੇਵਕ। ਜਮ ਕੰਕਰ = ਜਮ-ਦੂਤ। ਵਿਚਾਰੇ = ਨਿਮਾਣੇ, ਬੇ-ਵੱਸ ਜਿਹੇ, ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ।1। ਚਿਤਿ = ਚਿੱਤ ਵਿਚ। ਮਇਆ = ਦਇਆ। ਸਗਲ ਰੋਗ = ਸਾਰੇ ਰੋਗ। ਖਇਆ = ਖੈ ਹੋ ਜਾਂਦੇ ਹਨ।1। ਰਹਾਉ। ਅਵਰਾ ਕਉ = ਹੋਰਨਾਂ ਨੂੰ।2। ਮਨਿ = ਮਨ ਵਿਚ। ਸਹਜ = ਆਤਮਕ-ਅਡੋਲਤਾ। ਬੈਰਾਗੀ = ਵੈਰਾਗਣ ਹੋ ਕੇ, ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ।3। ਰਿਦੇ ਮਹਿ = ਹਿਰਦੇ ਵਿਚ। ਦੀਜੈ = ਦੇਹ।4। ਅਰਥ: ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ, ਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ।1। ਰਹਾਉ। ਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ, ਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ।1। ਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ, ਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ।2। ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ ਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ।3। ਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ, (ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ।4। 26। 77। ਆਸਾ ਮਹਲਾ ੫ ॥ ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥ ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥ ਸੰਤ ਪ੍ਰਸਾਦਿ ਭਲੀ ਬਨੀ ॥ ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥ ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥ ਮਿਟਿ ਗਈ ਭੂਖ ਮਹਾ ਬਿਕਰਾਲ ॥੨॥ ਠਾਕੁਰਿ ਅਪੁਨੈ ਕੀਨੀ ਦਾਤਿ ॥ ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥ ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥ ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥ {ਪੰਨਾ 389} ਪਦ ਅਰਥ: ਤ੍ਰਿਪਤਾਨੋ = ਰੱਜ ਗਿਆ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ। ਕਿਰਪਾਲ = ਦਇਆਵਾਨ।1। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰਨ = ਮੁਕੰਮਲ। ਭੇਟਿਆ = ਮਿਲਿਆ। ਧਨੀ = ਮਾਲਕ।1। ਰਹਾਉ। ਸਾਧ = ਗੁਰੂ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਬਿਕਰਾਲ = ਡਰਾਉਣੀ, ਭਿਆਨਕ।2। ਠਾਕੁਰਿ = ਠਾਕੁਰ ਨੇ। ਜਲਨਿ = ਸੜਨ। ਮਨਿ = ਮਨ ਵਿਚ।3। ਭਾਲ = (ਦੁਨੀਆ ਦੇ ਧਨ-ਪਦਾਰਥ ਦੀ) ਢੂੰਢ। ਸਹਜਿ = ਆਤਮਕ ਅਡੋਲਤਾ ਵਿਚ।4। ਅਰਥ: (ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ।1। ਰਹਾਉ। (ਹੇ ਭਾਈ! ਜਿਸ ਮਨੁੱਖ ਉੱਤੇ) ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ।1। (ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ (ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ।2। (ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ (ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ।3। ਹੇ ਨਾਨਕ! (ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ (ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ।4। 27। 78। |
Sri Guru Granth Darpan, by Professor Sahib Singh |