ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 390

ਆਸਾ ਮਹਲਾ ੫ ॥ ਠਾਕੁਰ ਸਿਉ ਜਾ ਕੀ ਬਨਿ ਆਈ ॥ ਭੋਜਨ ਪੂਰਨ ਰਹੇ ਅਘਾਈ ॥੧॥ ਕਛੂ ਨ ਥੋਰਾ ਹਰਿ ਭਗਤਨ ਕਉ ॥ ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥ ਜਾ ਕਾ ਧਨੀ ਅਗਮ ਗੁਸਾਈ ॥ ਮਾਨੁਖ ਕੀ ਕਹੁ ਕੇਤ ਚਲਾਈ ॥੨॥ ਜਾ ਕੀ ਸੇਵਾ ਦਸ ਅਸਟ ਸਿਧਾਈ ॥ ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥ ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥ ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥ {ਪੰਨਾ 390}

ਪਦ ਅਰਥ: ਸਿਉ = ਨਾਲ। ਭੋਜਨ ਪੂਰਨ = ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ। ਅਘਾਈ ਰਹੇ = ਅਘਾਇ ਰਹੇ, ਰੱਜਿਆ ਰਹਿੰਦਾ ਹੈ।1।

ਥੋਰਾ = ਥੋੜਾ। ਕਉ = ਨੂੰ। ਬਿਲਛਤ = ਆਨੰਦ ਮਾਣਦੇ। ਦੇਵਨ ਕਉ = ਹੋਰਨਾਂ ਨੂੰ ਦੇਣ ਲਈ।1। ਰਹਾਉ।

ਧਨੀ = ਮਾਲਕ। ਅਗਮ = ਅਪਹੁੰਚ। ਗੁਸਾਈ = ਖਸਮ। ਕੇਤ ਚਲਾਈ = ਕਿਤਨੀ ਕੁ ਪੇਸ਼ ਜਾ ਸਕਦੀ ਹੈ?।2।

ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਈ = ਸਿੱਧੀਆਂ। ਦਿਸਟਿ = ਨਿਗਾਹ। ਪਾਈ = ਪੈਰੀਂ।3।

ਸੁਆਮੀ = ਹੇ ਸੁਆਮੀ! ਕਾਮੀ = ਕਮੀ।4।

ਅਰਥ: (ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ, ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ।1। ਰਹਾਉ।

(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ।1।

ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ (ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ।2।

(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਜਿਸ ਦੀ ਮੇਹਰ ਦੀ ਨਿਗਾਹ ਨਾਲ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ ਸਦਾ ਉਸ ਦੀ ਚਰਨੀਂ ਲੱਗੇ ਰਹੋ।3।

ਹੇ ਨਾਨਕ! ਆਖ– ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ।4। 28। 79।

ਆਸਾ ਮਹਲਾ ੫ ॥ ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥ ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥ ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥ ਜਉ ਮੈ ਅਪੁਨਾ ਸਾਹਿਬੁ ਚੀਤਿ ॥ ਤਉ ਭਉ ਮਿਟਿਓ ਮੇਰੇ ਮੀਤ ॥੨॥ ਜਉ ਮੈ ਓਟ ਗਹੀ ਪ੍ਰਭ ਤੇਰੀ ॥ ਤਾਂ ਪੂਰਨ ਹੋਈ ਮਨਸਾ ਮੇਰੀ ॥੩॥ ਦੇਖਿ ਚਲਿਤ ਮਨਿ ਭਏ ਦਿਲਾਸਾ ॥ ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥ {ਪੰਨਾ 390}

ਪਦ ਅਰਥ: ਜਉ = ਜਦੋਂ। ਧਿਆਇਆ = ਯਾਦ ਕੀਤਾ, ਹਿਰਦੇ ਵਿਚ ਵਸਾਇਆ। ਮਨਿ = ਮਨ ਨੇ।1।

ਗਣਤ = ਚਿੰਤਾ। ਸੰਸਾ = ਸਹਮ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਭਗਵੰਤਾ = ਭਾਗਾਂ ਵਾਲੇ।1। ਰਹਾਉ।

ਚੀਤਿ = ਚਿੱਤ ਵਿਚ। ਮੀਤ = ਹੇ ਮੀਤ!।2।

ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ! ਮਨਸਾ = {mnI = w} ਮਨ ਦੀ ਇੱਛਾ।3।

ਦੇਖਿ = ਵੇਖ ਕੇ। ਚਲਿਤ = ਕੌਤਕ, ਚੋਜ-ਤਮਾਸ਼ੇ। ਮਨਿ = ਮਨ ਵਿਚ। ਦਿਲਾਸਾ = ਸਹਾਰਾ, ਧੀਰਜ।4।

ਅਰਥ: (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ, ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ।1। ਰਹਾਉ।

(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ।1।

ਹੇ ਮੇਰੇ ਮਿੱਤਰ! ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ) ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ।2।

ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹੈ ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ।3।

ਹੇ ਨਾਨਕ! (ਆਖ– ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ) ।4। 29। 80।

ਆਸਾ ਮਹਲਾ ੫ ॥ ਅਨਦਿਨੁ ਮੂਸਾ ਲਾਜੁ ਟੁਕਾਈ ॥ ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥ ਸੋਚਤ ਸਾਚਤ ਰੈਨਿ ਬਿਹਾਨੀ ॥ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥ ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥ ਬਾਲੂ ਕਨਾਰਾ ਤਰੰਗ ਮੁਖਿ ਆਇਆ ॥ ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥ ਸਾਧਸੰਗਿ ਜਪਿਓ ਹਰਿ ਰਾਇ ॥ ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥ {ਪੰਨਾ 390}

ਪਦ ਅਰਥ: ਅਨਦਿਨੁ = ਹਰ ਰੋਜ਼। ਮੂਸਾ = ਚੂਹਾ। ਲਾਜੁ = ਲੱਜ। ਕੂਪ = ਖੂਹ। ਖਾਹਿ = ਤੂੰ ਖਾਂਦਾ ਹੈਂ।1।

ਸੋਚਤ ਸਾਚਤ = ਚਿੰਤਾ-ਫ਼ਿਕਰ ਕਰਦਿਆਂ। ਰੈਨਿ = (ਜ਼ਿੰਦਗੀ ਦੀ) ਰਾਤ। ਸਾਰਿੰਗਪਾਨੀ = {ਸਾਰਿੰਗ = ਧਨੁਖ। ਪਾਨੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ।1। ਰਹਾਉ।

ਦ੍ਰੁਮ = ਰੁੱਖ। ਛਾਇਆ = ਛਾਂ। ਨਿਹਚਲ = ਨਾਹ ਹਿੱਲਣ ਵਾਲਾ, ਪੱਕਾ। ਗ੍ਰਿਹੁ = ਘਰ। ਕੈ ਫਾਂਸਿ = ਦੀ ਫਾਹੀ ਵਿਚ। ਸਕਤ = ਤਕੜਾ। ਸਰੁ = ਤੀਰ। ਸਾਂਧਿਅ = ਕੱਸਿਆ ਹੋਇਆ।2।

ਬਾਲੂ = ਰੇਤ। ਤਰੰਗ = ਲਹਰਾਂ। ਮੁਖਿ = ਮੂੰਹ ਵਿਚ। ਮੂੜਿ = ਮੂਰਖ ਨੇ।3।

ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇ = ਗਾ ਕੇ।4।

ਅਰਥ: ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ, ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ।1। ਰਹਾਉ।

(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ (ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ।1।

(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ, ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ।2।

(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ (ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ।3।

ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ।4। 30। 81।

ਆਸਾ ਮਹਲਾ ੫ ਦੁਤੁਕੇ ੯ ॥ ਉਨ ਕੈ ਸੰਗਿ ਤੂ ਕਰਤੀ ਕੇਲ ॥ ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ ਉਨ੍ਹ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ ॥ ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥ ਤੇ ਬੈਰਾਗੀ ਕਹਾ ਸਮਾਏ ॥ ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥ ਉਨ੍ਹ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ ਉਨ੍ਹ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ ॥ ਉਨ੍ਹ੍ਹ ਕੈ ਸੰਗਿ ਤੂ ਰਖੀ ਪਪੋਲਿ ॥ ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥ ਉਨ੍ਹ੍ਹ ਕੈ ਸੰਗਿ ਤੇਰਾ ਮਾਨੁ ਮਹਤੁ ॥ ਉਨ੍ਹ੍ਹ ਕੈ ਸੰਗਿ ਤੁਮ ਸਾਕੁ ਜਗਤੁ ॥ ਉਨ੍ਹ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥ ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥ ਓਹੁ ਬੈਰਾਗੀ ਮਰੈ ਨ ਜਾਇ ॥ ਹੁਕਮੇ ਬਾਧਾ ਕਾਰ ਕਮਾਇ ॥ ਜੋੜਿ ਵਿਛੋੜੇ ਨਾਨਕ ਥਾਪਿ ॥ ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥ {ਪੰਨਾ 390}

ਪਦ ਅਰਥ: ਉਨ ਕੈ ਸੰਗਿ = ਉਸ ਜੀਵਾਤਮਾ ਦੀ ਸੰਗਤਿ ਵਿਚ। ਕੇਲ = ਚੋਜ-ਤਮਾਸ਼ੇ। ਹਮ ਤੁਮ ਸੰਗਿ = ਸਭਨਾਂ ਨਾਲ। ਲੋਰੈ = ਲੋੜਦਾ ਹੈ, ਮਿਲਣਾ ਚਾਹੁੰਦਾ ਹੈ। ਸਭ ਕੋਊ = ਹਰ ਕੋਈ। ਜੋਰੈ = ਜੋੜਦਾ।1।

ਤੇ ਬੈਰਾਗੀ = ਉਹ ਜੀਵਾਤਮਾ ਪੰਛੀ। ਦੁਹੇਰੀ = ਦੁੱਖੀ। ਰੀ = ਹੇ ਕਾਇਆਂ!।1। ਰਹਾਉ।

ਮਾਹਰਿ = ਸਿਆਣੀ। ਪਪੋਲਿ = ਪਾਲ ਕੇ। ਤੂੰ = ਤੈਨੂੰ। ਰੋਲਿ = ਰੁਲ ਗਈ। ਛੁਟਕੀ = ਛੁੱਟੜ।2।

ਮਹਤੁ = ਵਡਿਆਈ। ਸਭ ਬਿਧਿ = ਹਰੇਕ ਤਰੀਕੇ ਨਾਲ। ਤੇਰੀ ਥਾਟੀ = ਤੇਰੀ ਬਣਤਰ ਕਾਇਮ ਰੱਖੀ ਜਾਂਦੀ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।3।

ਬੈਰਾਗੀ = ਚਲੇ ਜਾਣ ਵਾਲਾ ਜੀਵਾਤਮਾ। ਜੋੜਿ = ਜੋੜ ਕੇ। ਥਾਪਿ = ਥਾਪ ਕੇ।4।

ਅਰਥ: ਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ। ਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ।1। ਰਹਾਉ।

ਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ, ਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ, ਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ ਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ।1।

ਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ, ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ, ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ। ਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ।2।

ਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ ਤੈਨੂੰ ਵਡਿਆਈ ਮਿਲਦੀ ਹੈ, ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ। ਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ।3।

ਹੇ ਨਾਨਕ! (ਆਖ– ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ। ਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ (ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ। (ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ।4। 31। 82।

ਨੋਟ: ਦੁਤੁਕੇ 9। ਇਸ ਸ਼ਬਦ ਤੋਂ ਲੈ ਕੇ ਸ਼ਬਦ ਨੰ: 90 ਤਕ 9 ਐਸੇ ਸ਼ਬਦ ਹਨ ਜਿਨ੍ਹਾਂ ਦੇ ਹਰੇਕ ਬੰਦ ਵਿਚ ਦੋ ਦੋ ਤੁਕਾਂ ਹਨ।

TOP OF PAGE

Sri Guru Granth Darpan, by Professor Sahib Singh