ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 391

ਆਸਾ ਮਹਲਾ ੫ ॥ ਨਾ ਓਹੁ ਮਰਤਾ ਨਾ ਹਮ ਡਰਿਆ ॥ ਨਾ ਓਹੁ ਬਿਨਸੈ ਨਾ ਹਮ ਕੜਿਆ ॥ ਨਾ ਓਹੁ ਨਿਰਧਨੁ ਨਾ ਹਮ ਭੂਖੇ ॥ ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥ ਅਵਰੁ ਨ ਕੋਊ ਮਾਰਨਵਾਰਾ ॥ ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥ ਨਾ ਉਸੁ ਬੰਧਨ ਨਾ ਹਮ ਬਾਧੇ ॥ ਨਾ ਉਸੁ ਧੰਧਾ ਨਾ ਹਮ ਧਾਧੇ ॥ ਨਾ ਉਸੁ ਮੈਲੁ ਨ ਹਮ ਕਉ ਮੈਲਾ ॥ ਓਸੁ ਅਨੰਦੁ ਤ ਹਮ ਸਦ ਕੇਲਾ ॥੨॥ ਨਾ ਉਸੁ ਸੋਚੁ ਨ ਹਮ ਕਉ ਸੋਚਾ ॥ ਨਾ ਉਸੁ ਲੇਪੁ ਨ ਹਮ ਕਉ ਪੋਚਾ ॥ ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥ ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥ ਹਮ ਕਿਛੁ ਨਾਹੀ ਏਕੈ ਓਹੀ ॥ ਆਗੈ ਪਾਛੈ ਏਕੋ ਸੋਈ ॥ ਨਾਨਕ ਗੁਰਿ ਖੋਏ ਭ੍ਰਮ ਭੰਗਾ ॥ ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥ {ਪੰਨਾ 391}

ਪਦ ਅਰਥ: ਓਹੁ = ਉਹ ਪਰਮਾਤਮਾ। ਹਮ = ਅਸੀਂ (ਉਸੇ ਦੀ ਹੀ ਅੰਸ਼-) ਜੀਵ। ਕੜਿਆ = ਚਿੰਤਾ-ਫ਼ਿਕਰ ਕਰਦੇ। ਨਿਰਧਨੁ = ਕੰਗਾਲ।1।

ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ। ਜੀਅਉ = ਜੀਊਂਦਾ ਰਹੇ। ਜੀਉ ਦੇਨਹਾਰਾ = ਜਿੰਦ ਦੇਣ ਵਾਲਾ।1। ਰਹਾਉ।

ਧਾਧੇ = ਧੰਧਿਆਂ ਵਿਚ ਗ੍ਰਸੇ ਹੋਏ। ਕੇਲਾ = ਖ਼ੁਸ਼ੀਆਂ।2।

ਸੋਚੁ = ਚਿੰਤਾ-ਫ਼ਿਕਰ। ਪੋਚਾ = ਮਾਇਆ ਦਾ ਪ੍ਰਭਾਵ। ਜਚਨਾ = ਪੂਜਣ-ਜੋਗ, ਸੁੱਧ।3।

ਆਗੈ ਪਾਛੈ = ਲੋਕ ਪਰਲੋਕ ਵਿਚ। ਗੁਰਿ = ਗੁਰੂ ਨੇ। ਭੰਗਾ = ਵਿਘਨ। ਓਇ = ਉਸ ਵਿਚ।4।

ਅਰਥ: (ਹੇ ਭਾਈ!) ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ, ਤੇ) ਉਸ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।1। ਰਹਾਉ।

(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ। ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ। ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ। ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ।1।

ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀਂ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ। ਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀਂ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ। (ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ। ਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀਂ ਭੀ ਸਦਾ ਖਿੜੇ ਹੀ ਰਹੀਏ।2।

(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ। ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ? ਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ। ਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀਂ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ।3।

(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ। ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ। ਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ) , ਤਦੋਂ ਅਸੀਂ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ।4। 32। 83।

ਆਸਾ ਮਹਲਾ ੫ ॥ ਅਨਿਕ ਭਾਂਤਿ ਕਰਿ ਸੇਵਾ ਕਰੀਐ ॥ ਜੀਉ ਪ੍ਰਾਨ ਧਨੁ ਆਗੈ ਧਰੀਐ ॥ ਪਾਨੀ ਪਖਾ ਕਰਉ ਤਜਿ ਅਭਿਮਾਨੁ ॥ ਅਨਿਕ ਬਾਰ ਜਾਈਐ ਕੁਰਬਾਨੁ ॥੧॥ ਸਾਈ ਸੁਹਾਗਣਿ ਜੋ ਪ੍ਰਭ ਭਾਈ ॥ ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਦਾਸਨਿ ਦਾਸੀ ਕੀ ਪਨਿਹਾਰਿ ॥ ਉਨ੍ਹ੍ਹ ਕੀ ਰੇਣੁ ਬਸੈ ਜੀਅ ਨਾਲਿ ॥ ਮਾਥੈ ਭਾਗੁ ਤ ਪਾਵਉ ਸੰਗੁ ॥ ਮਿਲੈ ਸੁਆਮੀ ਅਪੁਨੈ ਰੰਗਿ ॥੨॥ ਜਾਪ ਤਾਪ ਦੇਵਉ ਸਭ ਨੇਮਾ ॥ ਕਰਮ ਧਰਮ ਅਰਪਉ ਸਭ ਹੋਮਾ ॥ ਗਰਬੁ ਮੋਹੁ ਤਜਿ ਹੋਵਉ ਰੇਨ ॥ ਉਨ੍ਹ੍ਹ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥ ਨਿਮਖ ਨਿਮਖ ਏਹੀ ਆਰਾਧਉ ॥ ਦਿਨਸੁ ਰੈਣਿ ਏਹ ਸੇਵਾ ਸਾਧਉ ॥ ਭਏ ਕ੍ਰਿਪਾਲ ਗੁਪਾਲ ਗੋਬਿੰਦ ॥ ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥ {ਪੰਨਾ 391}

ਪਦ ਅਰਥ: ਭਾਂਤਿ = ਤਰੀਕਾ। ਕਰੀਐ = ਕਰਨੀ ਚਾਹੀਦੀ ਹੈ। ਜੀਉ = ਜਿੰਦ! ਕਰਉ = ਮੈਂ ਕਰਾਂ, ਕਰਉਂ। ਤਜਿ = ਤਿਆਗ ਕੇ।1।

ਸਾਈ = ਉਹੀ (ਜੀਵ-ਇਸਤ੍ਰੀ) । ਸੁਹਾਗਣਿ = ਸੁਹਾਗ ਵਾਲੀ, ਖਸਮ-ਪ੍ਰਭੂ ਵਾਲੀ। ਭਾਈ = ਚੰਗੀ ਲੱਗੀ। ਮਾਈ = ਹੇ ਮਾਂ!।1। ਰਹਾਉ।

ਦਾਸਨਿ ਦਾਸੀ = ਦਾਸੀਆਂ ਦੀ ਦਾਸੀ। ਪਨਿਹਾਰਿ = ਪਾਣੀ ਭਰਨ ਵਾਲੀ। ਉਨ੍ਹ੍ਹ ਕੀ = ਉਨ੍ਹਾਂ ਸੁਹਾਗਣਾਂ ਦੀ, ਉਹਨਾਂ ਸਤ-ਸੰਗੀਆਂ ਦੀ। ਰੇਣੁ = ਚਰਨ-ਧੂੜ। ਜੀਅ ਨਾਲਿ = ਜਿੰਦ ਦੇ ਨਾਲ। ਮਾਥੈ = ਮੱਥੇ ਉਤੇ। ਸੰਗੁ = ਸਾਧ, ਸੰਗਤਿ। ਰੰਗਿ = ਪ੍ਰੇਮ-ਰੰਗ ਵਿਚ।2।

ਦੇਵਉ = ਮੈਂ ਦੇ ਦਿਆਂ, ਦੇਵਉਂ। ਅਰਪਉ = ਮੈਂ ਭੇਟਾ ਕਰ ਦਿਆਂ। ਗਰਬੁ = ਅਹੰਕਾਰ। ਰੇਨ = ਚਰਨ-ਧੂੜ। ਨੈਨ = ਅੱਖਾਂ ਨਾਲ। ਹੋਮਾ = ਹਵਨ ਕੁੰਡ।3।

ਨਿਮਖ = ਅੱਖ ਝਮਕਣ ਜਿਤਨਾ ਸਮਾ। ਰੈਣਿ = ਰਾਤ। ਸਾਧਉ = ਮੈਂ ਸਾਧਾਂ। ਗੁਪਾਲ = ਧਰਤੀ ਦਾ ਪਾਲਣਹਾਰ। ਸਾਧ ਸੰਗਿ = ਸਾਧ ਸੰਗਤਿ ਵਿਚ। ਬਖਸਿੰਦ = ਮੇਹਰ ਕਰਨ ਵਾਲਾ।4।

ਅਰਥ: ਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ। (ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤਿ ਵਿਚ ਮਿਲ ਬੈਠਾਂ।1। ਰਹਾਉ।

ਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ (ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ। (ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ।1।

ਹੇ ਮਾਂ! ਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤਿ ਹਾਸਲ ਕਰਾਂ, ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ, ਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ। (ਹੇ ਮਾਂ! ਸੁਹਾਗਣਾਂ ਦੀ ਸੰਗਤਿ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ।2।

(ਲੋਕ ਦੇਵਤਿਆਂ ਆਦਿਕ ਨੂੰ ਵੱਸ ਕਰਨ ਲਈ ਕਈ ਮੰਤ੍ਰਾਂ ਦੇ ਜਾਪ ਕਰਦੇ ਹਨ। ਕਈ ਜੰਗਲਾਂ ਵਿਚ ਜਾ ਕੇ ਧੂਣੀਆਂ ਤਪਾਂਦੇ ਹਨ, ਤੇ ਹੋਰ ਅਨੇਕਾਂ ਸਾਧਨ ਕਰਦੇ ਹਨ। ਕਈ ਲੋਕ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਜੱਗ-ਹੋਮ ਆਦਿਕ ਕਰਦੇ ਹਨ। ਪਰ, ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤਿ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ, ਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ। (ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ (ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ।3।

(ਹੇ ਮਾਂ!) ਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤਿ ਮਿਲੇ ਤੇ) ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ।

ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਵਿਚ ਜਾ ਪਹੁੰਚਦੀ ਹੈ ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ।4। 33। 84।

ਆਸਾ ਮਹਲਾ ੫ ॥ ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥ ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥ ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥ ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥ ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥ ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥ ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥ ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥ ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥ ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥ ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥ ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥ ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥ ਆਪਹੁ ਕੋਈ ਮਿਲੈ ਨ ਭੂਲੈ ॥ ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥ ਕਹੁ ਨਾਨਕ ਤੇਰੈ ਕੁਰਬਾਣੁ ॥ ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥ {ਪੰਨਾ 391}

ਪਦ ਅਰਥ: ਲਗੈ ਨ = ਪੋਹ ਨਹੀਂ ਸਕਦਾ। ਖੋਇ = ਨਾਸ ਕਰ ਲੈਂਦਾ ਹੈ। ਸਦ = ਸਦਾ। ਨਿਰਮਲ = ਪਵਿਤ੍ਰ ਕਰਨ ਵਾਲੀ।1।

ਮੀਤ = ਹੇ ਮਿੱਤਰ! ਜੀਅ ਆਧਾਰੁ = ਜਿੰਦ ਦਾ ਆਸਰਾ। ਘਟ ਘਟ = ਹਰੇਕ ਜੀਵ ਦਾ।1। ਰਹਾਉ।

ਨਿਧਾਨ = ਖ਼ਜ਼ਾਨੇ। ਰਿਦੈ = ਹਿਰਦੇ ਵਿਚ। ਚਿੰਤ = ਚਿੰਤਾ।2।

ਭਵਜਲੁ = ਸੰਸਾਰ-ਸਮੁੰਦਰ। ਉਧਾਰੈ = ਬਚਾ ਲੈਂਦਾ ਹੈ। ਸੰਗਾਰੈ = ਨਾਲ, ਸੰਗ।3।

ਆਪਹੁ = ਆਪਣੇ ਉੱਦਮ ਨਾਲ। ਭੂਲੇ = ਭੁੱਲਦਾ, ਕੁਰਾਹੇ ਪੈਂਦਾ। ਘੂਲੈ = ਮਿਲਾਂਦਾ ਹੈ। ਸੰਤ = ਸੰਤਾਂ ਨੂੰ।4।

ਅਰਥ: ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ।1। ਰਹਾਉ।

ਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ, (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ, (ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ।1।

ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ, ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ) , (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ।2।

ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ। ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। (ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ।3।

(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ। ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ) ।

ਹੇ ਨਾਨਕ! ਆਖ– ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ।4। 34। 85।

TOP OF PAGE

Sri Guru Granth Darpan, by Professor Sahib Singh