ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 392 ਆਸਾ ਮਹਲਾ ੫ ॥ ਭੂਪਤਿ ਹੋਇ ਕੈ ਰਾਜੁ ਕਮਾਇਆ ॥ ਕਰਿ ਕਰਿ ਅਨਰਥ ਵਿਹਾਝੀ ਮਾਇਆ ॥ ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥ ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥ ਕਾਚ ਗਗਰੀਆ ਅੰਭ ਮਝਰੀਆ ॥ ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥ ਨਿਰਭਉ ਹੋਇਓ ਭਇਆ ਨਿਹੰਗਾ ॥ ਚੀਤਿ ਨ ਆਇਓ ਕਰਤਾ ਸੰਗਾ ॥ ਲਸਕਰ ਜੋੜੇ ਕੀਆ ਸੰਬਾਹਾ ॥ ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥ ਊਚੇ ਮੰਦਰ ਮਹਲ ਅਰੁ ਰਾਨੀ ॥ ਹਸਤਿ ਘੋੜੇ ਜੋੜੇ ਮਨਿ ਭਾਨੀ ॥ ਵਡ ਪਰਵਾਰੁ ਪੂਤ ਅਰੁ ਧੀਆ ॥ ਮੋਹਿ ਪਚੇ ਪਚਿ ਅੰਧਾ ਮੂਆ ॥੩॥ ਜਿਨਹਿ ਉਪਾਹਾ ਤਿਨਹਿ ਬਿਨਾਹਾ ॥ ਰੰਗ ਰਸਾ ਜੈਸੇ ਸੁਪਨਾਹਾ ॥ ਸੋਈ ਮੁਕਤਾ ਤਿਸੁ ਰਾਜੁ ਮਾਲੁ ॥ ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥ {ਪੰਨਾ 392} ਪਦ ਅਰਥ: ਭੂਪਤਿ = {ਭੂ-ਧਰਤੀ। ਪਤਿ = ਮਾਲਕ} ਰਾਜਾ। ਅਨਰਥ = ਧੱਕੇ, ਪਾਪ। ਵਿਹਾਝੀ = ਇਕੱਠੀ ਕਰ ਲਈ। ਸੰਚਤ = ਇਕੱਠੀ ਕਰਦਿਆਂ। ਕੀਨ੍ਹ੍ਹੀ = ਬਣਾ ਲਈ। ਪ੍ਰਭਿ = ਪ੍ਰਭੂ ਨੇ। ਥੈਲੀ = (ਭਾਵ) ਖ਼ਜ਼ਾਨਾ। ਡਾਰਿ = ਸੁਟਾ ਕੇ।1। ਕਾਚ ਗਗਰੀਆ = ਕੱਚੀ ਮਿੱਟੀ ਦੀ ਗਾਗਰ। ਅੰਭ = ਪਾਣੀ {AMBs`}। ਮਝਰੀਆ = ਵਿੱਚ। ਗਰਬਿ = ਅਹੰਕਾਰ ਕਰ ਕੇ। ਊਆ ਹੂ ਮਹਿ = ਉਸੇ (ਸੰਸਾਰ-ਸਮੁੰਦਰ) ਵਿਚ ਹੀ। ਪਰੀਆ = ਪੈ ਜਾਂਦੀ ਹੈ, ਡੁੱਬ ਜਾਂਦੀ ਹੈ।1। ਰਹਾਉ। ਨਿਰਭਉ = ਨਿਡਰ, ਨਿਧੜਕ। ਨਿਹੰਗਾ = ਨਿਸੰਗ, ਢੀਠ। ਚੀਤਿ = ਚਿੱਤ ਵਿਚ। ਕਰਤਾ = ਕਰਤਾਰ। ਜੋੜੇ = ਜਮ੍ਹਾ ਕੀਤੇ। ਸੰਬਾਹਾ = ਇਕੱਠ।2। ਅਰੁ = ਅਤੇ। ਹਸਤਿ = ਹਾਥੀ। ਜੋੜੇ = ਕੱਪੜੇ। ਮਨਿ ਭਾਨੀ = ਮਨ-ਭਾਉਂਦੇ। ਮੋਹਿ = ਮੋਹ ਵਿਚ। ਪਚੇ ਪਚਿ = ਪਚਿ ਪਚਿ, ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੂਆ = ਆਤਮਕ ਮੌਤੇ ਮਰ ਗਿਆ।3। ਜਿਨਹਿ = ਜਿਸ (ਪਰਮਾਤਮਾ) ਨੇ। ਉਪਾਹਾ = ਪੈਦਾ ਕੀਤਾ। ਬਿਨਾਹਾ = ਨਾਸ ਕਰ ਦਿੱਤਾ।4। ਅਰਥ: (ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ।1। ਰਹਾਉ। (ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ (ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ, ਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ (ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ।1। (ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ (ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ (ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?) ਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ।2। (ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ। ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ। ਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ, ਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ।3। (ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ, ਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ। ਹੇ ਦਾਸ ਨਾਨਕ! (ਆਖ–) ਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ।4। 35। 86। ਆਸਾ ਮਹਲਾ ੫ ॥ ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥ ਜਉ ਮਿਲੀਐ ਤਉ ਵਧੈ ਵਧੇਰੀ ॥ ਗਲਿ ਚਮੜੀ ਜਉ ਛੋਡੈ ਨਾਹੀ ॥ ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥ ਜਗ ਮੋਹਨੀ ਹਮ ਤਿਆਗਿ ਗਵਾਈ ॥ ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥ ਐਸੀ ਸੁੰਦਰਿ ਮਨ ਕਉ ਮੋਹੈ ॥ ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥ ਮਨਿ ਤਨਿ ਲਾਗੈ ਹੋਇ ਕੈ ਮੀਠੀ ॥ ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥ ਅਗਰਕ ਉਸ ਕੇ ਵਡੇ ਠਗਾਊ ॥ ਛੋਡਹਿ ਨਾਹੀ ਬਾਪ ਨ ਮਾਊ ॥ ਮੇਲੀ ਅਪਨੇ ਉਨਿ ਲੇ ਬਾਂਧੇ ॥ ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥ ਅਬ ਮੋਰੈ ਮਨਿ ਭਇਆ ਅਨੰਦ ॥ ਭਉ ਚੂਕਾ ਟੂਟੇ ਸਭਿ ਫੰਦ ॥ ਕਹੁ ਨਾਨਕ ਜਾ ਸਤਿਗੁਰੁ ਪਾਇਆ ॥ ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥ {ਪੰਨਾ 392} ਪਦ ਅਰਥ: ਇਨ੍ਹ੍ਹ ਸਿਉ = ਇਸ (ਮਾਇਆ) ਨਾਲ। ਘਨੇਰੀ = ਬਹੁਤੀ। ਜਉ ਮਿਲੀਐ = ਜਦੋਂ ਇਸ ਨਾਲ ਸਾਥ ਬਣਾਈਏ। ਗਲਿ = ਗਲ ਨਾਲ। ਲਾਗਿ = ਲੱਗ ਕੇ। ਛੁਟੋ = ਛੁਟਾ, ਬਚਦਾ ਹੈ। ਪਾਈ = ਪੈਰੀਂ।1। ਜਗ ਮੋਹਨੀ = ਜਗਤ ਨੂੰ ਮੋਹਨ ਵਾਲੀ। ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਰਹਿਣ ਵਾਲਾ ਪ੍ਰਭੂ। ਵਧਾਈ = ਮਨ ਦੀ ਚੜ੍ਹਦੀ ਕਲਾ, ਉਤਸ਼ਾਹ-ਭਰੀ ਅਵਸਥਾ। ਵਜੀ = ਵੱਜ ਪਈ (ਜਿਵੇਂ ਵਾਜਾ ਵੱਜਦਾ ਹੈ) , ਪ੍ਰਬਲ ਹੋ ਗਈ।1। ਰਹਾਉ। ਸੁੰਦਰਿ = ਸੁੰਦਰੀ, ਮੋਹਣੀ। ਬਾਟਿ = ਰਸਤੇ ਵਿਚ। ਘਾਟਿ = ਪੱਤਣ ਉਤੇ। ਗ੍ਰਿਹਿ = ਘਰ ਵਿਚ। ਬਨਿ = ਜੰਗਲ ਵਿਚ। ਜੋਹੈ– ਤੱਕਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਪ੍ਰਸਾਦਿ = ਕਿਰਪਾ ਨਾਲ।2। ਅਗਰਕ = ਅੱਗੇ ਅੱਗੇ ਤੁਰਨ ਵਾਲੇ, ਚੌਧਰੀ, ਮੁਸਾਹਬ। ਠਗਾਊ = ਠੱਗ। ਉਨਿ = ਉਹਨਾਂ (ਅਗਰਕਾਂ) ਨੇ। ਸਾਧੇ = ਕਾਬੂ ਕਰ ਲਏ।3। ਮੋਰੈ ਮਨਿ = ਮੇਰੇ ਮਨ ਵਿਚ। ਸਭਿ = ਸਾਰੇ। ਫੰਦ = ਫਾਹੇ।4। ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀ ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ।1। ਰਹਾਉ। (ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ ਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ। (ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ।1। (ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ। ਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ। ਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ। ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ।2। (ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ, ਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤਰ੍ਹਾਂ ਬੰਨ੍ਹ ਲਿਆ, ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ।3। ਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ ਤਦੋਂ ਤੋਂ ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ (ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ। ਮੈਂ ਹੁਣ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦ੍ਰਿਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ।4। 36। 87। ਆਸਾ ਮਹਲਾ ੫ ॥ ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥ ਏਕੁ ਨਾਮੁ ਸੰਤਨ ਆਧਾਰੁ ॥ ਹੋਇ ਰਹੇ ਸਭ ਕੀ ਪਗ ਛਾਰੁ ॥੧॥ ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥ ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥ ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥ ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥੩॥ ਤਾ ਕਾ ਸੰਗੁ ਬਾਛਹਿ ਸੁਰਦੇਵ ॥ ਅਮੋਘ ਦਰਸੁ ਸਫਲ ਜਾ ਕੀ ਸੇਵ ॥ ਕਰ ਜੋੜਿ ਨਾਨਕੁ ਕਰੇ ਅਰਦਾਸਿ ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥ {ਪੰਨਾ 392} ਪਦ ਅਰਥ: ਨਿਕਟਿ = ਨੇੜੇ। ਮਾਨੋ = ਮੰਨਦਾ ਹੈ। ਸੰਤਨ = ਸੰਤਾਂ ਦਾ। ਆਧਾਰੁ = ਆਸਰਾ। ਪਗ = ਪੈਰ। ਛਾਰੁ = ਸੁਆਹ, ਧੂੜ।1। ਰਹਤ = ਜੀਵਨ-ਜੁਗਤਿ, ਰਹਿਣੀ। ਉਆ ਕੀ = ਉਸ (ਰਹਿਤ) ਦੀ। ਮਹਿਮਾ = ਵਡਿਆਈ।1। ਰਹਾਉ। ਵਰਤਣਿ = ਰੋਜ਼ ਦਾ ਆਹਰ। ਜਾ ਕੈ = ਜਿਸ ਦੇ ਹਿਰਦੇ ਵਿਚ। ਅਨਦ ਰੂਪ ਕੀਰਤਨੁ = ਆਨੰਦ-ਸਰੂਪ ਪ੍ਰਭੂ ਦੀ ਸਿਫ਼ਤਿ-ਸਾਲਾਹ। ਬਿਸ੍ਰਾਮ = ਟੇਕ, ਸਹਾਰਾ। ਸਤ੍ਰੁ = ਵੈਰੀ। ਸਮਾਨ = ਬਰਾਬਰ।2। ਅਘ = ਪਾਪ। ਕਾਟਨਹਾਰਾ = ਕੱਟਣ ਦੀ ਤਾਕਤ ਵਾਲਾ। ਜੀਅ ਕੇ ਦਾਤਾਰਾ = ਆਤਮਕ ਜੀਵਨ ਦੇਣ ਵਾਲੇ। ਸੂਰਬੀਰ = ਸੂਰਮੇ। ਬਲੀ = ਬਹਾਦਰ। ਕਉਲਾ = ਮਾਇਆ। ਬਪੁਰੀ = ਵਿਚਾਰੀ। ਸੰਤੀ = ਸੰਤਾਂ ਨੇ। ਛਲੀ = ਵੱਸ ਵਿਚ ਕਰ ਲਈ।3। ਤਾ ਕਾ = ਉਸ (ਸੰਤ) ਦਾ। ਬਾਛਹਿ = ਚਾਹੁੰਦੇ ਹਨ। ਸੁਰਦੇਵ = ਅਕਾਸ਼ੀ ਦੇਵਤੇ। ਅਮੋਘ = ਵਿਅਰਥ ਨਾਹ ਜਾਣ ਵਾਲਾ। ਸਫਲ = ਫਲ ਦੇਣ ਵਾਲੀ। ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਮੋਹਿ = ਮੈਨੂੰ। ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਹਰੀ!।4। ਅਰਥ: ਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ (ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ।1। ਰਹਾਉ। ਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ। (ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ। ਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ।1। (ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ, ਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ। (ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ (ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ।2। (ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ। (ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ। (ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ। (ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ।3। (ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ। ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ। (ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ– ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼।4। 37। 88। |
Sri Guru Granth Darpan, by Professor Sahib Singh |