ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 393

ਆਸਾ ਮਹਲਾ ੫ ॥ ਸਗਲ ਸੂਖ ਜਪਿ ਏਕੈ ਨਾਮ ॥ ਸਗਲ ਧਰਮ ਹਰਿ ਕੇ ਗੁਣ ਗਾਮ ॥ ਮਹਾ ਪਵਿਤ੍ਰ ਸਾਧ ਕਾ ਸੰਗੁ ॥ ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥ ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥ ਵਰਤ ਨੇਮ ਮਜਨ ਤਿਸੁ ਪੂਜਾ ॥ ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥ ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥ ਪ੍ਰਗਟਿਓ ਸੋ ਜਨੁ ਸਗਲੇ ਭਵਨ ॥ ਪਤਿਤ ਪੁਨੀਤ ਤਾ ਕੀ ਪਗ ਰੇਨ ॥ ਜਾ ਕਉ ਭੇਟਿਓ ਹਰਿ ਹਰਿ ਰਾਇ ॥ ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥ ਆਠ ਪਹਰ ਕਰ ਜੋੜਿ ਧਿਆਵਉ ॥ ਉਨ ਸਾਧਾ ਕਾ ਦਰਸਨੁ ਪਾਵਉ ॥ ਮੋਹਿ ਗਰੀਬ ਕਉ ਲੇਹੁ ਰਲਾਇ ॥ ਨਾਨਕ ਆਇ ਪਏ ਸਰਣਾਇ ॥੪॥੩੮॥੮੯॥ {ਪੰਨਾ 393}

ਪਦ ਅਰਥ: ਸਗਲ = ਸਾਰੇ। ਜਪਿ = ਜਪ ਕੇ। ਏਕੈ = ਇਕ (ਪਰਮਾਤਮਾ) ਦਾ। ਗਾਮ = ਗਾਉਣਾ। ਸਾਧ ਕਾ ਸੰਗੁ = ਗੁਰਮੁਖਿ ਦੀ ਸੰਗਤਿ। ਜਿਸੁ = ਜਿਸ (ਗੁਰਮੁਖਿ) ਨੂੰ। ਭੇਟਤ = ਮਿਲਿਆਂ। ਰੰਗੁ = ਪ੍ਰੇਮ।1।

ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਅਨੇਕਾਂ। ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ। ਪ੍ਰਗਾਸਾ = ਚਾਨਣ। ਤਾ ਕੀ = ਉਸ ਮਨੁੱਖ ਦੀ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ, ਮਾਪ; ਆਤਮਕ ਵਡੱਪਣ ਦਾ ਮਾਪ।1। ਰਹਾਉ।

ਮਜਨ = ਇਸ਼ਨਾਨ {ਬਹੁ-ਵਚਨ}। ਤਿਸੁ = ਉਸ (ਮਨੁੱਖ) ਦੇ। ਤਿਨਿ = ਉਸ (ਮਨੁੱਖ) ਨੇ। ਪੁਨੀਤ = ਪਵਿਤ੍ਰ। ਜਾ ਕਾ = ਜਿਸ ਮਨੁੱਖ ਦਾ। ਥਾਨੁ = ਹਿਰਦਾ-ਥਾਂ। ਜਾ ਕੈ = ਜਿਸ ਦੇ ਹਿਰਦੇ ਵਿਚ।2।

ਪਤਿਤ ਪੁਨੀਤ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੀ। ਪਗ ਰੇਨ = ਚਰਨਾਂ ਦੀ ਧੂੜ। ਜਾ ਕਉ = ਜਿਸ ਮਨੁੱਖ ਨੂੰ।3।

ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਧਿਆਵਉ = ਧਿਆਵਉਂ, ਮੈਂ ਧਿਆਵਾਂ। ਮੋਹਿ = ਮੈਨੂੰ।4।

ਅਰਥ: (ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ।1। ਰਹਾਉ।

(ਹੇ ਭਾਈ!) ਗੁਰੂ ਦੀ ਸੰਗਤਿ ਬਹੁਤ ਪਵਿਤ੍ਰ ਕਰਨ ਵਾਲੀ ਹੈ, ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ, (ਗੁਰੂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਜਪਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਿਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ।1।

(ਹੇ ਭਾਈ!) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਨਾਮ ਦੀ ਬਰਕਤਿ ਨਾਲ) ਜਿਸ ਮਨੁੱਖ ਦਾ ਹਿਰਦਾ-ਥਾਂ ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ, ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ।2।

(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ, ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ, ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ।3।

ਹੇ ਨਾਨਕ! (ਆਖ– ਹੇ ਪ੍ਰਭੂ! ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ, ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ (ਤਾ ਕਿ) ਮੈਂ ਉਹਨਾਂ ਦਾ ਦਰਸਨ ਕਰਦਾ ਰਹਾਂ ਤੇ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ।4। 38। 89।

ਆਸਾ ਮਹਲਾ ੫ ॥ ਆਠ ਪਹਰ ਉਦਕ ਇਸਨਾਨੀ ॥ ਸਦ ਹੀ ਭੋਗੁ ਲਗਾਇ ਸੁਗਿਆਨੀ ॥ ਬਿਰਥਾ ਕਾਹੂ ਛੋਡੈ ਨਾਹੀ ॥ ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥ ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥ ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ ਆਸਨੁ ਜਾ ਕਾ ਸਦਾ ਬੈਕੁੰਠ ॥ ਜਾ ਕਾ ਚਵਰੁ ਸਭ ਊਪਰਿ ਝੂਲੈ ॥ ਤਾ ਕਾ ਧੂਪੁ ਸਦਾ ਪਰਫੁਲੈ ॥੨॥ ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ ਅਭਗ ਸਭਾ ਸੰਗਿ ਹੈ ਸਾਧਾ ॥ ਆਰਤੀ ਕੀਰਤਨੁ ਸਦਾ ਅਨੰਦ ॥ ਮਹਿਮਾ ਸੁੰਦਰ ਸਦਾ ਬੇਅੰਤ ॥੩॥ ਜਿਸਹਿ ਪਰਾਪਤਿ ਤਿਸ ਹੀ ਲਹਨਾ ॥ ਸੰਤ ਚਰਨ ਓਹੁ ਆਇਓ ਸਰਨਾ ॥ ਹਾਥਿ ਚੜਿਓ ਹਰਿ ਸਾਲਗਿਰਾਮੁ ॥ ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥ {ਪੰਨਾ 393}

ਪਦ ਅਰਥ: ਇਸਨਾਨੀ = ਇਸ਼ਨਾਨ ਕਰਨ ਵਾਲਾ। ਉਦਕ = ਪਾਣੀ। ਸਦ = ਸਦਾ। ਸੁਗਿਆਨੀ = (ਹਰੇਕ ਦੇ ਦਿਲ ਦੀ) ਚੰਗੀ ਤਰ੍ਹਾਂ ਜਾਣਨ ਵਾਲਾ ਹਰਿ-ਸਾਲਿਗ-ਗਰਾਮ। ਬਿਰਥਾ = ਪੀੜਾ, ਦੁੱਖ। ਕਾਹੂ = ਕਿਸੇ ਦੀ। ਬਹੁਰਿ ਬਹੁਰਿ = ਮੁੜ ਮੁੜ। ਲਾਗਹ = ਅਸੀਂ ਲੱਗਦੇ ਹਾਂ। ਪਾਈ = ਪੈਰੀਂ। ਤਿਸੁ ਪਾਈ = ਉਸ (ਸਾਲਗਿਰਾਮ) ਦੀ ਪੈਰੀਂ।1।

ਸਾਲਗਿਰਾਮ = ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲ-ਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ। ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ। ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗਿਰਾਮ ਰੱਖਿਆ ਗਿਆ ਹੈ। ਹਮਾਰੈ = ਸਾਡੇ ਘਰ ਵਿਚ, ਸਾਡੇ ਵਾਸਤੇ। ਸੇਵਾ = ਪ੍ਰਭੂ ਦੀ ਸੇਵਾ-ਭਗਤੀ। ਅਰਚਾ = ਚੰਦਨ ਆਦਿਕ ਸੁਗੰਧੀ ਦੀ ਭੇਟਾ। ਬੰਦਨ = ਨਮਸਕਾਰ।1। ਰਹਾਉ।

ਜਾ ਕਾ = ਜਿਸ (ਹਰਿ-ਸਾਲਗਿਰਾਮ) ਦਾ। ਚਹੁਕੁੰਟ = ਚੌਹੀਂ ਪਾਸੀਂ, ਸਾਰੇ ਜਗਤ ਵਿਚ। ਪਰਫੁਲੈ = ਫੁੱਲ ਦੇਂਦੀ ਹੈ।2।

ਘਟਿ ਘਟਿ = ਹਰੇਕ ਸਰੀਰ ਵਿਚ। ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ ਰੱਖੇ ਜਾਂਦੇ ਹਨ। ਰੇ = ਹੇ ਭਾਈ! ਅਭਗ = ਨਾਹ ਨਾਸ ਹੋਣ ਵਾਲੀ। ਸੰਗਿ = ਨਾਲ। ਮਹਿਮਾ = ਵਡਿਆਈ।3।

ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਉਸ ਦੀ ਪ੍ਰਾਪਤੀ ਲਿਖੀ ਪਈ ਹੈ। ਤਿਸ ਹੀ = ਤਿਸੁ ਹੀ, ਉਸ ਨੂੰ ਹੀ। ਹਾਥ ਚੜਿਓ = ਮਿਲ ਪਿਆ। ਗੁਰਿ = ਗੁਰੂ ਨੇ।4।

ਅਰਥ: (ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ। (ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ। ਰਹਾਉ।

(ਹੇ ਪੰਡਿਤ!) ਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ। ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ, ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ) ।1।

(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ। (ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ, ਸਭ ਜੀਵਾਂ ਉਤੇ ਉਸ ਦਾ (ਪਵਣ) -ਚਵਰ ਝੁਲ ਰਿਹਾ ਹੈ, (ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ।2।

(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ; ਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ, ਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ, ਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ।3।

ਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ, ਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।

ਹੇ ਨਾਨਕ! ਆਖ– ਜਿਸ ਮਨੁੱਖ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ, ਉਸ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ।4। 39। 90।

ਆਸਾ ਮਹਲਾ ੫ ਪੰਚਪਦਾ ॥ ਜਿਹ ਪੈਡੈ ਲੂਟੀ ਪਨਿਹਾਰੀ ॥ ਸੋ ਮਾਰਗੁ ਸੰਤਨ ਦੂਰਾਰੀ ॥੧॥ ਸਤਿਗੁਰ ਪੂਰੈ ਸਾਚੁ ਕਹਿਆ ॥ ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥ ਜਹ ਲਾਲਚ ਜਾਗਾਤੀ ਘਾਟ ॥ ਦੂਰਿ ਰਹੀ ਉਹ ਜਨ ਤੇ ਬਾਟ ॥੨॥ ਜਹ ਆਵਟੇ ਬਹੁਤ ਘਨ ਸਾਥ ॥ ਪਾਰਬ੍ਰਹਮ ਕੇ ਸੰਗੀ ਸਾਧ ॥੩॥ ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥ ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥ ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥ {ਪੰਨਾ 393}

ਨੋਟ: ਪੰਚਪਦਾ = ਪੰਜ ਬੰਦਾਂ ਵਾਲਾ ਇੱਕ ਸ਼ਬਦ।

ਪਦ ਅਰਥ: ਜਿਹ ਪੈਡੈ = ਜਿਸ ਰਸਤੇ ਵਿਚ। ਪਨਿਹਾਰੀ = ਪਾਣੀ ਭਰਨ ਵਾਲੀ, ਕਾਮਾਦਿਕ ਵਿਕਾਰਾਂ ਦਾ ਪਾਣੀ ਭਰਨ ਵਾਲੀ, ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ। ਮਾਰਗੁ = ਰਸਤਾ।1।

ਸਾਚੁ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ। ਮੁਕਤੇ = ਖੁਲ੍ਹੀ। ਬੀਥੀ = {vIQI} ਗਲੀ।1।

ਜਹ = ਜਿਥੇ। ਜਾਗਾਤੀ = ਮਸੂਲੀਆ। ਘਾਟ = ਪੱਤਣ। ਬਾਟ = ਵਾਟ, ਰਸਤਾ।2।

ਆਵਟੇ = {AwvÙL` } ਦੁਖੀ ਹੁੰਦੇ ਹਨ। ਘਨ = ਬਹੁਤ। ਸਾਥ = ਕਾਫ਼ਲੇ। ਸੰਗੀ = ਸਾਥੀ।3।

ਚਿਤ੍ਰ ਗੁਪਤੁ = ਜੀਵਾਂ ਦੇ ਕਰਮਾਂ ਦੇ ਗੁਪਤ ਚਿਤ੍ਰ ਲਿਖਣ ਵਾਲੇ। ਕਉ = ਨੂੰ। ਦ੍ਰਿਸਟਿ ਨ ਪੇਖਾ = ਨਿਗਾਹ ਮਾਰ ਕੇ ਭੀ ਨਹੀਂ ਵੇਖ ਸਕਦੇ।4।

ਤਾ ਕੈ = ਉਸ ਦੇ ਹਿਰਦੇ ਵਿਚ। ਅਨਹਦ = ਇਕ-ਰਸ। ਤੂਰਾ = ਵਾਜੇ।5।

ਅਰਥ: ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ, ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ।1। ਰਹਾਉ।

(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ, ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ।1।

(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ) ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ।2।

(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ, ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ।3।

(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ, ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ।4।

ਹੇ ਨਾਨਕ! ਆਖ– ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ।5। 40। 91।

ਆਸਾ ਮਹਲਾ ੫ ਦੁਪਦਾ ੧ ॥ ਸਾਧੂ ਸੰਗਿ ਸਿਖਾਇਓ ਨਾਮੁ ॥ ਸਰਬ ਮਨੋਰਥ ਪੂਰਨ ਕਾਮ ॥ ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥ ਜਪਿ ਜਪਿ ਜੀਵਾ ਸਾਰਿਗਪਾਨੇ ॥੧॥ ਕਰਨ ਕਰਾਵਨ ਸਰਨਿ ਪਰਿਆ ॥ ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥ ਲਾਲ ਜਵੇਹਰ ਭਰੇ ਭੰਡਾਰ ॥ ਤੋਟਿ ਨ ਆਵੈ ਜਪਿ ਨਿਰੰਕਾਰ ॥ ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥ ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥ {ਪੰਨਾ 393}

ਪਦ ਅਰਥ: ਸਾਧੂ = ਗੁਰੂ। ਸੰਗਿ = ਸੰਗਤਿ ਵਿਚ। ਸਰਬ = ਸਾਰੇ। ਕਾਮ = ਕੰਮ। ਪੂਰਨ = ਪੂਰੇ ਹੋ ਜਾਂਦੇ ਹਨ। ਜਸਹਿ = ਜਸ ਵਿਚ, ਸਿਫ਼ਤਿ-ਸਾਲਾਹ ਵਿਚ। ਅਘਾਨੇ = ਰੱਜੇ ਰਹਿੰਦੇ ਹਨ। ਜੀਵਾ = ਮੈਂ ਜੀਊਂਦਾ ਹਾਂ, ਜੀਵਾਂ। ਸਾਰਿਗਪਾਨੇ = {ਸਾਰਿਗ = ਧਨੁਖ। ਪਾਨਿ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ।1।

ਪਰਸਾਦਿ = ਪ੍ਰਸਾਦਿ, ਕਿਰਪਾ ਨਾਲ। ਸਹਜ = ਆਤਮਕ ਅਡੋਲਤਾ।1।

ਲਾਲ = ਹੀਰੇ। ਭੰਡਾਰ = ਖ਼ਜ਼ਾਨੇ। ਜਪਿ = ਜਪ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਜਨੁ = ਕੋਇ, ਜੇਹੜਾ ਭੀ ਮਨੁੱਖ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।2।

ਅਰਥ: (ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ।1।

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।

(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।1।

ਹੇ ਨਾਨਕ! (ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ ਤੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ। ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ।2। 41। 92।

TOP OF PAGE

Sri Guru Granth Darpan, by Professor Sahib Singh