ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 394 ਆਸਾ ਘਰੁ ੭ ਮਹਲਾ ੫ ॥ ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ ਸੰਗੀ ਸਾਥੀ ਸਗਲ ਤਰਾਂਈ ॥੧॥ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥ ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ {ਪੰਨਾ 394} ਪਦ ਅਰਥ: ਰਿਦੈ = ਹਿਰਦੇ ਵਿਚ। ਧਿਆਈ = ਧਿਆਈਂ, ਮੈਂ ਧਿਆਵਾਂ। ਸਗਲ = ਸਾਰੇ। ਤਰਾਂਈ = ਮੈਂ ਪਾਰ ਲੰਘਾ ਲਵਾਂ।1। ਸੰਗਿ = ਨਾਲ। ਤਿਸੁ = ਉਸ (ਪਰਮਾਤਮਾ) ਨੂੰ। ਸਮ੍ਹ੍ਹਾਲੇ = ਸਮ੍ਹ੍ਹਾਲੀਂ, ਮੈਂ ਹਿਰਦੇ ਵਿਚ ਟਿਕਾ ਰੱਖਾਂ।1। ਰਹਾਉ। ਨਾਨਕੁ ਮਾਂਗੈ = ਨਾਨਕ ਮੰਗਦਾ ਹੈ।2। ਅਰਥ: (ਹੇ ਭਾਈ! ਮੇਰਾ) ਗੁਰੂ ਸਦਾ ਮੇਰੇ ਨਾਲ ਵੱਸਦਾ ਹੈ ਮੇਰੇ ਅੰਗ-ਸੰਗ ਰਹਿੰਦਾ ਹੈ (ਗੁਰੂ ਦੀ ਹੀ ਕਿਰਪਾ ਨਾਲ) ਮੈਂ ਉਸ (ਪਰਮਾਤਮਾ) ਨੂੰ ਸਦਾ ਸਿਮਰ ਕੇ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।1। (ਹੇ ਭਾਈ! ਅੰਗ-ਸੰਗ ਵੱਸਦੇ ਗੁਰੂ ਦੀ ਹੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਧਿਆਉਂਦਾ ਹਾਂ (ਇਸ ਤਰ੍ਹਾਂ ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਰਿਹਾ ਹਾਂ) ਆਪਣੇ ਸੰਗੀਆਂ ਸਾਥੀਆਂ (ਗਿਆਨ-ਇੰਦ੍ਰਿਆਂ) ਨੂੰ ਪਾਰ ਲੰਘਾਣ ਜੋਗਾ ਬਣ ਰਿਹਾ ਹਾਂ।1। (ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ ਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ।2। 42। 93। ਆਸਾ ਮਹਲਾ ੫ ॥ ਸਾਧੂ ਸੰਗਤਿ ਤਰਿਆ ਸੰਸਾਰੁ ॥ ਹਰਿ ਕਾ ਨਾਮੁ ਮਨਹਿ ਆਧਾਰੁ ॥੧॥ ਚਰਨ ਕਮਲ ਗੁਰਦੇਵ ਪਿਆਰੇ ॥ ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥ ਜਾ ਕੈ ਮਸਤਕਿ ਲਿਖਿਆ ਭਾਗੁ ॥ ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥ {ਪੰਨਾ 394} ਪਦ ਅਰਥ: ਸਾਧੂ = ਗੁਰੂ। ਮਨਹਿ = ਮਨ ਦਾ। ਆਧਾਰੁ = ਆਸਰਾ।1। ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਕੋਮਲ ਚਰਨ। ਪੂਜਹਿ = ਪੂਜਦੇ ਹਨ। ਪਿਆਰੇ = ਪਿਆਰਿ, ਪਿਆਰ ਨਾਲ।1। ਰਹਾਉ। ਮਸਤਕਿ = ਮੱਥੇ ਉਤੇ। ਸੋਹਾਗੁ = ਚੰਗਾ ਭਾਗ। ਥਿਰੁ = ਸਦਾ ਕਾਇਮ ਰਹਿਣ ਵਾਲਾ।2। ਅਰਥ: (ਹੇ ਭਾਈ!) ਹਰੀ ਦੇ ਸੰਤ ਜਨ ਪ੍ਰੀਤਿ ਨਾਲ, ਪਿਆਰ ਨਾਲ ਪਿਆਰੇ ਗੁਰਦੇਵ ਦੇ ਸੋਹਣੇ ਕੋਮਲ ਚਰਨ ਪੂਜਦੇ ਰਹਿੰਦੇ ਹਨ।1। ਰਹਾਉ। ਹੇ ਭਾਈ! (ਜੇਹੜਾ ਭੀ ਮਨੁੱਖ ਨਿਮ੍ਰਤਾ ਧਾਰ ਕੇ ਗੁਰੂ ਦੀ ਸੰਗਤਿ ਕਰਦਾ ਹੈ) ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਕਿਉਂਕਿ) ਪਰਮਾਤਮਾ ਦਾ ਨਾਮ ਉਸ ਦੇ ਮਨ ਦਾ ਆਸਰਾ ਬਣਿਆ ਰਹਿੰਦਾ ਹੈ।1। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਤੇ (ਪੂਰਬਲੇ ਜਨਮਾਂ ਦੇ ਕਰਮਾਂ ਦਾ) ਲਿਖਿਆ ਲੇਖ ਜਾਗ ਪੈਂਦਾ ਹੈ ਉਸ ਨੂੰ ਮਿਲੀ ਇਹ ਸੁਭਾਗਤਾ (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਦਾ ਲਈ ਕਾਇਮ ਰਹਿੰਦੀ ਹੈ।2। 43। 94। ਨੋਟ: ਨੰ: 92, 93, 94 = ਇਹ ਤਿੰਨ ਸ਼ਬਦ ਦੋ ਦੋ ਬੰਦਾਂ ਵਾਲੇ ਹਨ। ਆਸਾ ਮਹਲਾ ੫ ॥ ਮੀਠੀ ਆਗਿਆ ਪਿਰ ਕੀ ਲਾਗੀ ॥ ਸਉਕਨਿ ਘਰ ਕੀ ਕੰਤਿ ਤਿਆਗੀ ॥ ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥ ਮਨ ਮੇਰੇ ਕੀ ਤਪਤਿ ਹਰੀ ॥੧॥ ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥ ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥ ਹਉ ਬੰਦੀ ਪ੍ਰਿਅ ਖਿਜਮਤਦਾਰ ॥ ਓਹੁ ਅਬਿਨਾਸੀ ਅਗਮ ਅਪਾਰ ॥ ਲੇ ਪਖਾ ਪ੍ਰਿਅ ਝਲਉ ਪਾਏ ॥ ਭਾਗਿ ਗਏ ਪੰਚ ਦੂਤ ਲਾਵੇ ॥੨॥ ਨਾ ਮੈ ਕੁਲੁ ਨਾ ਸੋਭਾਵੰਤ ॥ ਕਿਆ ਜਾਨਾ ਕਿਉ ਭਾਨੀ ਕੰਤ ॥ ਮੋਹਿ ਅਨਾਥ ਗਰੀਬ ਨਿਮਾਨੀ ॥ ਕੰਤ ਪਕਰਿ ਹਮ ਕੀਨੀ ਰਾਨੀ ॥੩॥ ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥ ਸੂਖ ਸਹਜ ਮੇਰਾ ਧਨੁ ਸੋਹਾਗਾ ॥ ਕਹੁ ਨਾਨਕ ਮੋਰੀ ਪੂਰਨ ਆਸਾ ॥ ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥ {ਪੰਨਾ 394} ਪਦ ਅਰਥ: ਪਿਰ ਕੀ = ਪ੍ਰਭੂ-ਪਤੀ ਦੀ। ਆਗਿਆ = ਰਜ਼ਾ। ਸਉਕਨਿ ਘਰ ਕੀ = ਮੇਰੇ ਹਿਰਦੇ-ਘਰ ਵਿਚ ਵੱਸਦੀ ਸੌਂਕਣ। ਸਉਕਨਿ = ਪਤੀ-ਮਿਲਾਪ ਵਿਚ ਰੋਕ ਪਾਣ ਵਾਲੀ ਮਾਇਆ। ਕੰਤਿ = ਕੰਤ ਨੇ। ਤਿਆਗੀ = ਖ਼ਲਾਸੀ ਕਰਾ ਦਿੱਤੀ ਹੈ। ਸੀਗਾਰਿ ਕਰੀ = ਮੈਨੂੰ ਸੋਹਣੀ ਬਣਾ ਦਿੱਤਾ ਹੈ। ਤਪਤਿ = ਤਪਸ਼। ਹਰੀ = ਦੂਰ ਕਰ ਦਿੱਤੀ ਹੈ।1। ਭਲੋ ਭਇਓ = ਚੰਗਾ ਹੋਇਆ, ਮੇਰੇ ਭਾਗ ਜਾਗ ਪਏ। ਪ੍ਰਿਅ ਕਹਿਆ = ਪਿਆਰੇ ਦਾ ਹੁਕਮ। ਸਹਜੁ = ਆਤਮਕ ਅਡੋਲਤਾ। ਇਸੁ ਘਰ ਕਾ = ਇਸ ਹਿਰਦੇ-ਘਰ ਦਾ। ਰਹਾਉ। ਹਉ = ਮੈਂ। ਬੰਦੀ = ਦਾਸੀ। ਖਿਜਮਤਦਾਰ = ਸੇਵਾ ਕਰਨ ਵਾਲੀ। ਓਹੁ = ਉਹ ਪ੍ਰਭੂ-ਪਤੀ। ਅਗਮ = ਅਪਹੁੰਚ। ਅਪਾਰ = ਬੇਅੰਤ। ਲੇ = ਲੈ ਕੇ। ਝਲਉ = ਝੱਲਉਂ, ਮੈਂ ਝੱਲਦੀ ਹਾਂ। ਪਾਏ = ਪੈਰਾਂ ਵਿਚ (ਖਲੋ ਕੇ) । ਦੂਤ = ਵੈਰੀ। ਲਾਵੈ = ਵਾਢੇ, (ਆਤਮਕ ਜੀਵਨ ਨੂੰ) ਕੱਟਣ ਵਾਲੇ।2। ਕੁਲੁ = ਉੱਚਾ ਖ਼ਾਨਦਾਨ। ਕਿਆ ਜਾਨਾ = ਮੈਂ ਕੀਹ ਜਾਣਾਂ? ਕਿਉ = ਕਿਸ ਤਰ੍ਹਾਂ? ਭਾਨੀ = ਪਸੰਦ ਆਈ। ਮੋਹਿ = ਮੈਨੂੰ। ਕੰਤ = ਕੰਤ ਨੇ। ਕੀਨੀ = ਬਣਾ ਲਿਆ।3। ਮੁਖਿ ਲਾਗਾ = ਮੂੰਹ ਤੇ ਲੱਗਾ, ਮੂੰਹ ਲੱਗਾ, ਦਿੱਸਿਆ, ਦਰਸਨ ਹੋਇਆ। ਧਨੁ = ਧੰਨ, ਭਾਗਾਂ ਵਾਲਾ। ਮੋਰੀ = ਮੇਰੀ। ਸਤਿਗੁਰ = ਸਤਿਗੁਰ ਨੇ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ।4। ਅਰਥ: (ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ, ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ।1। ਰਹਾਉ। (ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ (ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ। ਪਿਆਰੇ ਨੇ ਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ, ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ।1। (ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ। (ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ। (ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ (ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ।2। (ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ, ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ। (ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ।3। (ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ, ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ। ਹੇ ਨਾਨਕ! ਆਖ– (ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ, ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ।4।1। 95। ਨੋਟ: ਸ਼ਬਦ ਨੰ: 94 ਤੋਂ ਫਿਰ ਚਾਰ ਬੰਦਾਂ ਵਾਲੇ ਸ਼ਬਦ ਸ਼ੁਰੂ ਹੋ ਗਏ ਹਨ। ਆਸਾ ਮਹਲਾ ੫ ॥ ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ ਬੋਲੈ ਕਉੜਾ ਜਿਹਬਾ ਕੀ ਫੂੜਿ ॥ ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥ ਐਸੀ ਇਸਤ੍ਰੀ ਇਕ ਰਾਮਿ ਉਪਾਈ ॥ ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ ਪਾਇ ਠਗਉਲੀ ਸਭੁ ਜਗੁ ਜੋਹਿਆ ॥ ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥ ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥ ਤਟ ਤੀਰਥ ਭਵੇ ਸਭ ਧਰਨਾ ॥ ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥ ਮਾਇਆ ਮੋਹਿ ਸਭੋ ਜਗੁ ਬਾਧਾ ॥ ਹਉਮੈ ਪਚੈ ਮਨਮੁਖ ਮੂਰਾਖਾ ॥ ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥ {ਪੰਨਾ 394} ਪਦ ਅਰਥ: ਮਾਥੈ = ਮੱਥੇ ਉਤੇ। ਤ੍ਰਿਕੁਟੀ = ਤ੍ਰਿਊੜੀ। ਕਰੂਰਿ = ਗੁੱਸੇ-ਭਰੀ। ਫੂੜਿ = ਖਰ੍ਹਵੀ।1। ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈ = ਪੈਦਾ ਕੀਤੀ। ਉਨਿ = ਉਸ (ਇਸਤ੍ਰੀ) ਨੇ। ਹਮ = ਮੈਨੂੰ। ਗੁਰਿ = ਗੁਰੂ ਨੇ।1। ਰਹਾਉ। ਠਗਉਰੀ = ਠਗਮੂਰੀ, ਠਗ-ਬੂਟੀ, ਉਹ ਨਸ਼ੀਲੀ ਬੂਟੀ ਜੋ ਖਵਾ ਕੇ ਠੱਗ ਭੋਲੇ ਰਾਹੀਆਂ ਨੂੰ ਠੱਗ ਲਿਆ ਕਰਦੇ ਹਨ। ਜੋਹਿਆ = ਤੱਕ ਵਿਚ ਰੱਖਿਆ ਹੋਇਆ ਹੈ। ਮੋਹਿਆ = ਮੋਹ ਵਿਚ ਫਸਾ ਲਿਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਵਿਚ। ਸੇ = ਉਹ ਬੰਦੇ। ਸੋਹਿਆ = ਸੋਹਣੇ ਬਣ ਗਏ।2। ਕਰਿ = ਕਰ ਕੇ। ਪੁਨਹ ਚਰਨਾ = ਪੁਨਹ ਆਚਰਨ, ਪਛਤਾਵੇ ਵਜੋਂ ਕੀਤੇ ਹੋਏ ਧਾਰਮਿਕ ਕੰਮ। ਤਟ = ਨਦੀਆਂ ਦੇ ਕਿਨਾਰੇ। ਧਰਨਾ = ਧਰਤੀ। ਉਬਰੇ = (ਮਾਇਆ ਦੇ ਪੰਜੇ ਤੋਂ) ਬਚੇ। ਜਿ = ਜੇਹੜੇ।3। ਮੋਹਿ = ਮੋਹ ਵਿਚ। ਪਚੈ = ਖ਼ੁਆਰ ਹੁੰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਗੁਰ = ਹੇ ਗੁਰੂ!।4। ਅਰਥ: ਹੇ ਮੇਰੇ ਵੀਰ! ਪਰਮਾਤਮਾ ਨੇ (ਮਾਇਆ) ਇਕ ਅਜੇਹੀ ਇਸਤ੍ਰੀ ਪੈਦਾ ਕੀਤੀ ਹੋਈ ਹੈ ਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ (ਆਪਣੇ ਕਾਬੂ ਵਿਚ ਕੀਤਾ ਹੋਇਆ ਹੈ) , ਮੈਨੂੰ ਤਾਂ ਗੁਰੂ ਨੇ (ਉਸ ਮਾਇਆ-ਇਸਤ੍ਰੀ ਤੋਂ) ਬਚਾ ਰੱਖਿਆ ਹੈ।1। ਰਹਾਉ। (ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ ਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ (ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ।1। (ਹੇ ਭਾਈ! ਮਾਇਆ-ਇਸਤ੍ਰੀ ਨੇ) ਠਗਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ (ਜੀਵਾਂ ਦੀ ਕੀਹ ਪਾਇਆਂ ਹੈ? ਉਸ ਨੇ ਤਾਂ) ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ਉਹ (ਉਸ ਤੋਂ ਬਚ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣੇ ਰਹਿੰਦੇ ਹਨ।2। (ਹੇ ਭਾਈ! ਅਨੇਕਾਂ ਲੋਕ) ਵਰਤ ਰੱਖ ਰੱਖ ਕੇ ਧਾਰਮਿਕ ਨੇਮ ਨਿਬਾਹ ਨਿਬਾਹ ਕੇ ਤੇ (ਕੀਤੇ ਪਾਪਾਂ ਦਾ ਪ੍ਰਭਾਵ ਮਿਟਾਣ ਲਈ) ਪਛੁਤਾਵੇ ਵਜੋਂ ਧਾਰਮਿਕ ਰਸਮਾਂ ਕਰ ਕਰ ਕੇ ਥੱਕ ਗਏ, ਅਨੇਕਾਂ ਤੀਰਥਾਂ ਉਤੇ ਸਾਰੀ ਧਰਤੀ ਉਤੇ ਭਉਂ ਚੁਕੇ (ਪਰ ਇਸ ਮਾਇਆ-ਇਸਤ੍ਰੀ ਤੋਂ ਨਾਹ ਬਚ ਸਕੇ) । (ਹੇ ਭਾਈ!) ਸਿਰਫ਼ ਉਹੀ ਬੰਦੇ ਬਚਦੇ ਹਨ ਜੇਹੜੇ ਗੁਰੂ ਦੀ ਸਰਨ ਪੈਂਦੇ ਹਨ।3। (ਹੇ ਭਾਈ!) ਸਾਰਾ ਜਗਤ ਮਾਇਆ ਦੇ ਮੋਹ ਵਿਚ ਬੱਝਾ ਪਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਹਉਮੈ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ। ਹੇ ਨਾਨਕ! (ਆਖ–) ਹੇ ਗੁਰੂ! ਮੈਨੂੰ ਤੂੰ ਹੀ ਮੇਰੀ ਬਾਂਹ ਫੜ ਕੇ (ਇਸ ਦੇ ਪੰਜੇ ਤੋਂ) ਬਚਾਇਆ ਹੈ।4।2। 96। |
Sri Guru Granth Darpan, by Professor Sahib Singh |