ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 395 ਆਸਾ ਮਹਲਾ ੫ ॥ ਸਰਬ ਦੂਖ ਜਬ ਬਿਸਰਹਿ ਸੁਆਮੀ ॥ ਈਹਾ ਊਹਾ ਕਾਮਿ ਨ ਪ੍ਰਾਨੀ ॥੧॥ ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯ੍ਯਾਇ ॥ ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥ ਸੰਗਿ ਹੋਵਤ ਕਉ ਜਾਨਤ ਦੂਰਿ ॥ ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥ ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥ ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥ ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥ ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥ {ਪੰਨਾ 395} ਪਦ ਅਰਥ: ਸਰਬ = ਸਾਰੇ। ਬਿਸਰਹਿ = ਤੂੰ ਵਿਸਰਦਾ ਹੈਂ। ਸੁਆਮੀ = ਹੇ ਸੁਆਮੀ! ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਕਾਮਿ ਨ = ਕਿਸੇ ਕੰਮ ਨਹੀਂ ਆਉਂਦਾ।1। ਤ੍ਰਿਪਤਾਸੇ = ਰੱਜੇ ਰਹਿੰਦੇ ਹਨ। ਧ੍ਯ੍ਯਾਇ = ਧਿਆਏ, ਸਿਮਰ ਕੇ {ਅੱਖਰ 'ਧ' ਦੇ ਨਾਲ ਅੱਧਾ 'ਯ' ਹੈ}। ਨਾਇ = ਨਾਮ ਵਿਚ। ਰਜਾਇ = ਰਜ਼ਾ ਮੰਨਿਆਂ, ਹੁਕਮ ਵਿਚ ਤੁਰਿਆਂ। ਪ੍ਰਭ = ਹੇ ਪ੍ਰਭੂ!। ਰਹਾਉ। ਸੰਗਿ = ਨਾਲ। ਕਉ = ਨੂੰ। ਮਰਤਾ = ਆਤਮਕ ਮੌਤ ਸਹੇੜਦਾ ਹੈ। ਝੂਰਿ = ਝੁਰ ਝੁਰ ਕੇ, ਖਿੱਝ ਖਿੱਝ ਕੇ।2। ਜਿਨਿ = ਜਿਸ (ਪਰਮਾਤਮਾ) ਨੇ। ਬਿਖਿਆ = ਮਾਇਆ। ਰੈਨਿ = ਰਾਤ। ਜਾਹਿ = ਬੀਤਦੇ ਹਨ।3। ਨਾਨਕ = ਹੇ ਨਾਨਕ! ਗਤਿ = ਉੱਚੀ ਆਤਮਕ ਅਵਸਥਾ। ਟੇਕ = ਆਸਰਾ, ਸਰਨ।4। ਅਰਥ: ਹੇ ਪ੍ਰਭੂ! ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜੀ ਰੱਖਦਾ ਹੈਂ ਉਹ (ਤੇਰੇ) ਸੰਤ ਜਨ ਤੇਰਾ ਹਰਿ-ਨਾਮ ਸਿਮਰ ਸਿਮਰ ਕੇ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜੇ ਰਹਿੰਦੇ ਹਨ।1। ਰਹਾਉ। ਹੇ ਮਾਲਕ-ਪ੍ਰਭੂ! ਜਦੋਂ (ਕਿਸੇ ਜੀਵ ਦੇ ਮਨ ਵਿਚੋਂ) ਤੂੰ ਵਿਸਰ ਜਾਂਦਾ ਹੈਂ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ, ਉਹ ਜੀਵ ਲੋਕ ਪਰਲੋਕ ਵਿਚ ਕਿਸੇ ਕੰਮ ਨਹੀਂ ਆਉਂਦਾ (ਉਸ ਦਾ ਜੀਵਨ ਵਿਅਰਥ ਹੋ ਜਾਂਦਾ ਹੈ) ।1। (ਹੇ ਭਾਈ!) ਜੇਹੜਾ ਮਨੁੱਖ ਆਪਣੇ ਅੰਗ-ਸੰਗ ਵੱਸਦੇ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ ਉਹ ਸਦਾ (ਮਾਇਆ ਦੀ ਤ੍ਰਿਸ਼ਨਾ ਦੇ ਅਧੀਨ) ਖਿੱਝ ਖਿੱਝ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ।2। (ਹੇ ਭਾਈ!) ਜਿਸ ਪਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜੇਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ ਉਸ ਦੇ (ਜ਼ਿੰਦਗੀ ਦੇ) ਸਾਰੇ ਰਾਤ ਦਿਨ ਡਾਢੀ ਮਾਇਆ (ਦੇ ਮੋਹ) ਵਿਚ (ਫਸਿਆਂ ਹੀ) ਗੁਜ਼ਰਦੇ ਹਨ।3। ਹੇ ਨਾਨਕ! ਆਖ– (ਹੇ ਭਾਈ!) ਪੂਰੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਯਾਦ ਕਰਦੇ ਰਿਹਾ ਕਰੋ (ਇਸ ਤਰ੍ਹਾਂ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤੇ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਫਸੀਦਾ) ।4।3। 97। ਆਸਾ ਮਹਲਾ ੫ ॥ ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥ ਕਲਮਲ ਦੋਖ ਸਗਲ ਪਰਹਰਿਆ ॥੧॥ ਸੋਈ ਦਿਵਸੁ ਭਲਾ ਮੇਰੇ ਭਾਈ ॥ ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥ ਸਾਧ ਜਨਾ ਕੇ ਪੂਜੇ ਪੈਰ ॥ ਮਿਟੇ ਉਪਦ੍ਰਹ ਮਨ ਤੇ ਬੈਰ ॥੨॥ ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥ ਪੰਚ ਦੂਤ ਸਭਿ ਵਸਗਤਿ ਆਇਆ ॥੩॥ ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥ ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥ {ਪੰਨਾ 395} ਪਦ ਅਰਥ: ਜਪਤ = ਜਪਦਿਆਂ। ਹਰਿਆ = ਹਰਾ {ਜਿਸ ਰੁੱਖ ਵਿਚ ਜਾਨ ਹੋਵੇ ਉਹ ਹਰਾ ਹੁੰਦਾ ਹੈ। ਜਾਨ-ਹੀਣ ਰੁੱਖ-ਸੁੱਕ ਜਾਂਦਾ ਹੈ} ਆਤਮਕ ਜੀਵਨ ਵਾਲਾ। ਕਲਮਲ = ਪਾਪ। ਦੋਖ = ਐਬ। ਪਰਹਰਿਆ = ਦੂਰ ਹੋ ਜਾਂਦੇ ਹਨ।1। ਦਿਵਸੁ = ਦਿਨ। ਭਾਈ = ਹੇ ਵੀਰ! ਗਾਇ = ਗਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਹਾਉ। ਸਾਧ = ਗੁਰਮੁਖਿ। ਉਪਦ੍ਰਹ = ਉਪੱਦ੍ਰਵ, ਛੇੜ-ਖ਼ਾਨੀਆਂ। ਤੇ = ਤੋਂ, ਵਿਚੋਂ।2। ਮਿਲਿ = ਮਿਲ ਕੇ। ਝਗਰੁ = ਝਗੜਾ, ਰੌਲਾ। ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸਭਿ = ਸਾਰੇ।3। ਜਿਸੁ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਊਪਰਿ = ਉਤੋਂ।4। ਅਰਥ: ਹੇ ਮੇਰੇ ਵੀਰ! ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ। ਰਹਾਉ। (ਹੇ ਭਾਈ! ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ, ਰੁੱਖ ਵਿਚ, ਮਾਨੋ, ਜਿੰਦ ਰੁਮਕ ਪੈਂਦੀ ਹੈ ਤਿਵੇਂ) ਪਰਮਾਤਮਾ ਦਾ ਨਾਮ ਜਪਣ ਨਾਲ (ਨਾਮ-ਜਲ ਨਾਲ) ਮਨੁੱਖ ਦਾ ਮਨ ਮਨੁੱਖ ਦਾ ਹਿਰਦਾ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ।1। ਜੇਹੜਾ ਮਨੁੱਖ ਗੁਰਮੁਖਾਂ ਦੇ ਪੈਰ ਪੂਜਦਾ ਹੈ ਉਸ ਦੇ ਮਨ ਵਿਚੋਂ ਸਾਰੀਆਂ ਛੇੜ-ਖ਼ਾਨੀਆਂ ਸਾਰੇ ਵੈਰ-ਵਿਰੋਧ ਮਿੱਟ ਜਾਂਦੇ ਹਨ।2। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ ਵਿਕਾਰਾਂ ਦਾ) ਰੌਲਾ ਮੁਕਾ ਲਿਆ, ਕਾਮਾਦਿਕ ਪੰਜੇ ਵੈਰੀ ਸਾਰੇ ਉਸ ਦੇ ਕਾਬੂ ਵਿਚ ਆ ਜਾਂਦੇ ਹਨ।3। ਹੇ ਨਾਨਕ! (ਆਖ–) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਸ ਤੋਂ ਸਦਾ ਸਦਕੇ ਹੋਣਾ ਚਾਹੀਦਾ ਹੈ।4। 4। 98। ਆਸਾ ਮਹਲਾ ੫ ॥ ਗਾਵਿ ਲੇਹਿ ਤੂ ਗਾਵਨਹਾਰੇ ॥ ਜੀਅ ਪਿੰਡ ਕੇ ਪ੍ਰਾਨ ਅਧਾਰੇ ॥ ਜਾ ਕੀ ਸੇਵਾ ਸਰਬ ਸੁਖ ਪਾਵਹਿ ॥ ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥ ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥ ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥ ਜਾ ਕਾ ਦਾਨੁ ਨਿਖੂਟੈ ਨਾਹੀ ॥ ਭਲੀ ਭਾਤਿ ਸਭ ਸਹਜਿ ਸਮਾਹੀ ॥ ਜਾ ਕੀ ਬਖਸ ਨ ਮੇਟੈ ਕੋਈ ॥ ਮਨਿ ਵਾਸਾਈਐ ਸਾਚਾ ਸੋਈ ॥੨॥ ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥ ਪ੍ਰਭ ਕੇ ਸੇਵਕ ਦੂਖ ਨ ਝੂਰਨ ॥ ਓਟਿ ਗਹੀ ਨਿਰਭਉ ਪਦੁ ਪਾਈਐ ॥ ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥ ਦੂਰਿ ਨ ਹੋਈ ਕਤਹੂ ਜਾਈਐ ॥ ਨਦਰਿ ਕਰੇ ਤਾ ਹਰਿ ਹਰਿ ਪਾਈਐ ॥ ਅਰਦਾਸਿ ਕਰੀ ਪੂਰੇ ਗੁਰ ਪਾਸਿ ॥ ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥ {ਪੰਨਾ 395} ਪਦ ਅਰਥ: ਗਾਵਿ ਲੇਹਿ = ਗਾ ਲੈ, ਗਾਇਆ ਕਰ। ਗਾਵਨਹਾਰੇ = ਹੇ ਗਾਉਣ ਵਾਲੇ! ਜੀਅ ਅਧਾਰ = ਜਿੰਦ ਦਾ ਆਸਰਾ। ਪਿੰਡ ਅਧਾਰ = ਸਰੀਰ ਦਾ ਆਸਰਾ। ਪਾਵਹਿ = ਤੂੰ ਪ੍ਰਾਪਤ ਕਰਦਾ ਹੈਂ। ਕਾਹੂ ਪਹਿ = ਕਿਸੇ ਪਾਸ। ਬਹੁੜਿ = ਮੁੜ, ਫਿਰ।1। ਅਨੰਦੀ = ਅਨੰਦ ਦਾ ਸੋਮਾ। ਗੁਨ ਨਿਧਾਨ = ਗੁਣਾਂ ਦਾ ਖਜ਼ਾਨਾ। ਜਾਪੀਐ = ਜਪਣਾ ਚਾਹੀਦਾ ਹੈ। ਸੰਤ = ਗੁਰੂ। ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਵਾਸੀਐ = ਵਸਾ ਸਕੀਦਾ ਹੈ। ਰਹਾਉ। ਦਾਨੁ = ਬਖ਼ਸ਼ਸ਼। ਸਹਜਿ = ਆਤਮਕ ਅਡੋਲਤਾ ਵਿਚ।2। ਸਗਲ ਸਮਗ੍ਰੀ = ਸਾਰੇ ਪਦਾਰਥ। ਪੂਰਨ = ਭਰੇ ਹੋਏ। ਗਹੀ = ਪਕੜਿਆਂ। ਸਾਸਿ ਸਾਸਿ = ਹਰੇਕ ਸਾਹ ਨਾਲ। ਗੁਨ ਨਿਧਿ = ਗੁਣਾਂ ਦਾ ਖ਼ਜ਼ਾਨਾ।3। ਕਤ ਹੂ = ਕਿੱਥੇ? ਕਰੀ = ਕਰੀਂ, ਮੈਂ ਕਰਦਾ ਹਾਂ। ਰਾਸਿ = ਪੂੰਜੀ, ਸਰਮਾਇਆ।4। ਅਰਥ: (ਹੇ ਭਾਈ!) ਉਸ ਮਾਲਕ-ਪ੍ਰਭੂ (ਦੇ ਨਾਮ) ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ। (ਹੇ ਭਾਈ!) ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿਚ ਵਸਾ ਸਕੀਦਾ ਹੈ।1। ਰਹਾਉ। ਹੇ ਭਾਈ! ਜਦ ਤਕ ਗਾਵਣ ਦੀ ਸਮਰਥਾ ਹੈ ਉਸ ਪਰਮਾਤਮਾ ਦੇ ਗੁਣ ਗਾਂਦਾ ਰਹੁ ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ, ਜਿਸ ਦੀ ਸੇਵਾ-ਭਗਤੀ ਕਰ ਕੇ ਤੂੰ ਸਾਰੇ ਸੁਖ ਹਾਸਲ ਕਰ ਲਏਂਗਾ (ਤੇ ਸੁਖਾਂ ਦੀ ਭਾਲ ਵਿਚ) ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਏਗੀ।1। ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿਚ ਵਸਾਣਾ ਚਾਹੀਦਾ ਹੈ ਜਿਸ ਦੀ ਦਿੱਤੀ ਹੋਈ ਦਾਤਿ ਕਦੇ ਮੁੱਕਦੀ ਨਹੀਂ ਜਿਸ ਦੀ ਕੀਤੀ ਬਖ਼ਸ਼ਸ਼ ਦੇ ਰਾਹ ਵਿਚ ਕੋਈ ਰੋਕ ਨਹੀਂ ਪਾ ਸਕਦਾ (ਤੇ ਜੋ ਜੋ ਉਸ ਨੂੰ ਮਨ ਵਿਚ ਵਸਾਂਦੇ ਹਨ ਉਹ) ਸਾਰੇ ਚੰਗੀ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।2। ਹੇ ਭਾਈ! ਹਰੇਕ ਸਾਹ ਦੇ ਨਾਲ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਦੇ ਗੁਣ ਗਾਂਦੇ ਰਹਿਣਾ ਚਾਹੀਦਾ ਹੈ ਜਿਸ ਦੇ ਘਰ ਵਿਚ (ਜੀਵਾਂ ਵਾਸਤੇ) ਸਾਰੇ ਪਦਾਰਥ ਭਰੇ ਪਏ ਰਹਿੰਦੇ ਹਨ ਜਿਸ ਦੇ ਸੇਵਕਾਂ ਨੂੰ ਕੋਈ ਦੁੱਖ ਕੋਈ ਝੋਰੇ ਪੋਹ ਨਹੀਂ ਸਕਦੇ ਤੇ ਜਿਸ ਦਾ ਆਸਰਾ ਲਿਆਂ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਕੋਈ ਡਰ ਦਬਾ ਨਹੀਂ ਪਾ ਸਕਦਾ।3। ਹੇ ਭਾਈ! ਉਹ ਪਰਮਾਤਮਾ ਸਾਥੋਂ ਦੂਰ ਨਹੀਂ ਵੱਸਦਾ, ਕਿਤੇ (ਦੂਰ) ਲੱਭਣ ਜਾਣ ਦੀ ਲੋੜ ਨਹੀਂ, ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮੇਹਰ ਦੀ ਨਜ਼ਰ ਕਰੇ। ਹੇ ਭਾਈ! ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ (ਤੇ ਆਖਦਾ ਹਾਂ = ਹੇ ਗੁਰੂ! ਤੇਰੇ ਪਾਸੋਂ) ਨਾਨਕ ਹਰਿ-ਨਾਮ-ਧਨ ਮੰਗਦਾ ਹੈ ਹਰਿ-ਨਾਮ ਦਾ ਸਰਮਾਇਆ ਮੰਗਦਾ ਹੈ।4।5। 99। ਆਸਾ ਮਹਲਾ ੫ ॥ ਪ੍ਰਥਮੇ ਮਿਟਿਆ ਤਨ ਕਾ ਦੂਖ ॥ ਮਨ ਸਗਲ ਕਉ ਹੋਆ ਸੂਖੁ ॥ ਕਰਿ ਕਿਰਪਾ ਗੁਰ ਦੀਨੋ ਨਾਉ ॥ ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥ ਗੁਰੁ ਪੂਰਾ ਪਾਇਓ ਮੇਰੇ ਭਾਈ ॥ ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥ ਗੁਰ ਕੇ ਚਰਨ ਹਿਰਦੈ ਵਸਾਏ ॥ ਮਨ ਚਿੰਤਤ ਸਗਲੇ ਫਲ ਪਾਏ ॥ ਅਗਨਿ ਬੁਝੀ ਸਭ ਹੋਈ ਸਾਂਤਿ ॥ ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥ ਨਿਥਾਵੇ ਕਉ ਗੁਰਿ ਦੀਨੋ ਥਾਨੁ ॥ ਨਿਮਾਨੇ ਕਉ ਗੁਰਿ ਕੀਨੋ ਮਾਨੁ ॥ ਬੰਧਨ ਕਾਟਿ ਸੇਵਕ ਕਰਿ ਰਾਖੇ ॥ ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥ ਵਡੈ ਭਾਗਿ ਪੂਜ ਗੁਰ ਚਰਨਾ ॥ ਸਗਲ ਤਿਆਗਿ ਪਾਈ ਪ੍ਰਭ ਸਰਨਾ ॥ ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ {ਪੰਨਾ 395} ਪਦ ਅਰਥ: ਪ੍ਰਥਮੇ = ਪਹਿਲਾਂ। ਕਉ = ਨੂੰ। ਕਰਿ = ਕਰ ਕੇ। ਗੁਰਿ = ਗੁਰੂ ਨੇ। ਬਲਿ ਬਲਿ = ਕੁਰਬਾਨ। ਜਾਉ = ਮੈਂ ਜਾਂਦਾ ਹਾਂ, ਜਾਉਂ।1। ਭਾਈ = ਹੇ ਭਾਈ!। ਰਹਾਉ। ਹਿਰਦੈ = ਹਿਰਦੇ ਵਿਚ। ਮਨ ਚਿੰਤਤ = ਮਨ-ਇੱਛਤ। ਸਾਂਤਿ = ਠੰਢ।2। ਨਿਥਾਵਾ = ਜਿਸ ਨੂੰ ਕਿਤੇ ਢੋਈ ਨਾਹ ਮਿਲੇ। ਕਾਟਿ = ਕੱਟ ਕੇ। ਕਰਿ = ਬਣਾ ਕੇ। ਰਸਨਾ = ਜੀਭ।3। ਵਡੈ ਭਾਗਿ = ਵੱਡੀ ਕਿਸਮਤ ਨਾਲ। ਪੂਜ = ਪੂਜਾ। ਤਿਆਗਿ = ਤਿਆਗ ਕੇ। ਹੇ ਨਾਨਕ! ਜਾ ਕਉ = ਜਿਸ ਮਨੁੱਖ ਉਤੇ। ਨਿਹਾਲਾ = ਪ੍ਰਸੰਨ, ਖ਼ੁਸ਼।4। ਅਰਥ: ਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ ਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ। ਰਹਾਉ। (ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ, ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ। ਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ। (ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ।1। (ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ ਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ (ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ। ਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ।2। ਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ, ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ, ਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ।3। (ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ। ਹੇ ਨਾਨਕ! (ਆਖ–) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।4।6। 100। |
Sri Guru Granth Darpan, by Professor Sahib Singh |