ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 396 ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥੩॥ ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ {ਪੰਨਾ 396} ਪਦ ਅਰਥ: ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ। ਚਿਰੁਜੀਵਨੁ = ਅਟੱਲ ਆਤਮਕ ਜੀਵਨ। ਸੰਜੋਗਿ = (ਗੁਰੂ ਦੀ) ਸੰਗਤਿ ਨਾਲ। ਉਦਰੈ ਮਾਹਿ = (ਮਾਂ ਦੇ) ਪੇਟ ਵਿਚ। ਕੈ ਮਨਿ = ਦੇ ਮਨ ਵਿਚ। ਬਿਗਾਸੁ = ਖ਼ੁਸ਼ੀ।1। ਪੂਤੁ = (ਪਰਮਾਤਮਾ ਦਾ) ਪੁੱਤਰ। ਸਭ ਮਹਿ = ਸਭ ਜੀਵਾਂ ਦੇ ਅੰਦਰ। ਪ੍ਰਗਟਿਆ = ਪਰਗਟ ਹੋ ਪਿਆ, ਜਾਗ ਪਿਆ। ਲਿਖਿਆ ਧੁਰ ਕਾ = (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਦਾ ਲਿਖਿਆ (ਸੰਸਕਾਰ-ਰੂਪ) ਲੇਖ। ਰਹਾਉ। ਦਸੀ ਮਾਸੀ = ਦਸੀਂ ਮਹੀਨੀਂ। ਹੁਕਮਿ = (ਪਰਮਾਤਮਾ ਦੇ) ਹੁਕਮ ਅਨੁਸਾਰ। ਸੋਗੁ = ਚਿੰਤਾ-ਫ਼ਿਕਰ। ਸਖੀ = ਜੇਹੜੀ ਸਖੀ, ਜੇਹੜਾ ਸਤਸੰਗੀ। ਭਾਵੈ = ਪਿਆਰਾ ਲੱਗਦਾ ਹੈ।2। ਵੇਲਿ = ਗੁਰਸਿੱਖੀ ਵਾਲੀ ਵੇਲ। ਪੀੜੀ = ਬੰਸ, ਕੁਲ। ਕਲਾ = ਸੱਤਿਆ, ਤਾਕਤ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ। ਮਨ ਚਿੰਦਿਆ = ਮਨ-ਇੱਛਤ (ਫਲ) । ਅਚਿੰਤ = ਬੇ-ਫ਼ਿਕਰ।3। ਬੋਲੈ = ਬੋਲਦਾ ਹੈ। ਕੈ ਭਾਣਿ = ਦੇ ਭਾਣੇ ਵਿਚ (ਤੁਰ ਕੇ) । ਗੁਝੀ ਛੰਨੀ = ਲੁਕੀ ਹੋਈ।4। ਨੋਟ: ਪੁੱਤਰ ਦੇ ਜਨਮ ਦੀ ਖ਼ੁਸ਼ੀ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਦੀ ਸਰਨ ਤੋਂ ਪ੍ਰਾਪਤ ਹੋਏ ਸੁਖ ਦਾ ਵਰਨਣ ਕੀਤਾ ਗਿਆ ਹੈ। ਅਰਥ: (ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ (ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ। ਰਹਾਉ। (ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ। (ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ।1। (ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ (ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ; (ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ।2। (ਹੇ ਭਾਈ! ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ, ਗੁਰੂ ਉਹਨਾਂ ਗੁਰਸਿੱਖਾਂ ਵਿਚ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ, ਇਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ।3। (ਹੇ ਭਾਈ!) ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ (ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਜਿਸ ਨੂੰ ਨਾਮਿ ਦੀ) ਦਾਤਿ ਦੇਂਦਾ ਹੈ ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ (ਉਹ ਆਪਣੇ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ) ।4।7। 101। ਆਸਾ ਮਹਲਾ ੫ ॥ ਗੁਰ ਪੂਰੇ ਰਾਖਿਆ ਦੇ ਹਾਥ ॥ ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥ ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ ਸਰਨਿ ਪਰੇ ਸਾਚੇ ਗੁਰਦੇਵ ॥ ਪੂਰਨ ਹੋਈ ਸੇਵਕ ਸੇਵ ॥੨॥ ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥ ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥ {ਪੰਨਾ 396} ਪਦ ਅਰਥ: ਪੂਰਾ = ਸਭ ਗੁਣਾਂ ਨਾਲ ਭਰਪੂਰ। ਦੇ = ਦੇ ਕੇ। ਜਨ = ਸੇਵਕ।1। ਜਪੀ = ਜਪੀਂ, ਮੈਂ ਜਪਦਾ ਹਾਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਜੀਅ ਕੀ = ਜਿੰਦ ਦੀ। ਪਹਿ = ਪਾਸ, ਪਾਸੋਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ। ਰਹਾਉ। ਸਾਚੇ ਗੁਰਦੇਵ ਸਰਨ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਰੂਪ ਸਤਿਗੁਰੂ ਦੀ ਸਰਨ। ਪੂਰਨ = ਸਫਲ।2। ਜੀਉ = ਜਿੰਦੁ। ਪਿੰਡੁ = ਸਰੀਰ। ਨਾਨਕ = ਹੇ ਨਾਨਕ! ਕਉ = ਨੂੰ।3। ਅਰਥ: (ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ। ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ। ਰਹਾਉ। (ਹੇ ਭਾਈ!) ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ ਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ।1। (ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ।2। ਹੇ ਨਾਨਕ! ਆਖ– (ਹੇ ਭਾਈ!) ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ (ਗੁਰੂ ਸਰਨ ਪਏ ਸੇਵਕ ਦੀ) ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ।3।8। 102। ਆਸਾ ਘਰੁ ੮ ਕਾਫੀ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥ ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥ ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥ {ਪੰਨਾ 396} ਪਦ ਅਰਥ: ਬੰਦਾ = ਗ਼ੁਲਾਮ। ਬੈ ਖਰੀਦ = ਮੁੱਲ ਦੇ ਕੇ ਖ਼ਰੀਦਿਆ ਹੋਇਆ। ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਦਾ' ਦੇ ਕਾਰਨ ਉੱਡ ਗਿਆ ਹੈ}।1। ਧਣੀ = ਮਾਲਕ। ਅਨ = ਹੋਰ। ਕਾਚਾ = ਕੱਚੇ ਜੀਵਨ ਵਾਲਾ, ਕਮਜ਼ੋਰ ਜੀਵਨ ਵਾਲਾ।1। ਰਹਾਉ। ਅਪਾਰ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਭੇਟਸੀ = ਮਿਲੇਗਾ, ਮਿਲਦਾ ਹੈ। ਰਜਾਏ = ਰਜ਼ਾ ਵਿਚ।2। ਕਿਤੈ ਕਾਮਿ = ਕਿਸੇ ਕੰਮ ਵਿਚ। ਤੁਠਾ = ਪ੍ਰਸੰਨ ਹੋਇਆ।3। ਕਮਾਈਅਹਿ = ਕਮਾਏ ਜਾਣ। ਕਰਮ = ਮਿਥੇ ਹੋਏ ਧਾਰਮਿਕ ਕੰਮ। ਬੰਧਾ = ਬੰਧ, ਬੰਨ੍ਹ, ਰੋਕ। ਧਰ = ਆਸਰਾ।4। ਅਰਥ: ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ। (ਹੇ ਭਾਈ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ।1। ਰਹਾਉ। ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ, ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ।1। ਹੇ ਪ੍ਰਭੂ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ, (ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ।2। (ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ; ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ।3। (ਹੇ ਭਾਈ! ਦੁਨੀਆ ਵਿਚ ਸੁਖਾਂ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ) ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ। ਹੇ ਦਾਸ ਨਾਨਕ! (ਆਖ–) ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ (ਸੁਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ।4।1। 103। ਨੋਟ: ਆਸਾ ਘਰੁ 8 ਕਾਫੀ = ਇਥੋਂ ਉਹਨਾਂ ਸ਼ਬਦਾਂ ਦਾ ਉਹ ਸੰਗ੍ਰਹ ਸ਼ੁਰੂ ਹੁੰਦਾ ਹੈ ਜੋ ਘਰ ਅਠਵੇਂ ਵਿਚ ਗਾਏ ਜਾਣ ਵਾਲੇ ਹਨ, ਤੇ, ਕਾਫੀ ਇਕ ਰਾਗਣੀ ਦਾ ਨਾਮ ਹੈ। ਆਸਾ ਮਹਲਾ ੫ ॥ ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥ ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥ ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥ ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥ ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥ ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥ ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥ ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥ {ਪੰਨਾ 396-397} ਪਦ ਅਰਥ: ਸਰਬ ਸੁਖਾ = ਸਾਰੇ ਸੁਖਾਂ ਨੂੰ। ਹਰਿ ਜੇਵਡੁ = ਹਰਿ-ਮਿਲਾਪ ਜੇਡਾ ਸੁਖ। ਤੁਠਾ = ਪ੍ਰਸੰਨ ਹੋਇਆ ਹੋਇਆ। ਤੇ = ਤੋਂ, ਪਾਸੋਂ। ਸਚੁ = ਸਦਾ ਕਾਇਮ ਰਹਿਣ ਵਾਲਾ।1। ਬਲਿਹਾਰੀ = ਸਦਕੇ। ਨ ਵਿਸਰਉ = ਮੈਂ ਨਾਹ ਭੁਲਾਵਾਂ। ਚਸਾ = ਪਲ ਦਾ ਤੀਜਾ ਹਿੱਸਾ, ਬਹੁਤ ਥੋੜਾ ਸਮਾ।1। ਰਹਾਉ। ਭਾਗਠੁ = ਭਾਗਾਂ ਵਾਲਾ, ਧਨਾਢ। ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ। ਛੁਟੈ = ਬਚਦਾ ਹੈ। ਜਿਸ ਨਿਰੰਤਰਿ = ਜਿਸ ਦੇ ਅੰਦਰ ਸਦਾ ਹੀ।2। ਮਹਿਮਾ = ਵਡਿਆਈ। ਕਹਾ = ਕਹਾਂ, ਮੈਂ ਆਖਾਂ। ਬਿਬੇਕ ਸਤਸਰੁ = ਬਿਬੇਕਸਰੁ ਸਤਸਰੁ, ਬਿਬੇਕ ਦਾ ਸਰੋਵਰ, ਸਤ ਦਾ ਸਰੋਵਰ। ਬਿਬੇਕ = ਚੰਗੇ ਮੰਦੇ ਦੀ ਪਰਖ। ਸਤ = ਉੱਚਾ ਆਚਰਨ। ਓਹ = ਉਹ ਗੁਰੂ।3। ਰੰਗੇ = ਰੰਗਿ, ਪ੍ਰੇਮ ਨਾਲ। ਸੰਗੇ = ਨਾਲ, ਅੰਗ-ਸੰਗ।4। ਅਰਥ: (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ (ਮੈਂ ਗੁਰੂ ਪਾਸ ਹੀ ਅਰਜੋਈ ਕਰਦਾ ਹਾਂ = ਹੇ ਗੁਰੂ!) ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ।1। ਰਹਾਉ। (ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ। ਤੇ, ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ।1। ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ, ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ।2। ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ, ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ।3। ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ (ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ।4।2। 104। |
Sri Guru Granth Darpan, by Professor Sahib Singh |