ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 397 ਆਸਾ ਮਹਲਾ ੫ ॥ ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥ ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥ ਹਉ ਵੰਞਾ ਕੁਰਬਾਣੁ ਸਾਈ ਆਪਣੇ ॥ ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥ ਬਿੰਦਕ ਗਾਲ੍ਹ੍ਹਿ ਸੁਣੀ ਸਚੇ ਤਿਸੁ ਧਣੀ ॥ ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥ ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥ ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥ ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥ {ਪੰਨਾ 397} ਪਦ ਅਰਥ: ਸਾਈ = ਸਾਈਂ। ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ। ਅਪਾਰੁ = ਬੇਅੰਤ। ਭੋਰੀ = ਰਤਾ ਕੁ ਸਮਾ ਭੀ। ਮਨਿ = ਮਨ ਵਿਚ। ਮਾਇ = ਹੇ ਮਾਂ! ਮੈਡਾ = ਮੇਰਾ। ਹਭੁ = ਸਾਰਾ।1। ਹਉ = ਮੈਂ। ਵੰਞਾ = ਜਾਂਦੀ ਹਾਂ। ਘਣਾ = ਬਹੁਤ। ਮਨਿ = ਮਨ ਵਿਚ। ਤਨਿ = ਤਨ ਵਿਚ। ਜਾਪਣੇ = ਜਪਣ ਨਾਲ।1। ਬਿੰਦਕ = ਥੋੜੀ ਜਿਤਨੀ ਹੀ। ਗਾਲ੍ਹ੍ਹਿ = ਗੱਲ, ਸਿਫ਼ਤਿ-ਸਾਲਾਹ। ਤਿਸੁ ਧਣੀ = ਉਸ ਮਾਲਕ ਦੀ। ਸੂਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ। ਮਾਇ = ਹੇ ਮਾਂ! ਕੀਮ = ਕੀਮਤ, ਮੁੱਲ। ਨ ਗਣੀ = ਮੈਂ ਬਿਆਨ ਨਹੀਂ ਕਰ ਸਕਦੀ।2। ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ। ਪੇਖਿ = ਵੇਖ ਕੇ। ਮੁਸਤਾਕ = ਆਸ਼ਿਕ, ਮੋਹਿਤ। ਮੈ ਨਿਰਗੁਣਿ = ਮੈਨੂੰ ਗੁਣ-ਹੀਣ ਨੂੰ। ਮਾਇ = ਹੇ ਮਾਂ! ਲੜਿ = ਪੱਲੇ ਨਾਲ।3। ਬੇਦ ਕਤੇਬ = ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ। ਹਭਾ ਹੂੰ = ਸਭਨਾਂ ਤੋਂ। ਜਾਹਰਾ = ਪ੍ਰਤੱਖ, ਹਰ ਥਾਂ ਵੱਸਦਾ।4। ਅਰਥ: ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ।1। ਰਹਾਉ। ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ।1। ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ।2। ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ। ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ।3। (ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ। (ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ।4।3। 105। ਆਸਾ ਮਹਲਾ ੫ ॥ ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥ ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥ ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥ ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥ ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥ ਨਾਮ ਬਿਹੂਨੜਿਆ ਸੇ ਮਰਨ੍ਹ੍ਹਿ ਵਿਸੂਰਿ ਵਿਸੂਰਿ ॥੨॥ ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥ ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥ ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ ॥ ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥ {ਪੰਨਾ 397} ਪਦ ਅਰਥ: ਆਰਾਧਹਿ = ਆਰਾਧਦੇ ਹਨ। ਪੀਉ = ਪਿਆਰਾ। ਜੁਗਤਿ = ਤਰੀਕਾ। ਮੇਲਾਵਉ = ਮਿਲਉ, ਮੈਂ ਮਿਲਾਂ, ਮਿਲਉਂ। ਬਿਖਈ = ਵਿਕਾਰੀ। ਜੀਉ = ਜੀਵ।1। ਗੋਵਿੰਦ = ਹੇ ਗੋਵਿੰਦ! ਪ੍ਰਭ = ਹੇ ਪ੍ਰਭੂ! ਨਾਥ = ਖਸਮ।1। ਰਹਾਉ। ਸਹਾਈ ਸੰਤ = ਸੰਤਾਂ ਦੀ ਸਹਾਇਤਾ ਕਰਨ ਵਾਲਾ। ਪੇਖਹਿ = ਸੰਤ ਵੇਖਦੇ ਹਨ। ਹਜੂਰਿ = ਅੰਗ ਸੰਗ ਵੱਸਦਾ। ਬਿਹੂਨੜਿਆ = ਸੱਖਣੇ। ਮਰਨ੍ਹ੍ਹਿ = ਆਤਮਕ ਮੌਤ ਸਹੇੜਦੇ ਹਨ। ਵਿਸੂਰਿ = ਝੂਰ ਕੇ।2। ਭਾਇ = ਭਾਵ ਵਿਚ (ਰਹਿ ਕੇ) । ਦਾਸਤਣ = ਦਾਸ-ਪਣ। ਦਾਸ ਦਾਸਤਣ ਭਾਇ = ਪਰਮਾਤਮਾ ਦੇ ਦਾਸਾਂ ਦਾ ਦਾਸ ਹੋਣ ਦੇ ਭਾਵ ਦੀ ਰਾਹੀਂ। ਗਉਣੁ = ਭਟਕਣਾ, ਜਨਮ ਮਰਨ ਦਾ ਗੇੜ। ਤਿਨਾੜਾ = ਉਹਨਾਂ ਦਾ। ਹਾਲੁ ਕਉਣੁ = ਕੇਹੜਾ ਹਾਲ? ਉਹ ਹਾਲ ਜੋ ਬਿਆਨ ਨਹੀਂ ਹੋ ਸਕਦਾ, ਭੈੜਾ ਹਾਲ।3। ਪਸੁ = ਪਸ਼ੂ। ਹਰ੍ਹ੍ਹਿਆਉ = ਖੁੱਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ। ਕਾਟਿ = ਕੱਟ ਕੇ।4। ਅਰਥ: ਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ। ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ।1। ਰਹਾਉ। ਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ 'ਪਿਆਰਾ, ਪਿਆਰਾ' ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ (ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ?।1। ਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ, ਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।2। ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ।3। (ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ) । ਹੇ ਨਾਨਕ! (ਆਖ–) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ।4। 4। 106। ਆਸਾ ਮਹਲਾ ੫ ॥ ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥ ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥ ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥ ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥ ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥ ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥ ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥ ਤਿਨ੍ਹ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥ ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥ {ਪੰਨਾ 397} ਪਦ ਅਰਥ: ਹਭੇ = ਸਾਰੇ। ਥੋਕ = ਪਦਾਰਥ। ਹਿਕੋ ਖਿਆਲੁ = ਇਕ ਪਰਮਾਤਮਾ ਦਾ ਧਿਆਨ। ਲਾਹਿ = ਦੂਰ ਕਰ ਦੇ। ਗੁਮਾਨੁ = ਅਹੰਕਾਰ। ਅਰਪਿ = ਅਰਪ ਕੇ, ਭੇਟਾ ਕਰ ਕੇ।1। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਸਿਰਜਨਹਾਰ = ਹੇ ਸਿਰਜਣਹਾਰ! ਤੂੰ = ਤੈਨੂੰ। ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਮੂੰ = ਮੈਨੂੰ, ਮੇਰੇ ਉਤੇ।1। ਰਹਾਉ। ਕਮਾਇ = ਕਰ। ਜਿਤੁ = ਜਿਸ (ਕੰਮ) ਦੀ ਰਾਹੀਂ। ਉਜਲਾ = ਰੋਸ਼ਨ। ਸੋਈ = ਉਹੀ ਮਨੁੱਖ। ਸਚਿ = ਸਦਾ ਕਾਇਮ ਰਹਿਣ ਵਾਲੇ ਵਿਚ। ਤੂੰ ਦੇਹਿ = ਤੂੰ ਦੇਂਦਾ ਹੈਂ। ਅਲਾ = ਹੇ ਅੱਲਾ! ਹੇ ਪ੍ਰਭੂ!।2। ਢਹੰਦੋ = ਨਾਸ ਹੁੰਦਾ। ਮੂਲਿ = ਬਿਲਕੁਲ। ਰਾਸਿ ਕਰਿ = ਠੀਕ ਕਰ। ਹਿਕੋ = ਇਕ ਪਰਮਾਤਮਾ ਨੂੰ ਹੀ। ਚਿਤਿ = ਚਿੱਤ ਵਿਚ।3। ਪ੍ਰਭ ਭਾਣਿਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪਰਸਾਦਿ = ਕਿਰਪਾ ਨਾਲ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਾਨਕਿ = ਨਾਨਕ ਨੇ।4। ਅਰਥ: ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ।1। ਰਹਾਉ। ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ (ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ।1। ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ। (ਪਰ,) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ।2। ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ। ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ।3। (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ (ਪਰ, ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ) , ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ।4।5। 107। ਆਸਾ ਮਹਲਾ ੫ ॥ ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥ ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥ ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ੍ਹ ਖੇ ॥ ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥ ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥ ਦਿਨਸੁ ਰੈਣਿ ਆਰਾਧਿ ਸਮ੍ਹ੍ਹਾਲੇ ਸਾਹ ਸਾਹ ॥ ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥ {ਪੰਨਾ 397} ਪਦ ਅਰਥ: ਸੇ = ਉਹ ਬੰਦੇ। ਕਿਨੇਹਿਆ = ਕਿਹੋ ਜਿਹੇ? ਭੇਦੁ = ਫ਼ਰਕ। ਮੂਲਿ = ਬਿਲਕੁਲ। ਸਾਂਈ = ਖਸਮ-ਪ੍ਰਭੂ।1। ਨਿਹਾਲੁ = ਪ੍ਰਸੰਨ। ਤੁਮ੍ਹ੍ਹ ਸੰਗਿ = ਤੇਰੇ ਨਾਲ (ਹੇ ਪ੍ਰਭੂ!) । ਭੇਟਿਆ = ਸੰਗਤਿ ਕੀਤਿਆਂ। ਜਨ ਪਰਸਾਦਿ = (ਤੇਰੇ) ਸੇਵਕ ਦੀ ਕਿਰਪਾ ਨਾਲ।1। ਰਹਾਉ। ਜੇਤੇ = ਜਿਤਨੇ ਭੀ ਹਨ, ਸਾਰੇ। ਖੰਡ = ਸ੍ਰਿਸ਼ਟੀ ਦੇ ਹਿੱਸੇ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾ ਲਏ। ਤਿੰਨ੍ਹ੍ਹ ਖੇ = ਉਹਨਾਂ ਨੇ। ਮਨਿ = ਮਨ ਵਿਚ। ਵੁਠਾ = ਆ ਵੱਸਿਆ। ਸੇ = ਉਹ ਬੰਦੇ।2। ਮੰਨੇ = ਆਦਰ ਦੇਂਦਾ ਹੈ। ਸੋਈ = ਉਹੀ ਮਨੁੱਖ। ਮਾਨੀਐ = ਮੰਨਿਆ ਜਾਂਦਾ ਹੈ, (ਹਰ ਥਾਂ) ਆਦਰ ਪਾਂਦਾ ਹੈ। ਜਾਨੀਐ = ਜਾਣਿਆ ਜਾਂਦਾ ਹੈ, ਉੱਘਾ ਹੋ ਜਾਂਦਾ ਹੈ।3। ਰੈਣਿ = ਰਾਤ। ਆਰਾਧਿ = ਆਰਾਧਨਾ ਕਰ ਕੇ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਈ ਰੱਖੇ। ਲੋਚਾ = ਤਾਂਘ। ਪੂਰਿ = ਪੂਰੀ ਕਰ। ਸਚੇ = ਹੇ ਸਦਾ-ਥਿਰ ਰਹਿਣ ਵਾਲੇ!।4। ਅਰਥ: (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ, ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ।1। ਰਹਾਉ। (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ? (ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ।1। (ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ, ਉਹਨਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ।2। (ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ, ਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ।3। ਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ (ਕਿ ਨਾਨਕ) ਦਿਨ ਰਾਤ ਤੇਰੀ ਅਰਾਧਨ ਕਰ ਕੇ ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।4।6। 108। |
Sri Guru Granth Darpan, by Professor Sahib Singh |