ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 398 ਆਸਾ ਮਹਲਾ ੫ ॥ ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥ ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥ ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥ ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥ ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥ ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥ ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥ ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥ {ਪੰਨਾ 398} ਪਦ ਅਰਥ: ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ। ਸ੍ਰਬ ਠਾਇ = ਹਰੇਕ ਥਾਂ ਵਿਚ। ਸੋਇ = ਉਹ (ਪਰਮਾਤਮਾ) । ਸਿਰਿ = ਸਿਰ ਉੱਤੇ। ਛਤੁ = ਛੱਤ੍ਰ।1। ਰਾਖਣਹਾਰਿਆ = ਹੇ ਰੱਖਿਆ ਕਰਨ ਦੀ ਸਮਰਥਾ ਵਾਲੇ! ਨਦਰਿ = ਨਿਗਾਹ। ਨਿਹਾਲਿਆ = ਵੇਖਿਆ।1। ਰਹਾਉ। ਪ੍ਰਤਿਪਾਲੇ = ਪਾਲਣਾ ਕਰਦਾ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਸਾਰੀਐ = ਸਾਰੇ, ਸਾਰ ਲੈਂਦਾ ਹੈ। ਮਨਿ = ਮਨਿ ਵਿਚ। ਵੁਠਾ = ਆ ਵੱਸਿਆ। ਵਿਸਾਰੀਐ = ਵਿਸਾਰੇ, ਭੁਲਾਂਦਾ।2। ਆਪਣ ਭਾਣਿਆ = ਆਪਣੀ ਰਜ਼ਾ ਅਨੁਸਾਰ। ਸਹਾਈ = ਮਦਦਗਾਰ। ਜੁਗਿ ਜੁਗਿ = ਹਰੇਕ ਜੁਗ ਵਿਚ।3। ਜਪਿ = ਜਪ ਕੇ। ਨ ਝੂਰੀਐ = ਚਿੰਤਾ-ਫ਼ਿਕਰ ਨਹੀਂ ਕਰੀਦਾ। ਲੋਚਾ = ਤਾਂਘ। ਪੂਰੀਐ = ਪੂਰੀ ਕਰ।4। ਅਰਥ: ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ। ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ।1। ਰਹਾਉ। (ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ (ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ।1। (ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ। ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ।2। (ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ, (ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ।3। (ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ। (ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ।4।7। 109। ਆਸਾ ਮਹਲਾ ੫ ॥ ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥ ਕਿਤੀ ਇਤੁ ਦਰੀਆਇ ਵੰਞਨ੍ਹ੍ਹਿ ਵਹਦਿਆ ॥੧॥ ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥ ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥ ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥ ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥ ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥ ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥ ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥ ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥ {ਪੰਨਾ 398} ਪਦ ਅਰਥ: ਕਿਆ ਸੋਵਹਿ = ਤੂੰ ਕਿਉਂ ਸੌਂ ਰਿਹਾ ਹੈਂ? ਵਿਸਾਰਿ = ਭੁਲਾ ਕੇ। ਗਾਫਲ = ਹੇ ਗ਼ਾਫ਼ਲ! ਗਹਿਲਿਆ = ਹੇ ਗਹਿਲੇ! ਹੇ ਬੇ-ਪਰਵਾਹ! ਕਿਤੀ = ਕਿਤਨੇ ਹੀ, ਅਨੇਕਾਂ ਜੀਵ। ਇਤੁ = ਇਸ ਵਿਚ। ਦਰੀਆਇ = (ਸੰਸਾਰ) -ਦਰਿਆ ਵਿਚ। ਵੰਞਨ੍ਹ੍ਹਿ = ਜਾ ਰਹੇ ਹਨ। ਵਹਦਿਆ = ਰੁੜ੍ਹਦੇ।1। ਬੋਹਿਥੜਾ = ਸੋਹਣਾ ਜਹਾਜ਼। ਮਨ = ਹੇ ਮਨ! ਚੜਿ = ਚੜ੍ਹ ਕੇ। ਸਾਧੂ ਸੰਗੀਐ = ਗੁਰੂ ਦੀ ਸੰਗਤਿ ਵਿਚ।1। ਰਹਾਉ। ਭੋਗਹਿ = (ਜੀਵ) ਭੋਗਦੇ ਹਨ। ਸੁੰਞਿਆ = ਸੁੰਞੇ, ਆਤਮਕ ਜੀਵਨ ਤੋਂ ਖ਼ਾਲੀ। ਮਰਿ ਮਰਿ = ਆਤਮਕ-ਮੌਤ ਸਹੇੜ ਕੇ। ਰੁੰਨਿਆ = ਦੁਖੀ ਹੁੰਦੇ ਹਨ।2। ਤਨਿ = ਸਰੀਰ ਉਤੇ। ਮਰਦਨ = ਵਟਣਾ ਆਦਿਕ। ਮਾਲਣਾ = ਮਲਦੇ ਹਨ। ਛਾਰੁ = ਸੁਆਹ, ਮਿੱਟੀ। ਸਰਪਰ = ਜ਼ਰੂਰ।3। ਬਿਖਮੁ = ਬਿਖੜਾ, ਔਖਾ। ਵਿਰਲੇ = ਕਿਸੇ ਵਿਰਲੇ ਮਨੁੱਖ ਨੇ। ਛੂਟਨੁ = (ਇਸ ਬਿਖਮ ਸੰਸਾਰ ਤੋਂ) ਖ਼ਲਾਸੀ।4। ਅਰਥ: ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ (ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ।1। ਰਹਾਉ। ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ? (ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ।1। (ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ। ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ।2। (ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ।3। ਹੇ ਨਾਨਕ! (ਆਖ–) ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ, ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ।4।8। 110। ਆਸਾ ਮਹਲਾ ੫ ॥ ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥ ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥ ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥ ਦੇਖਿ ਤੁਮ੍ਹ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥ ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥ ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥ ਜੇਤੇ ਮਾਇਆ ਰੰਗ ਤੇਤ ਪਛਾਵਿਆ ॥ ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥ ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥ {ਪੰਨਾ 398} ਪਦ ਅਰਥ: ਕਿਸ ਹੀ ਸੰਗਿ = ਕਿਸੇ ਦੇ ਭੀ ਨਾਲ। ਗਰਬੀਐ = ਮਾਣ ਕਰੀਏ। ਆਧਾਰੁ = ਆਸਰਾ। ਭਉਜਲੁ = ਸੰਸਾਰ-ਸਮੁੰਦਰ। ਤਰਬੀਐ = ਤਰ ਸਕੀਦਾ ਹੈ।1। ਸਚੁ = ਸਦਾ ਕਾਇਮ ਰਹਿਣ ਵਾਲਾ। ਟੇਕ = ਆਸਰਾ। ਸਤਿਗੁਰ = ਹੇ ਸਤਿਗੁਰੂ! ਦੇਖਿ = ਵੇਖ ਕੇ। ਧੀਰੇ = ਧੀਰਜ ਫੜਦਾ ਹੈ।1। ਰਹਾਉ। ਜੰਜਾਲੁ = ਮੋਹ ਵਿਚ ਫਸਾਣ ਵਾਲਾ। ਕਾਜਿ ਕਿਤੈ = ਕਿਸੇ ਭੀ ਕੰਮ। ਗਨੋੁ = {ਅਸਲ ਲਫ਼ਜ਼ ਹੈ 'ਗਨੁ', ਇਥੇ ਪੜ੍ਹਨਾ ਹੈ 'ਗਨੋ'} ਗਿਣ, ਮਿਥ। ਆਧਾਰੁ = ਆਸਰਾ। ਧਨੋੁ = {ਅਸਲ ਲਫ਼ਜ਼ ਹੈ 'ਧਨੁ', ਇਥੇ 'ਧਨੋ' ਪੜ੍ਹਨਾ ਹੈ}।2। ਰੰਗ = ਤਮਾਸ਼ੇ। ਤੇਤੇ = ਉਹ ਸਾਰੇ। ਪਛਾਵਿਆ = ਪਰਛਾਵੇਂ (ਵਾਂਗ ਢਲ ਜਾਣ ਵਾਲੇ) । ਸੁਖ ਕਾ ਨਿਧਾਨੁ = ਸੁਖਾਂ ਦਾ ਖ਼ਜ਼ਾਨਾ।3। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਜੀਅ ਰੇ = ਹੇ ਜਿੰਦੇ!।4। ਅਰਥ: ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ) ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ। ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ।1। ਰਹਾਉ। (ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ। ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।1। (ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ।2। (ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ, ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ।3। ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ।4।9। 111। ਆਸਾ ਮਹਲਾ ੫ ॥ ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥ ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥ ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥ ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥ ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥ ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥ ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥ ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥ ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥ ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥ {ਪੰਨਾ 398} ਪਦ ਅਰਥ: ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਰੈਣਿ = ਰਾਤ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ।1। ਜਿਸ ਕਾ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਸਭੁ ਕੋਇ = ਹਰੇਕ ਜੀਵ। ਸਚਾ = ਸਦਾ ਕਾਇਮ ਰਹਿਣ ਵਾਲਾ।1। ਰਹਾਉ। ਸੰਗਿ = ਨਾਲ। ਸਹਾਈ = ਸਹਾਇਤਾ ਕਰਨ ਵਾਲਾ। ਗਿਆਨ ਜੋਗੁ = ਜਾਣਨਯੋਗ। ਆਰਾਧਿ = ਸਿਮਰ। ਮਨਾ = ਹੇ ਮਨ! ਸਗਲ = ਸਾਰਾ।2। ਰਾਖਨਹਾਰੁ = ਰੱਖਿਆ ਕਰਨ ਦੀ ਸਮਰਥਾ ਵਾਲਾ। ਮਾਹਿ = ਵਿਚ। ਸੀਤਲੁ = ਠੰਢ ਦੇਣ ਵਾਲਾ।3। ਘਣਾ = ਬਹੁਤ। ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ। ਸਿਧਿ = ਸਫਲਤਾ।4। ਅਰਥ: (ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ। ਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ।1। ਰਹਾਉ। (ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ।1। ਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ (ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ।2। ਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ, ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ।3। ਹੇ ਨਾਨਕ! (ਆਖ–) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ।4।10। 112। |
Sri Guru Granth Darpan, by Professor Sahib Singh |