ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 399 ਆਸਾ ਮਹਲਾ ੫ ॥ ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥ ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥ ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥ ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥ ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥ ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥ ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥ ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥ ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥ ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥ {ਪੰਨਾ 399} ਪਦ ਅਰਥ: ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪੈਂਦੀ ਹੈ। ਹਰਿ ਰੰਗੁ = ਹਰੀ ਦਾ ਪ੍ਰੇਮ।1। ਮਿਲਾਹ = ਮਿਲਹ, ਅਸੀਂ ਮਿਲੀਏ। ਅਨਦਿਨੁ = ਹਰ ਰੋਜ਼। ਸਿਮਰਹ = ਅਸੀਂ ਸਿਮਰੀਏ। ਤਜਿ = ਤਿਆਗ ਕੇ। ਲੋਕ = ਜਗਤ। ਲੋਕਾਈ = ਜਗਤ ਦੀ।1। ਰਹਾਉ। ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ। ਘਣਾ = ਬਹੁਤ। ਮਿਥਿਆ = ਝੂਠਾ, ਵਿਅਰਥ। ਝੂਠਾ = ਸਦਾ ਕਾਇਮ ਨ ਰਹਿਣ ਵਾਲਾ।2। ਸੰਗਿ = ਨਾਲ। ਨੇਹੁ = ਪਿਆਰ। ਕਿਨੈ ਵਿਰਲੈ = ਕਿਸੇ ਵਿਰਲੇ ਮਨੁੱਖ ਨੇ। ਸੁਹਾਵਾ = ਸੋਹਣਾ। ਜਿਨਿ = ਜਿਸ ਨੇ।3। ਕਾਲ = ਮੌਤ, ਆਤਮਕ ਮੌਤ। ਜਾਵਈ = ਜਾਵਏ, ਜਾਵੈ, ਜਾਂਦਾ ਹੈ। ਭਾਵਈ = ਭਾਵਏ, ਭਾਵੈ।4। ਅਰਥ: ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ, ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ।1। ਰਹਾਉ। (ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ, ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ।1। (ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ (ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ।2। (ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ।3। (ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ। (ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ।4।11। 113। ਆਸਾ ਮਹਲਾ ੫ ॥ ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥ ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥ ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥ ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥ ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥ ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥ ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥ ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥ {ਪੰਨਾ 399} ਪਦ ਅਰਥ: ਮੀਤ = ਹੇ ਮਿੱਤਰ! ਇਕਤ੍ਰ ਹੋਇ = ਇਕੱਠੇ ਹੋ ਕੇ, ਮਿਲ ਕੇ। ਰਸ ਕਸ = ਹਰੇਕ ਕਿਸਮ ਦੇ ਸੁਆਦਲੇ ਪਦਾਰਥ। ਸਭਿ = ਸਾਰੇ। ਭੁੰਚਹ = ਅਸੀਂ ਖਾਈਏ (ਸੁਆਦ ਨਾਲ) । ਜਪਹ = ਅਸੀਂ ਜਪੀਏ। ਮਿਲਿ = ਮਿਲ ਕੇ। ਮੁੰਚਹ = ਦੂਰ ਕਰ ਲਈਏ।1। ਤਤੁ = ਅਸਲੀਅਤ, ਮਨੁੱਖਾ ਜਨਮ ਦਾ ਅਸਲ ਮਨੋਰਥ। ਤਾ ਤੇ = ਇਸ (ਉੱਦਮ) ਤੋਂ। ਖੀਨ = ਕਮਜ਼ੋਰ। ਤਸਕਰਾ = ਚੋਰ। ਜਾਗੈ = ਸੁਚੇਤ ਰਹਿੰਦਾ ਹੈ।1। ਰਹਾਉ। ਗਰੀਬੀ = ਨਿਮ੍ਰਤਾ। ਲੈਹੁ = ਪੱਲੇ ਬੰਨ੍ਹੋ। ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) । ਜਾਰਹੁ = ਸਾੜ ਦਿਉ। ਸਾਚਾ = ਸਦਾ ਕਾਇਮ ਰਹਿਣ ਵਾਲਾ। ਹਟੁ = ਵੱਡੀ ਦੁਕਾਨ। ਵਾਪਾਰਹੁ = ਖ਼ਰੀਦੋ।2। ਜੀਉ = ਜਿੰਦ। ਪਿੰਡੁ = ਸਰੀਰ। ਅਰਪਿਆ = ਭੇਟਾ ਕਰ ਦਿੱਤਾ। ਪਤਿ = ਇੱਜ਼ਤ। ਪ੍ਰਭੂ ਭਾਣਿਆ = ਪ੍ਰਭੂ ਨੂੰ ਚੰਗੇ ਲੱਗਦੇ ਹਨ। ਕੇਲ = ਆਨੰਦ।3। ਦੁਰਮਤਿ = ਖੋਟੀ ਅਕਲ। ਮਦੁ = ਸ਼ਰਾਬ। ਬਿਖਲੀ = {vã = lI} ਸ਼ੂਦਰਾਣੀ, ਵਿਭਚਾਰਨ। ਬਿਖਲੀ ਪਤਿ = ਦੁਰਾਚਾਰੀ ਮਨੁੱਖ। ਰਸਾਇਣਿ = ਰਸਾਇਣ ਵਿਚ। ਰਸਾਇਣ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਤੇ = ਮਸਤ। ਸਚ = ਸਦਾ ਥਿਰ-ਰਹਿਣ ਵਾਲਾ ਪਰਮਾਤਮਾ। ਅਮਲੀ = ਜਿਸ ਨੂੰ ਅਮਲ ਲੱਗਾ ਹੋਇਆ ਹੋਵੇ, ਜੋ ਅਮਲ ਤੋਂ ਬਿਨਾ ਰਹਿ ਨਾ ਸਕੇ। ਅਮਲ = ਨਸ਼ਾ।4। ਅਰਥ: ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।1। ਰਹਾਉ। ਹੇ ਮਿੱਤਰੋ! ਆਓ, ਰਲ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ = ਇਹੀ ਹਨ, ਮਾਨੋ, ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।1। ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ = ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ) । (ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ।2। (ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ, ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ।3। (ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ। ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ।4।12। 114। ਆਸਾ ਮਹਲਾ ੫ ॥ ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥ ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥ ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥ ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥ ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥ ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥ ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥ ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥ ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥ ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥ {ਪੰਨਾ 399} ਪਦ ਅਰਥ: ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ। ਆਰੰਭੁ = (ਨਾਮ ਜਪਣ ਦੇ ਉੱਦਮ ਦਾ) ਮੁੱਢ। ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ।1। ਪਾਇ = ਪੈਰੀਂ। ਪਰਹ = ਆਓ, ਪਈਏ। ਕੈ ਪਾਇ = ਦੇ ਪੈਰਾਂ ਉਤੇ। ਜਿਨਿ = ਜਿਸ (ਗੁਰੂ) ਨੇ। ਬਿਦਾਰਿਆ = ਨਾਸ ਕਰ ਦਿੱਤਾ ਹੈ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ।1। ਰਹਾਉ। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ। ਪ੍ਰਭਿ = ਪ੍ਰਭੂ ਨੇ।2। ਗਾਈਅਹਿ = ਗਾਏ ਜਾ ਰਹੇ ਹਨ। ਮੁਰਾਰੀ = {ਮੁਰਾ-ਅਰਿ = ਮੁਰਦੈਂਤ ਦਾ ਵੈਰੀ} ਪਰਮਾਤਮਾ। ਨੇਮ = ਰੋਜ਼ ਦੀ ਮਰਯਾਦਾ। ਜਪਿ = ਜਪੀਂ, ਮੈਂ ਜਪਦਾ ਹਾਂ।4। ਗਾਉ = ਮੈਂ ਗਾਂਦਾ ਹਾਂ। ਗੁਰਿ = ਗੁਰੂ ਨੇ। ਵਣਜਾਰੇ = ਵਣਜ ਕਰਨ ਵਾਲੇ। ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ।4। ਅਰਥ: (ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ। (ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ।1। ਰਹਾਉ। (ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ। ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ।1। (ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ। (ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ।2। (ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ। ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ।3। (ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ। ਹੇ ਨਾਨਕ! (ਆਖ– ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ।4।13। 115। ਆਸਾ ਮਹਲਾ ੫ ॥ ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥ ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥ ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥ ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥ ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥ ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥ ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥ ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥ ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥ ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥ {ਪੰਨਾ 399-400} ਪਦ ਅਰਥ: ਜਾ ਕਾ = ਜਿਸ ਮਨੁੱਖ ਦਾ। ਠਾਕੁਰੁ = ਮਾਲਕ। ਪ੍ਰਭ = ਹੇ ਪ੍ਰਭੂ! ਸੁਹੇਲਾ = ਸੌਖਾ। ਸਦ = ਸਦਾ। ਭ੍ਰਮੁ = ਭਟਕਣਾ।1। ਚਾਕਰ = ਸੇਵਕ, ਨੌਕਰ। ਭਾਰਾ = ਵੱਡੇ ਜਿਗਰੇ ਵਾਲਾ। ਸਗਲ ਬਿਧਿ = ਸਾਰੇ ਤਰੀਕਿਆਂ ਨਾਲ।1। ਰਹਾਉ। ਕੋ = ਕੋਈ। ਅਉਰੁ = ਹੋਰ। ਤਾ ਕਾ = ਉਸ ਦਾ। ਮਹਲੁ = ਪ੍ਰਭੂ ਦਾ ਟਿਕਾਣਾ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਤਰਿਆ ਜਾ ਸਕਦਾ ਹੈ।2। ਦ੍ਰਿਸਟਿ = ਨਜ਼ਰ, ਨਿਗਾਹ। ਨਿਧਾਨਾ = ਖ਼ਜ਼ਾਨਾ। ਜਾ ਕਉ = ਜਿਨ੍ਹਾਂ ਉਤੇ। ਪਰਵਾਨਾ = ਕਬੂਲ।3। ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ। ਵਜਹੁ = ਵਜ਼ਫ਼ਿਾ, ਤਨਖ਼ਾਹ।4। ਅਰਥ: (ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ।1। ਰਹਾਉ। ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ, ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ।1। (ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ। (ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਔਖਾ ਹੈ।2। ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ। ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ।3। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮ੍ਰਿਤ ਰਸ) ਪੀਂਦਾ ਹੈ। ਹੇ ਨਾਨਕ! (ਆਖ– ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ਫ਼ਿਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।4।14। 116। |
Sri Guru Granth Darpan, by Professor Sahib Singh |