ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 400

ਆਸਾ ਮਹਲਾ ੫ ॥ ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥ ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥ ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥ ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥ ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥ ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥ ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥ ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥ ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥ {ਪੰਨਾ 400}

ਪਦ ਅਰਥ: ਹਉ = ਮੈਂ। ਚੇਰੀ = ਦਾਸੀ। ਚੇਰੁਲੀ = ਨਿਮਾਣੀ ਜਿਹੀ ਦਾਸੀ। ਤੇ = ਤੋਂ, ਨਾਲੋਂ। ਤਾ ਕਾ = ਉਸ (ਪ੍ਰਭੂ) ਦਾ। ਕਾਂਢੀਐ = ਆਖਿਆ ਜਾਂਦਾ ਹੈ। ਮੂਚਾ = ਬਹੁਤਾ। ਥੋਰਾ ਅਰੁ ਮੂਚਾ = ਥੋੜਾ ਅਤੇ ਬਹੁਤਾ, ਨਿੱਕੀ ਵੱਡੀ ਹਰੇਕ ਚੀਜ਼।1।

ਧਨੋ = ਧਨੁ। ਜੀਅ = ਜਿੰਦ। ਮਨੀਆ = ਮੰਨਦੀ ਹਾਂ। ਨਾਮਿ = ਨਾਮ ਦੀ ਰਾਹੀਂ। ਊਜਲੀ = ਸੁਰਖ਼-ਰੂ, ਇੱਜ਼ਤ ਵਾਲੀ। ਤਿਸੁ = ਉਸ (ਪ੍ਰਭੂ) ਦੀ। ਗਨੀਆ = ਗਿਣਦੀ ਹਾਂ।1। ਰਹਾਉ।

ਵੇਪਰਵਾਹੁ = ਬੇ-ਮੁਥਾਜ। ਅਨੰਦ ਮੈ = ਆਨੰਦ-ਸਰੂਪ। ਮਾਣਕ = ਮੋਤੀ। ਧਾਈ = ਧ੍ਰਾਪੀ, ਰੱਜੀ ਹੋਈ, ਤ੍ਰਿਪਤ। ਮੀਰਾ = ਪਾਤਿਸ਼ਾਹ।2।

ਸੰਗ ਕੀ = ਨਾਲ ਦੀ। ਸਹੇਰੀ = ਹੇ ਸਹੇਲੀਹੋ! ਸੁਮਤਿ = ਚੰਗੀ ਮਤਿ। ਦ੍ਰਿੜਾਵਉ = ਦ੍ਰਿੜਾਵਉਂ, ਮੈਂ ਨਿਸ਼ਚੇ ਕਰਾਂਦੀ ਹਾਂ। ਸਾਧੂ = ਗੁਰੂ। ਭਾਉ = ਪ੍ਰੇਮ। ਕਰਿ = ਕਰ ਕੇ। ਨਿਧਿ = ਖ਼ਜ਼ਾਨਾ। ਪਾਵਉ = ਮੈਂ ਹਾਸਲ ਕਰਦੀ ਹਾਂ, ਪਾਵਉਂ {ਨੋਟ: ਲਫ਼ਜ਼ 'ਸੇਵਹੁ' ਅਤੇ 'ਪਾਵਉ' ਦੀ ਵਿਆਕਰਨਿਕ ਸ਼ਕਲ ਖ਼ਾਸ ਧਿਆਨ ਨਾਲ ਵੇਖਣ-ਜੋਗ ਹੈ}।3।

ਸਗਲੀ = ਸਾਰੀ, ਹਰੇਕ ਜੀਵ-ਇਸਤ੍ਰੀ। ਠਾਕੁਰੈ = ਠਾਕੁਰ ਦੀ। ਜਿਸਹਿ = ਜਿਸ ਨੂੰ। ਸੀਗਾਰੇ = ਸੁੰਦਰ ਬਣਾਂਦਾ ਹੈ। ਸੁਖਹਿ = ਸੁਖ ਵਿਚ। ਬਸੇਰਾ = ਵਾਸ।4।

ਅਰਥ: ਹੇ ਸਹੇਲੀਹੋ! ਮੇਰੀ ਜਿੰਦ ਮੇਰੇ ਪ੍ਰਾਣ ਮੇਰਾ ਧਨ-ਪਦਾਰਥ = ਇਹ ਸਭ ਕੁਝ ਮੈਂ ਆਪਣੇ ਮਾਲਕ-ਪ੍ਰਭੂ ਦੀ ਦਿੱਤੀ ਹੋਈ ਦਾਤਿ ਮੰਨਦੀ ਹਾਂ। ਜਿਸ ਮਾਲਕ-ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮੈਂ ਇੱਜ਼ਤ ਵਾਲੀ ਹੋ ਗਈ ਹਾਂ ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਤੀ ਹਾਂ।1। ਰਹਾਉ।

ਹੇ ਸਹੇਲੀਹੋ! ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ ਮੇਰਾ ਉਹ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ, ਮੇਰੇ ਪਾਸ ਜੋ ਕੁਝ ਭੀ ਨਿੱਕੀ ਵੱਡੀ ਚੀਜ਼ ਹੈ ਉਸ ਮਾਲਕ ਦੀ ਹੀ ਅਖਵਾਂਦੀ ਹੈ।1।

(ਹੇ ਮੇਰੇ ਮਾਲਕ-ਪ੍ਰਭੂ!) ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ-ਸਰੂਪ ਹੈਂ, ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ ਹੀਰਾ ਹੈ। ਹੇ ਪ੍ਰਭੂ! ਜਿਸ ਜੀਵ-ਇਸਤ੍ਰੀ ਦਾ (ਜਿਸ ਜੀਵ-ਇਸਤ੍ਰੀ ਦੇ ਸਿਰ ਉਤੇ) ਤੂੰ ਪਾਤਿਸ਼ਾਹ (ਬਣਦਾ) ਹੈਂ ਉਹ (ਮਾਇਆ ਵਲੋਂ) ਰੱਜੀ ਰਹਿੰਦੀ ਹੈ ਤ੍ਰਿਪਤ ਹੋਈ ਰਹਿੰਦੀ ਹੈ ਉਹ ਸਦਾ ਆਨੰਦ ਮਾਣਦੀ ਹੈ।2।

ਹੇ ਮੇਰੇ ਨਾਲ ਦੀਓ ਸਹੇਲੀਹੋ! ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ (ਜੋ ਮੈਨੂੰ ਗੁਰੂ ਪਾਸੋਂ ਮਿਲੀ ਹੋਈ ਹੈ) , ਤੁਸੀ ਸਰਧਾ-ਪ੍ਰੇਮ ਧਾਰ ਕੇ ਗੁਰੂ ਦੀ ਸਰਨ ਪਵੋ। (ਮੈਂ ਜਦੋਂ ਦੀ ਗੁਰੂ ਦੀ ਸਰਨ ਪਈ ਹਾਂ) ਤਦੋਂ ਤੋਂ ਮੈਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਰਹੀ ਹਾਂ।3।

ਹੇ ਮੇਰੀ ਸਹੇਲੀਹੋ! ਹਰੇਕ ਜੀਵ-ਇਸਤ੍ਰੀ ਹੀ ਮਾਲਕ-ਪ੍ਰਭੂ ਦੀ ਦਾਸੀ ਹੈ, ਹਰੇਕ ਜੀਵ-ਇਸਤ੍ਰੀ ਆਖਦੀ ਹੈ ਕਿ ਪਰਮਾਤਮਾ ਮੇਰਾ ਮਾਲਕ ਹੈ। ਪਰ, ਹੇ ਨਾਨਕ! (ਆਖ– ਹੇ ਸਹੇਲੀਹੋ!) ਜੀਵ-ਇਸਤ੍ਰੀ (ਦੇ ਜੀਵਨ) ਨੂੰ (ਮਾਲਕ-ਪ੍ਰਭੂ ਆਪ) ਸੋਹਣਾ ਬਣਾਂਦਾ ਹੈ ਉਸ ਦਾ ਨਿਵਾਸ ਸੁਖ-ਆਨੰਦ ਵਿਚ ਹੋਇਆ ਰਹਿੰਦਾ ਹੈ।4।15। 117।

ਆਸਾ ਮਹਲਾ ੫ ॥ ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥ ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥ ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥ ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥ ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥ ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥ ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥ ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥ ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥ {ਪੰਨਾ 400}

ਪਦ ਅਰਥ: ਸੰਤਾ ਕੀ = ਸਤਸੰਗੀਆਂ ਦੀ। ਹੋਇ = ਬਣ ਜਾ। ਦਾਸਰੀ = ਨਿਮਾਣੀ ਜਿਹੀ ਦਾਸੀ। ਆਚਾਰਾ = ਕਰਤੱਬ। ਰੀ = ਹੇ (ਜਿੰਦੇ) ! ਊਤਮੋ = ਊਤਮੁ, ਸ੍ਰੇਸ਼ਟ। ਭਰਤਾ = ਖਸਮ-ਪ੍ਰਭੂ। ਨ ਪਿਖੁ = ਨਾਹ ਵੇਖ, ਨਾਹ ਸਮਝ।1।

ਸੁੰਦਰਿ = ਹੇ ਸੁੰਦਰੀ! ਹੇ ਸੋਹਣੀ ਜਿੰਦੇ! ਨਾਮਿ = ਨਾਮ ਵਿਚ। ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ। ਚਾਤੁਰੀ = ਚਤੁਰਾਈ। ਗੁਪਾਲਹਿ = ਗੁਪਾਲ ਨੂੰ। ਸੰਗਿ = ਆਪਣੇ ਨਾਲ ਵੱਸਦਾ।1। ਰਹਾਉ।

ਮਾਨੀਐ = ਮੰਨਣਾ ਚਾਹੀਦਾ ਹੈ। ਸੀਗਾਰੁ = ਸਿੰਗਾਰੁ। ਦੂਜਾ ਭਾਉ = ਪ੍ਰਭੂ-ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਤੰਬੋਲਾ = ਪਾਨ ਦਾ ਬੀੜਾ।2।

ਕਰਿ = ਬਣਾ। ਦੀਪਕੋ = ਦੀਪਕੁ, ਦੀਵਾ। ਸਤ = ਉੱਚਾ ਆਚਰਨ। ਕਰ = (ਦੋਵੇਂ) ਹੱਥ। ਜੋੜਿ = ਜੋੜ ਕੇ। ਤਉ = ਤਦੋਂ ਹੀ। ਭੇਟੈ = ਮਿਲਦਾ ਹੈ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।3।

ਤਿਸ ਹੀ = ਉਸੇ ਦਾ ਹੀ {ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਚਜੁ = ਸੁਚੱਜ। ਸਭੁ = ਸਾਰਾ। ਸਾਈ = ਉਹ (ਜੀਵ-ਇਸਤ੍ਰੀ) ਹੀ। ਰੂਪਿ = ਸੋਹਣੇ ਰੂਪ ਵਾਲੀ। ਅਪਾਰਿ = ਅਪਾਰ-ਪ੍ਰਭੂ ਵਿਚ। ਸੋੁਹਾਗਣਿ = {ਅੱਖਰ 'ਸ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਸੋਹਾਗਣਿ' ਹੈ; ਇਥੇ 'ਸੁਹਾਗਣਿ' ਪੜ੍ਹਨਾ ਹੈ}। ਭਾਣੀ = ਪਸੰਦ ਆਈ ਹੈ। ਕਰਤਾਰਿ = ਕਰਤਾਰ ਵਿਚ (ਲੀਨ) ।4।

ਅਰਥ: ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ) , ਹੇ ਜਿੰਦੇ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ।1। ਰਹਾਉ।

ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ = ਬੱਸ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖ਼ਿਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋ ਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ।1।

ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ– ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ। ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ– (ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ।2।

ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ। ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ।3।

ਹੇ ਨਾਨਕ! (ਆਖ–) ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ। ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ।4। 16। 118।

ਆਸਾ ਮਹਲਾ ੫ ॥ ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥ ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥ ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥ ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥ ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥ ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥ ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥ ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥ ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥ {ਪੰਨਾ 400}

ਪਦ ਅਰਥ: ਡੀਗਨ = (ਵਿਕਾਰਾਂ ਵਿਚ) ਡਿੱਗਣਾ। ਡੋਲਾ = (ਮਾਇਆ ਦੇ ਮੋਹ ਵਿਚ) ਡੋਲ ਜਾਣਾ, ਮੋਹ ਵਿਚ ਫਸ ਜਾਣਾ। ਤਊ ਲਉ = ਉਤਨਾ ਚਿਰ ਤਕ ਹੀ। ਭਰਮਾ = ਦੌੜ-ਭੱਜਾਂ। ਗੁਰਿ = ਗੁਰੂ ਨੇ। ਬਿਸਰਾਮਾ = ਟਿਕਾਉ।1।

ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ'}। ਬਿਖਾਦੀ = ਝਗੜਾਲੂ। ਦੋਖੀਆ = ਵੈਰੀ। ਤੇ = ਉਹ ਸਾਰੇ। ਗੁਰ ਤੇ = ਗੁਰੂ ਤੋਂ, ਗੁਰੂ ਦੀ ਰਾਹੀਂ। ਹੂਟੇ = ਹੁੱਟ ਗਏ, ਥੱਕ ਗਏ। ਉਨ੍ਹ੍ਹਾ ਤੇ = ਉਹਨਾਂ ਪਾਸੋਂ। ਹਮ ਤੇ = ਸਾਡੇ ਪਾਸੋਂ।1। ਰਹਾਉ।

ਮੇਰਾ ਤੇਰਾ = ਮੇਰ ਤੇਰ, ਵਿਤਕਰਾ। ਤਬ ਹੀ ਤੇ = ਤਦੋਂ ਹੀ। ਬੰਧਾ = ਮੋਹ ਦੇ ਬੰਧਨ। ਛੁਟਕੇ = ਖੁਲ੍ਹ ਗਏ, ਟੁੱਟ ਗਏ। ਫੰਧਾ = ਫਾਹੀਆਂ।2।

ਤਬ ਹੀ ਲਉ = ਤਦ ਤਕ ਹੀ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤਬ ਹੀ ਤੇ = ਤਦੋਂ ਤੋਂ ਹੀ।3।

ਕੋ = ਕੋਈ ਮਨੁੱਖ। ਦੋਖੀਆ = ਵੈਰੀ। ਖਸਮ = ਖਸਮ ਦਾ।4।

ਅਰਥ: (ਹੇ ਭਾਈ!) ਇਹ ਜਿਤਨੇ ਭੀ ਕਾਮਾਦਿਕ ਝਗੜਾਲੂ ਵੈਰੀ ਹਨ ਗੁਰੂ ਦੀ ਸਰਨ ਪਿਆਂ ਇਹ ਸਾਰੇ ਹੀ ਥੱਕ ਗਏ ਹਨ (ਸਾਨੂੰ ਦੁਖੀ ਕਰਨੋਂ ਰਹਿ ਗਏ ਹਨ) । ਹੁਣ ਉਹਨਾਂ ਪਾਸੋਂ ਸਾਡੀ ਖ਼ਲਾਸੀ ਹੋ ਗਈ ਹੈ, ਉਹ ਸਾਰੇ ਸਾਡਾ ਖਹਿੜਾ ਛੱਡ ਗਏ ਹਨ।1। ਰਹਾਉ।

ਹੇ ਭਾਈ! ਵਿਕਾਰਾਂ ਵਿਚ ਡਿੱਗਣ ਤੇ ਮੋਹ ਵਿਚ ਫਸਣ ਦਾ ਸਬਬ ਤਦੋਂ ਤਕ ਬਣਿਆ ਰਹਿੰਦਾ ਹੈ ਜਦੋਂ ਤਕ ਮਨੁੱਖ ਦੇ ਮਨ ਦੀਆਂ (ਮਾਇਆ ਦੀ ਖ਼ਾਤਰ) ਦੌੜਾਂ ਭੱਜਾਂ ਟਿਕੀਆਂ ਰਹਿੰਦੀਆਂ ਹਨ। ਪਰ ਪਿਆਰੇ ਗੁਰੂ ਨੇ ਜਿਸ ਮਨੁੱਖ ਦੀਆਂ ਭਟਕਣਾਂ ਦੂਰ ਕਰ ਦਿੱਤੀਆਂ ਉਸ ਨੇ ਮਾਨਸਕ ਟਿਕਾਉ ਪ੍ਰਾਪਤ ਕਰ ਲਿਆ।1।

ਜਦੋਂ ਤੋਂ ਮਨੁੱਖ ਵਿਤਕਰੇ ਕਰਦਾ ਚਲਿਆ ਆਉਂਦਾ ਹੈ ਤਦੋਂ ਤੋਂ ਹੀ ਇਸ ਨੂੰ ਮਾਇਆ ਦੇ ਮੋਹ ਦੇ ਬੰਧਨ ਪਏ ਹੋਏ ਹਨ। ਪਰ ਜਦੋਂ ਗੁਰੂ ਨੇ ਅਗਿਆਨਤਾ ਦੂਰ ਕਰ ਦਿੱਤੀ ਤਦੋਂ ਮੋਹ ਦੀਆਂ ਫਾਹੀਆਂ ਤੋਂ ਖ਼ਲਾਸੀ ਹੋ ਗਈ।2।

ਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ। ਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ।3।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ ਖਸਮ-ਪ੍ਰਭੂ ਦਾ ਗ਼ੁਲਾਮ ਬਣ ਜਾਂਦਾ ਹੈ, ਉਸ ਨੂੰ ਕੋਈ ਮਨੁੱਖ ਆਪਣਾ ਦੁਸ਼ਮਨ ਨਹੀਂ ਦਿੱਸਦਾ, ਕੋਈ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ।4। 17। 119।

TOP OF PAGE

Sri Guru Granth Darpan, by Professor Sahib Singh