ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 401 ਆਸਾ ਮਹਲਾ ੫ ॥ ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥ ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥ ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥ ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥ ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥ ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥ ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥ {ਪੰਨਾ 401} ਪਦ ਅਰਥ: ਸਹਜ = ਆਤਮਕ ਅਡੋਲਤਾ। ਘਣਾ = ਬਹੁਤ। ਗਾਉ = ਗਾਉਂ, ਮੈਂ ਗਾਂਦਾ ਹਾਂ। ਗਰਹ = 9 ਗ੍ਰਹ। ਨਿਵਾਰੇ = ਦੂਰ ਕਰ ਦਿੱਤੇ। ਦੇ = ਦੇ ਕੇ। ਅਪਣਾ ਨਾਉ = ਪਰਮਾਤਮਾ ਦਾ ਪਿਆਰਾ ਨਾਮ ਜਿਸ ਨੂੰ ਗੁਰੂ ਆਪ ਭੀ ਜਪਦਾ ਹੈ।1। ਸਦ ਸਦ = ਸਦਾ ਸਦਾ, ਸਦਾ ਹੀ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਸਦਕੇ। ਵਿਟਹੁ = ਤੋਂ। ਹਉ = ਮੈਂ। ਮਿਲਿ = ਮਿਲ ਕੇ। ਸਚੁ = ਸਦਾ-ਥਿਰ ਨਾਮ। ਸੁਆਉ = ਸੁਆਰਥ, ਮਨੋਰਥ, ਜੀਵਨ ਦਾ ਨਿਸ਼ਾਨਾ।1। ਰਹਾਉ। ਅਪਸਗੁਨ = ਬਦ-ਸਗਨ। ਤਿਸ ਕਉ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਜਿਸੁ ਚੀਤਿ = ਜਿਸ ਦੇ ਚਿੱਤ ਵਿਚ। ਆਵਈ = ਆਵਏ, ਆਵੈ। ਪ੍ਰਭਿ = ਪ੍ਰਭੂ ਵਿਚ (ਜੁੜ ਕੇ) । ਭਾਵੈ = ਪਿਆਰਾ ਲੱਗਦਾ ਹੈ।2। ਜੇਤੇ = ਜਿਤਨੇ ਭੀ ਹਨ। ਊਪਰਿ = ਉੱਚਾ, ਸ੍ਰੇਸ਼ਟ। ਰਸਨਾ = ਜੀਭ (ਨਾਲ) । ਪੂਰਨ = ਸਫਲ।3। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਬੀਆ = ਦੂਜਾ, ਓਪਰਾ। ਪਾਰਬ੍ਰਹਮਿ = ਪਾਰਬ੍ਰਹਮ ਨੇ। ਥੀਆ = ਹੋਇਆ, ਵਾਪਰਿਆ।4। ਅਰਥ: (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ।1। ਰਹਾਉ। (ਹੇ ਭਾਈ!) ਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ। ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।1। (ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ। ਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।2। (ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ = ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ। ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।3। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ਉਹਨਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ।4। 18। 120। ਆਸਾ ਘਰੁ ੯ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥ ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥ ਹਉ ਮਾਗਉ ਆਨ ਲਜਾਵਉ ॥ ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥ ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥ ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥੨॥ ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥ ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥ ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥ ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥ {ਪੰਨਾ 401} ਪਦ ਅਰਥ: ਚਿਤਵਉ = ਮੈਂ ਚਾਹੁੰਦਾ ਹਾਂ, ਚਿਤਵਉਂ। ਚਿਤਵਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਭਾਵਉ = ਮੈਂ ਪਸੰਦ ਹਾਂ, ਭਾਵਉਂ। ਸਗਲ = ਸਾਰੀ ਸ੍ਰਿਸ਼ਟੀ। ਜਾਚਿਕ = ਮੰਗਣ ਵਾਲੀ। ਕੈ ਪਹਿ = ਕਿਸ ਦੇ ਪਾਸ?।1। ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਆਨ = {ANX} ਕੋਈ ਹੋਰ। ਲਜਾਵਉ = ਲਜਾਵਉਂ, ਮੈਂ ਸ਼ਰਮਾਂਦਾ ਹਾਂ। ਛਤ੍ਰਪਤਿ = ਰਾਜਾ। ਠਾਕੁਰੁ = ਮਾਲਕ-ਪ੍ਰਭੂ। ਸਮਸਰਿ = ਬਰਾਬਰ। ਲਾਵਉ = ਲਾਵਉਂ, ਮੈਂ ਗਿਣਾਂ, ਮੈਂ ਮਿਥਾਂ।1। ਰਹਾਉ। ਬੈਸਉ = ਬੈਸਉਂ, ਮੈਂ ਬਹਿ ਜਾਂਦਾ ਹਾਂ। ਖੋਜਿ = ਖੋਜ ਕੇ। ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ = ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਮਹਲੁ = ਪਰਮਾਤਮਾ ਦਾ ਟਿਕਾਣਾ। ਦੁਲਭਾਵਉ = ਦੁਲੱਭ, ਦੁਰਲੱਭ।2। ਅਗਮ = ਅਪਹੁੰਚ। ਅਗਾਧਿ = ਅਥਾਹ। ਬੋਧ = ਸੂਝ। ਪਰੈ ਨ = ਨਹੀਂ ਪੈ ਸਕਦੀ। ਨ ਪਾਵਉ = ਮੈਂ ਪਾ ਨਹੀਂ ਸਕਦਾ। ਤਾਕੀ = ਤੱਕੀ। ਧਿਆਵਉ = ਮੈਂ ਧਿਆਨ ਧਰਦਾ ਹਾਂ।3। ਗਰਾਵਉ = ਗਲੇ ਤੋਂ। ਜਉ = ਜਦੋਂ। ਨ ਆਵਉ = ਆਵਉਂ, ਮੈਂ ਨਹੀਂ ਆਉਂਦਾ।4। ਅਰਥ: (ਹੇ ਭਾਈ! ਜਦੋਂ) ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ (ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ।1। ਰਹਾਉ। (ਹੇ ਭਾਈ!) ਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ। (ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ। (ਹੇ ਭਾਈ! ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ। (ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ = ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ।2। ਹੇ ਭਾਈ! ਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ। (ਹੇ ਭਾਈ! ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ।3। ਹੇ ਭਾਈ! ਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਹੇ ਨਾਨਕ! ਆਖ– ਜੇ ਮੈਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ।4।1। 121। ਨੋਟ: ਇਹ ਸ਼ਬਦ ਤੋਂ ਘਰੁ 9 ਦਾ ਨਵਾਂ ਸੰਗ੍ਰਹ ਸ਼ੁਰੂ ਹੋਇਆ ਹੈ। ਤਾਹੀਏਂ ਛੋਟਾ ਅੰਕ 1 ਨਵਾਂ ਚੱਲਿਆ ਹੈ। ਆਸਾ ਮਹਲਾ ੫ ॥ ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ ਸੰਗਿ ਚਲਨ ਕਉ ਤੋਸਾ ਦੀਨ੍ਹ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥ ਅਵਰ ਬਿਸਾਰੀ ਬਿਸਾਰੀ ॥ ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥ ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥ ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥ ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥ {ਪੰਨਾ 401} ਪਦ ਅਰਥ: ਗਾਵਉ = ਮੈਂ ਗਾਂਦਾ ਹਾਂ। ਜਾਗਿ = ਜਾਗ ਕੇ। ਸਵਾਰੀ = ਸੌਣ ਵੇਲੇ। ਸੰਗਿ = ਨਾਲ। ਕਉ = ਵਾਸਤੇ। ਤੋਸਾ = ਰਾਹ ਦਾ ਖ਼ਰਚ। ਬਿਉਹਾਰੀ = ਵਣਜਾਰੇ। ਅਵਰ = ਹੋਰ (ਓਟ) । ਬਿਸਾਰੀ = ਮੈਂ ਭੁਲਾ ਦਿੱਤੀ ਹੈ। ਗੁਰਿ = ਗੁਰੂ ਨੇ। ਆਧਾਰੀ = ਆਸਰਾ।1। ਰਹਾਉ। ਦੂਖਨਿ = ਦੁੱਖਾਂ ਵਿਚ। ਸੁਖਿ = ਸੁਖ ਵਿਚ। ਮਾਰਗਿ = ਰਸਤੇ ਤੇ। ਪੰਥਿ = ਰਾਹ ਵਿਚ। ਸਮ੍ਹ੍ਹਾਰੀ = ਮੈਂ (ਹਿਰਦੇ ਵਿਚ) ਸੰਭਾਲਦਾ ਹਾਂ। ਦ੍ਰਿੜੁ = ਪੱਕਾ। ਮੋਰੀ = ਮੇਰੀ। ਤਿਸਾ = ਤ੍ਰਿਸ਼ਨਾ।2। ਰੈਨੀ = ਰਾਤ ਵੇਲੇ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਸਨਾ = ਜੀਭ। ਬਿਸਾਸੁ = ਸ਼ਰਧਾ, ਨਿਸ਼ਚਾ। ਸੰਗਾਰੀ = ਸੰਗੀ, ਸਾਥੀ।3। ਕਉ = ਨੂੰ। ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਰੇਨ = ਚਰਨ-ਧੂੜ। ਉਰਿ = ਹਿਰਦੇ ਵਿਚ। ਸ੍ਰਵਨੀ = ਕੰਨਾਂ ਨਾਲ। ਨੈਨ = ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਾਂ। ਮਸਤਕੁ = ਮੱਥਾ।4। ਅਰਥ: (ਹੇ ਭਾਈ! ਪਰਮਾਤਮਾ ਤੋਂ ਬਿਨਾ) ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ। ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ (ਦੀ) ਦਾਤਿ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।1। ਰਹਾਉ। (ਹੇ ਭਾਈ!) ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪਰਮਾਤਮਾ ਦਾ ਨਾਮ) ਸਫ਼ਰ-ਖ਼ਰਚ (ਵਜੋਂ) ਦਿੱਤਾ ਹੈ। ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।1। (ਹੇ ਭਾਈ!) ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਹੁਣ ਮੈਂ ਦੁੱਖਾਂ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੁਖ ਵਿਚ ਭੀ ਗਾਂਦਾ ਹਾਂ, ਰਸਤੇ ਤੁਰਦਾ ਭੀ (ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ।2। (ਹੇ ਭਾਈ!) ਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, (ਹੇ ਭਾਈ! ਇਹ ਸਾਰੀ ਬਰਕਤਿ ਸਾਧ ਸੰਗਤਿ ਦੀ ਹੈ) ਸਾਧ ਸੰਗਤਿ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ।3। ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ। ਤੇਰੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੇਰੀ ਸਿਫ਼ਤਿ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ।4।2। 122। |
Sri Guru Granth Darpan, by Professor Sahib Singh |