ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 402

ੴ ਸਤਿਗੁਰ ਪ੍ਰਸਾਦਿ ॥ ਆਸਾ ਘਰੁ ੧੦ ਮਹਲਾ ੫ ॥ ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥ ਰੇ ਮਨ ਕਿਆ ਕਰਹਿ ਹੈ ਹਾ ਹਾ ॥ ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥ ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥ ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥ ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥ ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥ ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥ ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥ {ਪੰਨਾ 402}

ਪਦ ਅਰਥ: ਜਿਸ ਨੋ = {ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਅਸਥਿਰੁ = {iÔQr} ਸਦਾ ਕਾਇਮ ਰਹਿਣ ਵਾਲਾ। ਮਾਨਹਿ = ਤੂੰ ਮੰਨਦਾ ਹੈਂ। ਤੇ = ਉਹ ਸਾਰੇ। ਪਾਹੁਨ = ਪ੍ਰਾਹੁਣੇ। ਦਾਹਾ = ਦਿਨ। ਕਲਤ੍ਰ = ਇਸਤ੍ਰੀ। ਸਗਲ ਸਮਗ੍ਰੀ = ਸਾਰਾ ਸਾਮਾਨ। ਮਿਥਿਆ = ਝੂਠਾ। ਅਸਨਾਹਾ = ਅਸਨੇਹ, ਪਿਆਰ।1।

ਹੈ ਹਾ ਹਾ = ਆਹਾ, ਆਹਾ। ਦ੍ਰਿਸਟਿ = ਧਿਆਨ ਨਾਲ। ਹਰਿ ਚੰਦਉਰੀ = ਹਰੀ-ਚੰਦ-ਪੁਰੀ, ਹਰਿਚੰਦ ਦੀ ਨਗਰੀ, ਗੰਧਰਬ ਨਗਰੀ, ਠੱਗ-ਨਗਰੀ, ਧੂੰਏਂ ਦਾ ਪਹਾੜ। ਲਾਹਾ = ਲਾਭ।1। ਰਹਾਉ।

ਬਸਤਰ = ਕੱਪੜੇ। ਓਢਾਨੇ = ਪਹਿਨੇ ਹੋਏ। ਭੋਰਾਹਾ = ਭੁਰ ਜਾਂਦੇ ਹਨ। ਭੀਤਿ = ਕੰਧ। ਊਪਰੇ = ਉੱਤੇ। ਕੇਤਕੁ = ਕਿਤਨਾ ਕੁ। ਧਾਈਐ = ਦੌੜ ਸਕੀਦਾ ਹੈ। ਅੰਤਿ = ਆਖ਼ਿਰ। ਓਰਕੋ = ਓਰਕੁ, ਓੜਕੁ, ਅਖ਼ੀਰਲਾ ਸਿਰਾ। ਆਹਾ = ਆ ਜਾਂਦਾ ਹੈ।2।

ਅੰਭ = {AËBs`} ਪਾਣੀ। ਕੁੰਡ = ਹੌਜ਼। ਪਰਤ = ਪੈਂਦਾ ਹੀ। ਸਿੰਧੁ = ਲੂਣ। ਆਵਗਿ = ਆਵੇਗੀ। ਜਾਸੀ = ਚਲਾ ਜਾਇਗਾ। ਮੁਹਤ = ਮਹੂਰਤ, ਦੋ ਘੜੀਆਂ। ਚਸਾ = ਪਲ ਦਾ ਤੀਜਾ ਹਿੱਸਾ।3।

ਲੇਖੈ = ਲੇਖੇ ਵਿਚ, ਗਿਣੇ-ਮਿਥੇ ਸੁਆਸਾਂ ਦੇ ਅੰਦਰ ਹੀ। ਚਾਲਹਿ = ਤੂੰ ਚੱਲਦਾ ਹੈਂ। ਕੀਰਤਿ = ਸਿਫ਼ਤਿ-ਸਾਲਾਹ। ਉਬਰੇ = ਬਚ ਗਏ। ਓਟਾਹਾ = ਆਸਰਾ।4।

ਅਰਥ: ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ। ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਹੀ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ।1। ਰਹਾਉ।

ਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ। ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ = ਇਹਨਾਂ ਨਾਲ ਮੋਹ ਸਾਰਾ ਝੂਠਾ ਹੈ।1।

ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ। ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ।2।

ਹੇ ਮਨ! (ਇਹ ਉਮਰ ਇਉਂ ਹੀ ਹੈ) ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ। ਹੇ ਮਨ! ਜਦੋਂ (ਜਿਸ ਨੂੰ) ਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ।3।

ਹੇ ਮੇਰੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂ (ਗਿਣੇ-ਮਿਥੇ) ਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ, (ਇਹ ਆਖ਼ਰ ਮੁੱਕ ਜਾਣੇ ਹਨ) ।

ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ (ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ) ਉਹ (ਮਾਇਆ ਦੇ ਮੋਹ ਵਿਚ ਫਸਣੋਂ) ਬਚ ਜਾਂਦੇ ਹਨ।4।1। 123।

ਆਸਾ ਮਹਲਾ ੫ ॥ ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥ ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥ ਜਉ ਕਿਰਪਾ ਗੋਬਿੰਦ ਭਈ ॥ ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥ ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥ ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥ ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥ ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥ ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥ ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥ {ਪੰਨਾ 402}

ਪਦ ਅਰਥ: ਅਪੁਸਟ = ਪੁੱਠੀ। ਬਾਤ ਤੇ = ਗੱਲ ਤੋਂ। ਸੀਧਰੀ = ਚੰਗੀ ਸਿੱਧੀ। ਦੂਤ = ਵੈਰੀ। ਪ੍ਰਗਾਸਿਓ = ਚਮਕ ਪਿਆ ਹੈ। ਮਲੀਨ = ਮੈਲੀ। ਹਛਨਈ = ਸਾਫ਼-ਸੁਥਰੀ।1।

ਜਉ = ਜਦੋਂ। ਸੁਖ ਸੰਪਤਿ = ਆਤਮਕ ਆਨੰਦ ਦੀ ਦੌਲਤ।1। ਰਹਾਉ।

ਮੋਹਿ = ਮੈਨੂੰ। ਕਿਰਪਨ = ਸ਼ੂਮ, ਨਕਾਰਾ। ਸੰਗਿ = ਨਾਲ, ਕੋਲ। ਸੇਵਈ = ਸੇਵਾ ਕਰਦੀ ਹੈ।2।

ਆਢ = ਅੱਧੀ ਦਮੜੀ। ਕਉ = ਵਾਸਤੇ। ਮਨ ਤ੍ਰਿਸਨ = ਮਨ ਦੀ ਤ੍ਰਿਸ਼ਨਾ। ਖਵਤੋ = ਸਹਾਰਦਾ। ਸੀਤਲਈ = ਠੰਢੇ ਸੁਭਾ ਵਾਲਾ।3।

ਜੀਹ = ਜੀਭ। ਕਵਨ = ਕੇਹੜੇ ਕੇਹੜੇ? ਅਗਮ = ਅਪਹੁੰਚ। ਕਰੀਅਹੁ = ਬਣਾ ਲੈ।4।

ਅਰਥ: ਹੇ ਭਾਈ! ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ, ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ।1। ਰਹਾਉ।

(ਹੇ ਭਾਈ! ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ, (ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ।1।

(ਹੇ ਭਾਈ! ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ। (ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ।2।

(ਹੇ ਭਾਈ! ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ। ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ।3।

(ਹੇ ਭਾਈ! ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ) । ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ =) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ।4।2। 124।

ਆਸਾ ਮਹਲਾ ੫ ॥ ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥ ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥ ਸਤਿਗੁਰ ਤੇਰੀ ਆਸਾਇਆ ॥ ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥ ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥ ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥ ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥ ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥ ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥ {ਪੰਨਾ 402}

ਪਦ ਅਰਥ: ਰੇ ਮੂੜੇ = ਹੇ ਮੂਰਖ! ਢੀਲਾ = ਢਿੱਲਾ, ਆਲਸੀ। ਤੋਟਾ = ਘਾਟਾ। ਬੇਗਿ = ਛੇਤੀ। ਧਾਇਆ = ਦੌੜਦਾ ਹੈਂ। ਸਸਤ = ਸਸਤਾ। ਵਖਰੁ = ਸੌਦਾ। ਘਿੰਨਹਿ ਨਾਹੀ = ਤੂੰ ਨਹੀਂ ਲੈਂਦਾ। ਪਾਪੀ = ਹੇ ਪਾਪੀ! ਰੇਨਾਇਆ = ਰਿਣ ਨਾਲ, ਕਰਜ਼ੇ ਨਾਲ।1।

ਸਤਿਗੁਰ = ਹੇ ਗੁਰੂ! ਆਸਾਇਆ = ਆਸ। ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ। ਪਾਰਬ੍ਰਹਮ = ਹੇ ਪਾਰਬ੍ਰਹਮ! ਏਹਾ = ਇਹੀ।1। ਰਹਾਉ।

ਗੰਧਣ = ਗੰਦ-ਭਰੇ, ਗੰਦੇ। ਵੈਣ = ਬੋਲ, ਗੀਤ। ਸੁਣਹਿ = ਤੂੰ ਸੁਣਦਾ ਹੈਂ। ਉਰਝਾਵਹਿ = ਤੂੰ ਮਸਤ ਹੁੰਦਾ ਹੈਂ। ਅਲਕਾਇਆ = ਆਲਸ ਕਰਦਾ ਹੈਂ। ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਉਮਾਹਿਓ = ਤੈਨੂੰ ਚਾਉ ਚੜ੍ਹਦਾ ਹੈ। ਉਲਟਾਇਆ = ਉਲਟੀ ਹੀ।2।

ਪਰ ਤਨ = ਪਰਾਇਆ ਸਰੀਰ। ਪਰਤੀ = ਪਰਾਈ। ਅਖਾਧਿ = ਉਹ ਚੀਜ਼ਾਂ ਜੋ ਖਾਣੀਆਂ ਨਹੀਂ ਚਾਹੀਦੀਆਂ। ਹਰਕਾਇਆ = ਹਲਕਾਇਆ, ਹਲਕਾ। ਸਚਾ = ਸਦਾ ਨਾਲ ਨਿਭਣ ਵਾਲਾ। ਰੁਚਿ = ਪਿਆਰ। ਸਤਿ = ਸਦਾ-ਥਿਰ ਨਾਮ। ਛੋਹਾਇਆ = {˜oB} ਛੁਹ ਲੱਗਦੀ ਹੈ, ਗੁੱਸਾ ਆਉਂਦਾ ਹੈ।3।

ਭਗਤ = ਭਗਤਾਂ ਨੂੰ। ਆਹਿ = ਤਾਂਘ ਕਰ ਕੇ, ਚਾਹ ਨਾਲ। ਪ੍ਰਭ = ਹੇ ਪ੍ਰਭੂ! ਅਪਨਾਇਆ = ਆਪਣਾ (ਸੇਵਕ) ਬਣਾ ਕੇ। ਲਾਜ = ਇੱਜ਼ਤ।4।

ਅਰਥ: ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ। ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ, ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ।1। ਰਹਾਉ।

ਹੇ (ਮੇਰੇ) ਮੂਰਖ (ਮਨ) ! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ! ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ।1।

ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ।2।

ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ) , ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ) , ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ। ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ।3।

ਹੇ ਨਾਨਕ! (ਆਖ–) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ। ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ।4।3। 125।

ਆਸਾ ਮਹਲਾ ੫ ॥ ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥ ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥ ਮਨ ਬੈਰਾਗੀ ਕਿਉ ਨ ਅਰਾਧੇ ॥ ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥ ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥ ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥ ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥ ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥ ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥ ਇਉ ਜਪਿਓ ਭਾਈ ਪੁਰਖੁ ਬਿਧਾਤੇ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥ {ਪੰਨਾ 402-403}

ਪਦ ਅਰਥ: ਮਿਥਿਆ = ਝੂਠਾ, ਨਾਸਵੰਤ। ਸੰਗਿ = ਸੰਗੀ, ਸਾਥੀ। ਸੰਗਿ = ਨਾਲ, ਸੰਗਤਿ ਵਿਚ। ਲਪਟਾਏ = ਚੰਬੜੇ ਹੋਏ, ਮੋਹ ਵਿਚ ਫਸੇ ਹੋਏ। ਕਰਿ = ਦੇ ਕਾਰਨ। ਬਾਧੇ = ਬੱਝੇ ਹੋਏ। ਜਹ = ਜਿੱਥੇ। ਜਾਨੋ = ਜਾਨਾ, ਜਾਣਾ। ਚੀਤਿ = ਚਿੱਤ ਵਿਚ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} ਮੈਂ ਮੈਂ ਆਖਣ ਵਾਲੀ ਅਕਲ, ਹਉਮੈ। ਆਂਧੇ = ਅੰਨ੍ਹੇ।1।

ਮਨ = ਹੇ ਮਨ! ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ। ਕਾਚ = ਕੱਚੀ। ਮਾਹਿ = ਵਿਚ। ਬਿਖੈ = ਵਿਸ਼ੇ-ਵਿਕਾਰ। ਬਿਆਧੇ = ਰੋਗ।1। ਰਹਾਉ।

ਰੈਨਿ = ਰਾਤ। ਬਿਹਾਵੈ = ਲੰਘਦੀ ਹੈ। ਛੀਜੈ = ਘਟ ਰਹੀ ਹੈ, ਛਿੱਜ ਰਹੀ ਹੈ। ਅਰਜਾਧੇ = ਆਰਜਾ, ਉਮਰ। ਸਾਦਿ = ਸੁਆਦ ਵਿਚ। ਧੰਧਿ = ਧੰਧੇ ਵਿਚ। ਦੁਰਗਾਧੇ = ਦੁਰਗੰਧ ਵਿਚ।2।

ਇੰਦ੍ਰੀ ਰਸਿ = ਇੰਦ੍ਰਿਆਂ ਦੇ ਰਸ ਵਿਚ। ਦੀਈ = ਦਿੱਤੀ। ਭਵਾਰੀ = ਭਵਾਟਣੀ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤਾ ਨੇ।3।

ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਧਿਆਵਉ = ਮੈਂ ਧਿਆਉਂਦਾ ਹਾਂ। ਉਪਾਧੇ = ਉਪਾਧੀਆਂ, ਵਿਕਾਰ।4।

ਇਉ = ਇਸ ਤਰ੍ਹਾਂ (ਭਾਵ, ਗੁਰੂ ਨੂੰ ਮਿਲ ਕੇ) । ਜਪਿਓ = ਜਿਸ ਨੇ ਜਪਿਆ।1। ਰਹਾਉ ਦੂਜਾ।

ਅਰਥ: ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ? (ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ।1। ਰਹਾਉ।

(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, (ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ।1।

'ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ' = ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ। ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ।2।

ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ। (ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ।3।

ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।

ਹੇ ਨਾਨਕ! ਆਖ– (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ।4।

(ਹੇ ਭਾਈ!) ਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ। ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ।1। ਰਹਾਉ ਦੂਜਾ।4। 4। 126।

TOP OF PAGE

Sri Guru Granth Darpan, by Professor Sahib Singh