ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 403 ਆਸਾ ਮਹਲਾ ੫ ॥ ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥ ਅੰਧੇ ਚੇਤਿ ਹਰਿ ਹਰਿ ਰਾਇਆ ॥ ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥ ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥ ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥ ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥ ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥ ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥ {ਪੰਨਾ 403} ਪਦ ਅਰਥ: ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਕਾਰਣਿ = ਦੀ ਖ਼ਾਤਰ। ਕੋਟਿ = ਕ੍ਰੋੜਾਂ। ਘਰੀ = ਘੜੀ। ਮੁਹਤ = ਮੁਹੂਰਤ, ਦੋ ਘੜੀਆਂ, ਪਲ ਮਾਤ੍ਰ। ਮਾਣਹਿ = ਤੂੰ ਮਾਣਦਾ ਹੈਂ।1। ਅੰਧੇ = ਹੇ ਕਾਮ ਵਾਸਨਾ ਵਿਚ ਅੰਨ੍ਹੇ ਹੋਏ ਜੀਵ! ਹਰਿ ਰਾਇਆ = ਪ੍ਰਭੂ ਪਾਤਿਸ਼ਾਹ।1। ਰਹਾਉ। ਪਲਕ ਦ੍ਰਿਸਟਿ = ਅੱਖ ਝਮਕਣ ਜਿਤਨਾ ਸਮਾ। ਆਕ ਨੀਮ ਕੋ ਤੂੰਮਰੁ = ਅੱਕ ਨਿੰਮ ਵਰਗਾ ਕੌੜਾ ਤੁੰਮਾ। ਸੰਗੁ = ਸਾਥ। ਬਿਸੀਅਰ = ਸੱਪ। ਪਰ ਗ੍ਰਿਹੁ = ਪਰਾਇਆ ਘਰ, ਪਰਾਈ ਇਸਤ੍ਰੀ ਦਾ ਸੰਗ।2। ਬੈਰੀ = ਵੈਰਨ, ਮਾਇਆ। ਬਸਤੁ = (ਅਸਲ) ਚੀਜ਼। ਅਮਾਨਾ = ਅਮਨ ਅਮਾਨ, ਲਾਂਭੇ ਹੀ। ਬੈਰਾਨਾ = ਵੈਰ।3। ਇਹੈ ਬਿਧਿ = ਇਸੇ ਤਰ੍ਹਾਂ। ਬਿਆਪਿਓ = ਫਸਿਆ ਹੋਇਆ ਹੈ। ਉਬਰਿਓ = ਬਚਿਆ। ਭਵ ਸਾਗਰੁ = ਸੰਸਾਰ-ਸਮੁੰਦਰ।4। ਅਰਥ: ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ।1। ਰਹਾਉ। ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ।1। ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ। ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ।2। ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ। ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ।3। ਹੇ ਨਾਨਕ! ਆਖ– ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ।4।5। 127। ਆਸਾ ਮਹਲਾ ੫ ਦੁਪਦੇ ॥ ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥ ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥ ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥ ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥ ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥ ਪਦ ਅਰਥ: ਲੂਕਿ = ਲੁਕ ਕੇ, ਲੋਕਾਂ ਤੋਂ ਛਿਪਾ ਕੇ। ਪੇਖਿਓ = ਵੇਖ ਲਿਆ, ਵੇਖ ਲੈਂਦਾ ਹੈਂ। ਮੂੜ ਮੁਗਧ = ਮੂਰਖ ਬੰਦੇ। ਮੁਕਰਾਨੀ = ਮੁੱਕਰਦੇ ਹਨ। ਬਾਂਧੇ = ਬੱਝ ਜਾਂਦੇ ਹਨ।1। ਆਗੈ = ਅੱਗੇ ਹੀ, ਪਹਿਲਾਂ ਹੀ। ਮੂਸੇ = ਠੱਗੇ ਹੋਏ। ਪਾਛੈ = ਲੁਕ ਕੇ। ਜੀਅ ਕੀ ਮਾਨੀ = ਮਨ-ਮੰਨੀ (ਕਰਦਾ ਹੈ) ।1। ਰਹਾਉ। ਕੋ ਪਰਾਨੀ = ਕੋਈ ਜੀਵ।2। ਅਰਥ: (ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ। ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ।1। ਰਹਾਉ। ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ। ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ।1। (ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ। ਹੇ ਨਾਨਕ! ਆਖ– ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ।2।6। 128। ਆਸਾ ਮਹਲਾ ੫ ॥ ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥ ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥ ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥ {ਪੰਨਾ 403} ਪਦ ਅਰਥ: ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ। ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ।1। ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ। ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ– ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ।1। ਰਹਾਉ। ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਤਿਸ ਕੀ = {ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ।2। ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ) ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ।1। ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ। ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ।1। ਹੇ ਨਾਨਕ! (ਆਖ–) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ।2।7। 129। ਆਸਾ ਘਰੁ ੧੧ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥ ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥ ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥ ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥ ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥ ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥ ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥ {ਪੰਨਾ 403-404} ਪਦ ਅਰਥ: ਨਟੂਆ = ਬਹੁ-ਰੂਪੀਆ। ਭੇਖ = ਸਾਂਗ। ਬਹੁ ਬਿਧ = ਕਈ ਤਰ੍ਹਾਂ ਦੇ। ਰੇ = ਹੇ ਭਾਈ! ਭ੍ਰਮ ਭੀਤਰਿ = ਭਟਕਣਾ ਵਿਚ ਪੈ ਕੇ। ਸੁਖਹਿ = ਸੁਖ ਵਿਚ।1। ਹਮਾਰੇ ਮੀਤਾ = ਹੇ ਮੇਰੇ ਮਿੱਤਰੋ! ਆਨੀਤਾ = ਅਨਿੱਤ, ਨਾਸਵੰਤ। ਮਿਲਿ = ਮਿਲ ਕੇ।1। ਰਹਾਉ। ਕੀ = ਦੀ। ਕੀਨ੍ਹ੍ਹੀ = ਬਣਾਈ ਹੋਈ। ਕਵਨ ਬਿਧਿ = ਕਿਸ ਤਰੀਕੇ ਨਾਲ? ਅਗਾਹ = ਅਥਾਹ, ਬਹੁਤ ਡੂੰਘੀ। ਗਾਖਰੀ = ਔਖੀ।2। ਖੋਜਤ = ਭਾਲ ਕਰਦਿਆਂ। ਖੋਜਿ = ਭਾਲ ਕਰ ਕੇ। ਤਤੁ = ਅਸਲੀਅਤ। ਨਿਧਾਨੁ = ਖ਼ਜ਼ਾਨਾ। ਨਿਰਮੋਲਕੁ = ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਚੀਜ਼ ਨਹੀਂ। ਮਾਣਕੁ = ਮੋਤੀ। ਪਤੀਆਨਾ = ਪਰਚ ਜਾਂਦਾ, ਗਿੱਝ ਜਾਂਦਾ।3। ਅਰਥ: ਹੇ ਭਾਈ! ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ। ਇਸੇ ਤਰ੍ਹਾਂ) ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ।1। ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ) । ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ।1। ਰਹਾਉ। ਹੇ ਭਾਈ! ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ? (ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ।2। ਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ।3।1। 130। |
Sri Guru Granth Darpan, by Professor Sahib Singh |