ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 404 ਆਸਾ ਮਹਲਾ ੫ ਦੁਪਦੇ ॥ ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥ ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥ ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥ ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥ ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥ ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥ {ਪੰਨਾ 404} ਨੋਟ: ਦੁਪਦੇ = ਦੋ ਬੰਦਾਂ ਵਾਲੇ ਸ਼ਬਦ। ਪਦ ਅਰਥ: ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਰੇ = ਹੇ ਭਾਈ। ਰੰਗਿ = ਪ੍ਰੇਮ-ਰੰਗ ਨਾਲ। ਤ੍ਰਿਪਤਾਨਾ = ਰੱਜ ਗਿਆ ਹੈ। ਬਹੁਰਿ = ਮੁੜ।1। ਹਮਰਾ ਠਾਕੁਰੁ = ਮੇਰਾ ਮਾਲਕ-ਪ੍ਰਭੂ। ਤੇ = ਤੋਂ, ਨਾਲੋਂ। ਰੈਣਿ = ਰਾਤ। ਦਿਨਸੁ = ਦਿਨ। ਥਾਪਿ = ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਤਿਸ ਤੇ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}। ਤੁਝਹਿ = ਤੈਨੂੰ। ਡਰਾਵਉ = ਮੈਂ ਡਰਾਂਦਾ ਹਾਂ, ਡਰ ਦੇਂਦਾ ਹਾਂ, ਉਸ ਦੇ ਡਰ ਵਿਚ ਰੱਖਦਾ ਹਾਂ।1। ਰਹਾਉ। ਅਵਰਹਿ = ਕਿਸੇ ਹੋਰ ਨੂੰ। ਚੀਤਿ = ਚਿੱਤ ਵਿਚ। ਨ ਪਾਵਉ = ਨ ਪਾਵਉਂ, ਨਹੀਂ ਟਿਕਾਂਦਾ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਸਿਰੋਪਾ ਦਿੱਤਾ ਹੈ, ਆਦਰ-ਮਾਣ ਦਿੱਤਾ ਹੈ, ਨਿਵਾਜਿਆ ਹੈ। ਲਿਖਾਵਉ = ਮੈਂ ਉੱਕਰਦਾ ਹਾਂ, ਪ੍ਰੋਂਦਾ ਹਾਂ।2। ਅਰਥ: ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ। ਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ।1। ਹੇ ਭਾਈ! ਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ। (ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ।1। ਹੇ ਭਾਈ! ਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ। ਹੇ ਭਾਈ! ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ।2। 2। 131। ਆਸਾ ਮਹਲਾ ੫ ॥ ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥ ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥ ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥ ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥ {ਪੰਨਾ 404} ਪਦ ਅਰਥ: ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ {ਲਫ਼ਜ਼ 'ਚਾਰਿ' ਗਿਣਤੀ-ਵਾਚਕ ਹੈ, ਲਫ਼ਜ਼ 'ਚਾਰ' ਵਿਸ਼ੇਸ਼ਣ ਹੈ ਜਿਸ ਦਾ ਅਰਥ ਹੈ 'ਸੁੰਦਰ'}। ਮਰਦਨ = ਮਲਣ ਵਾਲੇ। ਖਟੁ ਦਰਸਨ = ਛੇ ਭੇਖ। ਕਰ ਤਲੀ = ਹੱਥ ਦੀ ਤਲੀ ਉੱਤੇ। ਰੇ = ਹੇ ਭਾਈ! ਸੁਘਰ = ਸੁਘੜ, ਸੁਨੱਖੇ, ਸੋਹਣੇ। ਪੰਚਹੁ = ਪੰਜਾਂ ਨੇ। ਮੋਹਿ = ਮੋਹ ਕੇ। ਛਲੀ = ਛਲ ਲਿਆ ਹੈ।1। ਜਿਨਿ = ਜਿਸ ਨੇ। ਮਿਲਿ = (ਗੁਰੂ ਨੂੰ) ਮਿਲ ਕੇ। ਸੂਰਬੀਰ = ਬਹਾਦਰ ਸੂਰਮੇ। ਕਉਨੁ ਬਲੀ = ਕੋਈ ਵਿਰਲਾ ਬਲਵਾਨ। ਮਾਰਿ = ਮਾਰ ਕੇ। ਬਿਦਾਰਿ = ਪਾੜ ਕੇ। ਗੁਦਾਰੇ = ਮੁਕਾ ਦਿੱਤੇ। ਇਹ ਕਲੀ = ਇਸ ਜਗਤ ਵਿਚ {ਲਫ਼ਜ਼ 'ਕਲੀ' ਇਥੇ 'ਜੁਗ' ਦਾ ਖ਼ਿਆਲ ਨਹੀਂ ਦੇ ਰਿਹਾ}।1। ਰਹਾਉ। ਕੋਮ = ਕੋੜਮਾ, ਖ਼ਾਨਦਾਨ। ਵਸਿ = ਵੱਸ ਵਿਚ। ਭਾਗਹਿ = ਭੱਜਦੇ। ਮੁਹਕਮ = ਮਜ਼ਬੂਤ। ਹਠਲੀ = ਹਠ ਵਾਲੀ। ਤਿਨਿ ਜਨਿ = ਉਸ ਮਨੁੱਖ ਨੇ। ਨਿਰਦਲਿਆ = ਚੰਗੀ ਤਰ੍ਹਾਂ ਲਤਾੜਿਆ। ਝਲੀ = ਆਸਰੇ।2। ਅਰਥ: ਹੇ ਭਾਈ! ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ। ਹੇ ਭਾਈ! ਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ।1। ਰਹਾਉ। ਹੇ ਭਾਈ! (ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ) । ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ।1। ਹੇ ਭਾਈ! (ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ। ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ ਹਠ ਵਾਲੀ ਹੈ। ਹੇ ਭਾਈ! ਆਖ– ਹੇ ਭਾਈ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ।2।3। 132। ਆਸਾ ਮਹਲਾ ੫ ॥ ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥ ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥ ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥ {ਪੰਨਾ 404} ਪਦ ਅਰਥ: ਨੀਕੀ = ਚੰਗੀ (ਚੀਜ਼) । ਜੀਅ ਕੀ = ਜਿੰਦ ਦੀ, ਜਿੰਦ ਵਾਸਤੇ। ਊਤਮ = ਸ੍ਰੇਸ਼ਟ। ਆਨ = {ANX} ਹੋਰ। ਸਗਲ = ਸਾਰੇ। ਫੀਕੀ = ਫੀਕੇ, ਬੇ-ਸੁਆਦੇ।1। ਰਹਾਉ। ਬਹੁ ਗੁਨਿ = ਬਹੁਤ ਗੁਣਾਂ ਵਾਲੀ ਹੈ। ਧੁਨਿ = ਮਿਠਾਸ ਵਾਲੀ। ਖਟ = ਛੇ (ਸ਼ਾਸਤਰ) । ਬੇਤੇ = ਜਾਣਨ ਵਾਲੇ। ਲਾਈਕੀ = ਲਾਇਕ, ਯੋਗ, ਲਾਭਦਾਇਕ। ਰੇ = ਹੇ ਭਾਈ!।1। ਬਿਖਾਰੀ = {ਬਿਖ-ਅਰਿ} ਵਿਸ਼ਿਆਂ ਦੀ ਵੈਰਨ, ਵਿਸ਼ਿਆਂ ਦਾ ਦਬਾਉ ਹਟਾਣ ਵਾਲੀ। ਨਿਰਾਰੀ = ਨਿਰਾਲੀ, ਅਨੋਖੀ। ਅਪਾਰੀ = ਬੇਅੰਤ; ਅਕੱਥ। ਸਹਜਾਰੀ = ਆਤਮਕ ਅਡੋਲਤਾ ਪੈਦਾ ਕਰਨ ਵਾਲੀ। ਪੀਕੀ = ਪੀਤੀ ਜਾਂਦੀ ਹੈ, ਮਾਣੀ ਜਾਂਦੀ ਹੈ।2। ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ।1। ਰਹਾਉ। ਹੇ ਭਾਈ! ਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ।1। ਹੇ ਭਾਈ! ਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ।2।4। 133। ਆਸਾ ਮਹਲਾ ੫ ॥ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥ ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥ ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥ {ਪੰਨਾ 404} ਪਦ ਅਰਥ: ਅੰਮ੍ਰਿਤਧਾਰੀ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਵਾਲੀ। ਗੁਰਿ = ਗੁਰੂ ਨੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੇ = ਤੋਂ। ਟਾਰੀ = ਟਾਲੀ, ਹਟਾਈ, ਪਰੇ ਕੀਤੀ। ਰੇ = ਹੇ ਭਾਈ!।1। ਰਹਾਉ। ਦਰਸਨ = (ਕਰਤਾਰ ਦਾ) ਦੀਦਾਰ। ਪਰਸਨ = (ਕਰਤਾਰ ਦੇ ਚਰਨਾਂ ਦੀ) ਛੋਹ। ਸਰਸਨ = ਆਤਮਕ ਖਿੜਾਉ। ਹਰਸਨ = ਹਰਖ, ਆਨੰਦ, ਖ਼ੁਸ਼ੀ। ਰੰਗਿ = ਪ੍ਰੇਮ-ਰੰਗ ਵਿਚ। ਰੰਗੀ = ਰੰਗਣ ਵਾਲੀ।1। ਰਮ = ਸਿਮਰਨ। ਗਮ = ਪਹੁੰਚ। ਹਰ ਦਮ = ਸੁਆਸ ਸੁਆਸ। ਕੰਠਿ = ਗਲੇ ਵਿਚ। ਉਰਿ = ਹਿਰਦੇ ਵਿਚ।2। ਅਰਥ: ਹੇ ਭਾਈ! ਗੁਰੂ ਨੇ (ਕਿਰਪਾ ਕਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਆਪਣੀ ਬਾਣੀ) ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ, ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ, ਇਹ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ।1। ਰਹਾਉ। ਹੇ ਭਾਈ! ਇਹ ਬਾਣੀ ਕਰਤਾਰ ਦੇ ਪ੍ਰੇਮ ਵਿਚ ਰੰਗਣ ਵਾਲੀ ਹੈ, ਇਸ ਦੀ ਬਰਕਤਿ ਨਾਲ ਕਰਤਾਰ ਦਾ ਦਰਸਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿਚ ਆਨੰਦ ਤੇ ਖਿੜਾਉ ਪੈਦਾ ਹੁੰਦਾ ਹੈ।1। ਹੇ ਭਾਈ! ਇਸ ਬਾਣੀ ਨੂੰ ਇਕ ਖਿਨ ਵਾਸਤੇ ਭੀ ਹਿਰਦੇ ਵਿਚ ਵਸਾਇਆਂ ਗੁਰੂ ਦੇ ਚਰਨਾਂ ਤਕ ਪਹੁੰਚ ਬਣ ਜਾਂਦੀ ਹੈ, ਇਸ ਨੂੰ ਸੁਆਸ ਸੁਆਸ ਹਿਰਦੇ ਵਿਚ ਵਸਾਇਆਂ ਜਮਾਂ ਦਾ ਡਰ ਨਹੀਂ ਪੋਹ ਸਕਦਾ। ਹੇ ਨਾਨਕ! ਇਸ ਹਰਿ-ਕਥਾ ਨੂੰ ਆਪਣੇ ਗਲੇ ਵਿਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿਚ ਹਾਰ (ਬਣਾ ਕੇ) ਰੱਖ।2।5। 134। ਆਸਾ ਮਹਲਾ ੫ ॥ ਨੀਕੀ ਸਾਧ ਸੰਗਾਨੀ ॥ ਰਹਾਉ ॥ ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥ ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥ ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥ {ਪੰਨਾ 404} ਪਦ ਅਰਥ: ਨੀਕੀ = ਚੰਗੀ। ਸੰਗਾਨੀ = ਸੰਗਤਿ। ਰਹਾਉ। ਪਹਰ = (ਅੱਠੇ) ਪਹਰ, ਹਰ ਵੇਲੇ। ਮੂਰਤ = ਮੁਹੂਰਤ, ਹਰ ਘੜੀ। ਵਖਾਨੀ = ਵਰਣਨ ਹੁੰਦਾ ਹੈ।1। ਚਾਲਤ = ਤੁਰਦੇ ਫਿਰਦਿਆਂ। ਬੈਸਤ = ਬੈਠਦਿਆਂ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਚਰਨ ਖਟਾਨੀ = ਚਰਨਾਂ ਦਾ ਮਿਲਾਪ।2। ਹਉ = ਮੈਂ। ਹਉਰੋ = ਹਉਲਾ, ਗੁਣ-ਹੀਨਾ। ਗਉਰੋ = ਭਾਰਾ, ਗੁਣਾਂ ਨਾਲ ਭਰਪੂਰ। ਸਰਨਿ = ਓਟ।3। ਅਰਥ: (ਹੇ ਭਾਈ!) ਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ। ਰਹਾਉ। (ਹੇ ਭਾਈ! ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ।1। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ।2। ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ।3।6। 135। |
Sri Guru Granth Darpan, by Professor Sahib Singh |