ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 405

ਰਾਗੁ ਆਸਾ ਮਹਲਾ ੫ ਘਰੁ ੧੨     ੴ ਸਤਿਗੁਰ ਪ੍ਰਸਾਦਿ ॥ ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥ ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥ ਸੋ ਪ੍ਰਭੁ ਜਾਣੀਐ ਸਦ ਸੰਗਿ ॥ ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥ ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥ ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥ ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥ ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥ ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥ ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥ {ਪੰਨਾ 405}

ਪਦ ਅਰਥ: = ਭਜੁ = ਸਿਮਰ। ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਬਾਝਹੁ = ਬਿਨਾ। ਛਾਰੁ = ਸੁਆਹ, ਨਿਕੰਮੀ।1।

ਜਾਣੀਐ = ਸਮਝਣਾ ਚਾਹੀਦਾ ਹੈ। ਸਦ = ਦਸਾ। ਸੰਗਿ = ਅੰਗ ਸੰਗ ਵੱਸਦਾ। ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੂਝਿਐ = ਸਮਝ ਆਉਂਦੀ ਹੈ। ਰੰਗਿ = ਪ੍ਰੇਮ ਵਿਚ (ਜੁੜਿਆਂ) ।1। ਰਹਾਉ।

ਸਮਰਥ = ਤਾਕਤ ਵਾਲੀ। ਸਰਣਿ = ਓਟਿ, ਆਸਰਾ। ਕੇਰੀ = ਦੀ। ਭਉਜਲੁ = ਸੰਸਾਰ-ਸਮੁੰਦਰ।2।

ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ। ਜਪਪੁਰਿ = ਜਮ ਦੀ ਪੁਰੀ ਵਿਚ। ਨਿਧਾਨੁ = ਖ਼ਜ਼ਾਨਾ।3।

ਅਧਾਰੁ = ਆਸਰਾ। ਮਨਿ = ਮਨ ਵਿਚ। ਜੋਰੁ = ਬਲ, ਤਾਣ, ਸਹਾਰਾ।4।

ਅਰਥ: (ਹੇ ਭਾਈ! ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ, ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ।1। ਰਹਾਉ।

(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ।1।

(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ (ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ।2।

(ਹੇ ਭਾਈ! ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ। (ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ।3।

(ਹੇ ਭਾਈ!) ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ। (ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ।4।1। 136।

ਨੋਟ: ਇਥੋਂ ਘਰੁ 12 ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

ਆਸਾ ਮਹਲਾ ੫ ॥ ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥ ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥ ਮੇਰੇ ਮਨ ਧਿਆਇ ਹਰਿ ਹਰਿ ਨਾਉ ॥ ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥ ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥ ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥ ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥ ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥ {ਪੰਨਾ 405}

ਪਦ ਅਰਥ: ਜੀਉ = ਜਿੰਦ। ਤਨੁ = ਸਰੀਰ। ਕੇ ਦੀਏ = ਦੇ ਦਿੱਤੇ ਹੋਏ। ਸਭਿ = ਸਾਰੇ। ਰਸ ਭੋਗ = ਸੁਆਦਲੇ ਪਦਾਰਥ। ਦੀਨ ਬੰਧਪ = ਗਰੀਬਾਂ ਦਾ ਰਿਸ਼ਤੇਦਾਰ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ। ਜੋਗੁ = ਸਮਰੱਥ।1।

ਮਨ = ਹੇ ਮਨ! ਹਲਤਿ = {A>} ਇਸ ਲੋਕ ਵਿਚ। ਪਲਤਿ = {pr>} ਪਰ ਲੋਕ ਵਿਚ। ਸਹਾਇ = ਸਹਾਈ। ਸੰਗੇ = ਨਾਲ ਰਹਿਣ ਵਾਲਾ। ਲਿਵ ਲਾਉ = ਸੁਰਤਿ ਜੋੜ।1। ਰਹਾਉ।

ਜਨ = ਲੋਕ। ਧਿਆਵਹਿ = ਵਿਚਾਰਦੇ ਹਨ। ਕਉ = ਵਾਸਤੇ। ਕਰਮ ਧਰਮ = (ਵੇਦਾਂ ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਅਚਾਰੁ = {Awcwr} ਧਾਰਮਿਕ ਮਰਯਾਦਾ।2।

ਬਿਨਸੈ = ਨਾਸ ਹੋ ਜਾਂਦਾ ਹੈ। ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ।3।

ਦਇਆਲ = ਹੇ ਦਇਆਲ! ਜੀਅ ਅਧਾਰੁ = ਜਿੰਦ ਦਾ ਆਸਰਾ। ਤਾਣੁ = ਸਹਾਰਾ।4।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ। ਇਕ ਪਰਮਾਤਮਾ ਦੇ ਨਾਲ ਹੀ ਸੁਰਤਿ ਜੋੜੀ ਰੱਖ।1। ਰਹਾਉ।

(ਹੇ ਭਾਈ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ = ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ। ਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ।1।

ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ। ਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ।2।

ਹੇ ਭਾਈ! ਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ। (ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ।3।

ਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ।

ਹੇ ਭਾਈ! (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ।4।2। 137।

ਆਸਾ ਮਹਲਾ ੫ ॥ ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥ ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥ ਹਰਿ ਕੋ ਨਾਮੁ ਜਪੀਐ ਨੀਤਿ ॥ ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ ॥ ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥ ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥ ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥ ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥ ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ ॥ ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥ {ਪੰਨਾ 405}

ਪਦ ਅਰਥ: ਡੋਲਿ ਡੋਲਿ = (ਅਸਲ ਸੰਗੀ ਪਰਮਾਤਮਾ ਵਲੋਂ) ਸਰਧਾ-ਹੀਣ ਹੋ ਹੋ ਕੇ। ਸਾਧੂ = ਗੁਰੂ। ਖਾਟਿ = ਖੱਟ ਲੈ। ਹਰਿ ਰਸੁ = ਹਰਿ-ਨਾਮ ਦਾ ਸੁਆਦ। ਪਾਰਬ੍ਰਹਮ ਇਕ ਰੰਗ = ਇਕ ਪਰਮਾਤਮਾ (ਦੇ ਮਿਲਾਪ) ਦਾ ਆਨੰਦ।1।

ਕੋ = ਦਾ। ਨੀਤਿ = ਨਿਤ, ਸਦਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਵਰ = ਹੋਰ ਦੂਜੀ।1। ਰਹਾਉ।

ਕਰਣ ਕਾਰਣ = ਸਾਰੇ ਜਗਤ ਦਾ ਮੂਲ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ।2।

ਸਖਾ = ਦੋਸਤ। ਸਹਾਇ = ਸਹਾਈ। ਅਗਮ = ਅਪਹੁੰਚ। ਹਿਰਦੈ = ਹਿਰਦੇ ਵਿਚ। ਜੀਅ ਕੋ = ਜਿੰਦ ਦਾ।3।

ਪ੍ਰਭ = ਹੇ ਪ੍ਰਭੂ! ਗਾਉ = ਗਾਉਂ, ਮੈਂ ਗਾਵਾਂ। ਜਪਿ = ਜਪ ਕੇ। ਜੀਵੈ ਨਾਨਕੁ = ਨਾਨਕ ਜੀਊਂਦਾ ਹੈ।4।

ਅਰਥ: (ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਹਰੇਕ ਸਾਹ ਦੇ ਨਾਲ ਉਸ ਪਰਮਾਤਾਮਾ ਨੂੰ ਸਿਮਰਦਾ ਰਹੁ, ਹੋਰ ਦੀ ਪ੍ਰੀਤ ਤਿਆਗ ਦੇ।1। ਰਹਾਉ।

(ਹੇ ਮਨ!) ਗੁਰੂ ਨੂੰ ਸੰਗਤਿ ਤੋਂ ਵਾਂਜਿਆ ਰਹਿ ਕੇ (ਅਸਲ ਸਹਾਈ ਪਰਮਾਤਮਾ ਵਲੋਂ) ਸਿਦਕ-ਹੀਣ ਹੋ ਹੋ ਕੇ ਤੂੰ ਬੜਾ ਦੁੱਖ ਸਹਾਰਦਾ ਰਿਹਾ। ਹੁਣ ਤਾਂ ਹਰਿ-ਨਾਮ ਦਾ ਸੁਆਦ ਚੱਖ, ਇਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ (ਇਹੀ ਹੈ ਜੀਵਨ ਦਾ) ਲਾਭ (ਇਹ) ਖੱਟ ਲੈ।1।

(ਹੇ ਭਾਈ! ਦੁੱਖਾਂ ਤੋਂ ਛੁਟਕਾਰਾ ਪਾਣ ਲਈ) ਹੋਰ ਸਾਰੀਆਂ ਚਤੁਰਾਈਆਂ ਛੱਡ, ਅੱਠੇ ਪਹਰ ਪ੍ਰਭੂ ਨੂੰ ਯਾਦ ਕਰਦਾ ਰਹੁ। ਉਹ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ, (ਦੁੱਖ ਦੂਰ ਕਰਨ ਦੇ) ਸਮਰੱਥ ਹੈ, ਉਹ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ।2।

ਹੇ ਭਾਈ! ਉਹ ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪਰਮਾਤਮਾ ਹੀ ਤੇਰਾ ਅਸਲ ਮਿੱਤਰ ਹੈ ਦੋਸਤ ਹੈ ਸਹਾਈ ਹੈ ਸਾਥੀ ਹੈ, ਉਸ ਦੇ ਸੋਹਣੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਉਹੀ ਜਿੰਦ ਦਾ (ਅਸਲ) ਸਹਾਰਾ ਹੈ।3।

ਹੇ ਪ੍ਰਭੂ! ਹੇ ਪਾਰਬ੍ਰਹਮ! ਮੇਹਰ ਕਰ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। (ਤੇਰੀ ਸਿਫ਼ਤਿ-ਸਾਲਾਹ ਵਿਚ ਹੀ) ਸਾਰੇ ਸੁਖ ਹਨ ਤੇ ਵੱਡੀ ਇੱਜ਼ਤ ਹੈ। (ਤੇਰਾ ਦਾਸ) ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।4।3। 138।

ਆਸਾ ਮਹਲਾ ੫ ॥ ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥ ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥ ਮਨ ਮਹਿ ਰਾਮ ਨਾਮਾ ਜਾਪਿ ॥ ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥ ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥ ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥ ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥ ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥ ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥ ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥ {ਪੰਨਾ 405-406}

ਪਦ ਅਰਥ: ਕਰਉ = ਮੈਂ ਕਰਾਂ। ਕਰਾਵਹੁ = ਤੂੰ ਕਰਾਂਦਾ ਰਹੁ। ਠਾਕੁਰ = ਹੇ ਠਾਕੁਰ! ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਚਰਾਵਹੁ = ਚਾੜ੍ਹਹੁ। ਰੰਗਨਿ = ਰੰਗਣ। ਪ੍ਰਭ = ਹੇ ਪ੍ਰਭੂ! ਰੰਗਿ = (ਆਪਣੇ ਨਾਮ-ਰੰਗ ਵਿਚ) ਰੰਗ।1।

ਜਾਪਿ = ਜਪੀਂ, ਮੈਂ ਜਪਦਾ ਰਹਾਂ। ਹਿਰਦੈ = ਹਿਰਦੇ ਵਿਚ।1। ਰਹਾਉ।

ਪ੍ਰੀਤਮ = ਹੇ ਪ੍ਰੀਤਮ! ਪੇਖਨ ਕਾ = ਵੇਖਣ ਦਾ। ਕਿਰਮ = ਕੀੜਾ, ਨਾਚੀਜ਼। ਸੁਆਉ = ਗ਼ਰਜ਼।2।

ਵਸਿ = ਵੱਸ ਵਿਚ। ਖਾਹਿ = ਖਾਂਦੇ ਹਾਂ।3।

ਕਿਲਵਿਖ = ਪਾਪ। ਮਜਨੁ = ਇਸ਼ਨਾਨ। ਧੂਰਿ = ਚਰਨਾਂ ਦੀ ਧੂੜ। ਭਾਇ = ਪ੍ਰੇਮ ਦੀ ਰਾਹੀਂ।4।

ਅਰਥ: ਹੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ, ਮੇਰੇ ਹਿਰਦੇ ਵਿਚ ਆ ਵੱਸ। ਜੇ ਤੂੰ ਮੇਰਾ ਮਦਦਗਾਰ ਬਣੇਂ ਤਾਂ ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ।1। ਰਹਾਉ।

ਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ। ਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ।1।

ਹੇ ਮੇਰੇ ਪਿਆਰੇ! ਤੂੰ ਮੇਰਾ ਮਾਲਕ ਹੈਂ, ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ = ਮੇਰਾ ਇਹ ਮਨੋਰਥ ਪੂਰਾ ਕਰ ਮੇਰੀ ਇਹ ਲੋੜ ਪੂਰੀ ਕਰ।2।

(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀਂ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ। ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਂਦੇ ਹਾਂ, ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ।3।

ਹੇ ਨਾਨਕ! (ਆਖ–) ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ।4। 4। 139।

TOP OF PAGE

Sri Guru Granth Darpan, by Professor Sahib Singh